EDITORIAL

ਦੇਸ਼ ਦਾ ‘ਭਵਿਖ’ ਭੁੱਖ ਦਾ ਸ਼ਿਕਾਰ, ਭਾਰਤ ਦੇ 10 ‘ਨਰਕ’

ਦਿੱਲੀ ਸਲੱਮਜ਼ 'ਚ ਲੇਖਕ ਦੀ ਰੂਹ ਕੰਬੀ

ਅਮਰਜੀਤ ਸਿੰਘ ਵੜੈਚ (94178-01988) 

ਦੁਨੀਆਂ ਦੀ ਪੰਜਵੀਂ ਆਰਥਿਕਤਾ ਦਾ ਦਰਜਾ ਰੱਖਣ ਵਾਲਾ ‘ਮੇਰਾ ਭਾਰਤ ਮਹਾਨ’ ਆਪਣੇ  5.41 ਫ਼ੀਸਦ  ਯਾਨੀ ਤਕਰੀਬਨ ਸਾਢੇ ਸੱਤ ਕਰੋੜ ‘ਦੇਸ਼ ਵਾਸੀਆਂ’ ਨੂੰ ਭੁੱਖਮਰੀ ‘ਚ ਰਹਿੰਦਿਆਂ ਹੀ ‘ਵਿਸ਼ਵ ਗੁਰੂ’ ਬਣਨ ਲਈ ਸੁਪਨੇ  ਵਿਖਾ ਰਿਹਾ ਹੈ ।  ਹਾਲ ਹੀ ਵਿੱਚ ਆਇਰਲੈਂਡ ਦੀ ਸੰਸਥਾ ‘ਵਰਲਡ ਕੰਸਰਨ’ ਦੀ  ਇਕਾਈ ‘ਗਲੋਬਲ ਹੰਗਰ ਇੰਡੈਕਸ’ ਨੇ  121 ਮੁਲਕਾਂ ਦੇ ਸਰਵੇਖਣ ਦੀ ਰਿਪੋਰਟ ‘ਚ ਕਿਹਾ ਹੈ ਕਿ ਵਿਸ਼ਵ ਵਿੱਚ ਭੁੱਖਮਰੀ ਦੀ ਲਿਸਟ ਵਿੱਚ ਭਾਰਤ ਦਾ ਨੰਬਰ 107 ਹੈ । ਹਮੇਸ਼ਾ ਥਿੜਕਿਆ ਰਹਿਣ ਵਾਲ਼ਾ ਸਾਡਾ ਗੁਆਂਢੀ ਪਾਕਿਸਤਾਨ 99 ਨੰਬਰ ‘ਤੇ ਹੈ ,ਹਾਲਾਂ ਕਿ ਭਾਰਤ ਨੇ ਇਨ੍ਹਾਂ ਅੰਕੜਿਆਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਇਹ ਤੱਥ ਸਹੀ ਨਹੀਂ ਹਨ । ਭਾਰਤ 2021 ‘ਚ 101 ਨੰਬਰ ‘ਤੇ ਸੀ ।

ਇਹ ਅੰਕੜੇ  ਉਦੋਂ ਬਹੁਤ ਦੁਖਦਾਈ  ਲਗਦੇ ਹਨ ਜਦੋਂ ਸਾਡੇ ਲੀਡਰ ਇਹ ਕਹਿ ਰਹੇ ਹੋਣ ਕਿ ਦੇਸ਼ 76 ਸਾਲਾਂ ਬਾਅਦ ਹੁਣ ‘ਅੰਮ੍ਰਿਤਕਾਲ’ ‘ਚ ਪ੍ਰਵੇਸ਼ ਕਰ ਗਿਆ ਹੈ । ਇਕ ਕੈਸਾ ‘ਅੰਮ੍ਰਿਤਕਾਲ’ ਹੈ ਜਦੋਂ ਦੁਨੀਆਂ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਭਾਰਤ ਦੇ  ਤਕਰੀਬਨ 14 ਫ਼ੀਸਦ ਬੱਚੇ ਖ਼ਤਰਨਾਕ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ : ਅਸੀਂ ਅਕਸਰ ਬੱਚਿਆਂ ਨੂੰ ਦੇਸ਼ ਦਾ ਭਵਿਖ ਕਹਿਕੇ ਸੰਬੋਧਨ ਕਰਦੇ ਹਾਂ । ਦੇਸ਼ ਦੇ ਸਾਰੇ ਹੀ ਪ੍ਰਧਾਨ ਮੰਤਰੀ ਹਰ ਥਾਂ ਜਾਂਦੇ ਹਨ ਪਰ ਕਦੇ ਕਿਸੇ ਨੇ ‘ਸਲੱਮਜ਼’ ਯਾਨੀ ਨਰਕ ਵਰਗੀਆਂ ਬਸਤੀਆਂ ‘ਚ ਨਾ ਤਾਂ ਕਦੇ ਕਿਸੇ  ਘਰ ਦੇ ਅੰਦਰ ਝਾਤ ਮਾਰੀ ਹੈ ਤੇ ਨਾ ਹੀ ਇਨ੍ਹਾਂ ਦੀ ਜ਼ਿੰਦਗੀ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ । ਦੇਸ਼ ਦੇ ਬਹੁਤੇ ਲੋਕ ਤੇ ਬੱਚੇ ਜੋ ਕੁਪੋਸ਼ਣ ਦਾ ਸ਼ਿਕਾਰ ਹਨ ਅਜਿਹੀਆਂ ਬਸਤੀਆਂ ‘ਚ ਹੀ ਰਹਿੰਦੇ ਹਨ । ਇਸ ਲੇਖਕ ਨੂੰ  2015 ‘ਚ ਯੂਨੀਸੈੱਫ ਵੱਲੋਂ ਸਲੱਮਜ਼ ਦੇ ਬੱਚਿਆਂ  ਲਈ ਕਰਾਈ  ਇਕ ਅੰਤਰਰਾਸ਼ਟਰੀ ਵਰਕਸ਼ਾਪ ਸਮੇਂ ਦਿੱਲੀ ਦੇ ਸਲੱਮਜ਼ ਵਿੱਚ ਜਾਣ ਦਾ ਮੌਕਾ ਮਿਲ਼ਿਆ ਜਦੋਂ ਉਥੇ ਰਹਿੰਦੇ ਲੋਕਾਂ ਦੀ ਹਾਲਤ ਵੇਖ ਕਿ ਰੂਹ ਕੰਬ ਗਈ । ਪੋਲੀਓ ਤੇ ਹੋਰ ਬਿਮਾਰੀਆਂ ਨਾਲ਼ ਸੁੱਕੇ ਭੁੱਖ ਦੇ ਮਾਰੇ  ਨੰਗੇ/ਅੱਧ ਨੰਗੇ ਬੱਚੇ ਸੁੰਨੇ ਘਰਾਂ ‘ਚ ਕੀੜਿਆਂ ਵਾਂਗ ਰੀਂਗਦੇ ਵੇਖੇ  ਗਏ ।

ਇਹ ਸੰਸਥਾ ਜਦੋਂ ਸਰਵੇਖਣ ਕਰਦੀ ਹੈ ਤਾਂ ਮੁੱਖ ਤੌਰ ‘ਤੇ ਚਾਰ ਨੁਕਤਿਆਂ ‘ਤੇ ਸੂਚਨਾ ਇਕੱਠੀ ਕਰਦੀ ਹੈ । (1) ਲੋੜੀਂਦਾ ਖਾਣਾ ਕਿੰਨੇ ਲੋਕਾਂ ਨੂੰ ਨਹੀਂ ਮਿਲ਼ਦਾ (2) ਪੰਜ ਸਾਲ ਤੱਕ ਬੱਚਿਆਂ ਦਾ ਉਮਰ ਮੁਤਾਬਿਕ ਭਾਰ ਕਿਨਾ ਹੈ ? (3) ਪੰਜ ਸਾਲ ਤੱਕ ਦੇ ਬੱਚਿਆਂ ਦਾ ਕੱਦ ਮੁਤਾਬਿਕ ਭਾਰ ਕਿਨਾ ਹੈ ? ਤੇ (4) ਪੰਜ ਸਾਲ ਦੀ ਉਮਰ ਤੋਂ ਪਹਿਲਾਂ ਕਿਨੇ ਬੱਚੇ ਮਰ ਜਾਂਦੇ ਹਨ ?

ਦੁਨੀਆਂ ਵਿੱਚ ਤਿੰਨ ਕਰੋੜ ਤੋਂ ਵੱਧ ਲੋਕ ਬਹੁਤ ਹੀ ਖ਼ਤਰਨਾਕ ਭੁੱਖਮਰੀ ਦੀ ਸਥਿਤੀ ‘ਚ ‌‌ਜਿਊਣ ਲਈ ਮਜਬੂਰ ਹਨ । ਇਧਰ ਭਾਰਤ  ‘ਚ  ਵੀ ਵੱਡੀ ਗਿਣਤੀ  ‘ਚ ਲੋਕ ਜੀਵਨ ਦੀਆਂ ਅਤਿ ਸ਼ਰਮਨਾਕ ਮਾੜੀਆਂ ਸਥਿਤੀਆਂ ‘ਚ ਰਹਿ ਰਹੇ ਹਨ । ਸਾਡੇ ਦੇਸ਼ ਵਿੱਚ 10 ਬਹੁਤ ਵੱਡੀਆਂ ਗਰੀਬ ਬਸਤੀਆਂ/ਸਲੱਮਜ਼ ਹਨ ਜਿਥੇ ਦੇ ਲੋਕਾਂ ਦਾ ਜੀਵਨ ਨਾਲ਼ੀ ‘ਚ ਰਹਿਣ ਵਾਲ਼ੇ ਕੀੜਿਆਂ ਮਕੌੜਿਆਂ ਤੋਂ ਵੀ ਬੱਦਤਰ ਹੈ । ਭਾਰਤ ਦ‌ੇ ਮੁੰਬਈ ਦੀ ਧਾਰਵੀ ਬਸਤੀ  ਦੁਨੀਆਂ ਦੀ ਸੱਭ ਤੋਂ ਵੱਧ ਸੰਘਣੀ ਵੱਸੋਂ ਵਾਲ਼ੀ ਬਸਤੀ ਹੈ ਜਿਥੇ ਸਿਰਫ਼ ਦੋ ਵਰਗ ਕਿਲੋਮੀਟਰ ਦੇ ਖੇਤਰ ‘ਚ 10 ਲੱਖ ਤੋਂ ਵੱਧ ਲੋਕ ਰਹਿਣ ਲਈ ਮਜਬੂਰ ਹਨ । ਇਹ ਏਸ਼ੀਆ ਦੀ ਵੀ ਸੱਭ ਤੋਂ ਵੱਡੀ  ਗਰੀਬ ਬਸਤੀ ਹੈ । ਇਸ ਤੋਂ ਇਲਾਵਾ ਭਾਰਤ ਵਿੱਚ ਬਾਕੀ ਨੌ ਨਰਕ/ਸਲੱਮਜ਼  ਮਦਰਾਸ-ਨਿੱਚੀਕੁਪਮ,ਬੰਗਲੌਰ-ਰਾਜੇਂਦਰ ਨਗਰ,ਦਿੱਲੀ-ਭਾਲਸਾਵਾ,ਕੋਲਕਾਤਾ-ਬਸੰਤੀ ,ਹੈਦਰਾਬਾਦ-ਇੰਦਰਾਮਾ ਨਗਰ,ਲਖਨਊ-ਮਹਿਬੂਲਾਹਪੁਰ,ਨਾਗਪੁਰ-ਸਰੋਜ ਨਗਰ, ਅਹਿਮਦਾਬਾਦ-ਪਰਿਵਰਤਨ ਤੇ ਭੁਪਾਲ-ਸਤਨਾਮੀ ਨਗਰ  ਹਨ।

ਗਰੀਬ ਬਸਤੀ ਯਾਨੀ ਸਲੱਮ  ਦੀ ਪ੍ਰਭਿਾਸ਼ਾ ਅਨੁਸਾਰ ਉਹ ਰਿਹਾਇਸ਼ੀ ਇਲਾਕਾ ਜਿਸ ਵਿੱਚ ਇਕ ਹੀ ਛੋਟੀ ਜਿਹੀ ਛੱਤ ਥੱਲੇ ਕਈ ਲੋਕ ਰਹਿੰਦੇ ਹੋਣ, ਨਾ ਰਸੋਈ,ਨਾ ਟੋਆਇਲਟ, ਨਾ  ਪੀਣ ਲਈ ਸਾਫ਼ ਪਾਣੀ, ਨਾ ਸਫ਼ਾਈ ਦਾ ਪ੍ਰਬੰਧ, ਘਰ ਸਿਰਫ਼ ਝੁਗੀ ਵਰਗੇ ਟੀਨਾਂ/ਗੱਤੇ/ਪਲਾਸਟਿਕ ਦੀਆਂ ਬੇਕਾਰ ਸ਼ੀਟਾਂ ਆਦਿ ਦੇ ਹੋਣਾ ਅਤੇ ਉਨ੍ਹਾ ਦੇ  ਬਾਰਿਸ਼ ਅਤੇ ਝੱਖੜ ਨਾਲ ਬਰਬਾਦ ਹੋ ਜਾਣ ਦਾ ਹਮੇਸ਼ਾ ਡਰ , ਉਸ ਥਾਂ ਰਹਿਣ ਦਾ ਕੋਈ ਵੀ ਨਿਸ਼ਚਿਤ ਸਮਾਂ ਨਹੀਂ ਭਾਵ ਉਨ੍ਹਾਂ ਨੂੰ ਕਦੇ ਵੀ ਉਥੋਂ ਉਠਾਇਆ ਜਾ ਸਕੇ । ਇਥੋਂ ਦੇ ‘ਵਸਨੀਕਾਂ’ ਕੋਲ਼ ਇਕੋ ਇਕ ਕੱਪੜਾ ਜੋ ਕਦੇ ਧੋਤਾ ਨਹੀਂ ਜਾਂਦਾ, ਬੁਝੈ ਚਿਹਰੇ ਹਰ ਇਕ ਆਉਣ ਵਾਲ਼ੇ ਤੋਂ ਕੁਝ ਮਿਲਣ ਦੀ ਆਸ ‘ਚ ਸੁਪਨਿਆਂ ਤੋਂ ਖਾਲੀ ਪਥਰਾਈਆਂ ਅੱਖਾਂ , ਸਰੀਰ ‘ਤੇ ਮੈਲ਼ ਦੀਆਂ ਪਰਤਾਂ, ਨੰਗੇ ਪੈਰ, ਨੌਹਾਂ ‘ਚ ਫਸੀ ਗੰਦਗੀ, ਹਰ ਕਿਸੇ ਨੂੰ ਕਈ ਕਈ ਬਿਮਾਰੀਆਂ, ‘ਘਰ’ ਵਿੱਚ ਇਕ ਡੱਬਾ ਸਿਰਫ ਆਟੇ ਲਈ ਤੇ ਉਹ ਵੀ ਖਾਲੀ,ਠੰਡੇ ਚੁੱਲ੍ਹੇ,ਟੁੱਟੇ ਗਲਾਸ, ਨਾ ਚਮਚਾ ਨਾ ਪਲੇਟ , ਬੋਰੀਆਂ/ਪਲਾਸਟਿਕ ਦੇ ਵਿਛਾਉਣੇ ,ਬੋੱਚਿਆਂ ਦੇ ਮੂੰਹਾਂ  ‘ਚੋ ਵਗਦੀਆਂ ਲਾਲ਼ਾਂ,ਉਦਾਸ ਚਿਹਰੇ ਜਿਨ੍ਹਾਂ ਨੇ ਕਦੇ ਹੱਸਕੇ ਨਹੀਂ ਵੇਖਿਆ ਤੇ ਬੱਸ ਜੂਨ ਹੰਡਾਉਣ ਦਾ ਜੁਗਾੜ : ਤੁਸੀਂ ਅਜਿਹੀ ਬਸਤੀ ‘ਚੋ ਬਿਨਾ ਨੱਕ ਨੂੰ ਢੱਕ ਕੇ ਤੇ  ਸਾਹ ਰੋਕੇ ਬਿਨਾ ਨਹੀਂ ਲੰਘ ਸਕਦੇ । ਇਨ੍ਹਾਂ ‘ਚੋ ਬਹੁਤੇ  ਗਰੀਬ ਲੋਕ ਪਿੰਡਾਂ ਜਾਂ ਛੋਟੇ ਕਸਬਿਆਂ ‘ਚੋਂ ਉੱਠਕੇ ਰੁਜ਼ਗਾਰ ਦੀ ਭਾਲ ‘ਚ ਸ਼ਹਿਰਾਂ ਵੱਲ ਜਾਂਦੇ ਹਨ ਤੇ ਫਿਰ ਇਨ੍ਹਾਂ ਬਸਤੀਆਂ ਦੇ ਵਸਨੀਕ ਬਣਨ ਲਈ ਮਜਬੂਰ ਹੋ ਜਾਂਦੇ ਹਨ ।

ਇੰਡੀਆ ਟੂਡੇ ਦੇ ਅਗਸਤ 2020 ਦੀ ਰਿਪੋਰਟ ਮੁਤਾਬਿਕ ਭਾਰਤ ‘ਚ ਕੋਰੋਨਾ ਸਮੇਂ  12 ਕਰੋੜ ਤੋਂ ਵੱਧ ਲੋਕਾਂ ਦਾ ਰੁਜ਼ਗਾਰ ਖਤਮ ਹੋ ਗਿਆ । ਇਨ੍ਹਾਂ ਵਿੱਚ ਨਿੱਕੇ ਨਿੱਕੇ ਕਾਰੋਬਾਰੀ ਤੇ ਰੋਜ਼ਾਨਾਂ ਕਮਾਕੇ ਖਾਣ ਵਾਲ਼ੇ ਮਜ਼ਦੂਰ ਸਨ । ਇਸ ਤੋਂ ਪਹਿਲਾਂ 2016 ‘ਚ ਨੋਟਬੰਦੀ ਨੇ ਇਸ ਤਬਕੇ ਦਾ ਲੱਕ ਤੋੜਕੇ ਰੱਖ ਦਿਤਾ ਸੀ ਤੇ ਹੁਣ ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਨੇ ਬਾਜ਼ਾਰ ‘ਚ ਮਹਿੰਗਾਈ ਨੂੰ ਖੰਬ ਲਾ ਦਿਤੇ ਹਨ । ਇਸਦਾ ਸਿਧਾ ਅਸਰ ਗਰੀਬ ਲੋਕਾਂ ਦੇ ਖਾਣੇ ‘ਤੇ ਹੀ ਪੈਂਦਾ ਹੈ ਜਿਸ ਨਾਲ਼ ਉਨ੍ਹਾਂ ਦੀ  ਲੋੜ ਅਨੁਸਾਰ ਖਾਣਾ ਖਰੀਦਣ ਦੀ ਹਿੰਮਤ ਹੀ ਨਹੀਂ ਪੈਂਦੀ ।

ਭਾਰਤ ਵਿੱਚ ਸੱਭ ਤੋਂ ਵੱਧ ਗਰੀਬ ਲੋਕਾਂ ਦੀਆਂ ਬਸਤੀਆਂ 12.4 ਫ਼ੀਸਦ ਆਂਧਰਾ ਪ੍ਰਦੇਸ਼ ‘ਚ ਹਨ ਤੇ ਉਸ ਮਗਰੋਂ 11.58 ਪੁਡੂਚਰੀ,10.63 ਦਿੱਲੀ ਤੇ 10.54 ਫ਼ੀਸਦ ਮਹਾਂਰਾਸ਼ਟਰਾ ‘ਚ ਹਨ । ਸੱਭ ਤੋਂ ਘੱਟ ਗਰੀਬ ਬਸਤੀਆਂ 0.60 ਫ਼ੀਸਦ ਕੇਰਲਾ ‘ਚ, 0.63 ਅਸਾਮ,0.89 ਹਿਮਾਚਲ,  ਅਰੁਨਾਚਲ ‘ਚ 1.12 ਤੇ ਬਿਹਾਰ ‘ਚ 1.19 ਫ਼ੀਸਦ ਹਨ । ਪੰਜਾਬ ‘ਚ ਬਿਹਾਰ ਨਾਲ਼ੋ ਜ਼ਿਆਦਾ ਇਸ ਤਰ੍ਹਾਂ ਦੀਆਂ ਬਸਤੀਆਂ ਹਨ ਭਾਵ ਇਥੇ 5.26 ਫ਼ੀਸਦ ਲੋਕ ਇਸ ਤਰ੍ਹਾਂ ਦੀਆਂ ਸਥਿਤੀਆਂ ‘ਚ ਰਹਿੰਦੇ ਹਨ । ਹਰਿਆਣੇ ‘ਚ ਇਹ ਅੰਕੜਾ 6.56 ਫ਼ੀਸਦ ਦਾ ਹੈ ।

ਸਰਕਾਰਾਂ ਭਾਵੇਂ ਸਮੇਂ-ਸਮੇਂ ਇਨ੍ਹਾਂ ਲੋਕਾਂ ਲਈ ਭਲਾਈ ਸਕੀਮਾਂ ਲਾਗੂ ਕਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਨੂੰ ਭਾਰਤੀ ਨਕਸ਼ੇ ਤੋਂ ਖਤਮ ਕਰਕੇ ਇਨ੍ਹਾਂ ਲਈ ਵਧੀਆ ਜੀਵਨ ‌ਜੀਣ ਦੀਆਂ ਸਥਿਤੀਆਂ ਦੇਣ ਲਈ ਹਾਲੇ ਸ਼ਾਇਦ ਬੜਾ ਲੰਮਾ ਸਮਾਂ ਲੱਗੇਗਾ ਕਿਉਂਕਿ ਪਿਛਲੇ ਤਕਰੀਬਨ 150 ਸੌ ਸਾਲਾਂ ਤੋਂ ਇਹ ਲੋਕ ਤੇ ਫਿਰ ਇਨ੍ਹਾ ਦੇ ਵਾਰਸ ਇੰਜ ਹੀ ਜਿਉਂਦੇ ਆ ਰਹੇ ਹਨ ਜਿਸ ਨੂੰ ਜਿਊਣਾ ਨਹੀਂ ਕਿਹਾ ਜਾ ਸਕਦਾ ਬਲਕਿ ਇਸ ਤਰ੍ਹਾਂ ਦੇ ਜੀਵਨ ਨੂੰ ਸਿਰਫ਼ ‘ਜੂਨ ਕੱਟਣਾ’ ਹੀ ਕਿਹਾ ਜਾਣਾ ਠੀਕ ਹੋਵੇਗਾ । ਭਾਰਤ ਵਿੱਚ ਮੁੰਬਈ ਵਿੱਚਲੀ ਧਾਰਵੀ ਬਸਤੀ ਭਾਰਤ ਦੀ ਸੱਭ ਤੋਂ ਪੁਰਾਣੀ ਭਾਵ ਅੰਗਰੇਜ਼ਾਂ ਦੇ ਸਮੇਂ ‘ਚ 1884 ਚ’ ਵੱਸੀ ਬਸਤੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button