
ਪੰਜਾਬ ‘ਚ ਪੰਜ ਕਰੋੜ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਂਢੂ ਤੇ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਅਮਰਦੀਪ ਸਿੰਘ ਗਰੇਵਾਲ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ‘ਚ ਲਿਆ ਹੈ। ਗਰੇਵਾਲ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੁੱਛਗਿੱਛ ਲਈ ED ਦੇ ਹੈੱਡਕੁਆਰਟਰ ਲਿਜਾਇਆ ਗਿਆ। ਉਨ੍ਹਾਂ ਦਾ ਸਬੰਧ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨਾਲ ਵੀ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਸ ਮਾਮਲੇ ‘ਚ ED ਵੱਲੋਂ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ED ਨੇ ਗਰੇਵਾਲ ਨੂੰ ਪੁੱਛਗਿੱਛ ਲਈ 7 ਅਕਤੂਬਰ ਤੇ ਫਿਰ 9 ਅਕਤੂਬਰ ਨੂੰ ਦਿੱਲੀ ਸਥਿਤ ਹੈੱਡਕੁਆਰਟਰ ‘ਚ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਉਹ ਦੋਵਾਂ ਤਰੀਕਾਂ ‘ਤੇ ਪੁੱਛਗਿੱਛ ‘ਚ ਸ਼ਾਮਲ ਨਹੀਂ ਹੋਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ। ਇਹ ਮਾਮਲਾ ਮੋਹਾਲੀ ‘ਚ ਦਰਜ ਇਕ ਜਬਰ-ਜਨਾਹ ਦੇ ਕੇਸ ਨੂੰ ਕਥਿਤ ਤੌਰ ‘ਤੇ ਖ਼ਤਮ ਕਰਵਾਉਣ ਅਤੇ ਇਸ ਲਈ ਪੰਜ ਕਰੋੜ ਰੁਪਏ ਦੀ ਮੰਗ ਕੀਤੇ ਜਾਣ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ।
ਮਾਮਲੇ ਦੀ ਸ਼ੁਰੂਆਤ ਗੁਰਵਿੰਦਰ ਸਿੰਘ ਉਰਫ਼ ਗੁਰੀ ਚਾਹਲ ਖ਼ਿਲਾਫ਼ ਦਰਜ ਐੱਫਆਈਆਰ ਤੋਂ ਹੋਈ ਸੀ। 26 ਸਾਲਾ ਇਕ ਔਰਤ ਦੀ ਸ਼ਿਕਾਇਤ ‘ਤੇ ਮੋਹਾਲੀ ਦੇ ਸੋਹਾਣਾ ਥਾਣੇ ‘ਚ 1 ਮਈ ਨੂੰ ਜਬਰ-ਜਨਾਹ, ਬਲੈਕਮੇਲਿੰਗ ਤੇ ਧਮਕੀਆਂ ਦੇਣ ਸਮੇਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਗਏ, ਉਸ ਨੂੰ ਬਲੈਕਮੇਲ ਕੀਤਾ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ।
ਇਸ ਤੋਂ ਬਾਅਦ ਇਹ ਦੋਸ਼ ਸਾਹਮਣੇ ਆਏ ਕਿ ਐੱਫਆਈਆਰ ਰੱਦ ਕਰਵਾਉਣ ਤੇ ਮਾਮਲੇ ਨੂੰ ਦਬਾਉਣ ਲਈ ਪੰਜ ਕਰੋੜ ਰੁਪਏ ਮੰਗੇ ਗਏ ਸਨ। ਇਸ ਕਥਿਤ ਮੰਗ ਦੇ ਸਬੰਧ ‘ਚ ਹੀ ਅਮਰਦੀਪ ਸਿੰਘ ਗਰੇਵਾਲ ਦਾ ਨਾਮ ਸਾਹਮਣੇ ਆਇਆ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਪੀੜਤਾ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਸਥਾਨਕ ਪੁਲਿਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕੇਗੀ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਕਿ ਗਰੇਵਾਲ ਰਾਹੀਂ ਕੇਸ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ‘ਚ ਗਰੇਵਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਕਥਿਤ ਨੇੜਲੇ ਸਬੰਧ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ।
ਦੂਜੇ ਪਾਸੇ, ਗੁਰੀ ਚਾਹਲ ਦੇ ਦੋਸਤ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਹਾਈ ਕੋਰਟ ‘ਚ ਦਾਇਰ ਪਟੀਸ਼ਨ ‘ਚ ਵੀ ਗਰੇਵਾਲ ਨੂੰ ਲੈ ਕੇ ਦੋਸ਼ ਲਾਏ ਗਏ ਸਨ। ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਕਿ ਉਹ ਜਬਰ-ਜਨਾਹ ਦੇ ਮਾਮਲਿਆਂ ਨੂੰ ਖ਼ਤਮ ਕਰਵਾਉਣ ਦੇ ਨਾਮ ‘ਤੇ ਕਰੋੜਾਂ ਰੁਪਏ ਦੀ ਮੰਗ ਕਰ ਰਿਹਾ ਸੀ। ਦੋਸ਼ਾਂ ਮੁਤਾਬਕ, ਗਰੇਵਾਲ ਕਥਿਤ ਤੌਰ ‘ਤੇ ਮੁਲਜ਼ਮ ਧਿਰ ਅਤੇ ਸਿਆਸੀ ਪ੍ਰਭਾਵ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ। ਇਨ੍ਹਾਂ ਦਾਅਵਿਆਂ ਦੀ ਸੱਚਾਈ ਜਾਂਚ ਦਾ ਵਿਸ਼ਾ ਹੈ।
ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਦੇਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 20 ਜੁਲਾਈ ਨੂੰ ਜਾਂਚ ਸਥਾਨਕ ਪੁਲਿਸ ਤੋਂ ਹਟਾ ਕੇ ਸਪੈਸ਼ਲ ਡੀਜੀਪੀ ਦੀ ਨਿਗਰਾਨੀ ਹੇਠ ਇਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਆਪਣੇ ਹੁਕਮ ‘ਚ ਪੰਜ ਕਰੋੜ ਰੁਪਏ ਦੀ ਕਥਿਤ ਮੰਗ ਤੇ ਮੁੱਖ ਮੰਤਰੀ ਦੀ ਪਤਨੀ ਨਾਲ ਕਥਿਤ ਸਬੰਧਾਂ ਨਾਲ ਜੁੜੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਸੀ। ਹਾਲਾਂਕਿ, ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਉਸ ਸਮੇਂ ਉਹ ਇਨ੍ਹਾਂ ਦੋਸ਼ਾਂ ਦੀ ਸੱਚਾਈ ਤੈਅ ਨਹੀਂ ਕਰ ਰਹੀ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਰਣਜੀਤ ਸਿੰਘ ਨੇ ਵੀ ਜਨਤਕ ਤੌਰ ‘ਤੇ ਇਸ ਮਾਮਲੇ ਨਾਲ ਜੁੜੇ ਦੋਸ਼ਾਂ ਦਾ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਭਾਜਪਾ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਪਤਨੀ ਨੂੰ ਲੈ ਕੇ ਸਵਾਲ ਉਠਾਏ। ਭਾਜਪਾ ਨੇ ਕਥਿਤ ਆਡੀਓ ਰਿਕਾਰਡਿੰਗ ਦਾ ਹਵਾਲਾ ਵੀ ਦਿੱਤਾ।
ਦੂਜੇ ਪਾਸੇ, ਆਮ ਆਦਮੀ ਪਾਰਟੀ ਅਤੇ ਡਾ. ਗੁਰਪ੍ਰੀਤ ਕੌਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਅਜਿਹੇ ‘ਚ ਹੁਣ ED ਦੀ ਪੁੱਛਗਿੱਛ ਤੇ ਮਾਮਲੇ ਦੀ ਜਾਂਚ ਤੋਂ ਇਹ ਸਪੱਸ਼ਟ ਹੋਣ ਦੀ ਉਮੀਦ ਹੈ ਕਿ ਪੰਜ ਕਰੋੜ ਰੁਪਏ ਦੀ ਕਥਿਤ ਮੰਗ ‘ਚ ਅਮਰਦੀਪ ਸਿੰਘ ਗਰੇਵਾਲ ਦੀ ਕੀ ਭੂਮਿਕਾ ਸੀ ਅਤੇ ਲਾਏ ਗਏ ਦੋਸ਼ਾਂ ‘ਚ ਕਿੰਨੀ ਸੱਚਾਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




