EDITORIAL

ਫੈਕਟਰੀਆਂ ਦਾ ਜ਼ਹਿਰ-ਪੰਜਾਬ ਲਈ ਕਹਿਰ, ਪ੍ਰਦੂਸ਼ਣ ਕੰਟਰੋਲ ਬੋਰਡ ਹੋਵੇ ਆਜ਼ਾਦ

ਅਮਰਜੀਤ ਸਿੰਘ ਵੜੈਚ (94178-01988)

ਜ਼ੀਰਾ ਸ਼ਰਾਬ ਫੇਕਟਰੀ ਨੇ ਪੰਜਾਬ ਦੇ ਲੋਕਾਂ ਨੂੰ  ਪਾਣੀ ਤੇ ਵਾਤਾਵਰਣ ਦੀ ਹੋ ਰਹੀ ਬਰਬਾਦੀ ਪ੍ਰਤੀ ਸੁਚੇਤ ਕਰ ਦਿਤਾ ਹੈ ਜਿਵੇਂ ‘ਕਿਸਾਨ ਅੰਦੋਲਨ 2020’ਨੇ ਦੇਸ਼ ਦੇ ਕਿਸਾਨਾਂ ਨੂੰ ਸਰਕਾਰਾਂ ਵੱਲੋਂ ਖੇਤੀ ਸੈਕਟਰ ‘ਤੇ ਕਾਰਪੋਰੇਟ ਘਰਾਣਿਆਂ ਨੂੰ ਕਬਜ਼ਾ ਕਰਵਾਉਣ ਦੀਆਂ ਗੁਝੀਆਂ ਚਾਲਾਂ ਤੋਂ ਸੁਚੇਤ ਕੀਤਾ ਸੀ ।  ਸ਼ਰਾਬ  ਪੀਣ  ਵਾਲ਼ੇ ਲੋਕਾਂ ਨੂੰ  ਸ਼ਰਾਬ ਸਮਾਜਿਕ ਅਤੇ ਸਿਹਤ ਦੇ ਤੌਰ ‘ਤੇ ਅਤੇ ਸ਼ਰਾਬ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ  ਬਾਕੀ ਬਚਦੇ ਪੰਜਾਬੀਆਂ ਨੂੰ ਬਰਬਾਦ ਕਰ ਰਹੀਆਂ ਹਨ ।

ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਮਾਲਵਾ ਖੇਤਰ ਦੇ ਲੋਕਾਂ ‘ਚ ਕੈਂਸਰ ਦੀ ਬਿਮਾਰੀ ਨੇ ਜ਼ੋਰ ਫੜਿਆ ਸੀ ਤਾਂ ਉਸ ਵਕਤ ਵੱਖ-ਵੱਖ ਸਰਵੇਖਣਾਂ ਮਗਰੋਂ ਪਤਾ ਲੱਗਾ ਸੀ ਕਿ ਲੰਮੇ ਸਮੇਂ ਤੋਂ ਖੇਤੀ ਲਈ ਵਰਤੀਆਂ ਜਾਂਦੀਆਂ ਜ਼ਹਿਰਾਂ ਉਸ ਕੈਂਸਰ ਲਈ ਦੋਸ਼ੀ ਸਨ । ਐਡਵਾਂਸ  ਕੈਂਸਰ  ਇੰਸਟੀਚਿਊਟ,ਬਠਿੰਡਾ ‘ਚ 2016 ‘ਚ 11000 ਮਰੀਜ਼ ਆਏ ਸਨ ਜੋ 2021 ‘ਚ ਵਧਕੇ 82000 ਤੋਂ ਵੀ ਵਧ ਗਏ  ਹਨ ।

ਪੰਜਾਬ ਵਿੱਚ ਲੁਧਿਆਣਾ,ਰਾਜਪੁਰਾ,ਗੋਬਿੰਦਗੜ੍ਹ,ਖੰਨਾ,ਗੋਇੰਦਵਾਲ ਸਾਹਿਬ, ਬਟਾਲ਼ਾ,ਜਲੰਧਰ,ਅੰਮ੍ਰਿਤਸਰ ਆਦਿ  ਉਦਯੋਗਾਂ ਲਈ ਮਸ਼ਹੂਰ ਹਨ । ਇਸ ਤੋਂ  ਇਲਾਵਾ ਕਈ ਜ਼ਿਲ੍ਹਿਆਂ ‘ਚ ਉਦਯੋਗਕ ਫੋਕਲ ਪੁਆਇੰਟ ਵੀ ਹਨ । ਇਹ ਵੀ ਵੇਖਣ ‘ਚ ਆਇਆ ਹੈ ਕਿ ਇਕੱਲੇ-ਦੁਵੱਲੇ ਉਦਯੋਗ ਵੀ ਕਈ ਇਲਾਕਿਆਂ ‘ਚ ਸਥਾਪਿਤ ਕੀਤੇ ਗਏ ਹਨ । ਜਿਵੇਂ ਜ਼ੀਰਾ ਸ਼ਰਾਬ ਫੇਕਟਰੀ  ‘ਤੇ ਧਰਤੀ ਹੇਠਲਾ ਪਾਣੀ  ਗੰਦਾ ਕਰਨ ਦੇ ਦੋਸ਼ ਲੱਗੇ ਹਨ ਉਸੇ ਤਰ੍ਹਾਂ ਇਸ ਤੋਂ ਪਹਿਲਾਂ  ਲੁਧਿਆਣਾ ਦੀਆਂ ਕਈ ਫੇਕਟਰੀਆਂ ,ਹਮੀਰਾ ਸ਼ਰਾਬ ਫੈਕਟਰੀ ,ਪਾਤੜਾਂ ਦੀ ਇਕ ਮਿਲ ਤੇ ਗੁਰਦਾਸਪੁਰ ‘ਚ ਇਕ ਖੰਡ ਮਿਲ ‘ਤੇ ਵੀ ਧਰਤੀ ਦਾ ਪਾਣੀ ਗੰਦਾ ਕਰਨ ਦੇ ਕੇਸ ਸਾਹਮਣੇ  ਆ ਚੁੱਕੇ ਹਨ ।

ਪੰਜਾਬ ‘ਚ ਪ੍ਰਦੂਸ਼ਣ ਕੰਟਰੋਲ ਬੋਰਡ  1975 ‘ਚ ਬਣਿਆਂ ਸੀ ਜਿਸ  ਦੇ ਕਾਨੂੰਨ ਵਿੱਚ ਸਮੇਂ-ਸਮੇਂ  ਸੋਧਾਂ ਹੁੰਦੀਆਂ ਰਹੀਆ  । ਕੀ ਇਹ ਬੋਰਡ ਆਪਣਾ ਕੰਮ ਕਰ ਰਿਹਾ ਹੈ ? ਬੋਰਡ ਦੇ ਸਾਬਕਾ ਚੇਅਰਮੈਨ ਕਾਹਨ ਸਿੰਘ ਪੱਨੂੰ ਨੇ ਸਾਨੂੰ ਦੱਸਿਆ ਕਿ ਉਨ੍ਹਾਂ 2011 ‘ਚ ZLD (Zero liquid Discharge ) ਯੁਨਿਟ  ਨੀਤੀ ਪੰਜਾਬ ਚ’ ਲਾਗੂ ਕਰ ਦਿਤੀ ਸੀ ਅਤੇ ਜਦੋਂ ਉਹ 2018 ‘ਚ ਦੁਬਾਰੇ ਚੇਅਰਮੈਨ ਬਣੇ ਸਨ ਤਾਂ ਉਨ੍ਹਾਂ ਹਰ ਉਦਯੋਗ ‘ਚ ਇਨਾਂ ਯੁਨਿਟਾਂ ‘ਤੇ ਸੀਸੀਟੀਵੀ ਕੈਮਰੇ ਲਵਾ ਦਿਤੇ ਸਨ ਜਿਨ੍ਹਾਂ ਦੇ ਲਿੰਕ ਬੋਰਡ ਕੋਲ਼ ਵੀ ਸਨ ।

ਪੱਨੂੰ ਅਨੁਸਾਰ ਇਹ ਬੋਰਡ  ਖ਼ੁਦ ਮੁਖ਼ਤਿਆਰ ਸੰਸਥਾ ਹੋਣੀ ਚਾਹੀਦੀ ਹੈ । ਪੱਨੂੰ , ਜੋ ਆਪ ਵੀ ਸੀਨੀਅਰ ਆਈਏਐੱਸ ਸੇਵਾ ਮੁਕਤ ਹੋਏ ਹਨ ਦਾ ਕਹਿਣਾ ਹੈ ਕਿ ਲੁਧਿਆਣੇ ਦੀਆਂ ਸਾਰੀਆਂ ਫੈਕਟਰੀਆਂ ਦਾ ਗੰਦਾ ਪਾਣੀ ‘ਬੁੱਢੇ ਨਾਲ਼ੇ’ ‘ਚ ਪੈਂਦਾ ਹੈ ਜੋ ਫਿਰ ਸਤਲੁਜ ਵਿੱਚ ਜਾਂਦਾ ਹੈ ਤੇ ਫਿਰ ਹਰੀਕੇ ਤੋਂ ਵੱਖ-ਵੱਖ ਨਹਿਰਾਂ ਰਾਹੀਂ ਲੋਕਾਂ ਅਤੇ ਖੇਤਾਂ ਦੀ ਵਰਤੋਂ ਲਈ ਪ੍ਰਯੋਗ ਹੁੰਦਾ ਹੈ । ਪੰਨੂੰ ਤਾਂ  ਸ਼ਹਿਰਾਂ ‘ਚ ਡੇਅਰੀ ਕੰਪਲੈਕਸ ਬਣਾਉਣ ਦੇ ਵੀ ਵਿਰੁਧ ਹਨ ।

ਪੰਜਾਬ  ‘ਚ ਜ਼ੀਰੇ ਵਰਗੀਆਂ 14 ਫੈਕਟਰੀਆਂ ਹਨ । ਇਨ੍ਹਾਂ ਸ਼ਰਾਬ ਦੀਆਂ  ਫੈਕਟਰੀਆਂ  ਦਾ ਅਧਿਅਨ ਕਰਨ ਲਈ 2007 ‘ਚ ਵੀ ਵਿਧਾਨ ਸਭਾ ‘ਚ ਆਵਾਜ਼ ਉਠਾਈ ਗਈ ਸੀ ਜਿਸ ‘ਤੇ ਫਿਰ ਇਕ ਕਮੇਟੀ ਬਣੀ ਸੀ ਜਿਸ ਨੇ 2010 ‘ਚ ਰਿਪੋਰਟ ਦੇ ਦਿਤੀ ਸੀ । ਇਸ ਕਮੇਟੀ ਨੇ ਸਪੱਸ਼ਟ ਕਿਹਾ ਸੀ ਕਿ ਪੰਜਾਬ ਦੀ ਚਾਰ ਸ਼ਰਾਬ ਫੈਕਟਰੀਆਂ  ਜੋ ਡੇਰਾ ਬਸੀ, ਗੁਰਦਾਸਪੁਰ,ਹਮੀਰਾ  ਅਤੇ ਪਠਾਨਕੋਟ  ‘ਚ  ਲਗੀਆਂ ਹਨ ਦੇ ਆਲ਼ੇ ਦੁਆਲ਼ੇ 30 ਕਿਲੋਮੀਟਰਾਂ ਤੱਕ ਪਿੰਡਾਂ ਦਾ ਪਾਣੀ ਖਰਾਬ ਹੋ ਰਿਹਾ ਹੈ ।  ਇਸ ਕਮੇਟੀ ਦੀ ਰਿਪੋਰਟ ਮਗਰੋਂ ਇਕ ਹੋਰ ਕਮੇਟੀ ਸਕੌਟਿਸ਼ ਵਿਸਕੀ ਦੇ ਦੇਸ਼ ਸਕੌਟਲੈਂਡ ਗਈ ਸੀ ਜਿਸ ਨੂੰ ਵਿੱਤ ਵਿਭਾਗ ਵੱਲੋਂ ਖਰਚਾ ਦੇਣ ਤੋਂ ਵੀ ਨਾਹ ਕਰ ਦਿਤੀ ਸੀ । ਉਸ ਵਕਤ ਅਕਾਲੀ ਦਲ ਦੀ ਸਰਕਾਰ ਸੀ । ਜੇਕਰ ਉਸ ਵਕਤ ਬਾਦਲ  ਸਰਕਾਰ ਨੇ ਕੋਈ ਕਾਰਵਾਈ  ਕੀਤੀ ਹੁੰਦੀ ਤਾਂ ਅੱਜ ਜ਼ੀਰੇ ਵਾਲ਼ੇ ਅੰਦੋਲਨ ‘ਚ ਕਿਸਾਨਾਂ ਨੂੰ ਰਾਤਾਂ ਨਾ ਝਾਗਣੀਆਂ ਪੈਂਦੀਆਂ ਤੇ ਨਾ ਹੀ ਉਥੇ ਪੰਜਾਬੀ ( ਕਿਸਾਨ+ ਪੰਜਾਬ ਪੁਲਿਸ) ਆਹਮੋ ਸਾਹਮਣੇ ਹੋਣ ਲਈ ਮਜਬੂਰ ਹੁੰਦੇ । ਜ਼ੀਰੇ ਵਾਲ਼ੀ ਫੈਕਟਰੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਹੈ ।

ਇਹ ਸਥਿਤੀ ਦੱਸਦੀ ਹੈ ਕਿ ਹੁਣ ਤੱਕ ਬਣੀਆਂ ਸਾਡੀਆਂ ਸਰਕਾਰਾਂ ਨੇ ਜਿਥੇ ਲੋਕ ਭਲਾਈ ਦੇ ਕੰਮ ਕੀਤੇ ਹਨ ਉਥੇ ਉਨ੍ਹਾਂ ਕੰਮਾਂ ਦੇ ਓਹਲੇ ਪੰਜਾਬ ਦੇ ਵਾਤਾਵਰਣ ਨੂੰ ਤਬਾਹ ਕਰਨ ਵਾਸਤੇ ਆਪਣੀਆਂ ਹੀ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਰੱਦੀ ਦੀ ਟੋਕਰੀ ‘ਚ ਸੁੱਟਕੇ ਇਹ ਸਿਧ ਕਰ ਦਿਤਾ ਹੈ ਕਿ ਸਾਰੀਆਂ ਪਾਰਟੀਆਂ ਲੋਕਾਂ ਨੂੰ ਮੂਰਖ ਹੀ ਬਣਾਉਂਦੀਆਂ ਰਹੀਆਂ ਹਨ । ਇਸ ਸਾਰੇ ਵਰਤਾਰੇ ‘ਚ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਦੇ ਇੰਜਨੀਅਰ ਵੀ ਦੋਸ਼ੀ ਹਨ ਜੋ ਰਾਜਸੀ ਦਬਾਅ ‘ਚ ਆਕੇ  ਸਰਕਾਰਾਂ ਨੂੰ ਗ਼ਲਤ ਫ਼ੈਸਲੇ ਕਰਨ ਤੋਂ ਨਹੀਂ ਰੋਕ ਸਕੇ । ਅੰਦਰੂਨੀ ਸੂਤਰਾਂ ਤੋਂ ਪਤਾ ਲਗਾ ਹੈ ਕਿ ਰਾਜਸੀ ਦਖ਼ਲ ਅੰਦਾਜ਼ੀ ਕਾਰਨ ਹੀ ਇਹ ਬੋਰਡ ਪੂਰੀ ਆਜ਼ਾਦੀ ਨਾਲ਼ ਕੰਮ ਨਹੀਂ ਕਰ ਸਕਿਆ ।

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਕਮੇਟੀਆਂ ਬਣਾ ਬਣਾ ਕੇ ਹੀ ਪਹਿਲੀਆਂ ਸਰਕਾਰਾਂ ਵਾਂਗ ਡੰਗ ਟਪਾਉਣ ਦਾ ਕੰਮ ਨਾ ਕਰੇ ਸਗੋਂ ਜਿਹੜੇ ਲੋਕ ਦੋਸ਼ੀ ਹਨ ਉਨ੍ਹਾਂ ਨੂੰ ਅਦਾਲਤ ਦੇ ਕਟਿਹਰੇ ‘ਚ ਖੜਾ ਕੀਤਾ ਜਾਵੇ ਤੇ  ਪੰਜਾਬ ਦੀਆਂ ਅਜਿਹੀਆਂ ਫੈਕਟਰੀਆਂ ‘ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ  ਜੋ ਪੰਜਾਬ ਦੇ ਪਾਣੀਆਂ ‘ਚ ਜ਼ਹਿਰ ਘੋਲ਼ ਰਹੀਆਂ ਹਨ । ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜਿਨਾ ਚਿਰ ਆਜ਼ਾਦਾਨਾ ਢੰਗ ਨਾਲ਼ ਕੰਮ ਨਹੀਂ ਕਰਨ ਦਿਤਾ ਜਾਂਦਾ ਓਨਾ ਚਿਰ ਪੰਜਾਬ ਦਾ ਵਾਤਾਵਰਣ ਇੰਜ ਹੀ ਜ਼ਹਿਰੀਲਾ ਹੁੰਦਾ ਰਹੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button