EDITORIAL

ਕੋਟਕਪੂਰੇ ਕਾਰਨ ਸਹਿਮੇ ਲੋਕ, ਅਫ਼ਸਰ ਹੋਣ ਜਵਾਬ ਦੇਹ

ਪੁਲਿਸ ਹੋ ਰਹੀ ਹੈ ਸੁਸਤ !

ਅਮਰਜੀਤ ਸਿੰਘ ਵੜੈਚ (94178-01988) 

ਕੋਟਕਪੂਰੇ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 2015 ਵਾਲ਼ੇ ਬੇਅਦਬੀ ਦੇ ਦੋਸ਼ੀ ਪਰਦੀਪ ਸਿੰਘ ਦੇ ਪਰਸੋਂ ਹੋਏ ਦਿਨ ਦਿਹਾੜੇ ਕਤਲ ਨੇ ਜਿਥੇ ਪੰਜਾਬ ਦੇ ਲੋਕਾਂ ਅੰਦਰ ਸਹਿਮ ਪੈਦਾ ਕੀਤਾ ਹੈ ਓਥੇ ਨਾਲ਼ ਦੀ ਨਾਲ਼ ਪੰਜਾਬ ਸਰਕਾਰ ‘ਤੇ ਕਈ ਸਵਾਲ ਵੀ ਖੜ੍ਹੇ ਕਰ ਦਿਤੇ ਹਨ ਤੇ ਵਿਰੋਧੀ ਪਾਰਟੀਆਂ ਮੁੱਖ-ਮੰਤਰੀ ਮਾਨ ‘ਤੇ ਭਾਰੂ ਹੁੰਦੀਆਂ ਲੱਗ ਰਹੀਆਂ ਹਨ । ਇਸ ਕਤਲ ਦੇ ਨਾਲ਼ ਉਸ ਵਕਤ ਹੋਰ ਵੀ ਸਵਾਲ ਜੁੜ ਜਾਂਦੇ ਹਨ ਜਦੋਂ ਅਗਲੇ ਹੀ ਦਿਨ ਦਿੱਲੀ ਪੁਲਿਸ , ਪੰਜਾਬ ਪੁਲਿਸ ਨੂੰ ਸੂਚਿਤ ਕਰੇ ਬਿਨਾ ਉਸ ਕਤਲ ਦੇ ਦੋਸ਼ੀਆਂ ਨੂੰ ਪਟਿਆਲ਼ੇ ਦੇ ਨੇੜੇ ਇਕ ਪਿੰਡ ਦੁਘਾਟ ‘ਚੋਂ ਫੜਕੇ ਲੈ ਗਈ ਪਰ ਜਾਂਦੇ-ਜਾਂਦੇ ਪਟਿਆਲ਼ਾ ਪੁਲਿਸ ਨੂੰ ਵੀ ਦੱਸ ਗਈ ।

ਇਸ ਵਕਤ ਸਰਕਾਰ ਵੱਲੋਂ ਲਗਾਤਾਰ ਇਹ ਬਿਆਨ ਆ ਰਹੇ ਨੇ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਇਹ ਬਿਆਨ ਪੰਜਾਬੀ ਗਾਇਕ ਸਿਧੂ ਮੂਸੇਵਾਲ਼ ਤੇ ਫਿਰ ਸ਼ਿਵ ਸੈਨਾ (ਹਿੰਦੋਸਤਾਨ) ਦੇ ਸੁਧੀਰ ਸੂਰੀ ਦੇ ਕਤਲ ਸਮੇਂ ਵੀ ਜਾਰੀ ਕੀਤੇ ਗਏ ਸਨ । ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਹੁੰਦੀ ਹੈ ਜਿਸ ਨਾਲ਼ ਸਰਕਾਰ ਦੀ ਕਿਰਕਰੀ ਹੁੰਦੀ ਹੈ ਤਾਂ ਉਸ ਸਮੇਂ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਸਰਕਾਰ ਉਸ ਖੇਤਰ ਦੇ ਐਸਐੱਸਐੱਪੀ, ਐੱਸਪੀ .ਡੀਐੱਸਪੀ ਜਾਂ ਹੇਠਲੇ ਮੁਲਾਜ਼ਮ ਬਦਲਕੇ ਇਹ ਕਹਿਣਾ ਚਾਹੁੰਦੀ ਹੈ ਕਿ ਸਰਕਾਰ ਨੇ ‘ਸਖ਼ਤ’ ਕਾਰਵਾਈ ਕਰ ਦਿਤੀ ਹੈ । ਕੀ ਇਹ ਹੀ ਸਖ਼ਤ ਕਾਰਵਾਈ ਹੁੰਦੀ ਹੈ ?

ਕੀ ਕਿਸੇ ਅਫ਼ਸਰ ਦੀ ਬਦਲੀ ਨਾਲ਼ ਇਹੋ ਜਿਹੀਆਂ ਘਟਨਾਵਾਂ ਰੁਕ ਜਾਂਦੀਆਂ ਹਨ ? ਬਲਕਿ ਬਦਲੀ ਮਗਰੋਂ ਉਹ ਅਫ਼ਸਰ ਜਾਂ ਮੁਲਾਜ਼ਮ ਇਹ ਸਮਝ ਲੈਂਦੇ ਹਨ ਕਿ ਇਸ ਤੋਂ ਵੱਧ ਹੋਰ ਕੁਝ ਨਹੀਂ ਹੋਣਾ । ਦਰਅਸਲ ਗੱਲ ਇਹ ਹੈ ਕਿ ਪੁਲਿਸ ਵਿੱਚ ਕਾਰਜਸ਼ੀਲਤਾ ਦੀ ਘਾਟ ਹੈ । ਇਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਦੀ ਕੈਦੀਆਂ ਨੂੰ ਨਸ਼ੇ ਸਪਲਾਈ ਕਰਨ ਲਈ ਕੀਤੀ ਗ੍ਰਿਫ਼ਤਾਰੀ ਹੈ । ਇਸ ਤੋਂ ਪਹਿਲਾਂ ਵੀ ਕਈ ਜੇਲ੍ਹਾਂ ‘ਚੋਂ ਮੁਬਾਇਲ ਫ਼ੋਨ ਤੇ ਨਸ਼ੇ ਵੀ ਫੜੇ ਗਏ ਹਨ । ਇਸ ਦੇ ਨਾਲ਼ ਹੀ ਮੂਸੇਵਾਲ਼ ਦੇ ਕਤਲ ‘ਚ ਪੁਲਿਸ ਹਿਰਾਸਤ ‘ਚੋਂ ਭੱਜੇ ਦੀਪਕ ਟੀਨੂੰ ਨੂੰ ਭਜਾਉਣ ‘ਚ ਵੀ ਮਾਨਸਾ ਦੇ ਥਾਣਾ ਇੰਚਾਰਜ ਪ੍ਰਿਤਪਾਲ ਸਿੰਘ ਦਾ ਹੱਥ ਸਾਹਮਣੇ ਆਇਆ ਹੈ । ਨਸ਼ਿਆਂ ਦਾ ਧੰਦਾ ਪੁਲਿਸ ਦੇ ਹੁੰਦਿਆਂ ਸੁੰਦਿਆਂ ਵੀ ‘ਵਧ ਫ਼ੁਲ’ ਰਿਹਾ ਹੈ । ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਤਿੰਨ ਹੋਰ ਦੋਸ਼ੀਆਂ ਨਾਲ਼ ਜਨਵਰੀ 2004 ‘ਚ ਬੂੜੈਲ ਜੇਲ੍ਹ ਚੰਡੀਗੜ੍ਹ ‘ਚੋ ਸੁਰੰਗ ਪੱਟਕੇ ਫ਼ਰਾਰ ਹੋ ਗਏ ਸਨ ।

ਹੁਣ ਲੋਕ ਮਾਨ ਸਰਕਾਰ ਤੋਂ ਰਿਜ਼ਲਟ ਚਾਹੁਣਗੇ ਕਿਉਂਕਿ ਇਸ ਮਹੀਨੇ ਦੀ 16 ਤਾਰੀਖ ਨੂੰ ਭਗਵੰਤ ਮਾਨ ਦੀ ਅਗਵਾਈ ‘ਚ ਬਣੀ ਪੰਜਾਬ ਸਰਕਾਰ ਨੂੰ ਅੱਠ ਮਹੀਨੇ ਹੋ ਜਾਣਗੇ । ਹੁਣ ਸਾਰਕਾਰ ਦਾ ਕੋਵੀ ਵੀ ਤਰਕ ਲੋਕਾਂ ਦੇ ਗਲ਼ੇ ਹੇਠ ਨਹੀਂ ਉਤਰੇਗਾ । ਪਹਿਲਾਂ ਵੀ ਪੰਜਾਬ ‘ਚ ਇਸ ਤਰ੍ਹਾਂ ਦੇ ਵਆਦੇ ਕਰਕੇ ਲੋਕਾਂ ਨੂੰ ਲੀਡਰ ਟਰਕਾਉਂਦੇ ਰਹੇ । ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਹ ਖਾਕੇ ਲੋਕਾਂ ਨਾਲ ਮਜ਼ਾਕ ਕੀਤਾ ਫਿਰ ਚਰਨਜੀਤ ਚੰਨੀ ਨੇ ਛੇ ਮਹੀਨੇ ਟੂਰ ਤੇ ਟੂਰ ਕੱਢਕੇ ਗੁਜ਼ਾਰ ਦਿਤੇ : ਚੰਨੀ ਦੇ ਸਮੇਂ ਸ੍ਰੀ ਦਰਬਾਰ ਸਾਹਿਬ ,ਅੰਮ੍ਰਿਤਸਰ ‘ਚ ਬੇਅਦਬੀ ਦੀ ਘਟਨਾ ਵਾਪਰੀ ਜਿਸ ‘ਤੇ ਚੰਨੀ ਨੇ ਬਿਆਨ ਦਿਤਾ ਸੀ ਕਿ ਸਹੀ ਜਾਂਚ ਕਰਵਾਕੇ ਅਸਲੀ ਦੋਸ਼ੀਆਂ ਨੂੰ ਨੰਗਾ ਕੀਤਾ ਜਾਵੇਗਾ ਪਰ ਹਾਲੇ ਤੱਕ ਕੁਝ ਨਹੀਂ ਹੋਇਆ । ਸਾਲ 2015 ‘ਚ ਬਰਗਾੜੀ ਬੇਅਦਬੀ ਦੀ ਘਟਨਾ ਹਾਲੇ ਤੱਕ ਕਿਸੇ ਸਿੱਟੇ ‘ਤੇ ਨਹੀਂ ਪਹੁੰਚੀ । ਸਾਲ 1997 ‘ਚ ਅਕਾਲੀ ਦਲ ਨੇ ਸਰਕਾਰ ਬਣਾਉ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਅੱਤਵਾਦ ‘ਤੇ 84 ਦੇ ਸਿਖ ਕਤਲੇਆਮ ਦੀ ਤਹਿ ਤੱਕ ਜਾਣ ਲਈ ਇਕ ਟੁੱਥ ਕਮਿਸ਼ਨ ਬਣਾਇਆ ਜਾਏਗਾ ਪਰ ਸਰਕਾਰ ਬਣਦਿਆਂ ਹੀ ਪਰਕਾਸ਼ ਸਿੰਘ ਬਾਦਲ ਮੁਕੱਰ ਹੀ ਗਏ ।

ਪੰਜਾਬ ਨੂੰ ਨਸ਼ੇ, ਕਿਸਾਨਾਂ ਦੀਆਂ ਖੁਦਕੁਸ਼ੀਆਂ,ਗੈਂਗਸਟਰ-ਖਹਿਬਾਜ਼ੀ,ਲੁੱਟਾਂ-ਖੋਹਾਂ, ਵਿਦੇਸ਼ਾਂ ‘ਚ ਭੇਜਣ ਵਾਲ਼ੇ ਏਜੰਟਾਂ ਵੱਲੋਂ ਧੋਖੇਬਾਜ਼ੀ, ਬੇਰੁਜ਼ਗਾਰੀ ਆਦਿ ਦੇ ਚੁੰਗਲ਼ ‘ਚ ਫ਼ਸਾ ਦਿਤਾ ਗਿਆ ਹੈ । ਜਦੋਂ ਲੋਕਾਂ ਨੂੰ ਕਿਸੇ ਵੀ ਕਾਰਨ ਕਰਕੇ ਨਿੱਜੀ ਜਾਂ ਸਮਾਜਿਕ ਅਸੁਰੱਖਿਆ ਮਹਿਸੂਸ ਹੁੰਦੀ ਹੈ ਤਾਂ ਇਨ੍ਹਾਂ ਸਥਿਤੀਆਂ ‘ਚੋਂ ਨਿਕਲਣ ਲਈ ਜਾਂ ਫਿਰ ਭਵਿਖ ‘ਚ ਬਚਣ ਲਈ ਲੋਕਾਂ ਦੀ ਟੇਕ ਸਿਰਫ਼ ਪੁਲਿਸ ‘ਤੇ ਹੀ ਹੁੰਦੀ ਹੈ ਪਰ ਜਿਸ ਤਰ੍ਹਾਂ ਸੁਰੱਖਿਆ ਗਾਰਡਾਂ ਦੇ ਹੁੰਦਿਆਂ ਹੀ ਸਿਧੂ ਮੂਸੇਵਾਲ, ਸੂਰੀ ਤੇ ਪਰਦੀਪ ਦੇ ਕਤਲ ਹੋ ਗਏ ਹਨ ਤਾਂ ਫਿਰ ਆਮ ਪੰਜਾਬੀ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ ।

ਇਸ ਵਕਤ ਬਦਲੀਆਂ ਕਰਕੇ ਸਿਰਫ਼ ਸਮਾਂ ਤੇ ਸਰਮਾਇਆ ਹੀ ਨਸ਼ਟ ਹੋ ਰਿਹਾ ਹੈ । ਲੋੜ ਇਸ ਗੱਲ ਦੀ ਹੈ ਕਿ ਸਿਸਟਮ ਨੂੰ ਚੁੱਸਤ ਤੇ ਦਰੁਸਤ ਕਰਨ ਲਈ ਰਾਜ ਵਿੱਚ ਤਾਇਨਾਤ ਅਫ਼ਸਰਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ ਤੇ ਦੋਸ਼ੀ ਮੁਲਾਜ਼ਮਾਂ ਨੂੰ ਨਮੂਨੇ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਬਾਕੀ ਮੁਲਾਜ਼ਮ ਵੀ ਸੁਚੇਤ ਹੋ ਜਾਣ । ਇਸ ਵਕਤ ਜਿਥੇ ਮਾਨ ਸਰਕਾਰ ਦਾ ਵੱਡਾ ਇਮਤਿਹਾਨ ਹੈ ਉਥੇ ਨਾਲ਼ ਦੀ ਨਾਲ਼ ਪੰਜਾਬ ਪੁਲਿਸ ਲਈ ਵੀ ਇਕ ਟੈਸਟ ਦੀ ਘੜੀ ਹੈ ਕਿ ਕੀ ਇਹ ਪੰਜਾਬ ਦੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਸਕਣਗੀ ਜਾਂ ਨਹੀਂ ? ਜਿਸ ਪੁਲਿਸ ‘ਤੇ ਭਗਵੰਤ ਮਾਨ ਆਪ ਬਤੌਰ ਕਲਾਕਾਰ ਤੰਨਜ਼ ਕੱਸਦੇ ਰਹੇ ਹਨ ਹੁਣ ਓਹੀ ਪੁਲਿਸ ਉਨ੍ਹਾਂ ਦੇ ਕੰਟਰੋਲ ਵਿੱਚ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button