EDITORIAL

ਨਵਾਂ ਵਰ੍ਹਾ ਮੰਗਦਾ ਹੈ ਕਾਫ਼ਲੇ, ਲੋਕ ਹੀ ਕਰਨਗੇ ਭ੍ਰਿਸ਼ਟਾਚਾਰ ਮੁੱਕਤ ਭਾਰਤ

ਅਮਰਜੀਤ ਸਿੰਘ ਵੜੈਚ (94178-01988)

 ਅਦਾਰਾ D5 Punjabi Cannel TV ਵੱਲੋਂ ਸਾਡੇ ਸਾਰੇ ਦਰਸ਼ਕਾਂ ਅਤੇ ਪਾਠਕਾਂ ਨੂੰ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੁਬਾਰਕਾਂ । ਅਸੀਂ ਦੁਆ ਕਰਦੇ ਹਾਂ ਕੇ ਇਸ ਵਿਸ਼ਵ ਦੀ ਸੁੱਖ ਸ਼ਾਂਤੀ ਲਈ ਰੱਬ ਸਾਨੂੰ ਨਵੀਂ ਸੇਧ ਦੇਵੇ ਅਤੇ ਅਸੀਂ ਇਸ ਬ੍ਰਹਿਮੰਡ ਨੂੰ ਖੂਬਸੂਰਤ ਬਣਾ ਸਕੀਏ । ਰੱਬ ਸਾਡੇ ਆਗੂਆਂ ਨੂੰ ਸੁਮੱਤ ਬਖਸ਼ੇ ਤਾਂ ਕੇ ਉਹ ਸੱਤ੍ਹਾ ਦੇ ਸਿੰਘਾਸਨਾਂ ‘ਤੇ ਬੈਠ ਕੇ ਲੋਕਾਈ ਦੇ ਭਲੇ ਲਈ ਕੰਮ ਕਰਨ ਤੇ ਉਹ ਲੋਕਾਂ ਨੂੰ ਧਰਮਾਂ,ਜ਼ਾਤਾਂ,ਬੋਲੀਆਂ,ਰੰਗਾਂ ਆਦਿ ਵਿੱਚ ਵੰਡਕੇ ਨਾ ਲੜਾਉਣ ਤੇ ਲੋਕਾਂ ਦੇ ਟੈਕਸ ਨਾਲ ਆਪਣੇ ਘਰਾਂ ਨੂੰ ਭਰਨ ਤੋਂ ਗੁਰੇਜ਼ ਕਰਨ ।

ਇਸੇ ਵਰ੍ਹੇ ‘ਚ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਿਸ ‘ਚ ਪਿਛਲੇ 75 ਸਾਲਾਂ ਦਾ ਇਤਿਹਾਸ ਉਲਟਾਕੇ ਪੰਜਾਬੀਆਂ ਨੇ  ‘ਆਪ’ ਨੂੰ ਇਤਿਹਾਸਿਕ 92 ਸੀਟਾਂ ਜਿਤਾਕੇ ਪੰਜਾਬ ਦੀ ਸਰਕਾਰ ਬਣਾਉਣ ਦਾ ਮੌਕਾ ਦਿਤਾ । ਇਹ ਵੀ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਇਕੋ ਇਕ ਸੱਭ ਤੋਂ ਵੱਧ ਪੁਰਾਣੀ ਸ਼੍ਰੋਮਣੀ ਆਕਾਲੀ ਦਲ ਦੀ ਪਾਰਟੀ ਨੂੰ ਇਨ੍ਹਾਂ ਚੋਣਾ ‘ਚ ਹੁਣ ਤੱਕ ਦੀਆਂ ਸੱਭ ਤੋਂ ਘੱਟ ਭਾਵ ਸਿਰਫ਼ ਤਿੰਨ ਸੀਟਾਂ ਹੀ ਮਿਲ਼ ਸਕੀਆਂ । ਇਨ੍ਹਾਂ ਚੋਣਾਂ ‘ਚ ਜਿਥੇ ਨਵਜੋਤ ਸਿਧੂ, ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ,ਕੈਪਟਨ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ, ਚਰਨਜੀਤ ਚੰਨੀ, ਸਮੇਤ ਕਈ ਘਾਗ ਲੀਡਰ ਚੋਣਾਂ ਹਾਰ ਗਏ ਉਥੇ ਸੱਭ ਤੋਂ ਵੱਡਾ ਧੱਕਾ ਆਕਾਲੀ ਦਲ ਨੂੰ ਲੱਗਾ ਜਦੋਂ ਇਸਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਪੰਜ ਵਾਰ ਮੁੱਖ-ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ  ਵੀ ਲੰਬੀ ਤੋਂ ਚੋਣ ਹਾਰ ਗਏ ।

ਅਸੀਂ ਸਮਾਜ ਨੂੰ ਬਦਲਣ ਦੀ ਗੱਲ ਤਾਂ ਕਰਦੇ ਹਾਂ ਪਰ ਕਦੇ ਸਵੈ ਨੂੰ ਨਹੀਂ ਬਦਲਦੇ । ਅਸੀਂ ਦੂਸਰਿਆਂ ‘ਚ ਗ਼ਲਤੀਆਂ ਕੱਢਣ ‘ਚ ਕੋਈ ਕਸਰ ਨਹੀਂ ਛੱਡਦੇ ਪਰ ਆਪਣੇ ਔਗੁਣ ਕਿਸੇ ਨੂੰ  ਨਹੀਂ ਦਿਸਦੇ । ਅਸਲ ਨੁਕਤਾ ਇਥੇ ਹੀ ਹੈ । ਇਥੇ ਅਸੀਂ ਵਿਸਤਾਰ ‘ਚ ਨਹੀਂ ਜਾਣਾ ਚਾਹਾਂਗੇ ਕਿ ਸਮਾਜ ਵਿੱਚ ਕਿਹੜੀਆਂ ਕੁਰੀਤੀਆਂ ਹਨ ।

ਵਰਤਮਾਨ ਸਮੇਂ ‘ਚ ਜਿਥੇ ਅਸੀਂ ਸਮਾਜਿਕ ਉਲਝਣਾਂ ‘ਚ ਫ਼ਸੇ ਪਏ ਹਾਂ ਉਥੇ ਨਾਲ਼ ਦੀ ਨਾਲ਼ ਸਾਨੂੰ ਮੰਡੀ ਦੀਆਂ ਸ਼ਕਤੀਆਂ ਨੇ ਵੀ ਉਲਝਾ ਲਿਆ ਹੈ । ਤਕਨੀਕ ਨੇ ਅੱਜ ਮਨੁੱਖ ਨੂੰ ਗ਼ੁਲਾਮ ਕਰ ਲਿਆ ਹੈ ਤੇ ਸਾਡੇ ਸਿਸਟਮ ਨੇ ਸਾਨੂੰ ਭ੍ਰਿਸ਼ਟਾਚਾਰ ਦੀ ਦੱਲਦੱਲ ‘ਚ ਫਸਾ ਦਿੱਤਾ ਹੈ । ਰਾਜਨੀਤੀ ਹੁਣ ਰਾਜ ਕਰਨ ਲਈ ਨਹੀਂ ਬਲਕਿ ਦੂਜੀ ਧਿਰ ਨੂੰ ਸੱਤ੍ਹਾਹੀਣ ਕਰਨ  ਅਤੇ ਆਪਣੇ ਘਰ ਭਰਨ ਲਈ ਵਰਤੀ ਜਾਂਦੀ ਹੈ । ਲੀਡਰ ਰਾਜ-ਧਰਮ ਵਿਸਾਰ ਚੁੱਕੇ ਹਨ ।

ਲੋਕ ਬਹੁਤ ਤਾਕਤਵਰ ਹੁੰਦੇ ਹਨ ਕਿਉਂਕਿ ਲੋਕ ਹੀ ਕੁਝ ਖਾਸ ਲੋਕਾਂ ਨੂੰ ਸੱਤ੍ਹਾ ਤੱਕ ਪਹੁੰਚਾਕੇ ਤਾਕਤਵਰ ਕਰਦੇ  ਹਨ । ਇਹ ਨੁਕਤਾ ਲੋਕਾਂ ਨੂੰ ਸਮਝਣ ਦੀ ਲੋੜ ਹੈ । ਲੀਡਰ , ਲੋਕਾਂ ਨੂੰ ਵੰਡਕੇ ਸੱਤ੍ਹਾ ਤੱਕ ਪਹੁੰਚ ਦਿੰਦੇ  ਹਨ ਤੇ ਉਥੇ ਪਹੁੰਚਕੇ  ਸਾਰੇ ਹੀ ਇਕ ਹੋ ਜਾਂਦੇ ਹਨ ਉਂਜ  ਭਾਵੇਂ ਇਹ ਲ਼ੀਡਰ ਇਕ ਦੂਜੇ ਦੇ ਖ਼ਿਲਾਫ਼ ਹੋਣ ਦਾ ਚੰਗਾ ਡਰਾਮਾ ਕਰ ਲੈਂਦੇ ਹਨ । ਇਸ ਦੀ ਸੱਭ ਤੋਂ ਵੱਡੀ ਉਦਾਹਰਣ ‘ਸੂਚਨਾ ਦਾ ਅਧਿਕਾਰ 2005’ ਹੈ ।  ਜਦੋਂ  2013 ‘ਚ ਇਹ ਮੰਗ ਉੱਠੀ ਕਿ ਰਾਜਨੀਤਿਕ ਪਾਰਟੀਆਂ ਵੀ ਇਸ ਕਾਨੂੰਨ ਦੇ ਤਹਿਤ ਆਉਣੀਆਂ ਚਾਹੀਦੀ ਹਨ ਤਾਂ ਪੂਰੀ ਪਾਰਲੀਮੈਂਟ ਇਕ ਹੋ ਗਈ ਕਿ ਇੰਜ ਨਹੀਂ ਹੋਣਾ ਚਾਹੀਦਾ  ਤੇ ਇਸ ਕਾਨੂੰਨ ‘ਚ ਸੋਧ ਲਈ ਬਿੱਲ ਵੀ ਪਾਰਲੀਮੈਂਟ ‘ਚ ਪੇਸ਼ ਕਰ ਦਿਤਾ ਗਿਆ ।

ਹੁਣ ਅਸੀਂ ਲੋਕ ਸਭਾ ਦੀਆਂ 2024 ‘ਚ ਹੋਣ ਵਾਲ਼ੀਆਂ ਚੋਣਾਂ ਦੇ ਵਰ੍ਹੇ ‘ਚ ਪ੍ਰਵੇਸ਼ ਕਰ ਚੁੱਕੇ ਹਾਂ । ਜਿਨ੍ਹਾਂ ਚਿਰ ਅਸੀਂ ਆਪਣੀ ਲੋਕ ਸਭਾ, ਵਿਧਾਨ ਸਭਾਵਾਂ,  ਨਗਰ ਨਿਗਮਾਂ , ਨਗਰ ਕਮੇਟੀਆਂ, ਪੰਚਾਇਤਾਂ ਤੇ ਹੋਰ ਲੋਕ ਨੁਮਾਇੰਦਿਆਂ ਦੀਆਂ ਸੰਸਥਾਵਾਂ ‘ਚ ਚੰਗੇ ਚਰਿਤਰ ਵਾਲ਼ੇ ਲੋਕ ਚੁਣਕੇ ਨਹੀਂ ਭੇਜਦੇ ਓਨਾ ਚਿਰ ਅਸੀਂ ਆਪਣੇ ਦੇਸ਼ ਦੀ ਹੋਣੀ ਨੂੰ ਨਹੀਂ ਬਦਲ ਸਕਦੇ । ਸਾਨੂੰ ਰਲ਼ਕੇ ਇਹ ਲਹਿਰ ਚਲਾਉਣੀ ਚਾਹੀਦੀ ਹੈ ਕਿ ਦੇਸ਼ ਦੇ ਨਾਗਰਿਕ ਭਵਿਖ ‘ਚ ਪਾਰਟੀ, ਧਰਮ,ਜ਼ਾਤ,ਬੋਲੀ, ਇਲਾਕੇ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਵੰਡੀਆਂ ਤੋਂ ਉੋਪਰ ਉੱਠਕੇ ਆਪਣੇ ਪ੍ਰਤੀਨਿਧ ਚੁਣਨ ਜੋ ਸਿਰਫ਼ ਤੇ ਸਿਰਫ਼ ਦੇਸ਼ ਹਿੱਤ ‘ਚ ਹੀ ਫ਼ੈਸਲੇ ਕਰਨ ।

ਭਾਵੇਂ ਇਹ ਸੁਪਨਾ ਪੂਰਾ ਕਰਨਾ ਅਸੰਭਵ ਲਗਦਾ ਹੈ ਪਰ ਇਹ ਸੰਭਵ ਹੈ ਕਿਉਂਕਿ ਕਦੇ ਕਿਹਾ ਜਾਂਦਾ ਸੀ ਕਿ ਚੰਨ ‘ਤੇ ਜਾਣਾ ਅਸੰਭਵ ਹੈ ਪਰ ਵਿਗਿਆਨੀਆਂ ਨੇ  ਅਸੰਭਵ ਦਾ ‘ਐੜਾ’ (ਅ) ਲਾਹਕੇ ਹੀ ਦਮ ਲਿਆ ਹੈ । ਸਾਡੀਆਂ ਸ਼ੁੱਭ ਇਛਾਵਾਂ ਹਨ ਕਿ ਆਓ ਆਪਾਂ ਰਲਕੇ ਇਸ ਦੇਸ਼ ‘ਚੋਂ ਬੇਇਮਾਨੀ ਨੂੰ ਦਫ਼ਨ ਕਰਨ ਲਈ ਆਪੋ-ਆਪਣੇ ਪੱਧਰ ‘ਤੇ ਉੱਦਮ ਕਰੀਏ.. ਇਕੱਲਾ ਇਕੱਲਾ ਉੱਦਮ ਕਰੇਗਾ ਤਾਂ ਕਾਫ਼ਲਾ ਬਣ ਹੀ ਜਾਏਗਾ ਤੇ ਫਿਰ ਭਰਿਸ਼ਟ ਲੋਕ ਆਪਣੇ  ਆਪ ਹੀ  ਦਫ਼ਨ ਹੋ ਜਾਣਗੇ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button