EDITORIAL

ਪੰਜਾਬ ‘ਤੇ ਫਿਰ ‘ਹਮਲੇ’ ਦੀ ਤਿਆਰੀ

ਪੰਜਾਬ 'ਤੇ ਫਿਰ ਹਮਲੇ ਦੀ ਤਿਆਰੀ

ਅਮਰਜੀਤ ਸਿੰਘ ਵੜੈਚ (9417801988)

ਸਰਹੱਦੀ ਸ਼ਹਿਰ ਪੱਟੀ ਨੇੜੇ ਠੱਕਰਪੁਰ ‘ਚ ਚਰਚ ਵਿੱਚ ਕੀਤੀ ਗਈ ਬੇਅਦਬੀ ਦੀ ਘਟਨਾ ਦੀ ਕੈਨਵਸ ਦੇ ਪਿਛੇ ਵੀ ਇਕ ‘ਤਸਵੀਰ’ ਹੈ ਜਿਸ ਨੂੰ ਵੇਖਣ ਦੀ ਲੋੜ ਹੈ : ਪੰਜਾਬ ਨੂੰ ਫਿਰ ਬਲ਼ਦੀ ਦੇ ਬੁੱਥੇ ਡਾਹੁਣ ਦੀ ਤਿਆਰੀ ਕੀਤੀ ਜਾ ਰਹੀ। ਇਸ ਨੂੰ ਸਮਝਣ ਲਈ ਪਿਛੋਕੜ ‘ਚ ਝਾਤ ਮਾਰਨ ਦੀ ਲੋੜ ਹੈ ਕਿਉਂਕਿ ਪੰਜਾਬ ਪਹਿਲਾਂ ਵੀ ਅਪ੍ਰੈਲ 1978 ਤੋਂ ਤਕਰੀਬ 1996 ਤੱਕ 17 ਸਾਲ ਨਫ਼ਰਤ ਦੇ ਵਪਾਰੀਆਂ ਵੱਲੋਂ ਬਾਲੀ ਫਿਰਕੂ ਅੱਗ ‘ਚ ਸੜਦਾ ਰਿਹਾ ਹੈ। ਉਸ ਅੱਗ ਦਾ ਸੇਕ ਜਿਨ੍ਹਾਂ ਵੀ ਪਰਿਵਾਰਾਂ ਨੂੰ ਲੱਗਿਆ ਹੈ ਉਹ ਬਰਬਾਦ ਹੋ ਗਏ ਤੇ ਕਈ ਹਾਲੇ ਵੀ ਰਾਸ ਨਹੀਂ ਆਏ।

ਉਹ ਅੱਗ ਅਖੌਤੀ ਧਾਰਮਿਕ ਆਗੂਆਂ ਤੇ ਸ਼ਾਤਰ ਰਾਜਸੀ ਲੋਕਾਂ ਦੀ ਲਾਈ ਹੋਈ ਸੀ ਜਿਸ ਵਿੱਚ ਰਾਜਸੀ ਲੋਕਾਂ ਦੇ ਪਰਿਵਾਰਾਂ ਨੂੰ ਤਾਂ ਰਤਾ ਵੀ ਸੇਕ ਨਹੀਂ ਲੱਗਿਆ ਪਰ ਇਹ ਸ਼ਾਤਰ ਲੋਕ ਆਮ ਬੇਗੁਨਾਹ ਪੰਜਾਬੀਆਂ ਦੇ ਪੁੱਤਰਾਂ ਦੇ ਸਿਵਿਆਂ ਨੂੰ ਸੇਕਦੇ ਹੁਣ ਤੱਕ ਸੱਤਾ ਦੇ ਸੁਆਦ ਲੈਂਦੇ ਰਹੇ  ਤੇ ਹੁਣ ਵੀ ਲਾਲਾਂ ਸੁੱਟ ਰਹੇ ਹਨ।

ਪਹਿਲਾਂ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ‘ਚ ਨਿਰੰਕਾਰੀ ਤੇ ਸਿੱਖਾਂ ਵਿਚਾਲੇ ਲੜਾਈ ਹੋਈ। ਸਾਲ 1982 ‘ਚ ਪਹਿਲਾਂ ਅੰਮ੍ਰਿਤਸਰ ਦੇ ਪੁਰਾਤਨ ਦੁਰਗਿਆਨਾ ਮੰਦਰ ਦੇ ਬਾਹਰਲੇ ਦਰਵਾਜ਼ੇ ‘ਤੇ ਮਰੀਆਂ ਗਾਂਵਾਂ ਦੇ ਸਿਰ ਟੰਗ ਕੇ ਪੰਜਾਬ ਦੇ ਸਦੀਆਂ ਤੋਂ ਚੱਲੇ ਆ ਰਹੇ ਫਿਰਕੂ ਸਦਭਾਵਨਾ ਦੇ ਮਾਹੌਲ ‘ਚ ਅੱਗ ਲਾਈ ਗਈ, ਫਿਰ ਪਟਿਆਲੇ ਦੇ ਪ੍ਰਸਿਧ ਕਾਲੀ ਮਾਤਾ ਮੰਦਿਰ ‘ਚ ਗਊ ਦੀ ਪੂਛ ਸੁੱਟੀ ਗਈ ਤੇ ਫਿਰ ਗੁਰਦੁਆਰਾ ਦੁਖਨਿਵਾਰਨ ਵਿੱਚ ਬੀਵੀਆਂ ਦਾ ਬੰਡਲ ਸੁੱਟਿਆ ਗਿਆ… ਇਸ ਮਗਰੋਂ ਹਿੰਦੂ-ਸਿਖ ਫ਼ਸਾਦ ਹੋਣ ਲੱਗੇ ਥਾਂ-ਥਾਂ ਕਰਫ਼ਿਊ ਲੱਗਣ ਲੱਗੇ, ਦੁਕਾਨਾਂ ਸਾੜੀਆਂ ਗਈ, ਲੋਕ ਮਾਰੇ ਜਾਣ ਲੱਗੇ…. ਬਸ ਇਹ ਉਸ ਅੱਗ ਦੀ ਸ਼ੁਰੂਆਤ ਸੀ ਜੋ ਬਾਅਦ ਵਿੱਚ ਭਾਂਬੜ ਬਣ ਗਈ ਜਿਸ ਵਿੱਚ ਪੰਜਾਬ ਲਗਾਤਾਰ 17 ਸਾਲ ਸੜਦਾ ਰਿਹਾ।

ਇਹ ਹਾਲਤ ਦੇਸ਼ ਵਿੱਚ ਕਈ ਵਾਰ ਬਣਾਉਣ ਦੀ ਕੋਝੀ ਹਰਕਤ ਕੀਤੀ ਗਈ। ਪਹਿਲਾਂ 1992 ‘ਚ ਬਾਬਰੀ ਮਸਜਿਦ ਤੇ ਰਾਮ ਜਨਮ ਭੂਮੀ ਦੇ ਮੁੱਦੇ ‘ਤੇ ਲੋਕਾਂ ਦੀ ਬਲੀ ਦਿੱਤੀ ਗਈ ਜਿਸ ਵਿੱਚ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਬਲੀ ਚੜ੍ਹੇ ਪਰ ਦੋਹਾਂ ਪਾਸਿਆਂ ਦੇ ਰਾਜਸੀ ਲੋਕ ਹਾਲੇ ਵੀ ਸੱਤ੍ਹਾ ਦੇ ਗਲਿਆਰਿਆਂ ‘ਚ ਜੱਫੀਆਂ ਪਾ ਪਾ ਮਿਲਦੇ ਹਨ। 22-23 ਜਨਵਰੀ 1999 ਦੀ ਰਾਤ ਨੂੰ ਉਡੀਸ਼ਾ ਦੇ ਮਨੋਹਰਪੁਰ ‘ਚ 1965 ਤੋਂ ਕੁਸ਼ਟ ਰੋਗੀਆਂ ਦੇ ਮਸੀਹਾ ਬਣੇ ਆਸਟਰੇਲੀਆ ਦੇ ਇਸਾਈ ਮਿਸ਼ਨਰੀ ਗਰ੍ਹਾਮ ਸਟੇਨਜ਼ ਤੇ ਉਸ ਦੇ ਦੋ ਨਿੱਕੇ-ਨਿੱਕੇ ਪੁਤਰਾਂ ਨੂੰ ਵੈਗਨ ‘ਚ ਸੁਤਿਆਂ ਹੀ ਸਾੜ ਦਿਤਾ ਗਿਆ। ਜਨਮ ਅਸ਼ਟਮੀ 23 ਅਗਸਤ 2008 ਨੁੰ ਉਡੀਸ਼ਾ ਵਿੱਚ ਹੀ ਸਵਾਮੀ ਲਕਸ਼ਮਣਨੰਦਾ ਸਰਸਵੱਤੀ ਦੇ ਨਾਲ਼ ਉਸ ਦੇ ਚਾਰ ਸੇਵਕਾਂ ਨੂੰ ਬੱਸ ‘ਚ ਜਾਂਦਿਆਂ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ। ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਹੋਰ ਰਾਜਾਂ ‘ਚ ਵੀ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਜੋ ਹੁਣ ਵੀ ਜਾਰੀ ਹੈ।

ਪੰਜਾਬ ‘ਚ 1997 ਤੋਂ ਮਗਰੋਂ ਅਮਨ-ਸ਼ਾਂਤੀ ਨੇ ਪੈਰ ਜਮਾਉਣੇ ਸ਼ੁਰੂ ਹੀ ਕੀਤੇ ਸਨ ਕਿ ਫਿਰ ਜੂਨ 2015 ‘ਚ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ‘ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਕੇ ਬਰਗਾੜੀ ‘ਚ ਉਸ ਦੇ ਅੰਗ ਪਾੜਕੇ ਖਿਲਾਰੇ ਗਏ : ਇਸ ਮਗਰੋਂ ਬਹਿਬਲ ਕਲਾਂ ਤੇ ਕੋਟਕਪੂਰਾ ‘ਚ ਗੋਲ਼ੀਕਾਂਡ ਹੋਏ, ਬਹਿਬਲ ਕਲਾਂ ‘ਚ ਦੋ ਸਿੱਖ ਮਾਰੇ ਗਏ ਜਿਸ ‘ਤੇ ਅੱਜ ਤੱਕ ਰਾਜਸੀ ਲੋਕਾਂ ਨੇ ਸਿਰਫ਼ ਰੋਟੀਆਂ ਹੀ ਪਕਾਉਣ ਦਾ ਕੰਮ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਕਈ ਵਾਰ ਮੂਰਖ ਬਣਾਇਆ ਜਾ ਚੁੱਕਿਆ ਹੈ : ਹੁਣ ਪਹਿਲਾਂ ਪਿਛਲੇ ਵਰ੍ਹੇ ਦਰਬਾਰ ਸਹਿਬ ‘ਚ ਬੇਅਦਬੀ ਦੀ ਘਟਨਾ ‘ਚ ਦੋਸ਼ੀ ਨੂੰ ਲੋਕਾਂ ਨੇ ਹੀ ਮਾਰ ਦਿਤਾ, ਪਿਛਲੇ ਮਹੀਨੇ ਜੰਡਿਆਲ਼ੇ ਨੇੜੇ ਈਸਾਈ ਮੱਤ ਦੇ ਲੋਕਾਂ ਦੀ ਸਿਖਾਂ ਨਾਲ਼ ਝੜੱਪ ਹੋਈ ਤੇ ਮਗਰੋਂ ਨਾਲ ਦੀ ਨਾਲ ਹੁਣ ਪੱਟੀ ਵਾਲੀ ਮੰਦਭਾਗੀ ਘਟਨਾ ਵਾਪਰੀ ਹੈ।

ਇਨ੍ਹਾਂ ਸਥਿਤੀਆਂ ਤੋਂ ਚਿੰਤਤ ਹੋਕੇ ਸ੍ਰੀ ਆਕਾਲ ਤਖਤ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਇਹ ਕਹਿਣਾ ਪਿਆ ਹੈ ਕਿ ਪੰਜਾਬ ਵਿੱਚ ਵੀ ਜਬਰੀ ਧਰਮ ਪਰਿਵਰਤਨ ਵਿੱਰੁਧ ਕਾਨੂੰਨ ਬਣਨਾ ਚਾਹੀਦਾ ਹੈ ਜਿਵੇਂ ਹਰਿਆਣਾ ਤੇ ਯੂਪੀ ਸਮੇਤ ਕਈ ਰਾਜਾਂ ਨੇ  ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ ਹਨ। ਜੱਥੇਦਾਰ ਨੇ ਪੰਜ ਸਿਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਇਕੱਠ ਵੀ ਸੱਦ ਲਿਆ ਹੈ।

ਇਹ ਕੁਝ ਸਮਾਜ ਵਿਰੋਧੀ ਤਾਕਤਾਂ ਹਨ ਜੋ ਧਰਮ ਨੂੰ ਪੂਰੇ ਦੇਸ਼ ਵਿੱਚ ‘ਹਥਿਆਰ’ ਬਣਾ ਕੇ ਵਰਤ ਰਹੀਆਂ ਹਨ ਤਾਂ ਜੋ ਉਹ ਲੋਕਾਂ ਦੀਆਂ ਲਾਸ਼ਾਂ ‘ਤੇ ਚੜ੍ਹਕੇ ਸੱਤ੍ਹਾ ਤੱਕ ਪਹੁੰਚ ਸਕਣ। ਹੁਣ ਸਮੁੱਚੇ ਪੰਜਾਬੀਆਂ ਭਾਵ ਹਰ ਧਰਮ ਦੇ ਬਾਸ਼ਿੰਦਿਆਂ ਦੀ ਸਖਤ ਪਰਖ ਦੀ ਘੜੀ ਆ ਗਈ ਹੈ ਕਿ ਇਸੇ ਵਰ੍ਹੇ ਪਟਿਆਲੇ ‘ਚ ਜਿਵੇਂ ਲੋਕਾਂ ਨੇ ਇਕੱਠੇ ਹੋਕੇ  ਫਿਰਕੂ ਸ਼ਕਤੀਆਂ ਨੂੰ ਮੂਧੇ-ਮੂੰਹ ਪਟਕਿਆ ਸੀ ਹੁਣ ਵੀ ਪੰਜਾਬ ਦੇ ਦੁਸ਼ਮਣਾਂ ਨੂੰ ਪਹਿਚਾਣਕੇ ਦੁੱਤਕਾਰ ਦਿਓ। ਜੇ ਆਪਾਂ ਫਿਰ 1978-95 ਵਾਂਗ ਟੱਪਲਾ ਖਾ ਕੇ  ਇਨ੍ਹਾਂ ਦੇ ਹੱਥ ਠੋਕੇ ਬਣ ਗਏ ਤਾਂ ਫਿਰ ਅਗਲੇ ਕਈ ਵਰ੍ਹੇ ਪੰਜਾਬ ਨੂੰ ਅੱਗ ਵਿੱਚ ਭੁੱਜਣਾ ਪੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button