EDITORIAL

ਬੰਦੀ ਸਿੰਘਾਂ ਦੀ ਰਿਹਾਈ, ਸਰਕਾਰਾਂ ਲੈ ਸਕਦੀਆਂ ਨੇ ਫ਼ੈਸਲਾ

ਲੈ ਰਿਹਾ ਸ਼ੈਤਾਨ ਵੀ ਉਸਲ਼ਵੱਟੇ !

ਅਮਰਜੀਤ ਸਿੰਘ ਵੜੈਚ (94178-01988)

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨ ਦੌਰਾਨ ਕੱਲ੍ਹ ਜੋ ਕੁਝ ਵੀ ਮੁਹਾਲੀ-ਚੰਡੀਗੜ੍ਹ ਦੇ ਬਾਰਡਰ ‘ਤੇ ਹੋਇਆ ਹੈ ਉਹ ਉਦਾਸ ਕਰਨ ਵਾਲ਼ਾ ਹੈ । ਇਸ ਘਟਨਾ ਲਈ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਇਕ ਦੂਜੇ ਉਪਰ ਉਂਗਲ਼ੀਆਂ ਚੁੱਕ ਰਹੇ ਹਨ । ਜ਼ਮੀਨੀ ਸਥਿਤੀ ਇਹ ਹੈ ਕਿ ਇਸ ਟਕਰਾਅ ‘ਚ ਜਿਥੇ ਕਈ ਧਰਨਾਕਾਰੀ ਜ਼ਖ਼ਮੀ ਹੋਏ ਉਥੇ ਚੰਡੀਗੜ੍ਹ ਪੁਲਿਸ ਦੇ ਵੀ 29 ਕਰਮੀ ਜ਼ਖ਼ਮੀ ਹੋਏ ਜਿਨ੍ਹਾਂ ‘ਚ ਛੇ ਮਹਿਲਾਵਾਂ ਵੀ ਹਨ । ਧਰਨਾਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਜਲ-ਤੋਪਾਂ ਦੀ ਵਰਤੋਂ ਕੀਤੀ । ਕਿਉਂਕਿ ਚੰਡੀਗੜ੍ਹ ਪੁਲਿਸ ਨੇ ਸਖ਼ਤੀ ਦੇ ਹੁਕਮ ਨਹੀਂ ਸੀ ਦਿਤੇ ਜਿਸ ਕਾਰਨ ਪੁਲਿਸ ਨੇ ਧਰਨਾਕਾਰੀਆਂ ‘ਤੇ ਲਾਠੀਚਾਰਜ ਨਹੀਂ ਕੀਤਾ ਬਲਕਿ ਕਈ ਕਰਮਚਾਰੀਆਂ ਨੇ ਤਾਂ ਭੱਜ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ । ਪਤਾ ਲੱਗਾ ਹੈ ਕਿ ਇਸ ਲੜਾਈ ‘ਚ ਇਕ ਮੁਹਾਲੀ ਪੁਲਿਸਵਾਲ਼ੇ ਨੂੰ ਵੀ ਗੰਭੀਰ ਸੱਟ ਲੱਗੀ ਹੈ । ਇਹ ਭਰਾ-ਭਰਾ ਨਾਲ਼ ਲੜਾਉਣ ਵਾਲ਼ੀ ਸਥਿਤੀ ਬਣ ਗਈ ਹੈ ।

ਇਸ ਮੋਰਚੇ ਦੇ ਆਗੂਆਂ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਉਹ ਆਪਣਾ ਰੋਸ ਬਿਲਕੁਲ ਸ਼ਾਂਤੀ ਪੂਰਬਕ ਰੱਖਣਗੇ । ਇਸ ਤੋਂ ਪਹਿਲਾਂ ਵੀ 19 ਜਨਵਰੀ ਨੂੰ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਕੁਝ ਸ਼ਰਾਰਤੀ ਲੋਕਾਂ ਨੇ ਹਮਲਾ ਕਰ ਦਿਤਾ ਸੀ। ਜਦੋਂ ਉਹ ਮੋਰਚੇ ਦੀ ਸਟੇਜ ਤੋਂ ਬੋਲਣ ਲੱਗੇ ਸਨ ਤਾਂ ਉਨ੍ਹਾਂ ਨਾਲ਼ ਗਰਮੋ-ਗਰਮੀ ਹੋ ਗਈ ਤੇ ਉਹ ਮੋਰਚੇ ‘ਚੋਂ ਜਦੋਂ ਜਾਣ ਲੱਗੇ ਤਾਂ ਕਿਸੇ ਨੇ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਭੰਨ ਦਿਤਾ ਪਰ ਧਾਮੀ ਨੂੰ ਕੋਈ ਨੁਕਸਾਨ ਨਹੀਂ ਹੋਇਆ ।

ਚੰਡੀਗੜ੍ਹ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਮਲਾਵਰ ਘੋੜੇ ,ਲਾਠੀਆਂ, ਤਲਵਾਰਾਂ ਤੇ ਲੋਹੇ ਦੀਆਂ ਰਾਡਾਂ ਲੈਕੇ ਹਮਲਾ ਕਰਨ ਆਏ ਸਨ ਤੇ ਜਾਣ ਵੇਲ਼ੇ ਪੁਲਿਸ ਦੇ ਬੈਰੀਕੇਡ, ਪੁਲਿਸ ਸ਼ੀਲਡ,ਹੈਲਮਟ,ਹਥਿਆਰ ਤੇ ਹੰਝੂ ਗੈਸ ਦੇ ਗੋਲ਼ੇ ਵੀ ਲੈ ਗਏ । ਪੁਲਿਸ ਅਨੁਸਾਰ ਉਸ ਕੋਲ਼ ਵੀਡੀਓਜ਼ ਹਨ ਜਿਨ੍ਹਾਂ ਦੀ ਮਦਦ ਨਾਲ਼ ਦੰਗਾਈਆਂ ਦੀ ਪਹਿਚਾਣ ਕੀਤੀ ਜਾਵੇਗੀ ਤੇ ਕੇਸ ਦਰਜ ਕੀਤੇ ਜਾਣਗੇ । ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦਾ ਸਮਾਨ ਚੋਰੀ ਕਰਨ/ਖੋਹਣ ਦੇ ਕੇਸ ਵੀ ਦਰਜ ਕੀਤੇ ਜਾਣਗੇ । ਉਧਰ ਪ੍ਰਦਰਸ਼ਨਕਾਰੀਆਂ ਨੇ ਵੀ ਚੰਡੀਗੜ੍ਹ ਪੁਲਿਸ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਮੋਰਚੇ ਨੂੰ ਬਦਨਾਮ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਮਾਰਚ ਕਰਨ ਵਾਲ਼ਿਆਂ ‘ਚ ਵਾੜਕੇ ਪੁਲਿਸ ‘ਤੇ ਪਥਰਾ ਕਰਵਾਇਆ ਹੈ ।

ਇਹ ਮੋਰਚਾ ਇਸੇ ਵਰ੍ਹੇ ਸੱਤ ਜਨਵਰੀ ਤੋਂ ਲੱਗਾ ਹੋਇਆ ਹੈ ਜੋ ਹੁਣ ਇਕ ਨਿੱਕੇ ਜਿਹੇ ਪਿੰਡ ਦਾ ਰੂਪ ਧਾਰਨ ਕਰ ਗਿਆ ਹੈ । ਇਸ ਮੋਰਚੇ ਨੂੰ ਹੁਣ ਕਿਸਾਨ ਜੱਥੇਬੰਦੀਆਂ ਨੇ ਵੀ ਸਾਥ ਦੇ ਦਿਤਾ ਹੈ ਅਤੇ ਇਸ ਵਿੱਚ ਨਿਹੰਗ ਜੱਥੇਬੰਦੀਆਂ ਸਮੇਤ ਕਈ ਧਾਰਮਿਕ ਸੰਸਥਾਂਵਾ ਵੀ ਵੀ ਹਮਾਇਤ ਲਈ ਆ ਗਈਆਂ ਹਨ : ਇੰਜ ਇਸ ਮੋਰਚੇ ਨੂੰ ‘ਸਿੰਘੂ-ਟਿਕਰੀ ਕਿਸਾਨ ਮੋਰਚੇ’ ਦਾ ਮਿੰਨੀ ਰੂਪ ਵੀ ਕਿਹਾ ਜਾ ਸਕਦਾ ਹੈ ।

ਚਿੰਤਾ ਵਾਲ਼ੀ ਗੱਲ ਇਹ ਹੈ ਕਿ ਇਹ ਮੋਰਚਾ ਆਪਣਾ ਵਿਸਤਾਰ ਕਰਦਾ ਜਾ ਰਿਹਾ ਹੈ ਅਤੇ ਸਰਕਾਰ ਮੂਕ ਦਰਸ਼ਕ ਬਣੀ ਸ਼ਾਇਦ ਕਿਸੇ ‘ਖਾਸ ਮੌਕੇ’ ਦੀ ਤਲਾਸ਼ ‘ਚ ਹੈ । ਅਸੀਂ ਜਾਣਦੇ ਹਾਂ ਕਿ ਸ਼ੈਤਾਨੀ ਦਿਮਾਗ ਅਤੇ ਏਜੰਸੀਆਂ ਇਹੋ ਜਿਹੇ ਪ੍ਰਦਰਸ਼ਨਾਂ ਨੂੰ ਮਾਹੌਲ ਖ਼ਰਾਬ ਕਰਨ ਲਈ ਵਰਤਣ ‘ਚ ਬੜੀਆਂ ਸ਼ਾਤਿਰ ਹੁੰਦੀਆਂ ਹਨ । ਕਿਸਾਨ ਅੰਦੋਲਨ ਨੂੰ ਵੀ ਖਾਲਿਸਤਾਨੀ, ਵੱਖਵਾਦੀ,ਸਮਾਜ ਵਿਰੋਧੀ ,ਦੇਸ਼ ਵਿਰੋਧੀ ਆਦਿ ਨਾਲ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸ ਅੰਦੋਲਨ ਨੂੰ ਵੀ ਕੋਈ ਹੋਰ ‘ਰੁਖ’ ਦਿਤਾ ਜਾ ਸਕਦਾ ਹੈ ।
ਮੋਰਚੇ ਦੇ ਪ੍ਰਬੰਧਕਾਂ ਨੂੰ ਇਸ ਗੱਲ ਤੋਂ ਸੁਚੇਤ ਹੋਣਾ ਚਾਹੀਦਾ ਹੈ ਕਿ ਮੁੜ ਕੱਲ੍ਹ ਵਰਗੀਆਂ ਸਥਿਤੀਆਂ ਪੈਦਾ ਨਾ ਹੋਣ । ਇਕ ਦੂਜੇ ‘ਤੇ ਇਲਜ਼ਾਮ ਤਰਾਸ਼ੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਮੋਰਚੇ ਵਾਲ਼ੇ ਮੋਰਚੇ ਦੀ ਲਗਾਮ ਖਿਚਕੇ ਰੱਖਣ । ਇਸ ਮੋਰਚੇ ਵਿੱਚ ਵੱਡੀ ਗਿਣਤੀ ‘ਚ ਨੌਜਵਾਨ ਸ਼ਾਮਿਲ ਹਨ : ਗਰਮ ਖੂਨ ਉਬਾਲ਼ਾ ਛੇਤੀ ਖਾ ਜਾਂਦਾ ਹੈ । ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਆਗੂਆਂ ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਮੰਨਣ ਕਿਤੇ ਇਹ ਨਾ ਹੋਵੇ ਕਿ ਮੋਰਚਾ ਵਿਰੋਧੀ ਤਾਕਤਾਂ, ਮੋਰਚੇ ‘ਚ ਸੰਨ੍ਹ ਲਾਕੇ ਇਸ ਨੂੰ ਬਦਨਾਮ ਕਰ ਦੇਣ ।

ਪੰਜਾਬ ਸਰਕਾਰ ਨੂੰ ਇਸ ਧਾਰਮਿਕ ਸਥਿਤੀ ਦੀ ਸੰਵੇਦਨਸ਼ੀਲਤਾ ਨੂੰ 1978 ਦੀ ਵਿਸਾਖੀ ਵਾਲ਼ੇ ਦਿਨ ਅੰਮ੍ਰਿਤਸਰ ‘ਚ ਵਾਪਰੀ ਮੰਦਭਾਗੀ ਘਟਨਾ ਦੀ ਰੌਸ਼ਨੀ ‘ਚ ਦੇਖਣਾ ਚਾਹੀਦਾ ਹੈ । ਉਧਰ ਬੇਅਦਬੀ ਇਨਸਾਫ਼ ਮੋਰਚਾ ਵੀ ਆਪਣਾ ਰੂਪ ਬਦਲਦਾ ਲੱਗਦਾ ਹੈ । ਮੁਹਾਲੀ ਵਾਲ਼ੇ ਮੋਰਚੇ ਦੀਆਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਬੇਅਦਬੀ,ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਕੇਸਾਂ ਸਮੇਤ ਕਈ ਮੰਗਾਂ ਹਨ । ਸਰਕਾਰਾਂ ਘੱਟੋ-ਘੱਟ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਮੋਰਚੇ ਨੂੰ ਸਮਾਪਤ ਤਾਂ ਕਰਵਾ ਹੀ ਸਕਦੀਆਂ ਹਨ ।

ਜੇਕਰ ਰਾਜ ਤੇ ਕੇਂਦਰ ਸਰਕਾਰਾਂ ਸੱਚਮੁੱਚ ਹੀ ਪੰਜਾਬ ਪ੍ਰਤੀ ਸਹਿਰਦ ਹਨ ਤਾਂ ਇਨ੍ਹਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਕਰਨ ਲਈ ਪਹਿਲ ਕਦਮੀ ਹੋਣੀ ਚਾਹੀਦੀ ਹੈ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਵੀ ਕਈ ਕਈ ਸਾਲਾਂ ਤੋਂ ਜੇਲ੍ਹਾਂ ਅੰਦਰ ਬੰਦ ਹਨ । ਇਹ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦਾ ਕੇਸ ਵੀ ਬਣ ਗਿਆ ਹੈ ।
ਜੇਕਰ ਸਰਕਾਰਾਂ ਸਥਿਤੀਆਂ ‘ਬਦਲਣ ‘ਮਗਰੋਂ ਹੀ ਬੰਦੀ ਸਿੰਘਾਂ ਨੂੰ ਰਿਹਾ ਕਰਦੀਆਂ ਹਨ ਤਾਂ ਲੋਕਾਂ ਨੂੰ ਇਹ ਪੱਕਾ ਹੋ ਜਾਵੇਗਾ ਕਿ ਸਰਕਾਰਾਂ ਬਿਨਾ ਮੋਰਚਿਆਂ ਤੋਂ ਕੁਝ ਵੀ ਕਰਨ ਲਈ ਤਿਆਰ ਨਹੀਂ ਹੁੰਦੀਆਂ । ਰੋਜ਼ ਨਵੇਂ ਮੋਰਚਿਆਂ, ਧਰਨਿਆਂ,ਮੁਜਾਹਰਿਆਂ,ਰਸਤਾ ਰੋਕੋ ਆਦਿ ਦਾ ਇਹ ਵੀ ਸੰਕੇਤ ਹੈ ਕਿ ਲੋਕ ਹੁਣ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਵੀ ਹੋ ਰਹੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button