EDITORIAL

ਮੌਤ ਨਾਲ਼ ਝੂਟਕੇ ਪੜ੍ਹਦੀਆਂ ਕੁੜੀਆਂ, ਪੰਜਾਬ ਦੇ ਵਿਕਾਸ ਦੀ ਨਿਕਲ਼ੀ ਫ਼ੂਕ

ਪੰਜਾਬ ਦਾ ਮਤਰੇਆ ਪਿੰਡ ਕਾਲੂਵਾਲਾ

ਅਮਰਜੀਤ ਸਿੰਘ ਵੜੈਚ (94178-01988) 

ਪੰਜਾਬ ‘ਚ  1947  ਤੋਂ ਮਗਰੋਂ ਕਿੰਨੀ ਕੁ ਤਰੱਕੀ ਪਿਛਲੀਆਂ ਸਰਕਾਰਾਂ ਨੇ ਕੀਤੀ ਹੈ ਇਸ ਦੀ ਮੂੰਹ ਬੋਲਦੀ ਤਸਵੀਰ ਲੰਘੀ 16 ਨਵੰਬਰ  ਦੀ  ਇੰਗਲਿਸ਼ ਦੇ ਅਖ਼ਬਾਰ ‘ਇੰਡੀਅਨ ਐਕਸਪ੍ਰੇਸ’ ਦੇ ਪਹਿਲੇ ਪੰਨੇ ‘ਤੇ ਅੱਠ ਕਾਲਮਾਂ ‘ਚ ਛਾਇਆ ਇਕ ਖ਼ਬਰ ਵਿੱਚ ਵੇਖੀ ਜਾ ਸਕਦੀ ਹੈ । ਇਸ ਕਹਾਣੀ ‘ਚ ਅਖ਼ਬਾਰ ਦੀ ਪੱਤਰਕਾਰ ਦਿਵਿਆ ਗੋਇਲ ਗੋਪਾਲ ਨੇ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲ਼ੂਵਾਲ਼ਾ ਦੇ ਪਿੰਡ ਦੀਆਂ ਦੋ ਲੜਕੀਆਂ ਬਾਰੇ ਜ਼ਿਕਰ ਕੀਤਾ ਹੈ : ਕਲਾਸ 6ਵੀ ਦੀ ਕਰੀਨਾ ਕੌਰ  ਤੇ  8ਵੀਂ ਦੀ ਕਿਰਨਾ ਰਾਣੀ ਪਹਿਲਾਂ ਕਿਸ਼ਤੀ ‘ਚ ਚੜ੍ਹਕੇ ਸਤਲੁਜ ਪਾਰ ਕਰਦੀਆਂ ਹਨ ਤੇ ਫਿਰ ਚਾਰ ਕਿਲੋਮੀਟਰ ਪੈਦਲ ਚੱਲਕੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼,ਗੱਟੀ ਰਾਜੋਕੇ ‘ਚ ਪੜ੍ਹਨ ਲਈ ਪਹੁੰਚਦੀਆਂ ਹਨ ।

ਇਸ ਕਹਾਣੀ ਦਾ ਇਕ ਹੋਰ ਦੁਖਦਾਈ ਪੱਖ ਇਹ ਹੈ ਕਿ ਇਹ ਲੜਕੀਆਂ ਜਿਸ ਬੇੜੀ ‘ਤੇ ਚੜ੍ਹਕੇ ਜਾਂਦੀਆਂ ਹਨ ਉਸ ਦੇ ਉਪਰ ਇਕ ਤਾਰ ਸੱਤਲੁਜ ਦੇ ਦੋਹੀਂ ਪਾਸੀਂ ਖੰਬੇ ਲਾ ਕੇ ਬੰਨ੍ਹੀ ਹੋਈ ਹੈ । ਲੜਕੀਆਂ ਇਸ ਤਾਰ ਨੂੰ ਫ਼ੜ੍ਹ ਲੈਂਦੀਆਂ ਹਨ ਤੇ ਬੇੜੀ ਅੱਗੇ ਵੱਧਦੀ ਜਾਂਦੀ ਹੈ । ਇਹ ਦੋਵੇ ਬਹਾਦੁਰ ਧੀਆਂ ਇਸ ਪਿੰਡ ‘ਚੋਂ ਇਸ ਸਕੂਲ ‘ਚ ਜਾਣ ਵਾਲ਼ੀਆਂ ਪਹਿਲੀਆਂ ਕੁੜੀਆਂ ਹਨ ।  ਕੁੜੀਆਂ ਅਕਸਰ  5ਵੀਂ ਜਾਂ 6ਵੀਂ ‘ਚੋਂ ਪੜ੍ਹਾਈ ਛੱਡ ਜਾਂਦੀਆਂ  ਹਨ ।

ਇਸ ਖ਼ਬਰ ਦਾ ਨੋਟਿਸ ਲੈਂਦਿਆਂ ਦੇਸ਼ ਦੇ ‘ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ’ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਇਸ ਬਾਰੇ ਕਮਿਸ਼ਨ ਨੂੰ ਰਿਪੋਰਟ ਭੇਜੇ । ਇਥੇ ਦੱਸਣਾ ਬਣਦਾ ਹੈ ਕਿ ਸਾਡੇ ਦੇਸ਼ ਵਿੱਚ ‘ Right to Education act-2009’  ਲਾਗੂ ਹੈ ਜਿਸ ਅਨੁਸਾਰ ਛੇ ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁੱਫ਼ਤ ਲਾਜ਼ਮੀ ਵਿਦਿਆ  ਦੇਣੀ ਸਰਕਾਰਾਂ ਦਾ ਕੰਮ ਹੈ । ਦੇਸ਼ ਵਿੱਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਵੀ ਲਾਗੂ ਹੈ ।

ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਮੇਂ ਪੰਜਾਬ ‘ਚ ‘ਆਦਰਸ਼ ਸਕੂਲ’ ਤੇ ‘ਮੈਰੀਟੋਰੀਅਸ ਸਕੂਲ’ ਸ਼ੁਰੂ ਕੀਤੇ । ਕੈਪਟਨ ਸਰਕਾਰ ਨੇ ਪੰਜਾਬ ‘ਚ ਸਮਾਰਟ ਸਕੂਲ ਬਣਾਉਣ ਦੀ ‘ਲਹਿਰ’ ਚਲਾਈ  ਸੀ । ਇਸ ਸਮਾਰਟ ਸਕੂਲ ‘ਲਹਿਰ’ ਬਾਰੇ  ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਵਿਚਾਰੇ ਸਕੂਲ ਮੁੱਖੀ ਆਪਣੀਆਂ  ਤੇ ਅਧਿਆਪਕਾਂ ਦੀਆਂ ਜੇਬਾਂ ‘ਚੋ ਪੈਸੇ ਖਰਚ ਕੇ ਇਹ ਸਮਾਰਟ ਸਕੂਲ ਬਣਾਉਂਦੇ ਰਹੇ ਹਨ ।

ਰਾਸ਼ਟਰੀ ਪੱਧਰ ‘ਤੇ ਹੋਏ ਇਕ ਸਰਵੇਖਣ ‘ਚ ਤਤਕਾਲੀ ਕਾਂਗਰਸ ਦੀ ਕੈਪਟਨ  ਵਾਲ਼ੀ ਸਰਕਾਰ ਸਮੇਂ  ਪੰਜਾਬ ਦੇ ਸਿਖਿਆ ਵਿਭਾਗ ਨੇ ਪੂਰੇ ਦੇਸ਼ ‘ਚੋਂ ਅੱਵਲ ਦਰਜਾ ਹਾਸਿਲ ਕੀਤਾ ਸੀ ਜਿਸ ਬਾਰੇ ਤਤਕਾਲੀ ਸਰਕਾਰ ਨੇ ਬਹੁਤ ਪ੍ਰਚਾਰ ਕੀਤਾ ਸੀ ਇਥੋਂ ਤੱਕ ਕੇ ਇਸ ਵਰ੍ਹੇ ਵਿਧਾਨ ਸਭਾ ਦੀਆਂ ਚੋਣਾ ਸਮੇਂ ਵੀ ਕਾਂਗਰਸੀ ਲੀਡਰਾਂ ਨੇ ਇਸ ‘ਦਰਜਾ-ਏ-ਅੱਵਲ’ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ । ਮਾਨ ਸਰਕਾਰ ਨੇ ਇਸ ਅੱਵਲ ਦਰਜੇ ਦੀ ਇਹ ਕਹਿਕੇ ਆਲੋਚਨਾ ਕੀਤੀ ਸੀ ਕਿ ਇਹ ਸਾਰੀ  ਅੰਕੜਿਆਂ ਦੀ ਖੇਡ  ਸੀ  ਹਕੀਕਤ ਕੁਝ ਹੋਰ ਸੀ ।

ਸਿੱਖਿਆ ਵਿਭਾਗ ਦੀ ਉਪਰੋਕਤ ਤਰਸਯੋਗ ਹਾਲਤ ਦਾ ਸਾਰਾ ਭਾਂਡਾ ਸਿਰਫ਼ ਕਾਂਗਰਸ ਸਰਕਾਰ ਸਿਰ ਨਹੀਂ ਭੱਨ੍ਹਿਆ  ਜਾ ਸਕਦਾ ਕਿਉਂਕਿ ਇਹ ਹਾਲਾਤ ਸਿਰਫ਼ ਪਿਛਲੇ ਪੰਜ ਸਾਲਾਂ ਦੌਰਾਨ ਨਹੀਂ ਬਣੇ । ਇਸ ਬੇਹੱਦ ਸ਼ਰਮਨਾਕ ਸਥਿਤੀ ਲਈ ਦੋਵੇਂ ਸ਼੍ਰੋਮਣੀ ਆਕਾਲੀ ਦਲ ਤੇ ਕਾਂਗਰਸ ਦੀਆਂ  ਸਰਕਾਰਾਂ ਹੀ ਜ਼ਿੰਮੇਵਾਰ ਹਨ  ਜਿਨ੍ਹਾਂ ਨੇ ਪਿਛਲੇ 75 ਸਾਲਾਂ ‘ਚ ਪੰਜਾਬ ‘ਤੇ ਵਾਰੋ-ਵਾਰੀ ਰਾਜ ਕੀਤਾ ਹੈ।

ਬੜੀ ਹੈਰਾਨੀ ਦੀ ਗੱਲ ਹੈ ਕਿ ਦੋਵਾਂ ਹੀ ਪਾਰਟੀਆਂ ਨੇ ਇਸ  ਫ਼ਿਰੋਜ਼ਪੁਰ(ਸ਼ਹਿਰੀ) ਵਿਧਾਨ ਸਭਾ ਹਲਕੇ ਦੇ ਕਾਲ਼ੂਵਾਲ਼ਾ  ਦੇ ਪਿੰਡ ਬਾਰੇ ਛਪੀ ਖ਼ਬਰ ‘ਤੇ ਇਕ ਵੀ ਬਿਆਨ ਨਹੀਂ ਦਿਤਾ ਬਲਕਿ ਭਗਵੰਤ ਮਾਨ ,ਮੁੱਖ ਮੰਤਰੀ, ਪੰਜਾਬ ਵੱਲੋਂ ਕਿਸਾਨਾਂ ਦੇ ਧਰਨਿਆ ‘ਤੇ ਦਿਤੇ ਬਿਆਨ ਨੂੰ ਲੈਕੇ ਸਾਰੀਆਂ ਹੀ ਸਿਆਸੀ ਧਿਰਾਂ ਮਾਨ ਨੂੰ ਘੇਰਨ ਲਈ ਤਿਆਰ ਹੋ ਗਈਆਂ ਹਨ । ਉਧਰ ਮਾਨ ਸਾਰਕਾਰ ਵੀ ਇਸ ਦਰਦਨਾਕ ਕਹਾਣੀ ‘ਤੇ ਚੁੱਪ ਧਾਰੀ ਬੈਠੀ ਹੈ । ਮਾਨ ਸਰਕਾਰ ਕੋਲ਼ ਤਾਂ ਹਾਲੇ ਬਹੁਤ ਤਕੜੀ ਦਲੀਲ ਹੈ ਕਿ ਉਨ੍ਹਾ ਦੀ ਸਰਕਾਰ ਬਣੀ ਨੂੰ ਹੀ ਹਾਲੇ ਸਿਰਫ਼ ਸੱਤ ਮਹੀਨੇ ਹੋਏ ਹਨ ਪਰ ਸਰਕਾਰ ਦਾ ਇਸ ਖ਼ਬਰ ‘ਤੇ ਬਿਲਕੁਲ ਹੀ ਮੂਕ ਹੋ ਜਾਣਾ ਸਵਾਲ ਖੜੇ ਕਰਦਾ ਹੈ ।  ਵਰਤਮਾਨ ਸਰਕਾਰ ਆਪਣੀ ਜ਼ਿਮਮੇਵਾਰੀ ਤੋਂ ਪੱਲਾ ਨਹੀਂ ਛੁਡਾ ਸਕਦੀ ।

ਲੋਕਾਂ ਨੂੰ ਪਾਰਟੀਆਂ  ਨੇ ਮੁੱਫ਼ਤ ਦੀਆਂ ਰਿਓੜੀਆਂ ਵੰਡ-ਵੰਡ ਕੇ ਅੱਜ ਪੰਜਾਬ ਦੀ ਹਾਲਤ ਇਹ ਕਰ ਦਿੱਤੀ ਹੈ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ ਤੇ ਪੰਜਾਬ ਦੀਆਂ  ਇਹ ਕੁੜੀਆ ਸਕੂਲੀ ਵਿਦਿਆ  ਲੈਣ  ਲਈ  ਪਹਿਲਾਂ ਇਕ ਕਿਲੋਮੀਟਰ ਚੱਲਕੇ ਕਿਸ਼ਤੀਆਂ ‘ਚ ਪਹਿਲਾਂ ਮੌਤ ਦੀ ਰੱਸੀ ਫੜਕੇ ਸੱਤਲੁਜ ਪਾਰ ਕਰਦੀਆਂ ਹਨ ‘ਤੇ ਫਿਰ ਪੰਜ ਕਿਲੋ ਮੀਟਰ ਤੁਰਕੇ ਸਕੂਲ ਪਹੁੰਚਦੀਆਂ ਹਨ । ਅਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਉਨ੍ਹਾਂ ਬੱਚੀਆਂ ਦੀ ਸ਼ਾਮ ਨੂੰ ਘਰ ਜਾਕੇ ਕੀ ਹਾਲਤ ਹੁੰਦੀ ਹੋਵੇਗੀ ਤੇ ਜਦੋਂ ਸੱਤਲੁਜ ਠਾਠਾਂ ਮਾਰਦਾ ਚੜ੍ਹ ਜਾਂਦਾ ਹੋਵੇਗਾ ਤਾਂ ਉਸ ਵਕਤ ਉਨ੍ਹਾਂ ਬੱਚੀਆਂ ਦੇ ਦਿਲਾਂ ‘ਤੇ ਕੀ ਗੁਜ਼ਰਦੀ ਹੋਵੇਗੀ ਜਦੋਂ ਉਹ ਸਕੂਲ ਨਹੀਂ ਪਹੁੰਚ ਸਕਦੀਆਂ ਹੋਣਗੀਆਂ ।

ਗੱਟੀ ਰਾਜੋਕੇ ਸਕੂਲ ਦੇ ਪ੍ਰਿੰਸੀਪਲ ਡਾ; ਸਤਿੰਦਰ ਸਿੰਘ , ਜੋ ਖ਼ੁਦ 2012 ਦੇ ਰਾਸ਼ਟਰੀ ਪੱਧਰ ‘ਤੇ ਸਨਮਾਨਿਤ ਅਧਿਆਪਕ ਹਨ , ਬੱਚਿਆਂ ਦੀ ਪੜ੍ਹਾਈ ‘ਚ ਬਹੁਤ ਦਿਲਚਸਪੀ ਲੈਂਦੇ ਹਨ । ਉਨ੍ਹਾਂ ਦੱਸਿਆ ਕਿ ਕਾਲ਼ੂਵਾਲ਼ਾ   ਭਾਰਤ-ਪਾਕਿ ਸਰਹੱਦ ਤੇ ਜ਼ੀਰੋ ਲਾਇਨ ਤੋਂ ਸਿਰਫ਼ ਤਕਰੀਬਨ 500 ਮੀਟਰ ‘ਤੇ ਹੈ ਤੇ ਪਿੰਡ ਨੂੰ ਤਿੰਨ ਪਾਸਿਆਂ ਤੋਂ ਸੱਤਲੁਜ ਦਰਿਆ ਨੇ ਘੇਰਿਆ ਹੋਇਆ ਹੈ । ਪਿੰਡ ਵਾਸੀਆਂ  ਦੇ ਪੰਜਾਬ ‘ਚ ਆਉਣ ਲਈ ਸਿਰਫ਼ ਬੇੜੀ ਹੀ ਇਕ ਸਾਧਨ ਹੈ । ਫ਼ੋਜ ਸਿਰਫ਼ ਬਰਸਾਤ ਦੇ ਤਿੰਨ ਮਹੀਨਿਆਂ ‘ਚ ਪਨਟੂਨ (ਬੇੜੀ ਵਾਲ਼ਾ ਪੁਲ਼) ਦਾ ਪੁਲ਼ ਬਣਾਉਂਦੀ ਹੈ ਬਾਕੀ ਨੌ ਮਹੀਨੇ ਲੋਕ ਆਪਣਾ ਪ੍ਰਬੰਧ ਆਪ ਕਰਦੇ ਹਨ ।

ਕ੍ਰਿਸ਼ਨ ਕੁਮਾਰ ਖ਼ੁਦ ਇਸ ਪਿੰਡ ‘ਚ  ਇਸ ਪ੍ਰਿੰਸੀਪਲ ਨਾਲ਼ ਬੇੜੀ ‘ਚ ਬੈਠ ਕੇ ਗਏ ਸੀ ਤੇ ਫਿਰ ਉਸ ਪਿੰਡ ‘ਚ ਪ੍ਰਾਇਮਰੀ ਸਕੂਲ ਖੋਲ੍ਹਿਆ ਗਿਆ ਸੀ। ਇਥੇ ਹੁਣ  15-15  ਦਿਨਾਂ ਲਈ ਅਧਿਆਪਕ ਭੇਜੇ ਜਾਂਦੇ ਹਨ । ਪਿੰਡ ਦੇ ਮਲਕੀਤ ਸਿੰਘ ਨੇ ਸਾਨੂੰ ਦੱਸਿਆ ਕਿ ਪਿੰਡ ‘ਚ  ਨਲਕਿਆਂ ਦਾ ਪਾਣੀ  ਖ਼ਰਾਬ ਹੋਣ ਕਾਰਨ ਸਾਰਾ ਪਿੰਡ ਬਿਮਾਰੀਆਂ ਨਾਲ਼ ਜੂਝ ਰਿਹਾ ਹੈ ।  ਬਾਰਸ਼ਾਂ ਦੇ ਦਿਨਾਂ ‘ਚ ਕਈ-ਕਈ ਦਿਨ ਬਿਜਲੀ ਨਹੀਂ ਆਉਂਦੀ ।  ਲੋਕਾਂ ਦੀਆਂ ਫ਼ਸਲਾਂ ਨੂੰ ਵੀ ਹਰ ਸਾਲ ਸੱਤਲੁਜ ਦੀ ਮਾਰ ਪੈਂਦੀ ਹੈ । ਹੁਣ ਤੱਕ ਜਿਨੇ ਵੀ ਵਿਧਾਇਕ  ਬਣੇ ਹਨ ਉਹ ਸਿਰਫ਼ ਇਕ-ਇਕ ਵਾਰ ਹੀ ਪਿੰਡ ‘ਚ ਆਏ ਹਨ । ਮੌਜੂਦਾ ਵਿਧਾਇਕ  ਰਣਬੀਰ ਸਿੰਘ ਭੁੱਲਰ ਵੀ ਸਿਰਫ਼ ਇਕੋ ਵਾਰ ਹੀ ਇਸ ਪਿੰਡ ‘ਚ ਆਏ ਹਨ ।

            ਕੀ ਇਹ  ‘ਰੰਗਲਾ ਪੰਜਾਬ’ ਹੈ  ਬਾਦਲ ਸਾਹਿਬ,ਕੈਪਟਨ ਸਾਹਿਬ, ਮੈਡਮ ਭੱਠਲ ਜੀ ! ਮਾਨ ਸਾਹਿਬ ?

ਕੋਈ ਵੀ ਵਿਕਾਸ ਓਨਾ ਚਿਰ ਵਿਕਾਸ ਨਹੀਂ ਮੰਨਿਆ  ਜਾ ਸਕਦਾ ਜਿਨਾਂ ਚਿਰ ਉਸ ਦਾ ਲਾਭ ਸੱਭ ਤੋਂ ਹੇਠਲੇ ਵਰਗ ਦੇ ਲੋਕਾਂ ਤੱਕ ਨਹੀਂ ਪਹੁੰਚਦਾ । ਸਿਆਸੀ ਪਾਰਟੀਆਂ ਦੇ ‘ਰੰਗਲੇ ਪੰਜਾਬ’ ਦੀ ਸਥਿਤੀ ਵੀ ਇਹੋ ਜਿਹੀ ਹੈ : ਜਿਨਾ ਚਿਰ ਤੱਕ  ਕਾਲ਼ੂਵਾਲ਼ਾ  ਦੀਆਂ ਕਰੀਨਾ ‘ਤੇ ਕਿਰਨਾ  ਦੇ ਪਿੰਡ ਤੱਕ ਵਿਕਾਸ ਨਹੀਂ ਪਹੁੰਚਦਾ ਓਨਾ ਚਿਰ ਤੱਕ ‘ਪੰਜਾਬੀਆਂ  ਦੀ ਸ਼ਾਨ ਵੱਖਰੀ’ ਵਰਗੇ ਗੀਤ ਗਾਕੇ ਬੱਕਰੇ ਬਲਾਉਣ ਵਾਲ਼ਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ  ਤੇ ਸਰਕਾਰਾਂ ਨੂੰ ਝੰਜੋੜਨਾ ਚਾਹੀਦਾ ਹੈ । ਸਿਰਫ਼ ‘ਹਿੰਦ-ਪਾਕਿ ਪੰਜਾਬ ਖੇਡਾਂ , ‘ਵਿਸ਼ਵ ਕਬੱਡੀ ਕੱਪ’ ਤੇ ‘ਖੇਡਾਂ ਵਤਨ ਪੰਜਾਬ ਦੀਆਂ’  ਕਰਵਾਕੇ  ਵਾਹਵਾ ਖੱਟਣ ਨਾਲ਼ ਪੰਜਾਬ ਨੇ ਰੰਗਲਾ ਨਹੀਂ ਬਣਨਾ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button