SportsTop News

IND vs JPN Hockey- ਭਾਰਤ ਨੇ ਜਿੱਤਿਆ ਮੁਕਾਬਲਾ, ਜਾਪਾਨ ਨੂੰ ਬੁਰੀ ਤਰ੍ਹਾਂ ਹਰਾਇਆ

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਰੋਮਾਂਚਕ ਮੁਕਾਬਲੇ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨ ਨੂੰ 4-1 ਨਾਲ ਕਰਾਰੀ ਹਾਰ ਦਿੱਤੀ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਟੂਰਨਾਮੈਂਟ ’ਚ ਆਪਣੀ ਤੀਜੀ ਲਗਾਤਾਰ ਜਿੱਤ ਦਰਜ ਕਰਦਿਆਂ ਅੰਕ ਸੂਚੀ ’ਚ ਪਹਿਲਾ ਸਥਾਨ ਮੁੜ ਹਾਸਲ ਕਰ ਲਿਆ ਹੈ। ਆਪਣੇ ਕਰੀਅਰ ਦਾ 150ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੇ ਸਟਾਰ ਫਾਰਵਰਡ ਅਭਿਸ਼ੇਕ ਨੇ ਪਹਿਲੇ ਕੁਆਰਟਰ ਦੇ ਆਖ਼ਰੀ ਪਲਾਂ ਭਾਵ11ਵੇਂ ਮਿੰਟ ’ਚ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਹਾਲਾਂਕਿ, 15ਵੇਂ ਮਿੰਟ ਵਿੱਚ ਜਾਪਾਨ ਦੇ ਰਾਮਦਾਸ ਸੋਟਾ ਨੇ ਜਵਾਬੀ ਹਮਲਾ ਕਰਦਿਆਂ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪਹਿਲੇ ਹਾਫ਼ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਰਹੀਆਂ। ਪਹਿਲੇ ਤਿੰਨ ਕੁਆਰਟਰਾਂ ਤੱਕ ਮੁਕਾਬਲਾ ਕਾਫ਼ੀ ਫਸਵਾਂ ਰਿਹਾ ਅਤੇ ਦੋਵੇਂ ਟੀਮਾਂ ਇੱਕ-ਦੂਜੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਪਰ ਆਖ਼ਰੀ 15 ਮਿੰਟਾਂ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੀ ਰਫ਼ਤਾਰ ਤੇਜ਼ ਕਰਦਿਆਂ ਮੈਚ ਦਾ ਪਾਸਾ ਪਲਟ ਦਿੱਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ 47ਵੇਂ ਮਿੰਟ ਵਿੱਚ ਸ਼ਾਨਦਾਰ ਡਰੈਗ ਫਲਿੱਕ ਨਾਲ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-1 ਕਰ ਦਿੱਤਾ। ਆਪਣੇ ਤੂਫਾਨੀ ਸਟਾਈਲ ਨਾਲ 51ਵੇਂ ਮਿੰਟ ਵਿੱਚ ਅਭਿਸ਼ੇਕ ਨੇ ਟੀਮ ਲਈ ਤੀਜਾ ਅਤੇ ਆਪਣਾ ਨਿੱਜੀ ਦੂਜਾ ਗੋਲ ਦਾਗ਼ ਕੇ ਭਾਰਤ ਦੀ ਸਥਿਤੀ ਨੂੰ ਬੇਹੱਦ ਮਜ਼ਬੂਤ ਕਰ ਦਿੱਤਾ। ਮੈਚ ਦੇ 56ਵੇਂ ਮਿੰਟ ਵਿੱਚ ਵਿਸ਼ਨੁਕੰਤ ਸਿੰਘ ਨੇ ਸ਼ਾਨਦਾਰ ਸੋਲੋ ਮੂਵ ਬਣਾਉਂਦੇ ਹੋਏ ਜਾਪਾਨੀ ਡਿਫੈਂਡਰਾਂ ਨੂੰ ਚਕਮਾ ਦੇ ਕੇ ਚੌਥਾ ਗੋਲ ਕੀਤਾ ਅਤੇ ਭਾਰਤ ਦੀ ਜਿੱਤ ‘ਤੇ ਪੱਕੀ ਮੋਹਰ ਲਾ ਦਿੱਤੀ। ਸਖ਼ਤ ਸੰਘਰਸ਼ ਤੋਂ ਬਾਅਦ ਮੈਚ ਦੇ ਆਖ਼ਰੀ ਪਲਾਂ ਵਿੱਚ ਤਿੰਨ ਗੋਲ ਦਾਗ਼ ਕੇ ਭਾਰਤ ਨੇ ਇਹ ਮੁਕਾਬਲਾ 4-1 ਨਾਲ ਆਪਣੇ ਨਾਂ ਕੀਤਾ। ਇਸ ਹਾਰ ਨਾਲ ਜਾਪਾਨ ਨੂੰ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button