EDITORIAL

ਭਾਜਪਾ ਦੇ ਸਿਆਸੀ ਸ਼ਰੀਕ ਫਿਰ ਹੋਣਗੇ ਇਕੱਠੇ

ਪਹਿਲਾਂ ਸਾਂਝੀਆਂ ਸਰਕਾਰਾਂ ਹੋਈਆਂ ਫ਼ੇਲ

ਅਮਰਜੀਤ ਸਿੰਘ ਵੜੈਚ (9417801988)

ਪਿਛਲੇ ਐਤਵਾਰ 25 ਸਤੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ‘ਮਨ ਕੀ ਬਾਤ’ ਆਕਾਸ਼ਵਾਣੀ ਤੋਂ ਸੁਣਾ ਰਹੇ ਸਨ ਤਾਂ ਉਸੇ ਵਕਤ ਹਰਿਆਣੇ ਦੇ ਫਤਿਹਾਬਾਦ ‘ਚ ਸਵਰਗੀ ਉਪ-ਪ੍ਰਧਾਨ ਮੰਤਰੀ ਤਾਊ ਚੌਧਰੀ ਦੇਵੀ ਲਾਲ ਦੀ 109ਵੀਂ ਜਨਮ ਵਰ੍ਹੇ ਗੰਢ ‘ਤੇ ਕਾਂਗਰਸ ਨੂੰ ਛੱਡਕੇ ਸਾਰੀਆਂ ਹੀ ਵਿਰੋਧੀ ਪਾਰਟੀਆਂ 2024 ‘ਚ ਮੋਦੀ ਨੂੰ ਹਰਾਉਣ ਲਈ ‘ਮੁੱਖ ਗੱਠ ਬੰਧਨ’ ਬਣਾਉਣ ਦੀਆਂ ਸਕੀਮਾਂ ਘੜ ਰਹੀਆਂ ਸਨ। ਵੈਸੇ ਇਸੇ ਦਿਨ ਨਿਤਿਸ਼ ਤੇ ਲਾਲੂ ਯਾਦਵ ਕਾਂਗਰਸ ਪ੍ਰਧਾਨ, ਸੋਨੀਆਂ ਗਾਂਧੀ ਨੂੰ ਵੀ ਮਿਲਣ ਗਏ ਸਨ।

ਸਾਰੇ ਹੀ ਲੀਡਰਾਂ ਨੇ ਮੋਦੀ ਸਰਕਾਰ ‘ਤੇ ਤਿਖੇ ਹਮਲੇ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਹੋਰ ਨਿਘਰਿਆ ਹੈ, ਮਹਿੰਗਾਈ ਤੇ ਬੇਰੁਜ਼ਗਾਰੀ ਵਧੀ ਹੈ, ਧਰਮ ਦੇ ਨਾਂ ‘ਤੇ ਤਣਾਓ ਪੈਦਾ ਹੋਏ ਹਨ, ਭਾਜਪਾ ਨੇ ਦੇਸ਼ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ ਤੇ ਚੀਨ ਤੇ ਪਾਕਿਸਤਾਨ ਨਾਲ਼ ਰਿਸ਼ਤੇ ਹੋਰ ਵਿਗੜੇ ਹਨ।

ਇਸ ਇਕੱਠ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਮੁੱਖ ਖਿਚ ਦਾ ਕੇਂਦਰ ਸਨ ਜਿਨ੍ਹਾਂ ਨੇ ਸਾਰੀਆਂ ਹੀ ਪਾਰਟੀਆਂ ਨੂੰ ਇਕੱਠੀਆਂ ਹੋ ਕੇ 2024 ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ 24 ‘ਚ ਇਹ ਗੱਠਬੰਧਨ ਕੋਈ ਤੀਜੀ ਧਿਰ ਨਹੀਂ ਹੋਵੇਗੀ ਬਲਕਿ ਇਹ ਗੱਠਬੰਧਨ ‘ਮੁੱਖ ਗੱਠਬੰਧਨ’ ਦੇ ਰੂਪ ‘ਚ ਚੋਣਾਂ ਲੜਕੇ ਭਾਜਪਾ ਦੀ ਸਰਕਾਰ ਨੂੰ  ਬੁਰੀ ਤਰ੍ਹਾਂ ਹਰਾਏਗਾ। ਨਿਤਿਸ਼ ਕੁਮਾਰ ਨੇ ਕਿਹਾ ਕਿ ਇਸ ਗੱਠਬੰਧਨ ‘ਚ ਹਰ ਵਿਚਾਰਧਾਰਾ ਵਾਲੀ ਪਾਰਟੀ ਸ਼ਾਮਿਲ ਹੋਵੇ ਕਿਉਂਕਿ ਇਕੱਠੇ ਹੋਕੇ ਹੀ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਵਿਰੋਧੀ ਧਿਰਾਂ ਇਹ ਸਮਝ ਗਈਆਂ ਹਨ ਕਿ ਕੋਈ ਇਕ ਪਾਰਟੀ ਭਾਜਪਾ ਦੇ ਬਰਾਬਰ ਨਹੀਂ ਟਿੱਕ ਸਕਦੀ।

ਫ਼ਤਿਹਾਬਾਦ ‘ਚ ਦੇਵੀ ਲਾਲ ਦੇ ਪੁੱਤਰ ਚੌਧਰੀ ਓਮ ਪ੍ਰਕਾਸ਼ ਚੌਟਾਲ ਨੇ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨ ਦਾ ਯਤਨ ਕੀਤਾ ਜਿਸ ‘ਚ ਇੰਡੀਅਨ ਨੈਸ਼ਨਲ ਲੋਕਦਲ, ਸ਼੍ਰੋਮਣੀ ਆਕਾਲੀ ਦਲ, ਰਾਸ਼ਟਰੀ ਜਨਤਾ ਦਲ(ਯੂ), ਰਾਸ਼ਟਰੀ ਜਨਤਾ ਦਲ, ਰਾਸ਼ਟਰੀ ਕਾਂਗਰਸ ਪਾਰਟੀ, ਟੀਐੱਮਸੀ,ਸ਼ਿਵ ਸੈਨਾ ਤੇ ਤਰਿਪੁਰਾ ‘ਚ ਭਾਜਪਾ ਦੀ ਸੱਤ੍ਹਾ ‘ਚ ਸਾਥੀ ਇੰਡੀਜ਼ੀਨਸ ਪੀਪਲਜ਼ ਫਰੰਟ ਆਫ ਤਰਿਪੁਰਾ ਵੀ ਸ਼ਾਮਿਲ ਹੋਇਆ ਸੀ। ਦਰਅਸਲ ਇਹ ਇਕੱਠ ਹਰਿਆਣੇ ‘ਚ ਚੌਟਾਲਾ ਪਰਿਵਾਰ ਦੀ ਖੁਸ ਰਹੀ ਸਿਆਸੀ ਵਿਰਾਸਤ ਨੂੰ ਹੁਲਾਰਾ ਦੇਣ ਦੀ ਇਕ ਲੁਕਵੀਂ ਕੋਸ਼ਿਸ਼ ਸੀ।

ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ‘ਮੁੱਖ ਗਠਬੰਧਨ’ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਨੂੰ ਟੱਕਰ ਦੇ ਸਕੇਗਾ, ਜਿਸ ਦੀਆਂ ਲੋਕਸਭਾ ‘ਚ 543 ‘ਚੋਂ 332 ਸੀਟਾਂ ਹਨ ਤੇ ਇਕੱਲੀ ਭਾਜਪਾ ਕੋਲ ਹੀ 303 ਸੀਟਾਂ ਹਨ। ਭਾਜਪਾ ਲੋਕ ਸਭਾ ਦੀਆਂ 56 ਫ਼ੀਸਦ ਸੀਟਾਂ ਜਿੱਤਕੇ 2019 ‘ਚ ਦੁਬਾਰਾ ਸੱਤ੍ਹਾ ‘ਚ ਆਈ ਸੀ । 543 ਸੀਟਾਂ ‘ਚੋ ਜੇਕਰ 53 ਸੀਟਾਂ ਕਾਂਗਰਸ ਦੀਆਂ ਤੇ 332 ਐੱਨਡੀਏ  ਦੀਆਂ ਮਨਫ਼ੀ ਕਰ ਦਿੱਤੀਆਂ ਜਾਣ ਤਾਂ ਪਿਛੇ 168 ਸੀਟਾਂ ਬਚਦੀਆਂ ਹਨ ਜਿਨ੍ਹਾਂ ਦੀਆਂ ਪਾਰਟੀਆਂ ਐਤਵਾਰ ਨੂੰ ਫ਼ਤਿਹਾਬਾਦ ‘ਚ ਭਾਜਪਾ ਨੂੰ 2024 ‘ਚ ਟੱਕਰ ਦੇਣ ਲਈ ਇਕੱਠੀਆਂ ਹੋਈਆਂ ਸਨ।

ਕੇਂਦਰ ‘ਚ ਸਰਕਾਰ ਬਣਾਉਣ ਲਈ ਸਧਰਾਣ ਬਹੁਮਤ, ਭਾਵ 273 ਸੰਸਦ ਮੈਂਬਰਾਂ ਦੀ ਲੋੜ ਹੁੰਦੀ ਹੈ। ਇਸ ਹਿਸਾਬ ਨਾਲ ਇਸ ਨਵੀਂ ਪਹਿਲ ਵਾਲੇ ਲੀਡਰਾਂ ਨੂੰ 105 ਸੀਟਾਂ ਦੀ ਹੋਰ ਲੋੜ ਪਵੇਗੀ ਜੇਕਰ ਇਹ ਪਾਰਟੀਆਂ ਆਪਣੀਆਂ ਸੀਟਾਂ ਬਰਕਰਾਰ ਰੱਖ ਸਕਣ। ਦੂਜੇ ਪਾਸੇ ਭਾਜਪਾ ਦੋ ਵਾਰ ਸੱਤ੍ਹਾ ‘ਚ ਆ ਚੁੱਕੀ ਹੈ ਤੇ ਉਸ ਕੋਲ ‘ਸਥਿਰਤਾ’ ਵਾਲਾ ਬੜਾ ਤਕੜਾ ਪੱਤਾ ਹੈ ਤੇ ਨਾਲੇ ਭਾਜਪਾ ਇਹ ਵੀ ਵਾਸਤਾ ਪਾ ਸਕਦੀ ਹੈ ਕਿ ‘ਕੋਰੋਨਾ ਕਾਲ’ ‘ਚ ਦੇਸ਼ ਨੂੰ ‘ਸੁਰੱਖਿਅਤ’ ਰੱਖਣ ਦੇ ਇਨਾਮ ਵਜੋਂ ਮੋਦੀ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ। ਇਸ ਨਵੇਂ ਗੱਠਬੰਧਨ ਦੇ ਕਿਸੇ ਰਾਸ਼ਟਰੀ ਰੂਪ ‘ਚ ਆਉਣ ਲਈ ਹਾਲੇ ਸਮਾਂ ਲੱਗੇਗਾ ਜਿਸ ਬਾਰੇ ਹਾਲੇ ਕੁਝ ਕਹਿਣਾ ਔਖਾ ਹੈ : ਇਸ ਦਾ ਲੀਡਰ ਕੌਣ ਹੋਵੇਗਾ ? ਸੱਤ੍ਹਾ ਦੀ ਵੰਡ ਦਾ ਫ਼ਾਰਮੂਲਾ ਕੀ ਹੋਵੇਗਾ ? ਇਹ ਵੀ ਵੱਡੇ ਸਵਾਲ ਹਨ।

ਭਾਰਤੀ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਸਾਂਝੀਆਂ ਸਰਕਾਰਾਂ ਦਾ ਸੁਆਦ ਵੇਖ ਚੁੱਕੇ ਹਨ ਜੋ ਤਿੰਨੇ ਵਾਰ ਕੁਸੈਲ਼ਾ ਹੀ ਰਿਹਾ ਹੈ : ਪਹਿਲਾਂ 1975 ‘ਚ ਇੰਦਰਾ ਗਾਂਧੀ ਵੱਲੋਂ ਦੇਸ਼ ‘ਚ ਐੱਮਰਜੈਂਸੀ ਲਾਉਣ ਮਗਰੋਂ ਮਾਰਚ 1977 ‘ਚ ਜਨਤਾ ਪਾਰਟੀ ਨੇ ਸਰਕਾਰ ਬਣਾਈ ਜੋ ਸਿਰਫ਼ ਤਿੰਨ ਸਾਲ ਹੀ ਚੱਲ ਸਕੀ ਤੇ ਇਨ੍ਹਾਂ ਤਿੰਨ ਸਾਲਾਂ ‘ਚ ਦੋ ਪ੍ਰਧਾਨ ਮੰਤਰੀ  ਬਦਲਣੇ ਪਏ  ਤੇ ਫਿਰ ਮਾਰਚ 1980 ‘ਚ ਮੱਧਕਾਲੀ ਚੋਣਾਂ ‘ਚ ਇੰਦਰਾ ਫਿਰ ਸੱਤ੍ਹਾ ‘ਚ ਆ ਗਈ । ਸਾਲ 1989 ‘ਚ  ਫਿਰ ਨੈਸ਼ਲ਼ਨ ਫ਼ਰੰਟ ਬਣਿਆਂ ਤੇ ਵੀ ਪੀ ਸਿੰਘ ਦੀ ਅਗਵਾਈ ‘ਚ ਸਰਕਾਰ ਬਣੀ ਪਰ ਇਹ ਵੀ ਤਜਰਬਾ ਫੇਲ ਹੋ ਗਿਆ ਤੇ ਜੂਨ 1991 ‘ਚ  ਪੀਵੀ ਨਰਸਿਮਹਾ ਰਾਉ ਦੀ ਅਗਾਵਈ ‘ਚ ਫਿਰ ਕਾਂਗਰਸ ਕੇਂਦਰ ‘ਚ ਕਾਬਜ਼ ਹੋ ਗਈ।

ਰਾਉ ਨੇ ਉਦਾਰੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜੋ ਲੋਕਾਂ ਨੂੰ ਰਾਸ ਨਾ ਆਈਆਂ ਤੇ ਜੂਨ 1996 ‘ਚ ਲੋਕਸਭਾ ‘ਚ ਯੂਨਾਇਟਿਡ ਫ਼ਰੰਟ ਦੀ ਦੇਵਗੌੜਾ ਦੀ ਅਗਵਾਈ ‘ਚ ਸਰਕਾਰ ਬਣੀ ਜੋ ਸਿਰਫ਼ 324 ਦਿਨ ਚੱਲੀ ਤੇ ਫ਼ਿਰ ਗੁਜਰਾਲ ਅਪ੍ਰੈਲ 1997 ‘ਚ ਪੀਐੱਮ ਬਣੇ ਪਰ ਉਹ 322 ਦਿਨ ਹੀ ਸਰਕਾਰ ਚਲਾ ਸਕੇ ਤੇ ਫ਼ਰਵਰੀ 1998 ‘ਚ ਫਿਰ ਮੱਧਕਾਲੀ ਚੋਣਾਂ ਕਰਾਉਣੀਆਂ ਪਈਆਂ ਜਦੋਂ ਭਾਜਪਾ ਨੇ ਪਹਿਲੀ ਵਾਰ ਘੱਟ ਗਿਣਤੀ ਨਾਲ 13 ਦਿਨਾਂ ਦੀ ਸਰਕਾਰ ਬਣਾਈ ਸੀ । ਭਾਜਪਾ ਉਸ ਮਗਰੋਂ ਤਕੜੀ ਪਾਰਟੀ ਬਣਕੇ ਸਾਹਮਣੇ ਆਈ ਸੀ।

ਹੁਣ ਇਹ ਨਵਾਂ ਬਣਨ ਵਾਲਾ ‘ਮੁੱਖ ਗੱਠ-ਬੰਧਨ’ ਦੇਸ਼ ਦੇ ਲੋਕਾਂ ਸਾਹਮਣੇ ਕਿੰਨੇ ਤਕੜੇ ਰੂਪ ਵਿੱਚ ਪੇਸ਼ ਹੁੰਦਾ ਹੈ ਇਹ ਤਾਂ ਭਵਿਖ ਹੀ ਦੱਸੇਗਾ ਪਰ ਇਕ ਗੱਲ ਸਪੱਸ਼ਟ ਹੈ ਕਿ ਦੇਸ਼ ਦੇ ਵੋਟਰਾਂ ‘ਚ ਵਿਸ਼ਵਾਸ ਬਣਾਉਣ ਲਈ ਇਸ ਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਜੋ ਭਾਜਪਾ ਨੂੰ ਰਾਸ਼ਟਰੀ ਪੱਧਰ ‘ਤੇ ਟੱਕਰ ਦੇ ਸਕੇ। ਇਹ ਗੱਲ ਵੀ ਪੱਕੀ ਹੈ ਕਿ ਇਸ ਵਾਰ ‘ਆਪ’ ਵੀ ਰਾਸ਼ਟਰੀ ਮੈਦਾਨ ‘ਚ ਉਤਰੇਗੀ ਤੇ ਕਾਂਗਰਸ ਵੀ 2024 ਲਈ ਬੈਠਕਾਂ ਮਾਰਨ ਲੱਗ ਪਈ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button