EDITORIAL

ਲੰਗਾਹ ਨਾਲ਼ ਨਰਮੀ ਕਿਉਂ ਵਰਤੀ ਗਈ ?, ਰਣਜੀਤ ਸਿੰਘ ਤੇ ਬਰਨਾਲਾ ਨੂੰ ਬੰਨ੍ਹਿਆ ਗਿਆ

ਕੀ ਪੁਲਿਸ ਖੋਲ੍ਹੇਗੀ ਲੰਗਾਹ  ਦਾ ਕੇਸ ?

ਅਮਰਜੀਤ ਸਿੰਘ ਵੜੈਚ (94178-01988) 

ਸ੍ਰੀ ਆਕਾਲ ਤਖਤ ਸਾਹਿਬ ਦੇ ਜੱਥੇਦਾਰ , ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇਕ ਅਸ਼ਲੀਲ ਵੀਡੀਓ ਦੇ ਕੇਸ ਵਿੱਚ ‘ਤਨਖਾਹ’ ਲਾਕੇ  ਪੰਜ ਸਾਲ ਪੁਰਾਣੇ ਮਾਮਲੇ ਨੂੰ ਸਮਾਪਤ ਕਰ ਦਿਤਾ ਗਿਆ ਹੈ । ਇਹ ਮਾਮਲਾ 2017 ਦਾ ਹੈ ਜਦੋਂ ਇਕ ਔਰਤ ਨੇ ਇਕ ਵੀਡੀਓ ਜਾਰੀ ਕਰਕੇ ਲੰਗਾਹ ‘ਤੇ ਦੋਸ਼ ਲਾਏ ਸੀ ਕਿ ਸਾਬਕਾ ਮੰਤਰੀ ਅੱਠ ਸਾਲਾਂ ਤੋਂ ਉਸ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਹੈ । ਇਸ ਦੋਸ਼ ਤੋਂ ਲੰਗਾਹ ਇਨਕਾਰ ਕਰਦੇ ਰਹੇ ਤੇ  ਅੰਤ 2018 ‘ਚ ਉਸ ਔਰਤ ਨੇ ਕੇਸ ਵਾਪਸ ਲੈ ਲਿਆ ।

ਹੁਣ 26 ਨਵੰਬਰ ਨੂੰ ਲੰਗਾਹ ਨੇ ਸ੍ਰੀ ਆਕਾਲ ਤਖਤ ਸਾਹਿਬ ਸਾਹਮਣੇ ਖੜ੍ਹਕੇ ਸੰਗਤ ਮੂਹਰੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ । ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਲੰਗਾਹ ਨੂੰ ਪੰਜ ਅਕਤੂਬਰ 2017 ਨੂੰ  ‘ਸਿਖ ਪੰਥ’ ‘ਚੋਂ ਛੇਕ ਦਿਤਾ ਸੀ  ਤੇ ਹੁਣ ਲੰਗਾਹ ਨੂੰ ‘ਤਨਖਾਹ’ ਪੂਰੀ ਕਰਨ ਮਗਰੋਂ ‘ਪੰਥ’ ‘ਚ ਸ਼ਾਮਿਲ ਕਰ ਲਿਆ ਜਾਵੇਗਾ ।

ਜੱਥੇਦਾਰ ਹਰਪ੍ਰੀਤ ਸਿੰਘ ਵੱਲੋਂ ਸੁਣਾਏ ਇਸ ਫ਼ੈਸਲੇ ਅਨੁਸਾਰ ਲੰਗਾਹ ਦੀ ‘ਤਨਖਾਹ’ ਵਿੱਚ ਅਗਲੇ 21 ਦਿਨ ਸ੍ਰੀ ਦਰਬਾਰ ਸਾਹਿਬ ‘ਚ ਭਾਂਡੇ ਸਾਫ਼ ਕਰਨਾ, ਇਕ ਘੰਟਾ ਰੋਜ਼ ਪਰਿਕਰਮਾਂ ‘ਚ ਬਹਿ ਕੇ ਕੀਰਤਨ ਸਰਵਣ ਕਰਨਾ , ਅਗਲੇ ਪੰਜ ਸਾਲ ਕਿਸੇ ਵੀ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਨਾ ਬਣਨਾ, ਸੇਵਾ ਕਰਦੇ ਸਮੇਂ ਦੌਰਾਨ ਗੱਲਾਂ ਨਾ ਕਰਨੀਆਂ , ਦਿਖਾਵਾ ਨਾ ਕਰਨਾ ,  ‘ਤਨਖਾਹ’ ਭੁਗਤਦੇ ਸਮੇਂ ਆਪ ਜਾਂ ਆਪਣੇ ਸਾਥੀਆਂ ਦੁਆਰਾ ਤਸਵੀਰਾਂ ਖਿਚਕੇ ਸੋਸ਼ਲ ਮੀਡੀਆ ‘ਤੇ ਅੱਪਲੋਡ ਨਾ ਕਰਨੀਆਂ , ਕਿਸੇ ਇਕ ਦਿਨ ਸ੍ਰੀ ਆਕਾਲ ਤਖਤ ਸਾਹਿਬ ‘ਤੇ ਸੇਵਾ ਨਿਭਾ ਰਹੇ ਢਾਡੀ ਜੱਥਿਆਂ ਨੂੰ 5100 ਰੁ: ਪ੍ਰਤੀ ਜੱਥਾ ਭੇਟਾ ਦੇਣੀ  ਅਤੇ ਉਨ੍ਹਾਂ ਜੱਥਿਆਂ ਲਈ ਲੰਗਰ ਲਿਆਉਣਾ ਤੇ ਛਕਾਉਣ ਮਗਰੋਂ ਸਾਰੇ ਬਰਤਨ ਆਪ ਸਾਫ਼ ਕਰਨੇ  ਅਤੇ  ‘ਤਨਖਾਹ’ ਖਤਮ ਹੋਣ ਮਗਰੋਂ ਸ੍ਰੀ ਆਕਾਲ ਤਖਤ ਸਾਹਿਬ ‘ਤੇ  5100 ਰੁ: ਦਾ ਪ੍ਰਸ਼ਾਦ ਕਰਵਾਉਣਾ  ਸ਼ਾਮਿਲ ਹੈ । ਇਸ ‘ਤਨਖਾਹ’ ਦਾ ਮਤਲਬ ਸਿਖ ਧਰਮ ਵਿੱਚ  ਕਿਸੇ ਸਿਖ ਵੱਲੋਂ ਕੀਤੇ ਕਿਸੇ ‘ਬੱਜਰ ਗੁਨਾਹ’ ਕਾਰਨ ਦਿਤੀ ਜਾਣ ਵਾਲ਼ ਸਜ਼ਾ ਹੁੰਦੀ ਹੈ  ਜਿਸ ਨੂੰ ਵੈਸੇ ਸੇਵਾ ਕਿਹਾ ਜਾਂਦਾ ਹੈ ।

ਲੰਗਾਹ ਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹਕੇ ਪੰਜ ਵਾਰ ਆਪਣਾ  ‘ਬੱਜਰ ਗੁਨਾਹ’ ਕਬੂਲਿਆ ਤੇ ‘ਤਨਖਾਹ’ ਸਵੀਕਾਰ ਕੀਤੀ । ਲੰਗਾਹ ਵੱਲੋਂ ਆਪਣਾ ਗੁਨਾਹ ਕਬੂਲਣ ਨਾਲ਼  ਉਸ ‘ਪੀੜਤ’ ਔਰਤ ਵੱਲੋਂ ਪੁਲਿਸ ‘ਤੇ ਲਏ ਦੋਸ਼ਾਂ ਦਾ ਕੀ ਬਣੇਗਾ ਜਿਸ ਵਿੱਚ ਉਸਨੇ ਕਿਹਾ ਸੀ ਕਿ  ਲੰਗਾਹ ਉਪਰ ਦੋਸ਼ ਲਾਉਣ ਲਈ ਪੁਲਿਸ ਵੱਲੋਂ ਹੀ ਉਸ ਉਪਰ ਦਬਾਅ ਪਾਇਆ ਜਾ ਰਿਹਾ ਸੀ ? ਕੀ ਪੁਲਿਸ ਹੁਣ ਓਹ ਕੇਸ ਦੁਬਾਰਾ ਖੋਲ੍ਹੇਗੀ ?

ਜੱਥੇਦਾਰ ਨੇ ਇਹ ‘ਤਨਖਾਹ’ ਸੁਣਾਉਂਦਿਆਂ ਲੰਗਾਹ ਨੂੰ ਰਾਜਨੀਤਕ ਸਰਗਰਮੀਆਂ ‘ਚ ਹਿਸਾ ਲੈਣ ਦੀ ਖੁੱਲ੍ਹ ਦੇ ਦਿਤੀ ਹੈ ; ਇਸ ‘ਖੁੱਲ੍ਹ’ ‘ਤੇ  ਸਿਖ ਸੰਗਤ ਵਿੱਚ ਕਈ ਚਰਚਾਵਾਂ ਚੱਲ ਪਈਆਂ ਹਨ । ਜੋ ‘ਤਨਖਾਹ’ ਸਾਬਕਾ ਮੰਤਰੀ ਨੂੰ ਲਾਈ ਗਈ ਹੈ ਕੀ ਉਹ ‘ਸਜ਼ਾ’ ਹੈ ? ਜੁਰਮ ਕਰਨ ਬਦਲੇ ਤਾਂ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਹੈ । ਬੱਜਰ ਗੁਨਾਹ ਦੀ ਤਾਂ ਸਜ਼ਾ ਦਿਤੀ ਜਾਣੀ ਚਾਹੀਦੀ ਹੈ ? ਸਜ਼ਾ ਤਾਂ ਉਹ ਹੋਣੀ ਸੀ ਜੇਕਰ ਲੰਗਾਹ ਨੂੰ ਅਗਲੇ ਪੰਜ ਵਰ੍ਹਿਆਂ ਲਈ ਰਾਜਨੀਤਿਕ ਸਰਗਰਮੀਆਂ ਤੋਂ ਰੋਕਿਆ ਜਾਂਦਾ ਪਰ ਉਸ ਵਿੱਚ ਤਾਂ ਜੱਥੇਦਾਰ ਸਾਹਿਬ ਨੇ ਖੁੱਲ੍ਹ ਦੇ ਦਿਤੀ ਹੈ । ਉਂਜ ਲੰਗਾਹ ਪਿਛਲੇ ਪੰਜ ਸਾਲਾਂ ਤੋਂ ਰਾਜਨੀਤਿਕ  ਸਰਗਰਮੀਆਂ ਤੋਂ ਬਾਹਰ ਹੀ ਰਿਹਾ ਸੀ ਪਰ ਇਸ ਸਮੇਂ ਦੌਰਾਨ ਉਹ ਕਿਸੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਮੈਂਬਰ ਵੀ ਨਹੀਂ ਰਿਹਾ ।

ਮਹਾਰਾਜਾ ਰਣਜੀਤ ਸਿੰਘ  ਨੂੰ 1802 ‘ਚ  ਤਵਾਇਫ਼ ਮੋਰਾਂ ਨਾਲ਼ ਵਿਆਹ ਕਰਾਉਣ ਕਰਕੇ  ਜਦੋਂ ਅਕਾਲ ਤਖਤ ਦੇ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੇ ‘ਤਨਖਾਹ’ ਲਾਈ ਸੀ ਤਾਂ ਰਾਜੇ ਨੂੰ  ਅਕਾਲ ਤਖਤ ਦੇ ਸਾਹਮਣੇ ਇਕ ਇਮਲੀ ਦੇ  ਰੁੱਖ ਨਾਲ਼ ਬੰਨ੍ਹਿਆ ਗਿਆ ਸੀ । ਜਦੋਂ ਦਿਸੰਬਰ 1988 ‘ਚ ਸਾਬਕਾ ਮੁੱਖ-ਮੰਤਰੀ,ਪੰਜਾਬ  (ਸਵ:)ਸੁਰਜੀਤ ਸਿੰਘ ਬਰਨਾਲ਼ਾ ਨੂੰ ਵੀ ਅਕਾਲ ਤਖਤ ਸਾਹਿਬ ‘ਤੇ  21 ਦਿਨਾਂ ਦੀ ਤਨਖਾਹ ਲਾਈ ਗਈ ਸੀ ਤਾਂ ਬਰਨਾਲ਼ਾ ਨੂੰ ਅਕਾਲ ਤਖਤ ਦੇ ਥੰਮ ਨਾਲ਼ ਬੰਨ੍ਹਿਆ ਗਿਆ ਤੇ ਬਰਨਾਲ਼ਾ ਦੇ ਗੱਲ਼ ਵਿੱਚ ਤਖਤੀ ਪਾਈ ਗਈ ਜਿਸ ‘ਤੇ ਲਿਖਿਆ ਹੋਇਆ ਸੀ ‘ ਮੈਂ ਦੋਸ਼ੀ ਹਾਂ….’।  ਬਰਨਾਲ਼ਾ ਨੇ ਲੰਗਾਹ ਵਰਗਾ ‘ਗੁਨਾਹ’ ਨਹੀਂ ਕੀਤਾ ਸੀ । ਲੰਗਾਹ ਨਾਲ਼ ਏਨੀ ਨਰਮਾਈ ਕਿਉਂ ਵਰਤੀ ਗਈ ?

ਲੰਗਾਹ ਨੂੰ ਸਣਾਈ ‘ਤਨਖਾਹ’ ‘ਤੇ ਸਭ ਤੋਂ ਪਹਿਲਾਂ ਸਵਾਲ ਸ਼੍ਰੋਮਣੀ ਆਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਉਠਾਇਆ ਹੈ ਕਿ ਜੱਥੇਦਾਰ ਨੇ ਲੰਗਾਹ ਨੂੰ ਰਾਜਨੀਤਿਕ ਸਰਗਰਮੀਆਂ ਦੀ ਆਗਿਆ ਕਿਵੇਂ ਦੇ ਦਿਤੀ ? ਬੀਜੇਪੀ ਤੇ ਕਾਂਗਰਸ ਨੇ ਵੀ ਵਲਟੋਹਾ ਨਾਲ਼ ਮਿਲ਼ਦੇ ਜੁਲ਼ਦੇ ਹੀ ਪ੍ਰਤੀਕਰਮ ਦਿਤੇ ਹਨ ।  ਵਲਟੋਹਾ ਨੇ ਕਿਹਾ ਕਿ ਜੱਥੇਦਾਰ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ।

ਇਹ ਦੋਸ਼ ਹਮੇਸ਼ਾ ਬਾਦਲ ਪਰਿਵਾਰ ‘ਤੇ ਲੱਗਦਾ ਰਿਹਾ ਹੈ ਕਿ ਬਾਦਲ ਪਰਿਵਾਰ ਸ੍ਰੀ ਆਕਾਲ ਤਖਤ ਸਾਹਿਬ ਤੋਂ ਆਪਣੇ ਹਿਤਾਂ ਅਨੁਸਾਰ ਫ਼ੈਸਲੇ ਕਰਵਾਉਂਦਾ ਆਇਆ ਹੈ ।  ਹੁਣ ਵੀ ਇਹ ਦੋਸ਼ ਲੱਗਣੇ ਸੁਭਾਵਿਕ ਹਨ । ਕਿਤੇ ਵਲਟੋਹਾ ਦਾ ਵਿਰੋਧ ਇਸ ਤਰ੍ਹਾਂ ਦੇ ਦੋਸ਼ਾਂ ਤੋਂ ਬਚਣ ਲਈ ਰਣਨੀਤੀ ਦਾ ਹਿਸਾ ਤਾਂ ਨਹੀਂ ? ਇਸ ਮਸਲੇ ‘ਤੇ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਦੀ  ਚੁੱਪ ਵੀ ਸਵਾਲ ਖੜ੍ਹੇ ਕਰੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button