Breaking NewsD5 specialIndiaNewsPoliticsPunjab

ਮਨਜੀਤ ਸਿੰਘ ਜੀ.ਕੇ. ਜਾਣਗੇ ਜੇਲ੍ਹ ? (ਵੀਡੀਓ)

ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਸੂਬੇ ਦੀ ਪੁਲਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣੇ ਹੁਣੇ ਪ੍ਰਧਾਨਗੀ ਛੱਡ ਚੁੱਕੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਮਨਜੀਤ ਸਿੰਘ ਜੀਕੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ 24 ਘੰਟਿਆਂ ਵਿੱਚ ਅਦਾਲਤ ਨੂੰ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਮਨਜੀਤ ਸਿੰਘ ਜੀਕੇ ਦੇ ਮਾੜਾ ਸਮਾਂ ਇੰਨਾ ਪਿੱਛੇ ਪਿਆ ਹੈ ਕਿ ਪਹਿਲਾਂ ਅਮਰੀਕਾ ਦੇ ਯੂਬਾ ਸਿਟੀ ਗੁਰਦੁਆਰੇ ਵਿਚ ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਤੋਂ ਬੁਰੀ ਤਰ੍ਹਾਂ ਮਾਰ ਖਾ ਕੇ ਆਉਣ ਤੋਂ ਬਾਅਦ ਜੀਕੇ ਵਿਰੁੱਧ ਉਨ੍ਹਾਂ ਦੀ ਆਪਣੀ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਪੱਤਰਕਾਰ ਸੰਮੇਲਨ ਕਰ-ਕਰ ਕੇ ਭ੍ਰਿਸ਼ਟਾਚਾਰ ਦੇ ਇੰਨੇ ਦੋਸ਼ ਲਾਏ ਕਿ ਅੱਜ ਇਹ ਦਿਨ ਆ ਗਿਆ ਕਿ ਨਾ ਸਿਰਫ਼ ਜੀਕੇ ਨੂੰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਬਲਕਿ ਅਦਾਲਤੀ ਹੁਕਮਾਂ ਤੋਂ ਬਾਅਦ ਹੁਣ ਜੇਲ੍ਹ ਦੀਆਂ ਸਲਾਖਾਂ ਵੀ ਬਾਹਵਾਂ ਖੋਲ੍ਹ ਕੇ ਜੀਕੇ ਨੂੰ ਅੰਦਰ ਆਉਣ ਦਾ ਸੱਦਾ ਦੇਣ ਲੱਗ ਪਈਆਂ ਹਨ।

Read Also ਮਨਜੀਤ ਸਿੰਘ ਜੀ.ਕੇ. ਦੇ ਅਸਤੀਫ਼ੇ ਦਾ ਅਸਲ ਸੱਚ

ਦੱਸ ਦੇਈਏ ਕਿ ਗੁਰਮੀਤ ਸਿੰਘ ਸ਼ੰਟੀ ਵੱਲੋਂ ਕੀਤੇ ਗਏ ਪੱਤਰਕਾਰ ਸੰਮੇਲਨਾਂ ਦੀ ਲੜੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਜੀਕੇ ਵਿਰੁੱਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਦਿੱਲੀ ਦੇ ਨਾਰਥ ਐਵਨਿਊ ਪੁਲਿਸ ਥਾਣੇ ਵਿੱਚ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਜਿਸ ਦਾ ਡੀਡੀਆਰ ਨੰਬਰ 11 ਹੈ ਤੇ ਉਸ ਸਬੰਧ ਵਿਚ ਦਿੱਲੀ ਪੁਲਿਸ ਬੜੇ ਜ਼ੋਰਾਂ-ਸ਼ੋਰਾਂ ਨਾਲ ਜਾਂਚ ਕਰ ਰਹੀ ਹੈ। ਇਸ ਜਾਂਚ ਨੂੰ ਲੰਬਾ ਲਟਕਦਿਆਂ ਦੇਖ ਗੁਰਮੀਤ ਸਿੰਘ ਸ਼ੰਟੀ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਜੀਕੇ ਵਿਰੁੱਧ ਪਰਚਾ ਦਰਜ ਕਰਾਉਣ ਲਈ ਅਦਾਲਤ ਦੀ ਸ਼ਰਨ ਵਿੱਚ ਜਾ ਪਹੁੰਚੇ। ਜਿੱਥੇ ਪਾਈ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮਨਜੀਤ ਸਿੰਘ ਜੀਕੇ ਵਿਰੁੱਧ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤੀ ਹੁਕਮਾਂ ਤੋਂ ਬਾਅਦ ਹੁਣ ਪੁਲਿਸ ਮਨਜੀਤ ਸਿੰਘ ਜੀਕੇ ਤੋਂ ਇਲਾਵਾ ਅਮਰਜੀਤ ਸਿੰਘ ਪੱਪੂ ਅਤੇ ਹਰਜੀਤ ਸਿੰਘ ਦੇ ਖਿਲਾਫ਼ ਵੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਤਹਿਤ ਪਰਚਾ ਦਰਜ ਕਰੇਗੀ ਕਿਉਂਕਿ ਪਤਾ ਲੱਗਾ ਹੈ ਕਿ ਪੁਲਿਸ ਦੀ ਮੁਢਲੀ ਪੜਤਾਲ ਵਿੱਚ ਵੀ ਮਨਜੀਤ ਸਿੰਘ ਜੀਕੇ, ਅਮਰਜੀਤ ਪੱਪੂ ਤੇ ਹਰਜੀਤ ਸਿੰਘ ਨੂੰ ਹੀ ਦੋਸ਼ੀ ਪਾਇਆ ਗਿਆ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਮੀਤ ਸਿੰਘ ਸ਼ੰਟੀ ਨੇ ਮਨਜੀਤ ਸਿੰਘ ਜੀਕੇ ਵਿਰੁੱਧ ਨਾ ਸਿਰਫ਼ 1.5 ਕਰੋੜ ਰੁਪਏ ਦੇ ਨਕਲੀ ਬਿਲ ਬਣਾ ਕੇ ਟੈਂਟ ਘੁਟਾਲਾ ਕੀਤੇ ਜਾਣ ਦਾ ਖੁਲਾਸਾ ਕਰਦਿਆਂ ਪੱਤਰਕਾਰਾਂ ਸਾਹਮਣੇ ਜੀਕੇ ਅਤੇ ਰਮਨ ਟੈਂਟ ਹਾਊਸ ਦੇ ਮਾਲਕ ਤਲਵਾਰ ਸਿੰਘ ਵਿਚਕਾਰ ਹੋਈ ਗੱਲਬਾਤ ਦਾ ਆਡਿਓ ਕਲਿਪ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਦੇ ਕਹਿਣ ਤੇ ਹੀ ਨਕਲੀ ਬਿਲ ਬਣਾਏ ਗਏ ਸਨ। ਸ਼ੰਟੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਕੇਸ ਵਿੱਚ ਜੀਕੇ ਨੂੰ 10 ਲੱਖ ਰੁਪਏ ਦੀ ਰਿਸ਼ਵਤ ਦਿੱਤੇ ਜਾਣ ਲਈ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਿਹਾ ਸੀ। ਇਸ ਤੋਂ ਇਲਾਵਾ ਗੁਰਮੀਤ ਸਿੰਘ ਸ਼ੰਟੀ ਹੀ ਉਹ ਸਖਸ਼ ਹਨ ਜਿਨ੍ਹਾਂ ਨੇ ਨਾ ਸਿਰਫ਼ ਜੀਕੇ ਵਿਰੁੱਧ ਦਾਨ ਦੇ 51 ਲੱਖ ਰੁਪਏ ਡਕਾਰ ਲੈਣ ਦੇ ਦੋਸ਼ ਲਾਏ ਸਨ ਬਲਕਿ ਪਹਿਲਾਂ ਦਿੱਲੀ ਕਮੇਟੀ ਅੰਦਰ 82 ਹਜ਼ਾਰ ਕਿਤਾਬਾਂ ਦਾ ਘਪਲਾ ਤੇ ਫਿਰ ਵਰਦੀਆਂ ਦੇ ਘਪਲੇ ਦਾ ਪਰਦਾਫਾਸ਼ ਕਰਨ ਦਾ ਵੀ ਦਾਅਵਾ ਕੀਤਾ ਸੀ।

ਸ਼ੰਟੀ ਅਨੁਸਾਰ ਉਨ੍ਹਾਂ ਨੇ ਇਨ੍ਹਾਂ ਘਪਲਿਆਂ ਦੀ ਸ਼ਿਕਾਇਤ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਦਿੱਲੀ ਸਰਕਾਰ, ਵਿੱਤ ਮੰਤਰੀ ਅਰੁਣ ਜੇਤਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਦਿੱਲੀ ਪੁਲਿਸ ਨੂੰ ਵੀ ਲਿਖਤੀ ਤੌਰ ’ਤੇ ਦਿੱਤੀ ਸੀ। ਇਸ ਤੋਂ ਇਲਾਵਾ ਸ਼ੰਟੀ ਵਲੋਂ 21 ਅਕਤੂਬਰ 2018 ਨੂੰ ਥਾਣੇ ਵਿੱਚ ਕਰਵਾਈ ਗਈ ਸ਼ਿਕਾਇਤ ਦੇ ਨਾਲ ਕਈ ਅਜਿਹੇ ਸਬੂਤ ਨੱਥੀ ਕੀਤੇ ਸਨ ਜਿਸ ਬਾਰੇ ਸ਼ੰਟੀ ਦਾ ਇਹ ਦਾਅਵਾ ਸੀ ਕਿ ਇਨ੍ਹਾਂ ਸਬੂਤਾਂ ਦੇ ਆਧਾਰ ਤੇ ਮਨਜੀਤ ਸਿੰਘ ਜੀਕੇ ਨੂੰ ਘਪਲੇਬਾਜ਼ ਸਾਬਤ ਕਰਨਾ ਕੋਈ ਔਖਾ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button