EDITORIAL

ਭਾਰਤ ਸਰਕਾਰ ਦੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਸ਼ਰਧਾਂਜਲੀ

ਅਮਰਜੀਤ ਸਿੰਘ ਵੜੈਚ

ਗੁਰੂ ਤੇਗ ਬਹਾਦੁਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ ਭਾਰਤ ਸਰਕਾਰ ਦੇ ਸੱਭਿਆਚਾਰ ਅਤੇ ਸੈਰਸਪਾਟਾ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 20 ਅਤੇ 21 ਅਪ੍ਰੈਲ ਦਾ ਜੋ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਸੀ ਉਸ ਦੀ ਸਹੀ ਰੂਪ ਵਿੱਚ ਪ੍ਰਸ਼ੰਸਾ ਕਰਨੀ ਬਣਦੀ ਹੈ। ਇਹ ਸਮਾਗਮ ਲਾਲ ਕਿਲ੍ਹੇ ‘ਤੇ ਕੀਤਾ ਗਿਆ ਜਿਥੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਕਾਲਾ ਹੁਕਮ ਸੁਣਾਇਆ ਸੀ ਅਤੇ ਜਿਸ ਸਥਾਨ ‘ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਸੀ ਉਹ ਸਥਾਨ ਵੀ ਲਾਲ ਕਿਲ੍ਹੇ ਦੇ ਸਾਹਮਣੇ ਹੈ ਜਿਥੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਧਰਮ ਦਾ ਸਮਾਗਮ ਰਾਸ਼ਟਰੀ ਪੱਧਰ ‘ਤੇ ਲਾਲ ਕਿਲ੍ਹੇ ਤੋਂ ਹੋਇਆ ਹੋਵੇ ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਜਿਸ ਦਾ ਟੈਲੀਕਾਸਟ ਦੂਰਦਰਸ਼ਨ ਨੇ ਰਾਸ਼ਟਰੀ ਪੱਧਰ ‘ਤੇ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਗੁਰੂ ਸਾਹਿਬ ਦੀ ਯਾਦ ਵਿੱਚ ਕੁਝ ਯਾਦਾਂ ਸਮੇਤ ਇਕ ਚਾਰ ਸੌ ਰੁਪਏ ਦਾ ਸਿੱਕਾ ਅਤੇ ਇਕ ਡਾਕ ਟਿਕਟ ਵੀ ਜਾਰੀ ਕੀਤੀ। ਮੋਦ‌ੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਾਨਵਤਾ ਨੂੰ ਸਭ ਤੋਂ ਉਪਰ ਰੱਖਣ ਦਾ ਸੰਦੇਸ਼ ਦਿੱਤਾ ਸੀ ਇਸ ਲਈ ਸਾਨੂੰ ਮਾਣ ਹੈ ਕਿ ਅਸੀਂ ਗੁਰੂ ਸਾਹਿਬ ਦੇ ਉਦੇਸ਼ਾਂ ‘ਤੇ ਚਲ ਰਹੇ ਹਾਂ। ਮੋਦੀ ਨੇ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਧਰਮ ਜਾਂ ਮੁਲਕ ਲਈ ਖਤਰਾ ਪੈਦਾ ਨਹੀਂ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਕੁਝ ਖ਼ਾਸ ਕੰਮਾਂ,  ਜਿਵੇਂ ਅਫ਼ਗਾਨਿਸਤਾਨ ‘ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਰਿਆਦਾ ਨਾਲ ਭਾਰਤ ਲਿਆਉਣੇ, ਨਾਗਰਿਕ ਕਾਨੂੰਨ ਸੋਧ (CAA) ਰਾਹੀਂ ਗੁਆਂਢੀ ਮੁਲਕਾਂ ‘ਚੋ ਆਏ ਸਿੱਖ ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਰਾਹ ਪੱਧਰਾ ਕਰਨਾ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣਾ, ਕਰਤਾਰਪੁਰ ਲਾਂਘਾ ਬਣਾਉਣਾ,  26 ਦਸੰਬਰ ਨੂੰ ਹਰ ਸਾਲ ਰਾਸ਼ਟਰੀ ਪੱਧਰ’ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਮਨਾਉਣ ,1999 ਵਿੱਚ ਖਾਲਸਾ ਦਾ 350ਵਾ ਸਥਾਪਨਾ ਦਿਵਸ ਮਨਾੳਣਾ ਆਦਿ ਦਾ ਵਿਸ਼ੇਸ ਰੂਪ ਵਿੱਚ ਜ਼ਿਕਰ ਕੀਤਾ। ਕਮੇਟੀ ਵੱਲੋਂ ਸਿਖ ਯੂਨੀਵਰਸਿਟੀ ਅਤੇ ਦਿੱਲੀ ਹਵਾਈ ਅੱਡੇ ਦਾ ਨਾਂ ਗੁਰੂ ਸਾਹਿਬ ਦੇ ਨਾਂ ‘ਤੇ ਰੱਖਣ ਦੀ ਮੰਗ ‘ਤੇ  ਪ੍ਰਧਾਨ ਮੰਤਰੀ ਨੇ ਇਕ ਵੀ ਸ਼ਬਦ ਨਹੀਂ ਬੋਲਿਆ।

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਪ੍ਰੈਲ ਨੂੰ ਇਸ ਸਮਾਗਮ ਵਿੱਚ ਵਿਸ਼ੇਸ਼ ਰੂਪ ‘ਚ ਸ਼ਾਮਿਲ ਹੋਏ ਜਿਨ੍ਹਾਂ ਨੇ ਬੋਲਦਿਆਂ ਕਿਹਾ ਕਿ ਗੁਰੂ ਤੇਗ ਬਹਾਦੁਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਗ਼ਲਾਂ ਦੇ ਜ਼ੁਲਮਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਿਸ ਕਰਕੇ ਅੱਜ ਅਸੀਂ ਆਜ਼ਾਦ ਹਾਂ। ਸ਼ਾਹ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਆਪਣੀ ਕੁਰਬਾਨੀ ਦੇ ਕਿ ਬਚਾਇਆ ਸੀ।  ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਸ ਲਈ ਦੇਸ਼ ਹਮੇਸ਼ਾ ਸਿੱਖ ਗੁਰੂ ਸਾਹਿਬਾਨ ਦਾ ਰਿਣੀ ਰਹੇਗਾ।

ਇਸ ਮੌਕੇ 400 ਬੱਚਿਆਂ ਅਤੇ 400 ਰਾਗੀ ਸਿੰਘਾਂ ਵੱਲੋਂ ਗੁਰੂ ਸਾਹਿਬ ਦੀ ਬਾਣੀ ਦਾ ਅਲੌਕਿਕ ਕੀਰਤਨ ਕਰਨਾ ਇਕ ਵਿਲੱਖਣ ਹੀ ਕਾਰਜ ਸੀ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਮੌਕੇ 400 ਬੀਬੀਆਂ ਵੱਲੋਂ ਕੀਰਤਨ ਨਹੀਂ ਕਰਵਾਇਆ ਗਿਆ। ਬੀਬੀਆਂ ਦੀ ਹਾਜ਼ਰੀ ਨਾਂ ਲੱਗਣ ਦਾ ਦੋਸ਼ ਕੇਦਰ ਸਰਕਾਰ ‘ਤੇ ਨਹੀਂ ਬਲਕਿ ਪ੍ਰਬੰਧਕ ਕਮੇਟੀ ‘ਤੇ ਲਗਦਾ ਹੈ ਜੋ ਇਹ ਪ੍ਰਬੰਧ ਨਹੀਂ ਕਰ ਸਕੀ। ਬੀਬੀਆਂ ਦੇ ਜੱਥਿਆਂ ਵਿੱਚ ਇਸ ਦਾ ਰੋਸ ਵੀ ਹੈ। ਕਾਰਨ ਕਮੇਟੀ ਹੀ ਦੱਸ ਸਕਦੀ ਹੈ। ਭਾਰਤ ਸਰਕਾਰ ਦਾ ਇਹ ਉਪਰਾਲਾ ਵਧੀਆ ਸੀ। ਇਸ ਤਰ੍ਹਾਂ ਦੀ ਹਰ ਧਰਮ ਪ੍ਰਤੀ ਪਹੁੰਚ ਮੋਦੀ ਸਰਕਾਰ ਲਈ ਬਹੁਤ ਕਾਰਗਰ ਸਿਧ ਹੋ ਸਕਦੀ ਹੈ ਅਤੇ ਦੇਸ਼ ਵਿੱਚ ਜੋ ਫਿਰਕੂ ਤਾਕਤਾਂ ਤਣਾਅ ਪੈਦਾ ਕਰਨਾ ਚਾਹੁੰਦੀਆਂ ਹਨ। ਉਹ ਸਿਰ ਪਰਨੇ ਡਿਗ ਸਕਦੀਆਂ ਹਨ।

(9417801988)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button