EDITORIAL

ਲਾਲ ਕਿਲ੍ਹੇ ਤੋਂ ਕਪੂਰਥਲਾ ਵਾਇਆ ਗੁਜਰਾਤ

ਅਮਰਜੀਤ ਸਿੰਘ ਵੜੈਚ (94178701988)

ਕਪੂਰਥਲਾ ‘ਚੋਂ ਜੋ ਫਿਰਕੂ ਸੁਨੇਹਾ ਕੁਝ ਸੰਗਠਨਾਂ ਨੇ ਆਜ਼ਾਦੀ ਦਿਵਸ ‘ਤੇ ‌ਤਿਰੰਗਾ ਯਾਤਰਾ ਦੌਰਾਨ ਦੇਣ ਦੀ ਕੋਝੀ ਹਰਕਤ ਕੀਤ‌ੀ ਹੈ ਉਹ ਸਿਧੇ ਰੂਪ ‘ਚ ਪ੍ਰਧਾਨ-ਮੰਤਰੀ ਦੇ ਓਸ ਸੁਨੇਹੇ ਨੂੰ ਵੰਗਾਰ ਹੈ ਜਿਸ ਵਿੱਚ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਸੀ ਕਿ ਹੁਣ ਸਾਨੂੰ ‘ਮਨੁੱਖੀ ਕੇਂਦਰਿਤ ਵਿਵਸਥਾ’ ਭਾਵ ਧਰਮ/ਜ਼ਾਤ ਤੋਂ ਉਪਰ ਉੱਠ ਕੇ ਮਨੁੱਖੀ ਬੇਹਤਰੀ ਲਈ ਕੰਮ ਕਰਨ ਦੀ ਲੋੜ ਹੈ ਜਿਸ ਨੂੰ ਮੋਦੀ ਨੇ ‘ਅੰਮ੍ਰਿਤਕਾਲ’ ਦਾ ਨਾਮ ਦਿੱਤਾ ਹੈ। ਜੋ ਕਪੂਰਥਲਾ ‘ਚ ਨਾਅਰੇ ਲਾਏ ਗਏ ਹਨ ਉਨ੍ਹਾਂ ਦਾ ਸਰਾਸਰ ਇਹ ਮਤਲਬ ਨਿਕਲਦਾ ਹੈ ਕਿ ਨਾਅਰੇ ਲਾਉਣ ਵਾਲੇ ਪੀਐੱਮ ਨੂੰ ਟਿੱਚ ਸਮਝਦੇ ਹਨ। ਵੈਸੇ ਮੋਦੀ ਨੇ 76ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਜੋ 82 ਮਿੰਟਾਂ ਦਾ ਉਪਦੇਸ਼ ਦਿੱਤਾ ਉਸ  ਦੌਰਾਨ ਦੇਸ਼ ਵਿੱਚ ਧਰਮ ਦੇ ਨਾਂ ‘ਤੇ ਹੋਣ ਵਾਲੀ ਹਿੰਸਾ ਦਾ ਜ਼ਿਕਰ ਤੱਕ ਨਹੀਂ ਕੀਤਾ ਸੀ। ਮੋਦ‌ੀ ਨੇ 2015 ‘ਚ ਆਜ਼ਾਦੀ ਦਿਵਸ ‘ਤੇ ਬੋਲਦਿਆਂ ਕਿਹਾ ਸੀ ਕਿ ਦੇਸ਼ ‘ਚੋ ਸੰਪਰਦਾਇਕਤਾ ਦਾ ਜ਼ਹਿਰ ਖਤਮ ਕਰਨਾ ਹੈ।

ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਅੱਗ ਵਰ੍ਹਾਉਂਦੀ ਅੱਗੇ-ਤੋਂ-ਅੱਗੇ ਧੱਕੀ ਜਾ ਰਹੀ ਹੈ ਜਿਸ ‘ਚ ਕਪੂਰਥਲੇ ਦੇ ਹਿੰਦੂ ਵਿਸ਼ਵ ਪ੍ਰੀਸ਼ਦ ਤੇ ਬਜਰੰਗ ਦਲ ਦੇ ਬੈਨਰਾਂ ਨਾਲ ਕੁਝ ਲੋਕ ਤਿਰੰਗਾ ਯਾਤਰਾ ਲੈਕੇ ਬਾਜ਼ਾਰਾਂ ‘ਚੋ ਜਾ ਰਹੇ ਹਨ ਤੇ ਨਾਅਰੇ ਲਾ ਰਹੇ ਹਨ ” ‘ਗਰ ਇਸ ਦੇਸ਼ ਮੇ ਰਹਿਨਾ ਹੋਗਾ, ਜੈ ਸ਼੍ਰੀ ਰਾਮ ਕਹਿਨਾ ਹੋਗਾ”। ਇਸ ਤੋਂ ਇਲਾਵਾ ਵੀ ਹੋਰ ਨਾਅਰੇ ..ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਆਦਿ ਲਾਏ ਗਏ। ਇਸ ਤਰ੍ਹਾਂ ਦਾ ਮਾਹੌਲ ਜਨਵਰੀ 20 ‘ਚ ਦਿੱਲੀ ਵਿਖੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸਮੇਂ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਸਮੇਂ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਕਪੂਰਥਲੇ ਦੀ ਇਹ ਘਟਨਾ ਪੰਜਾਬ ਦੇ ਮਾਹੌਲ ਵਿੱਚ ਸੇਹ ਦਾ ਤਕਲਾ ਗੱਡਣ ਦੀ ਇਕ ਬੇਹੱਦ ਨਿੰਦਣਯੋਗ ਕਮੀਨੀ ਚਾਲ ਹੈ। ਜਿਨ੍ਹਾਂ ਲੋਕਾਂ ਨੇ ਉਹ ਰੈਲੀ ਕੱਢੀ ਹੈ ਉਹ ਕਿਸੇ ਤਕੜੀ ਸਾਜਿਸ਼ੀ-ਟੀਮ ਦੇ ਮੋਹਰੇ ਹਨ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਪਿਛਲੇ ਵਰ੍ਹੇ ਹੀ ਸ਼ੁਰੂ ਹੋ ਗਈਆਂ ਸਨ ਜਦੋਂ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਟਿਫਨ ਬੰਬ ਆਉਣ ਲੱਗ ਪਏ ਸਨ। ਇਸੇ ਲੜੀ ‘ਚ ਲੁਧਿਆਣੇ ਦੀ ਕੋਰਟ ‘ਚ ਬੰਬ ਧਮਾਕਾ ਹੋਇਆ ਸੀ, ਬੁੜੈਲ ਜੇਲ੍ਹ ਦੇ ਬਾਹਰ ਧਮਾਕਾਖੇਜ਼ ਸਮੱਗਰੀ ਰੱਖੀ ਗਈ,  ਮੁਹਾਲੀ ‘ਚ ਪੰਜਾਬ ਦੇ ਇੰਟੈਲੀਜੈਂਸ ਬਿਊਰੋ ਦੀ ਇਮਾਰਤ ‘ਤੇ ਰਾਕਟ ਹਮਲਾ ਦਾ ਹਮਲਾ ਹੋਇਆ, ਦਰਬਾਰ ਸਾਹਿਬ ‘ਚ ਬੇਅਦਬੀ ਦੀ ਦੁਰਘਟਨਾ ਵਾਪਰੀ, ਕਰਨਾਲ਼ ‘ਚੋਂ ਚਾਰ ਕਥਿਤ ਅੱਤਵਾਦੀ ਫੜੇ ਗਏ ਸੀ। ਇੰਜ ਹੀ ਮੋਗਾ, ਰੋਪੜ, ਜਲੰਧਰ, ਮਲੇਰਕੋਟਲਾ, ਸੰਗਰੂਰ, ਪਟਿਆਲਾ, ਕਰਨਾਲ ਤੇ ਧਰਮਸ਼ਾਲਾ ‘ਚ ‘ਸਿਖ ਫਾਰ ਜਸਟਿਸ’ ਦੇ ਕਹਿਣ ‘ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਕੇ ਝੰਡੇ ਲਾਏ ਗਏ। ਇਸੇ ਵਰ੍ਹੇ ਪਟਿਆਲੇ ‘ਚ 29 ਅਪ੍ਰੈਲ ਨੂੰ ਫਿਰਕੂ ਦੰਗੇ ਭੜਕਾਉਣ ਦੀ ਚਾਲ ਚੱਲੀ ਗਈ।

ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਫਿਜ਼ਾਵਾਂ ‘ਚ ਜ਼ਹਿਰ ਫੈਲਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਹਨ ; ਵਿਸਾਖੀ ਦੇ ਮੌਕੇ ‘ਤੇ 1978 ‘ਚ ਨਿਰੰਕਾਰੀ ਸ਼ਰਧਾਲੂਆਂ ਤੇ ਅਖੰਡ ਕੀਰਤਨੀ ਜੱਥੇ ‘ਚ ਹੋਈ ਹਿੰਸਾ ‘ਚ ਜੱਥੇ ਦੇ 14  ਸਿੰਘ ਮਾਰੇ ਗਏ ; ਇਸ ਦੁਰਘਟਨਾ ਤੋਂ ਮਗਰੋਂ ਪੰਜਾਬ ਵਿੱਚ ਲਗਾਤਾਰ 14 ਸਾਲ 1992 ਤੱਕ ਫਿਰਕੂ ਲੋਕਾਂ ਨੇ  ਅੱਗ  ਬਾਲ਼ੀ ਰੱਖੀ। ਪੰਜਾਬ ‘ਚ ਰੋਜ਼ ਦਿਹਾੜੇ ਨਿਰਦੋਸ਼ਾਂ ਦੇ ਕਤਲ ਹੋਣ ਲੱਗੇ। ਕਈ ਘਟਨਾਵਾਂ ‘ਚ  ਹਿੰਦੂ ਪਹਿਚਾਣ ਵਾਲੇ ਨਿਰਦੋਸ਼ ਲੋਕਾਂ ਨੂੰ ਚੁਣ-ਚੁਣ ਕੇ ਕਤਲ ਕੀਤਾ ਗਿਆ ਜਿਵੇਂ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਤੇ ਹੋਰ ਕਈ ਥਾਂਈ ਸਿਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ। ਇਸ ਸਮੇਂ ‘ਚ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਸਾਥੀਆਂ ਨੇ ਸ੍ਰੀ ਦਰਬਾਰ ਸਾਹਿਬ ‘ਚ ਕਿਲਾ ਬੰਦੀ ਕਰ ਲਈ ਤੇ ਪੰਜਾਬ ‘ਚ ਹੁੰਦੇ ਕਤਲਾਂ ਦੇ ਦੋਸ਼ ਭਿੰਡਰਾਂਵਾਲ਼ਿਆਂ ‘ਤੇ ਲੱਗਣ ਲੱਗੇ ਤਾਂ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਦੇਸ਼ ਦੀ ਫੌਜ ਨੇ ‘ਬਲਿਊ ਸਟਾਰ’ ਕਾਰਵਾਈ ਕੀਤੀ ਜਿਸ ‘ਚ 3 ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਤੇ ਖਾੜਕੂ ਮਾਰੇ ਗਏ  ਤੇ ਫੋਜ ਦੇ ਜਵਾਨ ਵੱਖ ਮਰੇ।

ਜਿਸ ਤਰ੍ਹਾਂ ਦੇ ਨਆਰੇ ਕਪੂਰਥਲਾ ‘ਚ ਲਾਏ ਗਏ ਹਨ ਇਸੇ ਤਰ੍ਹਾਂ ਦੇ ਨਾਅਰੇ ਪੰਜਾਬ ‘ਚ 1978 ਤੋਂ 1992 ਤੱਕ ਹੋਈ ਗੜਬੜੀ ਦੌਰਾਨ ਵੀ ਲਗਦੇ ਰਹੇ ; ਕੰਘਾ ਕੜਾ ਤੇ ਕਿਰਪਾਨ, ਭੇਜ ਦਿਆਂਗੇ ਪਾਕਿਸਤਾਨ/ਧੋਤੀ ਟੋਪੀ ਯਮਨਾ ਪਾਰ। ਇਕ ਫੇਸ ਬੁੱਕ ਪੋਸਟ ਵੀ ਅੱਜ ਕੱਲ੍ਹ ਵਾਇਰਲ ਹੋਈ ਪਈ ਹੈ ਜਿਸ ‘ਚ ਲਿਖਿਆ ਗਿਆ ਹੈ ਕਿ ਦੇਸ਼ ‘ਚ ਨਵਾਂ ਸੰਵਿਧਾਨ ਬਣ ਰਿਹਾ ਹੈ ਜਿਸ ਵਿੱਚ ਸਿਰਫ ਹਿੰਦੂਆਂ ਨੂੰ ਹੀ ਵੋਟ ਪਾਉਣ ਦਾ ਹੱਕ ਹੋਏਗਾ ਤੇ ਭਾਰਤ ਦੀ ਰਾਜਧਾਨੀ ਵਾਰਾਨਸੀ ਹੋਏਗੀ।

ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਕ ਬਹੁਤ ਹੀ ਖ਼ਤਰਨਾਕ ਚਾਲ ਜੂਨ 2015 ‘ਚ ਚੱਲੀ ਗਈ ਸੀ ਜਦੋਂ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ‘ਚੋ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਚੋਰੀ ਕਰਵਾ ਦਿੱਤੀ ਗਈ ਤੇ ਫਿਰ ਕੁਝ ਦਿਨਾਂ ਮਗਰੋਂ ਉਸ ਦੇ ਸੌ ਅੰਗ ਬਰਗਾੜੀ ਦੀਆਂ ਗਲ਼ੀਆਂ ‘ਚ ਖਿਲਾਰ ਦਿਤੇ ਗਏ । ਇਸ ਬੇਅਦਬੀ ਦੀ ਘਟਨਾ ਦਾ ਵਿਰੋਧ ਕਰ ਰਹੇ ਦੋ ਸਿਖ  ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਪੁਲਿਸ ਗੋਲ਼ੀ ਲੱਗਣ ਨਾਲ ਸ਼ਹੀਦ ਹੋ ਗਏ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਘਟਨਾਵਾਂ ਹੋਈਆਂ ਹਨ। ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੱਥੇਦਾਰ ਹਰਪ੍ਰੀਤ ਸਿੰਘ ਨੇ ਹਰ ਧਰਮ ਦੇ 47 ਦੀ ਵੰਡ ‘ਚ ਮਾਰੇ ਗਏ  ਲੋਕਾਂ ਦੀ ਆਂਤਮਿਕ ਸ਼ਾਂਤੀ ਲਈ 16 ਅਗਸਤ ਨੂੰ ਸਮੂਹਿਕ ਅਰਦਾਸਾਂ ਕਰਨ ਲਈ ਕਿਹਾ ਗਿਆ ਸੀ ਤੇ ਉਸ ਅਰਦਾਸ ‘ਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ‘ਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਹਿੱਸਾ ਵੀ ਲਿਆ। ਇਹ ਪੰਜਾਬ ‘ਚੋਂ ਇਕ ਵਧੀਆ ਧਾਰਮਿਕ-ਸਦਭਾਵਨਾ ਦਾ ਸੁਨੇਹਾ  ਸੀ ਪਰ ਕਪੂਰਥਲੇ ਦੀ ਘਟਨਾ ਨੇ ਉਦਾਸ ਕੀਤਾ ਹੈ।

ਇਸੇ ਤਰ੍ਹਾਂ ਜਿਹੜੇ ਬੰਦੀ ਸਿੱਖ ਸਜ਼ਾਵਾਂ ਕੱਟ ਚੁੱਕੇ ਹਨ ਉਨ੍ਹਾਂ ਨੂੰ ਰਿਹਾ ਕਰਨ ਦਾ ਮਸਲਾ ਰਾਜਨੀਤਿਕ ਬਣਾ ਦਿਤਾ ਗਿਆ ਹੈ ਪਰ ਗੁਜਰਾਤ ‘ਚ 2002 ਦੇ ਦੰਗਿਆਂ ਸਮੇਂ ਬਿਲਕਿਸ ਬਾਨੋ ਸਮੂਹ-ਬਲਾਤਕਾਰ ਕੇਸ ‘ਚ ਸਰਕਾਰ ਨੇ 11  ਦੋਸ਼ੀਆਂ ਨੂੰ, ਜੋ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਹੇ ਸਨ, ਏਸ ਕਰਕੇ ਰਿਹਾ ਕਰ ਦਿਤਾ ਕਿ ਉਨ੍ਹਾਂ ਦਾ ਸਜ਼ਾ ਦੌਰਾਨ ਵਰਤਾਓ ਠੀਕ ਰਿਹਾ। ਇਸ ਤਰ੍ਹਾਂ ਸਰਕਾਰਾਂ ਦੇ ਪੱਖਪਾਤ ਲੋਕਾਂ ‘ਚ ਸ਼ੱਕ ਤੇ ਵਿਧਰੋਹ ਪੈਦਾ ਕਰਦੇ ਹਨ। ਅਤੀਤ ਦੀਆਂ ਘਟਨਾਵਾਂ ਤੋਂ ਸਬਕ ਲੈਣ ਦੀ ਲੋੜ ਹੈ ਕਿਉਂਕਿ ਇਸ ਸਮੁੱਚੇ ਵਰਤਾਰੇ ‘ਚ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ,  ਹਰ ਧਰਮ ਦੇ ਲੋਕ ਉਜੜ ਗਏ ਤੇ ਅੱਤਵਾਦੀਆਂ ਤੇ ਪੁਲਿਸ ਨੇ ਲੋਕਾਂ ‘ਤੇ ਬਹੁਤ ਤਸ਼ੱਦਦ ਕੀਤੇ ਜਿਸ ਨਾਲ ਪੰਜਾਬ ਦੇ ਵਿਕਾਸ ਦੀ ਤੋਰ 20 ਸਾਲ ਪਿਛੇ ਚਲੀ ਗਈ। ਹਰੀ ਕਰਾਂਤੀ ਦਾ ਸਾਰਾ ਹੀ ‘ਸ਼ਹਿਦ’ ਜ਼ਹਿਰ ਬਣ ਗਿਆ .. ਤੇ ਹੁਣ ਭੌਂ-ਚੱਕਾ ਹੋਇਆ ਪੰਜਾਬ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਿਹਾ ਹੈ ;

ਬਾਕੌਲ ਸੁਰਜੀਤ ਪਾਤਰ :

ਪੰਛੀ ਤਾਂ ਉੱਡ ਗਏ ਨੇ ,
ਰੁੱਖ ਵੀ ਸਲਾਹਾਂ ਕਰਨ
ਚਲੋ ਏਥੋਂ ਚੱਲੀਏ
ਘਰ ਘਰ ਪੁੱਤ ਕਹਿਣ
ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚਲ ਏਥੋਂ ਚੱਲੀਏ

ਮੁੱਖ-ਮੰਤਰੀ ਭਗਵੰਤ ਮਾਨ ਨੇ ਵੀ ਆਜ਼ਾਦੀ ਮੌਕੇ ਬੋਲਦਿਆਂ ਪੰਜਾਬ ਦੀ ਫਿਜ਼ਾ ਨੂੰ ਗੰਧਲ਼ਾ ਕਰਨ ਦੀਆਂ ਚਾਲਾਂ ‘ਤੇ ਦੁੱਖ ਪ੍ਰਗਟ ਕੀਤਾ ਸੀ । ਏਸ ਤੋਂ ਪਹਿਲਾਂ ਕਿ ਪੰਜਾਬ ਵਿਰੋਧੀ ਤਾਕਤਾਂ ਰਾਜ ਦੇ ਮਾਹੌਲ ਨੂੰ ਕਿਸੇ ਬਲ਼ਦੀ ਭੱਠੀ ‘ਚ ਝੋਕ ਦੇਣ ਮੌਜੂਦਾ ਸਥਿਤੀਆਂ ‘ਤੇ ਕਾਬੂ ਪਾਉਣ ਲਈ ਬਹੁਤ ਹੀ ਸੰਜੀਦਾ ਕਦਮ ਚੁੱਕਣ ਦੀ ਲੋੜ ਹੈ ਜਿਸ ਲਈ ਪਾਰਟੀ ਤੇ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਇਕ ਜੁਟਤਾ ਵਖਾਉਣ ਦੀ ਲੋੜ ਹੈ ਤਾਂ ਹੀ  ਪ੍ਰੋ; ਪੂਰਨ ਸਿੰਘ ਦੀ ਸੋਚ “ਪੰਜਾਬ ਨਾ ਹਿੰਦੂ ਨਾ ਮੁਸਲਮਾਨ,ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ” ਸੱਚ ਹੋਏਗੀ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button