EDITORIAL

ਜਾਖੜ ਹਾਲੇ ਕਾਂਗਰਸ ਤੋਂ ਦੂਰ ਨਹੀਂ ਗਏ !

ਅਮਰਜੀਤ ਸਿੰਘ ਵੜੈਚ (94178-01988) 

ਪੰਜਾਬ ਕਾਂਗਰਸ ਦੇ ਵੱਡੇ ਕੱਦ ਦੇ ਪੰਜਾਬੀ ਨੇਤਾ ਸੁਨੀਲ ਜਾਖੜ ਨੇ ਕੱਲ੍ਹ ਕਾਂਗਰਸ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਕਾਂਗਰਸ ਦੀ ਲੀਡਰਸ਼ਿਪ ਉਦੈਪੁਰ ‘ਚ ਚਿੰਤਨ-ਸ਼ਿਵਰ ਲਾ ਰਹੀ ਹੈ। ਜਾਖੜ ਨੇ ਆਪਣੀ ਗੱਲ ਰਾਸ਼ਟਰੀ ਨੇਤਾਵਾਂ ਤੱਕ ਪਹੁੰਚਾਉਣ ਲਈ ਇਕ ਬਹੁਤ ਹੀ ਢੁੱਕਵਾਂ ਸਮਾਂ ਚੁਣਿਆ ਹੈ, ਇਹ ਇਸ ਲੀਡਰ ਦੀ ਰਾਜਸੀ ਸਮਝ ਦੀ ਦੂਰ-ਅੰਦੇਸ਼ੀ ਵਾਲਾ ਫ਼ੈਸਲਾ ਹੈ। ਜਾਖੜ ਨੂੰ ਕਾਂਗਰਸ ਪਾਰਟੀ ਨੇ ਅਨੂਸੂਚਿਤ ਜਾਤੀਆਂ ਵੱਲ ਚੋਣਾਂ ਮਗਰੋਂ ਸੰਕੇਤਕ ਢੰਗ ਨਾਲ ਟਿੱਪਣੀ ਕਰਨ ‘ਤੇ ‘ਕਾਰਨ ਦੱਸੋ’ ਨੋਟਿਸ ਦਿੱਤਾ ਹੋਇਆ ਹੈ ਜਿਸ ਲਈ ਜਾਖੜ ਮੁਆਫ਼ੀ ਮੰਗ ਚੁੱਕੇ ਹਨ। ਜਾਖੜ ਨੇ ਕਾਂਗਰਸ ਨੂੰ ਚੈਂਲਜ਼ ਵੀ ਕਰ ਦਿੱਤਾ ਕਿ ਪਾਰਟੀ ਨੇ ਉਨ੍ਹਾਂ ਨੂੰ ਹੁਣ ਤੱਕ ਪਾਰਟੀ ‘ਚੋਂ ਕੱਢਿਆ ਕਿਉਂ ਨਹੀਂ।

ਜਾਖੜ ਨੇ ਆਪਣਾ ਗੁੱਭ-ਗੁਲ੍ਹਾਟ ਕੱਢਦਿਆਂ ਕੁਝ ਬਹੁਤ ਹੀ ਮਹੱਤਵਪੂਰਨ ਨੁਕਤੇ ਉਭਾਰੇ ਹਨ। ਜਾਖੜ ਨੇ ਪੰਜਾਬ ਵਿੱਚ ਕਾਂਗਰਸ ਦੀ ਚੋਣਾਂ ਵਿੱਚ ਹੋਈ ਮਾੜੀ ਹਾਲਤ ਲਈ ਅੰਬਿਕਾ ਸੋਨੀ ਦੇ ਉਸ ਬਿਆਨ ਨੂੰ ਦੱਸਿਆ ਜਿਸ ਵਿੱਚ ਸੋਨੀ ਨੇ ਪੰਜਾਬ ਵਿੱਚ ਹਿੰਦੂ ਮੁੱਖ-ਮੰਤਰੀ ਬਣਾਉਣ ਮਗਰੋਂ ਅੱਗ ਲੱਗਣ ਦੀ ਗੱਲ ਕਹਿ ਦਿੱਤੀ ਸੀ। ਸੁਨੀਲ ਹੁਰਾਂ ਕਿਹਾ ਕਿ ਇਸ ਬਿਆਨ ਨੇ ਪੰਜਾਬ, ਸਿੱਖਾਂ ਅਤੇ ਹਿੰਦੂਆਂ ‘ਤੇ ਸਦਾ ਲਈ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਹਿੰਦੂ ਸਿੱਖਾਂ ‘ਚ ਵੰਡਿਆ ਹੋਇਆ ਹੈ। ਜਾਖੜ ਨੇ ਕਿਹਾ ਕਿ ਪੰਜਾਬ ਭਾਰਤ ਦਾ ਇੱਕੋ ਇੱਕ ਸਭ ਤੋਂ ਵੱਧ ਧਰਮ-ਨਿਰਪੱਖ ਸੂਬਾ ਹੈ ਜਿਥੇ ਲੋਕ ਇਕ ਹੋ ਕਿ ਰਹਿੰਦੇ ਹਨ ਅਤੇ ਇੱਥੇ ਕਦੇ ਵੀ ਹਿੰਦੂ-ਸਿੱਖ ਵਾਲਾ ਮਸਲਾ ਨਹੀਂ ਰਿਹਾ। ਸੋਨੀ ਦੇ ਬਿਆਨ ਦਾ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਖੰਡਣ ਕੀਤਾ ਗਿਆ ਸੀ ਜਿਸ ਦਾ ਜ਼ਿਕਰ ਸੁਨੀਲ ਜਾਖੜ ਨੇ ਵੀ ਕੀਤਾ।

ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੁੰਦਿਆਂ ਜਾਖੜ ਨੇ ‘ਆਪ’ ਸਰਕਾਰ ਨੂੰ ਸੰਕੇਤਕ ਰੂਪ ਵਿੱਚ ਜੀ ਆਇਆ ਨੂੰ ਕਹਿ ਦਿੱਤਾ ਜਦੋਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਰੰਗਲੇ ਪੰਜਾਬ’ ਦੇ ਸੁਪਨੇ ਨੂੰ ਵੋਟਾਂ ਪਾਈਆਂ ਹਨ  ਜਾਖੜ ਨਵਜੋਤ ਸਿੱਧੂ ਦੇ ਖਿਲਾਫ਼ ਇਕ ਵੀ ਸ਼ਬਦ ਨਹੀਂ ਬੋਲੇ ਬਲਕਿ ਸਿੱਧੂ ਲਈ ਆਪਣਾ ਸੁਰ ਨਰਮ ਹੀ ਰੱਖਿਆ। ਜਾਖੜ ਕਹਿੰਦੇ ਨੇ ਕਿ ਕਾਂਗਰਸ ਨੂੰ ਕੁਝ ਖਾਸ ਛੋਟੀ ਸੋਚ ਅਤੇ ਚਾਪਲੂਸਾਂ ਨੇ ਮਰਵਾਇਆ ਹੈ ਅਤੇ ਕਾਂਗਰਸ ਨੂੰ ਪ੍ਰਸ਼ਾਂਤ ਕਿਸ਼ੋਰ ਨਹੀਂ ਬਚਾ ਸਕਦਾ।

ਜਾਖੜ ਆਪਣੀ ‘ਦਿਲ ਦੀ ਗੱਲ’ ਦੌਰਾਨ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਵਾਡਰਾ ਦੇ ਸ਼ੁੱਭ ਚਿੰਤਕ ਹੀ ਬਣੇ ਕਿਉਂਕਿ ਉਨ੍ਹਾਂ ਆਪਣੇ ਸੰਬੋਧਨ ‘ਚ ਸਪੱਸ਼ਟ ਕਰ ਦਿੱਤਾ ਕਿ ਗਾਂਧੀ ਪਰਿਵਾਰ ਦੀ ਅਗਵਾਈ ਤੋਂ ਬਿਨ੍ਹਾਂ ਕਈ ਕਾਂਗਰਸ ਪਾਰਟੀਆਂ ਬਣ ਜਾਣਗੀਆਂ। ਵੈਸੇ ਜਾਖੜ ਨੇ ਸੋਨੀਆ, ਰਾਹੁਲ ਅਤੇ ਪ੍ਰਿਅੰਕਾ ਨੂੰ ਸਿੱਧਾ ਸੰਬੋਧਨ ਕਰਦਿਆਂ ਕਹਿ ਦਿੱਤਾ ਕਿ ਪਾਰਟੀ ਨੂੰ  ਦੋਸਤ ਅਤੇ ਦੁਸ਼ਮਣ ਦੀ ਪਛਾਣ ਕਰਨੀ ਚਾਹੀਦੀ ਹੈ। ਭਾਵੇਂ ਜਾਖੜ ਨੇ ਆਪਣੇ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਉਪਰੋਕਤ ਸ਼ਬਦਾਂ ਤੋਂ ਪ੍ਰਤੱਖ ਹੈ ਕਿ ਜਾਖੜ ਬੜੇ ਨਾਪ-ਤੋਲ ਕੇ ਸ਼ਬਦ ਬੋਲ ਰਹੇ ਸਨ ਤਾਂ ਕੇ ਭਵਿੱਖ ਦੀਆਂ ਸੰਭਾਵਨਾਵਾਂ ਰੱਦ ਨਾ ਹੋ ਜਾਣ। ਏਸੇ ਕਰਕੇ ਜਾਖੜ ਨੇ ਆਪਣੀ ਭਵਿੱਖ ਦੀ ਰਣਨੀਤੀ ਦੇ ਪੱਤੇ ਹਾਲੇ ਲੁਕੋ ਕੇ ਰੱਖ ਲਏ ਹਨ। ਕਾਂਗਰਸ ਨੂੰ ਬੜੇ ਸਪੱਸ਼ਟ ਸ਼ਬਦਾਂ ‘ਚ ਜਾਖੜ ਨੇ ਕਹਿ ਦਿੱਤਾ ਕਿ ਕਾਂਗਰਸ ਨੂੰ ਚਿੰਤਨ ਦੀ ਬਜਾਏ ਚਿੰਤਾ ਕਰਨ ਦੀ ਲੋੜ ਹੈ। ਇਸ ਲਈ ਉਨ੍ਹਾਂ ਇਕ ਸ਼ੇਅਰ ਦਾ ਹਵਾਲਾ ਦਿੱਤਾ :

ਘਰ ਕੋ ਸਜਾਨੇ ਕਾ ਤਸੱਵੁਰ ਹੈ ਬਹੁਤ

ਪਹਿਲੇ ਯੇਹ ਤੋ ਸੋਚੋ ਘਰ ਕੋ ਬਚਾਏਂ ਕੈਸੇ

ਜਾਖੜ ਪੰਜਾਬ ਵਿੱਚ ਇਕ ਦਿਆਨਤਦਾਰ ਲੀਡਰ ਵਜੋਂ ਵੇਖੇ ਜਾਂਦੇ ਹਨ। ਕਦੇ ਕਿਸੇ ਨੇ ਸੁਨੀਲ ਜਾਖੜ ਅੰਦਰ ‘ਕੱਟੜ’ ਹਿੰਦੂ ਨਹੀਂ ਵੇਖਿਆ। ਇਸ ਦੀ ਤਸਦੀਕ ਜਾਖੜ ਨੇ ਇਹ ਕਹਿ ਕੇ ਕਰ ਦਿੱਤੀ ਕਿ ਉਨ੍ਹਾਂ ਨੂੰ ਮਾਣ ਹੈ ਪੰਜਾਬੀ ਹੋਣ ‘ਤੇ ਜਿਸ ਦੀ ਧਰਤੀ ‘ਤੇ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੇ ਰਹਿੰਦੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button