EDITORIAL

ਲਾਵਾਰਿਸ ਫਿਰਦੀਆਂ ਗਾਂਵਾਂ ਬਨਾਮ ਸਾਡੇ ਨੇਤਾ

ਲਾਵਾਰਿਸ ਪਸ਼ੂਆਂ ਲਈ ਤਕੜੀ ਸਕੀਮ , ਕਿਹੜੀ ਪਾਰਟੀ ਕਰੂਗੀ ਪਹਿਲ ?

ਅਮਰਜੀਤ ਸਿੰਘ ਵੜੈਚ (94178-01988) 

ਲਾਵਾਰਿਸ ਗਾਂਵਾਂ, ਸਾਨ੍ਹ,ਵੱਛੇ,ਕੁੱਤੇ ਆਦਿ ਹਰ ਰੋਜ਼ ਕਈ ਹਾਦਸੇ ਕਰ ਰਹੇ ਹਨ । ਖ਼ਾਸਕਰ ਸੜਕਾਂ ‘ਤੇ ਫਿਰਦੇ ਇਹ ਜਾਨਵਰ ਜਿਥੇ ਮਨੁੱਖਾਂ ਲਈ ਖ਼ਤਰਾ ਬਣੇ ਰਹਿੰਦੇ ਹਨ ਉਥੇ ਇਹ ਜਾਨਵਰ ਖ਼ੁਦ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋ ਜਾਂਦੇ ਹਨ ਤੇ ਫਿਰ ਜ਼ਖ਼ਮਾਂ ਕਾਰਨ ਤੜਫ਼ਦੇ ਤੜਫ਼ਦੇ ਮਰ ਜਾਂਦੇ ਹਨ । ਇਕੱਲੀਆਂ ਭਾਰਤੀ ਰੇਲਵੇ ਲਾਈਨਾਂ ਉਪਰ ਹੀ ਹਰ ਵਰ੍ਹੇ ਤਕਰੀਬਨ 38 ਹਜ਼ਾਰ ਗਾਂਵਾਂ ਮਰ ਜਾਂਦੀਆਂ ਹਨ ਤੇ ਸੜਕਾਂ ‘ਤੇ ਹੋਣ ਵਾਲ਼ੀਆਂ ਗਊਆਂ ਦੀਆਂ ਮੌਤਾਂ ਅਲੱਗ ਹਨ । ਇਸ ਤੋਂ ਇਲਾਵਾ ਗੰਦ ਦੇ ਢੇਰਾਂ ਤੋਂ ਗੰਦ ਤੇ ਪਲਾਸਟਿਕ ਦੇ ਲਿਫ਼ਾਫ਼ੇ ਖਾਕੇ ਮਰਨ ਵਾਲ਼ੀਆਂ ਗਾਵਾਂ
ਦੀ ਕੋਈ ਗਿਣਤੀ ਹੀ ਨਹੀਂ ਹੈ ।

ਕੁੱਤੇ ਵੀ ਮਨੁੱਖਾਂ ਲਈ ਮੌਤ ਦਾ ਕਾਰਨ ਬਣ ਰਹੇ ਹਨ ; ਸਾਡੇ ਦੇਸ਼ ਵਿੱਚ ਹਰ ਵਰ੍ਹੇ ਡੇਢ ਕਰੋੜ ਤੋਂ ਵੱਧ ਲੋਕਾਂ ਨੂੰ ਆਵਾਰਾ ਤੇ ਪਾਲਤੂ ਕੁੱਤੇ ਵੱਢ ਲੈਂਦੇ ਹਨ ਤੇ ਇਨ੍ਹਾਂ ‘ਚੋਂ 18 ਤੋਂ 20 ਹਜ਼ਾਰ ਲੋਕਾਂ ਨੂੰ ਹਲ਼ਕਾ ਹੋ ਜਾਂਦਾ ਹੈ । ਬਹੁਤ ਸਾਰੇ ਕੁੱਤਿਆਂ ਦੇ ਵੱਡਣ ਦੇ ਕੇਸ ਰਿਪੋਰਟ ਹੀ ਨਹੀਂ ਹੁੰਦੇ ਕਿਉਂਕਿ ਲੋਕ ਮਿਰਚਾਂ ਲਾਕੇ ਜਾਂ ਸਾਬਣ/ਸੋਡੇ ਨਾਲ਼ ਧੋਕੇ ਹੀ ਸਾਰ ਲੈਂਦੇ ਹਨ । ਇੰਜ ਹੋਈਆਂ ਮੌਤਾਂ ਰਿਕਾਰਡ ‘ਚ ਹੀ ਨਹੀਂ ਆਉਂਦੀਆਂ ਕਿਉਂਕਿ ਕਈ ਵਾਰ ਹਲ਼ਕਾ ਦੇਰ ਬਾਅਦ ਹੁੰਦਾ ਹੈ । ਇਹੋ ਜਿਹੇ ਬਹੁਤੇ ਕੇਸ ਪਿੰਡਾਂ ‘ਚ ਜ਼ਿਆਦਾ ਹੁੰਦੇ ਹਨ ।

ਆਵਾਰਾ ਫਿਰਦੇ ਡੰਗਰਾਂ ਖਾਸ ਕਰ ਗਾਵਾਂ ‘ਤੇ ਸਾਨ੍ਹਾਂ ਵੱਲੋਂ ਲੋਕਾਂ ਨੂੰ ਮਾਰਨ ਦੀਆਂ ਤੇ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਦੁਰ-ਘਟਨਾਵਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ । ਆਵਾਰਾ ਕੁੱਤੇ ਬੱਚੇ ਨੂੰ ਹੀ ਚੁੱਕ ਕੇ ਲੈ ਗਏ ਤੇ ਫਿਰ ਪਤਾ ਲੱਗਣ ਤੋਂ ਪਹਿਲਾਂ ਹੀ ਬੱਚਾ ਮਰ ਗਿਆ । ਜਲੰਧਰ ‘ਚ ਪਾਲਤੂ ਪਿਟਬੁੱਲ ਨੇ ਸਕੀਆਂ ਭੈਣਾਂ ਨੂੰ ਜ਼ਖਮੀ ਕਰ ਦਿਤਾ ਤੇ ਹਾਲ ਹੀ ਵਿੱਚ ਮੋਹਾਲੀ ਨੇੜੇ ਇਕ ਹੋਰ ਪਿਟਬੁੱਲ ਨੇ ਆਪਣੇ ਮਾਲਕ ਪੁਲਿਸ ਵਾਲ਼ੇ ਨੂੰ ਹੀ ਬੁਰੀ ਤਰ੍ਹਾਂ ਜ਼ਖਮੀ ਕਰ ਦਿਤਾ । ਇਕੱਲੇ ਜਾਂਦੇ ਬਜ਼ੁਰਗਾਂ ,ਬੱਚਿਆਂ ਤੇ ਔਰਤਾਂ 'ਤੇ ਗਾਂਵਾਂ/ਸਾਨ੍ਹਾਂ ਵੱਲੋ ਹਮਲੇ ਕਰਨ ਦੀਆਂ ਘਟਨਾਵਾਂ ਦੀਆਂ ਅਕਸਰ ਵੀਡੀਓਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ।

ਪੰਜਾਬ ‘ਚ ਵੀ ਇਹ ਸਮੱਸਿਆ ਬੜੀ ਗੰਭੀਰ ਹੋ ਚੁੱਕੀ ਹੈ ਪਰ ਸਰਕਾਰਾਂ ਇਸ ਪਾਸੇ ਖ਼ਾਮੋਸ ਹਨ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ ਵਾਪਰ ਰਹੀਆਂ ਹਨ ; ਪੰਜਾਬ ਸਰਕਾਰ ਲੋਕਾਂ ਤੋਂ ਮਈ 2016 ਤੋਂ ਗਊ ਸੈੱਸ (ਟੈਕਸ) ਲੈਂਦੀ ਆ ਰਹੀ ਹੈ ਪਰ ਉਸ ਦੀ ਵਰਤੋਂ ਕਿਥੇ ਹੁੰਦੀ ਹੈ ਕੁਝ ਪਤਾ ਨਹੀਂ । ਪੰਜਾਬ ਸਰਕਾਰ 15 ਕਰੋੜ ਰੁ: ਮਹੀਨੇ ਦੇ ਹਿਸਾਬ ਨਾਲ਼ ਹਰ ਸਾਲ ਤਕਰੀਬਨ 180 ਕਰੋੜ ਗਊ ਸੈਸ ਤੋਂ ਇਕੱਠਾ ਕਰਦੀ ਹੈ ਪਰ ਗਊਆਂ ਫਿਰ ਲਾਵਾਰਿਸ ਫਿਰ ਰਹੀਆਂ ਹਨ ਤੇ ਹਾਦਸਿਆਂ ਦਾ ਕਰਨ ਬਣ ਰਹੀਆਂ ਹਨ । ਬਾਦਲ ਤੇ ਕੈਪਟਨ ਸਰਕਾਰਾਂ ‘ਤੇ ਇਹ ਸੈੱਸ ਹੋਰ ਕੰਮਾਂ ਲਈ ਵਰਤਣ ਦੇ ਵੀ ਦੋਸ਼ ਲਗਦੇ ਰਹੇ ਹਨ ।

ਗਊ ਨੂੰ ਅਸੀਂ ਮਾਤਾ ਦੇ ਰੂਪ ‘ਚ ਪੂਜਦੇ ਹਾਂ ਕਿਉਂਕਿ ਕਿਸੇ ਸਮੇਂ ਇਨ੍ਹਾਂ ਦੇ ਵੱਛੇ ਜਵਾਨ ਹੋਕੇ ਸਾਡੇ ਖੇਤੀ ‘ਚ ਕੰਮ ਆਂਉਂਦੇ ਸੀ ਤੇ ਮਨੁੱਖਾਂ ਲਈ ਆਨਾਜ ਪੈਦਾ ਕਰਨ ਤੇ ਸਮਾਨ ਢੋਅ-ਢੁਆਈ ਦੇ ਕੰਮ ਆਂਉਂਦੇ ਸੀ। ਅਸੀ ਕਿਨੇ ਖ਼ੁਦਗ਼ਰਜ਼ ਹੋ ਗਏ ਹਾਂ ਜਦੋਂ ਲੋੜ ਸੀ ਉਦੋਂ ਗਾਂ ਨੂੰ ਮਾਂ ਵੀ ਕਹਿ ਲਿਆ ਤੇ ਹੁਣ ਉਹ ਗਾਂ ਲਾਵਾਰਿਸ ਛੱਡ ਦਿਤੀ ਹੈ । ਗਾਵਾਂ ਦਾ ਮੀਟ ਖਾਣ ਵਾਲ਼ਿਆਂ ਦੀ ਗਿਣਤੀ ਉਂਜ ਭਾਵੇਂ ਘਟੀ ਹੈ ਪਰ ਹਾਲੇ ਵੀ ਸਾਡੇ ਦੇਸ਼ ‘ਚ ਅੱਠ ਕਰੋੜ ਲੋਕ ਗਊ ਦਾ ਮੀਟ ਖਾ ਰਹੇ ਹਨ । ਦੂਜੇ ਬੰਨੇ ਗਊ ਰਖਿਅਕ ਗਊਆਂ ਨੂੰ ਮਾਰਨ ਵਾਲ਼ਿਆਂ ਵਿਰੁਧ ਲਗਾਤਾਰ ਕਾਰਵਾਈਆਂ ਕਰ ਰਹੇ ਹਨ। ਕਈ ਥਾਂਈ ਭੀੜ ਵੱਲੋਂ ਗਊਆਂ ਲੈਕੇ ਜਾ ਰਹੇ ਵਪਾਰੀਆਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਖ਼ਬਰਾਂ ਅਸੀਂ ਸੁਣ ਚੁੱਕੇ ਹਾਂ। ਪਿਛਲੇ 10 ਸਾਲਾਂ ਦੌਰਾਨ 44 ਲੋਕਾਂ ਨੂੰ ਇਸ ਸ਼ੱਕ ‘ਚ ਕਤਲ ਕਰ ਦਿਤਾ ਗਿਆ ਕਿਉਂਕਿ ਉਹ ਗਊਆਂ ਲੈਕੇ ਜਾ ਰਹੇ ਸਨ। ਇਨ੍ਹਾਂ ਮਰਨ ਵਾਲ਼ਿਆਂ ‘ਚ ਇਕੋ ਹੀ ਫਿਰਕੇ ਦੇ ਲੋਕ ਸਨ । ਇਸ ਮੁੱਦੇ ‘ਤੇ ਕਈ ਵਾਰ ਫ਼ਿਰਕੂ ਹਿੰਸਾ ਵੀ ਹੋ ਚੁੱਕੀ ਹੈ । ਸਾਡੇ ਨੇਤਾ ਚੋਣਾਂ ਦੌਰਾਨ ਗਊਆਂ ਦਾ ਮਸਲਾ ਉਠਾਕੇ ਵੋਟਾਂ ਬਟੋਰਨ ਆ ਜਾਂਦੇ ਹਨ ਪਰ ਚੋਣਾਂ ਮਗਰੋਂ ਫਿਰ ਦੜ ਵੱਟ ਜਾਂਦੇ ਹਨ ।

ਇਨ੍ਹਾਂ ਰੋਜ਼ ਦੇ ਹਾਦਸਿਆਂ ਤੋਂ ਬਚਣ ਲਈ ਕਿਉਂ ਨਹੀ ਲਾਵਾਰਿਸ ਗਊਆਂ,ਸਾਨ੍ਹਾਂ,ਕੁੱਤਿਆਂ ਨੂੰ ਅਸੀਂ ਸਰਕਾਰੀ ਬੀੜਾਂ ‘ਚ ਭੇਜ ਕੇ ਸੁਰੱਖਿਅਤ ਹੋ ਜਾਂਦੇ । ਇਨ੍ਹਾਂ ਬੀੜਾਂ ‘ਚ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕਰ ਦਿਤੇ ਜਾਣ ਜਿਥੇ ਲੋਕ ਪੱਠੇ,ਪੈਸੇ,ਦਵਾਈਆਂ ਆਦਿ ਦਾਨ ਕਰ ਦਿਆ ਕਰਨ । ਇੰਜ ਇਨ੍ਹਾਂ ਜਾਨਵਰਾਂ ਨੂੰ ਸੁਰੱਖਿਆ ਵੀ ਕੁਦਰਤੀ ਮਾਹੌਲ ਤੇ ਸੁਰੱਖਿਆ ਮਿਲ਼ ਜਾਵੇਗੀ ‘ਤੇ ਲੋਕ ਵੀ ਸੁਰੱਖਿਅਤ ਹੋ ਜਾਣਗੇ । ਆਵਾਰਾ ਡੰਗਰਾਂ ਨੂੰ ਜੇਕਰ ਬੀੜਾਂ ‘ਚ ਇਕੱਠਾ ਕਰ ਲਿਆ ਜਾਵੇ ਤਾਂ ਉਨ੍ਹਾਂ ਦੇ ਗੋਬਰ ਤੋਂ ਇਕ ਵੱਡਾ ਗੋਬਰ-ਗੈਸ ਪਲਾਂਟ ਲਾਕੇ ਬਿਜਲੀ ਬਣਾਈ ਜਾ ਸਕਦ‌ੀ ਹੈ ਤੇ ਲੋਕਾਂ ਨੂੰ ਰਸੋਈ ਗੈਸ ਵੀ ਦਿਤੀ ਜਾ ਸਕਦੀ । ਬਚੇ ਹੋਏ ਗੋਬਰ ਨੂੰ ਵਧੀਆ ਖਾਦ ਦੇ ਤੌਰ ਤੇ ਵੇਚਿਆ ਵੀ ਜਾ ਸਕਦਾ ਹੈ ।
ਇਸਤੇ ਕਮੇਟੀ ਬਣਾਕੇ ਇਸ ਵਿਚਾਰ ਦੇ ਹੋਰ ਪਾਸਾਰ ਵੀ ਲੱਭੇ ਜਾ ਸਕਦੇ ਹਨ ।

ਜਿਵੇਂ ਇਸ ਧਰਤੀ ‘ਤੇ ਮਨੁੱਖ ਨੂੰ ਜੀਣ ਦਾ ਹੱਕ ਹੈ ਉਸੇ ਤਰ੍ਹਾਂ ਬਾਕੀ ਜਾਨਵਰਾਂ ਦਾ ਵੀ ਹੱਕ ਹੈ । ਭਾਵੇਂ ਬਹੁਤ ਸਾਰੇ ਗਰੁੱਪ ਤੇ ਐੱਨਜੀਓਜ਼ ਜਾਨਵਰਾਂ ਦੀ ਰਾਖੀ ਲਈ ਸਾਡੇ ਮੁਲਕ ਤੇ ਕੌਮਾਂਤਰੀ ਪੱਧਰ ‘ਤੇ ਕੰਮ ਕਰ ਰਹੇ ਹਨ ਪਰ ਜਿਨ੍ਹਾਂ ਚਿਰ ਸਰਕਾਰਾਂ ਕੋਈ ਪੱਕੀ ਨੀਤੀ ਬਣਾਕੇ ਕੰਮ ਨਹੀਂ ਕਰਦੀਆਂ ਓਨਾ ਚਿਰ ਰੋਜ਼ ਹੀ ਲੋਕ ਤੇ ਜਾਨਵਰ ਇੰਜ ਹੀ ਇਕ ਦੂਜੇ ਲਈ ਮੌਤ ਤੇ ਹਾਦਸਿਆਂ ਦਾ ਕਾਰਨ ਬਣਦੇ ਰਹਿਣਗੇ । ਅਸੀਂ ਪਹਿਲਾਂ ਹੀ ਬਹੁਤ ਸਮਾਂ ਵਿਹਾ ਚੁੱਕੇ ਹਾਂ ਹੁਣ ਕੁਝ ਫ਼ੌਰੀ ਕਰਨ ਦੀ ਲੋੜ ਹੈ । ਵੇਖਦੇ ਹਾਂ ਕਿ ਕਿਹੜੀ ਪਾਰਟੀ ਇਹ ਮੁੱਦਾ ਅਗਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਤੇ ਲੋਕਸਭਾ ‘ਚ ਚੁੱਕਦ‌ੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button