EDITORIAL

ਮਜ਼ਦੂਰ : ਵਿਕਾਸ ਦਾ ਧੁਰਾ, ਸੰਗਰੂਰ ਬਰਾਸਤਾ ਸਿੰਘੂ

ਪੁਲਿਸ ਤੇ ਲੋਕਾਂ ਦਾ ਟਕਰਾ ਚੰਗਾ ਨਹੀਂ

ਅਮਰਜੀਤ ਸਿੰਘ ਵੜੈਚ (94178-01988) 

ਕੱਲ੍ਹ ਸੰਗਰੂਰ ਵਿੱਚ ਮਜ਼ਦੂਰਾਂ ‘ਤੇ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਦੀ ਘਟਨਾ ਨੇ  ਉਦਾਸ ਕੀਤਾ ਹੈ ਜਿਸ ‘ਤੇ ਸਰਕਾਰ ਦੀ ਜਵਾਬਦੇਹੀ ਬਣਦੀ ਹੈ ।  ਰਿਪੋਟਾਂ ਅਨੁਸਾਰ ਆਪਣੀਆਂ ਮੰਗਾਂ ਦੇ ਹੱਕ ‘ਚ  ਰੈਲੀ ਕਰ ਰਹੀਆਂ ਮਜ਼ਦੂਰ ਜੱਥੇਬੰਦੀਆਂ ਜਦੋਂ ਭਗਵੰਤ ਮਾਨ , ਮੁੱਖ-ਮੰਤਰੀ,ਪੰਜਾਬ ਦੀ ਨਿੱਜੀ ਰਿਹਾਇਸ਼ ਵੱਲ ਵਧਣ ਲੱਗੀਆਂ ਤਾਂ ਪੰਜਾਬ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿਤਾ । ਇਸ ਲਾਠੀ ਚਾਰਜ  ਵਿੱਚ ਕਈ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ‘ਚ ਅੋਰਤਾਂ ਤੇ ਬਜ਼ੁਰਗ ਵੀ ਸ਼ਾਮਿਲ ਸਨ ਨੂੰ ਸੱਟਾਂ  ਲੱਗੀਆਂ ਹਨ । ਇਸ ਲਾਠੀ ਚਾਰਜ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉਪਰ ਭੱਜੀਆਂ ਫਿਰ ਰਹੀਆਂ ਹਨ । ਇਸ ਘਟਨਾਂ ਮਗਰੋਂ ਸੱਭ ਤੋਂ ਹੈਰਾਨੀ ਤੇ ਅਫ਼ਸੋਸ ਵਾਲ਼ੀ ਗੱਲ ਇਹ ਹੈ ਕਿ ਸੰਗਰੂਰ ਦੇ ਪੁਲਿਸ ਮੁੱਖੀ ਸੁਰਿੰਦਰ ਲਾਂਬਾ ਨੇ  ਕਿਸੇ ਵੀ ਤਰ੍ਹਾਂ ਦੇ ਲਾਠੀ ਚਾਰਜ ਤੋਂ ਸਿਰਫ਼ ਇਨਕਾਰ ਹੀ ਨਹੀਂ ਕੀਤਾ ਬਲਕਿ ਇਹ ਵੀ ਦਾਅਵਾ ਕੀਤਾ ਕਿ ਸੱਭ ਕੁਝ ਸ਼ਾਂਤੀ ਪੂਰਬਕ ਰਿਹਾ ।

ਇਥੇ ਯਾਦ ਕਰਾਉਣਾ ਬਣਦਾ ਹੈ ਕਿ ਇਸੇ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਭਗਵੰਤ ਮਾਨ ਤੇ ਪੰਜਾਬੀ ਫਿਲਮ ਉਦਯੋਗ ਦੇ ਕਲਾਕਾਰ ਕਰਮਜੀਤ ਅਮਨ ਨੇ ਧੂਰੀ ਦੇ ਇਕ ਰੋਡ-ਸ਼ੋ ‘ਚ ਰਲ਼ਕੇ  ਪੰਜਾਬੀ ਕਵੀ ਸੰਤ ਰਾਮ ਉਦਾਸੀ ਦਾ  ਗੀਤ ‘ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ , ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ ..’ ਗਾਇਆ ਸੀ  । ਭਗਵੰਤ  ਹਮੇਸ਼ਾ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨ ਦਾ ਦਮ ਭਰਨ ਦਾ ਦਾਅਵਾ ਕਰਦੇ ਰਹੇ ਹਨ ਪਰ ਜੋ ਕੁਝ ਕੱਲ੍ਹ ਸੰਗਰੂਰ ਵਿੱਚ ਹੋਇਆ ਉਸ ਬਾਰੇ ਮਾਨ ਸਰਕਾਰ ‘ਚੁੱਪ’ ਨਾਲ਼ ਨਹੀਂ ਸਾਰ ਸਕੇਗੀ । ਇਸ ਤੋਂ ਪਹਿਲਾਂ ਵੀ ਸੰਗਰੂਰ ਤੇ ਬਰਨਾਲ਼ਾ ਵਿੱਚ ਕਈ ਵਾਰ ਰੋਸ ਕਰ ਰਹੇ ਲੋਕਾਂ ਤੇ ਪੁਲਿਸ ਨੇ ਇਸੇ ਤਰ੍ਹਾਂ ਲਾਠੀ ਚਾਰਜ ਕੀਤਾ ਸੀ । ਉਸ ਸਮੇਂ ਵੀ ਸਰਕਾਰ ਮੂੰਹ ‘ਚ ਘੂੰਗਣੀਆਂ ਪਾਕੇ ਹੀ ਸਾਰ ਗਈ ਸੀ । ਕੈਪਟਨ ਤੇ ਬਾਦਲ ਦੀਆਂ ਸਰਕਾਰਾਂ ਸਮੇਂ ਵੀ ਇੰਜ ਹੀ ਹੁੰਦਾ ਰਿਹਾ ਹੈ ।

ਇਸ ਘਟਨਾ ਦੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਨਿੰਦਿਆ ਵੀ ਕੀਤੀ ਹੈ ਤੇ ਇਸ ਦੀ ਹਮਾਇਤ ਕਰਨ ਦਾ ਵੀ ਐਲਾਨ ਕਰ ਦਿਤਾ ਹੈ ।  ਇਨ੍ਹਾਂ ਮਜ਼ਦੂਰ ਜੱਥੇਬੰਦੀਆਂ ਨੇ ਵੀ ਕਿਸਾਨ ਅੰਦੋਲਨ ਦੌਰਾਨ  ਕਿਸਾਨਾਂ ਦਾ  ਪੂਰਾ ਸਾਥ ਦਿਤਾ ਸੀ । ਕਿਸਾਨ ਤੇ ਮਜ਼ਦੂਰ ਦਾ ਨੌਹ-ਮਾਸ ਵਾਲ਼ਾ ਰਿਸ਼ਤਾ ਹੈ । ਇਨ੍ਹਾਂ ਮਜ਼ਦੂਰ ਜੱਥੇਬੰਦੀਆਂ ‘ਚ ਬਹੁਤੇ ਮਜ਼ਦੂਰ ਪਿੰਡਾਂ ਦੇ ਹੀ ਹਨ ਤੇ ਉਹ ਖੇਤਾਂ ‘ਚ ਮਜ਼ਦੁਰੀ ਕਰਨ ਵਾਲ਼ੇ ਹਨ । ਉਨ੍ਹਾਂ ਦੀਆਂ ਮੰਗਾਂ ‘ਚ  ਮਨਰੇਗਾ ਲਈ ਰੋਜ਼ਾਨਾ ਦੀ ਦਿਹਾੜੀ ਨੂੰ 700 ਰੁ: ਕਰਨਾ , ਮਜ਼ਦੂਰਾਂ ਨੂੰ   ਪੰਜ-ਪੰਜ ਮਰਲੇ ਦੇ ਪਲਾਟ ਦੇਣਾ, ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ‘ਚ ਦਲਿਤ ਪਰਿਵਾਰਾਂ ਲਈ ਰਾਖਵਾਂ ਹਿੱਸਾ ਰੱਖਣਾ, ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ‘ਚ ਮਜ਼ਦੂਰਾਂ/ਬੇਜ਼ਮੀਨਿਆਂ ਨੂੰ ਵੀ ਮੈਂਬਰ ਬਣਾਉਣਾ ਆਦਿ ਸ਼ਾਮਿਲ ਹਨ ।

ਕੱਲ੍ਹ ਦੀ ਘਟਨਾ ਨੇ ਪਿਛਲੇ ਵਰ੍ਹੇ ਸਮਾਪਤ ਹੋਏ ਕਿਸਾਨ ਅੰਦੋਲਨ ਦੀਆਂ ਘਟਨਾਵਾਂ ਨੂੰ ਯਾਦ ਕਰਵਾ ਦਿਤਾ : ਜਦੋਂ ਕਿਸਾਨ ਪੰਜਾਬ ਤੋਂ ਦਿੱਲੀ ਵੱਲ ਗਏ ਸਨ ਤਾਂ ਹਰਿਆਣਾ ਪੁਲਿਸ ਨੇ ਬਹੁਤ ਤਸ਼ੱਦਦ ਕਿਸਾਨਾਂ ‘ਤੇ ਕੀਤਾ ਸੀ । ਇਸ ਮਗਰੋਂ ਸਿੰਘੂ ਬਾਰਡਰ ‘ਤੇ ਕਈ ਵਾਰ  ਦਿੱਲੀ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਸੀ ।  ਕਿਸਾਨਾਂ ਵੱਲੋਂ 26ਜਨਵਰੀ 2021 ਨੂੰ  ਦਿੱਲੀ ‘ਚ ਕੀਤੇ ਟ੍ਰੈਕਟਰ ਮਾਰਚ ਨੂੰ  ਦਿੱਲੀ ਪੁਲਿਸ ਵੱਲੋਂ ਹੀ ਗੁਮਰਾਹ ਕਰਕੇ ਫਿਰ ਕਿਸਾਨਾਂ ‘ਤੇ ਹਮਲਾ ਕਰਨ ਦੀਆਂ ਘਟਨਾਵਾਂ ਵੀ ਲੋਕਾਂ ਦੀ ਮਾਨਸਿਕਤਾ ‘ਚ ਹਾਲੇ ਤਾਜ਼ਾ ਹਨ  ।

ਦੇਸ਼ ਵਿੱਚ ਕੋਈ ਵੀ ਵਿਕਾਸ ਦਾ ਕੰਮ ਮਜ਼ਦੂਰਾਂ ਤੋਂ ਬਿਨਾ ਸੰਭਵ ਨਹੀਂ ਹੈ । ਮਨੁੱਖ ਨੂੰ ਜ਼ਿੰਦਾ ਰਹਿਣ ਲਈ ਖੁਰਾਕ ਦੀ ਲੋੜ ਹਮੇਸ਼ਾ ਹੀ ਰਹਿਣ‌ੀ ਹੈ ਤੇ ਖੇਤੀ ਬਿਨਾ ਮਜ਼ਦੂਰਾਂ ਦੇ ਹੋ ਨਹੀਂ ਸਕਦੀ । ਭਾਵੇਂ ਜਿਨਾ ਮਰਜ਼ੀ ਮਸ਼ੀਨੀਕਰਨ ਹੋ ਜਾਵੇ ਤਾਂ ਵੀ ਮਜ਼ਦੂਰਾਂ ਦੀ ਲੋੜ ਪੈਣੀ ਹੀ ਪੈਣੀ ਹੈ । ਸਰਦੇ ਪੁਜਦੇ ਘਰਾਂ ‘ਚ ਗਰੀਬ ਔਰਤਾਂ ਘਰੇਲੂ ਕੰਮ ਕਰ ਰਹੀਆਂ ਹਨ । ਕੀ ਇਨ੍ਹਾਂ ਕੰਮ ਕਰਨ ਵਾਲ਼ੀਆਂ ਔਰਤਾਂ ਬਗੈਰ ਇਹ  ਸਰਦੇ ਪੁਜਦੇ ਲੋਕ ਸਾਰ ਸਕਦੇ ਹਨ ?

ਭਾਵੇਂ ਕਿ ਮਜ਼ਦੂਰ ਜੱਥੇਬੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ਼ 21 ਦਿਸੰਬਰ ਨੂੰ ਮ‌ੀਟਿੰਗ ਨਿਰਧਾਰਿਤ ਕਰਵਾਉਣ ਦੇ ਭਰੋਸੇ ਮਗਰੋਂ ਅੰਦੋਲਨ ਸਮਾਪਤ ਕਰਨ ਲਈ ਮੰਨ ਗਈਆਂ ਹਨ ਪਰ ਇਸ ਦਾ ਕਦਾਚਿਤ ਮਤਲਬ ਨਹੀਂ ਹੋਣਾ ਚਾਹੀਦਾ ਕਿ ਲਾਠੀਚਾਰਜ ਵਾਲ਼ੀ ਘਟਨਾ ਵੀ ਮਾਫ਼ ਹੋ ਗਈ ਹੈ । ਇਸ ਦੀ ਜਾਂਚ ਹੋਣੀ ਚਾਹੀਦ‌ੀ ਹੈ ਤੇ ਦੋਸ਼ੀ ਪੁਲਿਸ ਵਾਲ਼ਿਆਂ ਜਾਂ ਪ੍ਰਦਰਸ਼ਨਕਾਰੀਆਂ ਨੂੰ ਕਟਿਹਰੇ ‘ਚ ਖੜਾ ਕਰਨਾ ਚਾਹੀਦਾ ਹੈ । ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨਾ ਭਾਰਤੀ ਸੰਵਿਧਾਨ ‘ਚ  ਜਮਹੂਰੀ ਹੱਕ ਹੈ ਪਰ ਇਸ ਪ੍ਰਦਰਸ਼ਨ ਦੇ ਨਾਂ ਹੇਠ ਕਾਨੂੰਨ ਵਿਵੱਸਥਾ ਭੰਗ ਨਹੀਂ ਕੀਤੀ ਜਾ ਸਕਦੀ । ਦੂਜੇ ਬੰਨੇ ਪੁਲਿਸ ਦਾ ਕੰਮ ਕਾਨੂੰਨ ਵਿਵਸਥਾ ਬਣਾਕੇ ਰੱਖਣਾ ਹੈ ਪਰ ਇਸਦਾ ਇਹ ਵੀ ਮਤਲਬ ਨਹੀਂ ਕਿ ਇਸ ਦੀ ਆੜ ਹੇਠ ਲੋਕਾਂ ਨੂੰ ਛੱਲੀਆਂ ਵਾਂਗ ਹੀ ਕੁੱਟ ਦਿਤਾ ਜਾਵੇ ।

ਭਵਿਖ ‘ਚ ਇਸ ਤਰ੍ਹਾਂ ਦਾ ਕੁਝ ਨਾ ਵਾਪਰੇ ਇਸ ਲਈ ਸਰਕਾਰ ਨੂੰ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ । ਲੋਕਾਂ ਤੇ ਪੁਲਿਸ ਵਿੱਚ  ਵਾਰ-ਵਾਰ ਟਕਰਾ ਚੰਗੇ ਪ੍ਰਸ਼ਾਸਨ ਦੀ ਨਿਸ਼ਾਨੀ ਨਹੀਂ ਕਹੀ ਜਾ ਸਕਦੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button