EDITORIAL

ਭ੍ਰਿਸ਼ਟਾਚਾਰ ‘ਮੁਕਤ’ ਮੋਦੀ ਸਰਕਾਰ

ਦੇਸ਼ 'ਚ ਜ਼ੋਰਾਂ 'ਤੇ  ਭ੍ਰਿਸ਼ਟਾਚਾਰ, ਭਾਰਤ ਵਿਸ਼ਵ 'ਚ 85ਵੇਂ ਨੰਬਰ 'ਤੇ

ਅਮਰਜੀਤ ਸਿੰਘ ਵੜੈਚ (9417801988)

ਭਾਰਤ ਪਿਛਲੇ ਅੱਠ ਸਾਲਾਂ, ਭਾਵ 2014 ਤੋਂ ਵਿਸ਼ਵ ਵਿੱਚ ਭ੍ਰਿਸ਼ਟਾਚਾਰ ਦੇ 85ਵੇਂ ਨੰਬਰ ‘ਤੇ ਹੀ ਅੜਿਆ ਹੋਇਆ ਹੈ : ਜਰਮਨ ਦੇ ਬਰਲਿਨ ਸਥਿਤ ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ ਸੰਸਥਾ ਦੇ  ਦਿਸੰਬਰ 2021 ਦੇ ਅੰਕੜਿਆਂ ਮੁਤਾਬਿਕ ਭਾਰਤ ਵਿਸ਼ਵ ਦੇ 180 ਮੁਲਕਾਂ ਦੇ ਕੀਤੇ ਸਰਵੇਖਣ ਵਿੱਚ ਏਸ਼ੀਆ ਦੇ 47 ਮੁਲਕਾਂ ਵਿੱਚ ਵੀ 19ਵੇਂ ਸਥਾਨ ‘ਤੇ ਆਉਂਦਾ ਹੈ ਵੈਸੇ ਭਾਰਤ ਯੂਕੇ ਨੂੰ ਪਛਾੜਕੇ ਦੁਨੀਆਂ ਦੀ ਪੰਜਵੀਂ ਅਰਥ-ਵਿਵਸਥਾ  ਬਣ ਗਿਆ ਹੈ।

ਵਿਸ਼ਵ ਦੇ ਸੱਭ ਤੋਂ ਘੱਟ ਰਿਸ਼ਵਤ ਵਾਲੇ ਮੁਲਕਾਂ ਵਿੱਚ ਯੂਰਪ ਦੇ ਅੱਠ ਤੇ ਏਸ਼ੀਆ ਦਾ ਇਕ ਦੇਸ਼ ਲਗਾਤਾਰ ਪਹਿਲੇ ਪੰਜ ਨੰਬਰਾਂ ‘ਚ ਪੱਕੇ ਹੋ ਚੁੱਕੇ ਹਨ : ਇਹ ਮੁਲਕ ਹਨ ; ਇਕ ਨੰਬਰ ‘ਤੇ ਡੈਨਮਾਰਕ, ਫ਼ਿਨਲੈਨਡ ਤੇ ਨਿਊਜ਼ੀਲੈਂਡ, ਦੋ ਨੰਬਰ- ਨੌਰਵੇ, ਸਿੰਘਾਪੁਰ, ਸਵੀਡਨ, ਤਿੰਨ- ਸਵਿਟਜ਼ਰਲੈਂਡ, ਚਾਰ- ਨੀਦਰਲੈਂਡ ਤੇ ਪੰਜ ਨੰਬਰ ‘ਤੇ ਲਕਜ਼ਮਬਰਗ। ਏਸ਼ੀਆ ਦੇ 47 ਮੁਲਕਾਂ ਵਿੱਚੋਂ ਏਸ਼ੀਆ ਵਿੱਚ ਇਕ ਨੰਬਰ ‘ਤੇ ਸਿੰਗਾਪੁਰ, ਦੋ-ਹਾਂਗਕਾਂਗ, ਤਿੰਨ- ਜਾਪਾਨ, ਚਾਰ- ਯੂਏਈ ਤੇ ਭੁਟਾਨ ਪੰਜਵੇਂ ਨੰਬਰ ‘ਤੇ ਹਨ।

ਭਾਰਤ ਵਿੱਚ ਵਰਤਮਾਨ ਮੋਦੀ ਸਰਕਾਰ ਦੀ ਅੱਠ ਸਾਲਾਂ ਦੀ ਇਹ ਇਕ ਬਹੁਤ ਹੀ ਵੱਡੀ ਪ੍ਰਾਪਤੀ ਹੈ ਕਿ ਇਨ੍ਹਾ ਅੱਠਾ ਸਾਲਾਂ ਵਿੱਚ ਕੇਂਦਰ ਸਰਕਾਰ ਦੇ ਕਿਸੇ ਵੀ ਮੰਤਰੀ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਲੱਗਿਆ ਜਦੋਂ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਕਥਿਤ ਘਪਲਿਆਂ ‘ਚ ਹੀ ਘਿਰੀ ਰਹੀ । ਮੋਦੀ ਦਾ 2014 ‘ਚ ਤਕੀਆ-ਕਲਾਮ ਸੀ ‘ਨਾ ਖਾਊਂਗਾ ਔਰ ਨਾ ਖਾਨੇ ਦੂਂਗਾ’। ਮੋਦੀ ਸਰਕਾਰ  2014 ‘ਚ ਇਕ ਨਾਅਰਾ ਦੇ ਕੇ ਕੇਂਦਰੀ ਸੱਤ੍ਹਾ ‘ਚ ਆਈ ਸੀ ਕਿ ਦੇਸ਼ ਦਾ ਕਾਲ਼ਾ ਧੰਨ ਜੋ ‘ਸਵਿਸ ਬੈਂਕ’ ਵਿੱਚ ਪਿਆ ਹੈ ਉਸ ਨੂੰ ਵਾਪਸ ਦੇਸ਼ ‘ਚ ਲਿਆਂਦਾ ਜਾਵੇਗਾ ਪਰ ਉਸ ਦਿਸ਼ਾ ‘ਚ ਸਰਕਾਰ ਕੋਈ ਵੱਡੀ ਪਹਿਲ ਕਦਮੀ ਨਹੀਂ ਕਰ ਸਕੀ।

‘ਦਾ ਹਿੰਦੂ’ ਅਖ਼ਬਾਰ ਦੇ ਇਸੇ ਵਰ੍ਹੇ 16 ਜੂਨ ਦੇ ਅੰਕ ਵਿੱਚ ਖ਼ਬਰ ਛਾਇਆ ਹੋਈ ਸੀ ਕਿ ਪਿਛਲੇ ਚੌਦਾਂ ਸਾਲਾਂ ਦੇ ਸਮੇਂ ‘ਚ ਪਿਛਲੇ ਵਰ੍ਹੇ 2021 ‘ਚ ਹੁਣ ਤੱਕ ਦਾ ਸੱਭ ਤੋਂ ਵੱਧ ਕਾਲ਼ਾ ਧੰਨ ਸਵਿਸ ਬੈਂਕਾਂ ‘ਚ ਤਬਦੀਲ ਕੀਤਾ ਗਿਆ ਹੈ : ਖ਼ਬਰ ਅਨੁਸਾਰ  ਪਿਛਲੇ ਵਰ੍ਹੇ ਸਵਿਸ ਬੈਂਕ ‘ਚ ਜਮ੍ਹਾਂ ਪੈਸੇ ਦੀ ਰਕਮ 30 ਹਜ਼ਾਰ 5 ਸੌ ਕਰੋੜ ਰੁ: ਤੱਕ ਪਹੁੰਚ ਗਈ ਹੈ ਜੋ ਸਾਲ 2014 ‘ਚ 20 ਹਜ਼ਾਰ ਸੱਤ ਸੌ ਕਰੋੜ ਰੁ: ਸੀ।

ਹੁਣ ਤੱਕ ਸਵਿਸ ਬੈਂਕਾਂ ‘ਚ ਭਾਰਤ ਦਾ ਕਿੰਨਾ ਕਾਲਾ ਧੰਨ ਪਹੁੰਚਿਆ ਹੈ ਇਸ ਬਾਰੇ ਹਾਲੇ ਤੱਕ ਕੋਈ ਪੱਕਾ ਤੇ ਅਧਿਕਾਰਤ ਅੰਕੜਾ ਨਹੀਂ ਜਾਰੀ ਹੋਇਆ, ਸਿਰਫ਼ 2015 ‘ਚ ਸਵਿਸ ਬੈਂਕ ਨੇ ਕੁਝ ਲੋਕਾਂ ਦੇ ਨਾਮ ਜ਼ਰੂਰ ਭਾਰਤ ਨੂੰ ਦਿਤੇ ਸਨ। ਸਾਲ 2014 ਦੀਆਂ ਚੋਣਾਂ ਸਮੇਂ ਮੋਦੀ ਨੇ ਕਿਹਾ ਸੀ ਕਿ ਜੇਕਰ ਸਵਿਸ ਬੈਂਕਾਂ ‘ਚ ਪਿਆ ਭਾਰਤ ਦੇ ਕਾਰੋਬਾਰੀਆਂ ਦੇ ਕਾਲ਼ੇ ਧੰਨ ਵਾਪਸ ਆ ਜਾਵੇ ਤਾਂ ਹਰ ਭਾਰਤੀ ਦੇ ਖਾਤੇ ‘ਚ 15-15 ਲੱਖ ਰੁ: ਜਮ੍ਹਾਂ ਹੋ ਸਕਦਾ ਹੈ। ਇਹ ਸਮਝਿਆ ਜਾਂਦਾ ਹੈ ਕਿ ਇਹ ਰਕਮ ਖਰਬਾਂ ਵਿੱਚ ਹੈ।

ਸਾਲ 2014 ਤੋਂ ਮਗਰੋਂ 30 ਤੋਂ ਵੱਧ ਕਾਰੋਬਾਰੀ ਦੇਸ਼ ਨੂੰ ਅਰਬਾਂ ਦਾ ਚੂਨਾ ਲਾਕੇ ਦੇਸ਼ ਛੱਡਕੇ ਭੱਜ ਗਏ ਹਨ : ਰਾਜ ਸਭਾ ‘ਚ ਭਾਜਪਾ ਦਾ ਸਾਬਕਾ ਮੈਂਬਰ ਤੇ ਕਿੰਗ ਫਿਸ਼ਰ ਕੰਪਨੀ ਦਾ ਮਾਲਕ ਇਕੱਲਾ ਵਿਜੇ ਮਾਲਿਆ ਹੀ ਦੇਸ਼ ਦੇ ਬੈਂਕਾਂ ਦਾ ਨੌ ਅਰਬ ਰੁ: ਲੈਕੇ ਦੇਸ਼ ਨੂੰ ਹੀ ਅਲਵਿਦਾ ਕਹਿਕੇ ਬਰਤਾਨੀਆਂ ਪਹੁੰਚ ਗਿਆ ਸੀ।

ਮੋਦੀ ਸਰਕਾਰ ਨੇ ਦੇਸ਼ ‘ਚੋਂ ਕਾਲਾ ਧੰਨ ਖ਼ਤਮ ਕਰਨ ਲਈ 2016 ‘ਚ ਨੋਟਬੰਦੀ ਕੀਤੀ ਸੀ : ਸਰਕਾਰ ਦਾ ਇਹ ਤਰਕ ਸੀ ਕਿ ਜੋ  ਕਾਲੇ ਧੰਨ ਦਾ ਪੈਸਾ ਬਾਜ਼ਾਰ ਵਿੱਚ ਨਹੀਂ ਚੱਲ ਰਿਹਾ ਉਹ ਇੰਜ ਬੈਂਕਾਂ ‘ਚ ਨਹੀਂ ਆਵੇਗਾ ਤੇ ਫਿਰ ਨਵੇਂ ਕਰੰਸੀ ਨੋਟ ਜਾਰੀ ਕਰਕੇ ਪੁਰਾਣੀ ਕਰੰਸੀ ਦੇ ਕਾਲ਼ਾ ਧੰਨ ਦੇ ਰੂਪ ‘ਚ ਪਏ ਨੋਟ ਮਿੱਟੀ ਹੋ ਜਾਣਗੇ ਪਰ ਹੋਇਆ ਇਸ ਦੇ ਉਲਟ ; ਨੋਟਬੰਦੀ ਮਗਰੋਂ  99 ਫ਼ੀਸਦ ਪੈਸਾ ਫਿਰ ਬੈਂਕਾਂ ‘ਚ ਆ ਗਿਆ ਭਾਵ ਲੋਕਾਂ ਨੇ ਚੋਰ ਮੋਰੀਆਂ ਰਾਹੀਂ ਕਾਲਾ ਧੰਨ ਸਫ਼ੈਦ ਕਰ ਲਿਆ। ਬੇਈਮਾਨ ਲੋਕ ਸਰਕਾਰ ਨੂੰ ਵੀ ਚਕਮਾ ਦੇ ਗਏ।

ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ ਦੇ ਸਹਿਯੋਗ ਨਾਲ ਭਾਰਤ ਦੀ ‘ਲੋਕਲ ਸਰਕਲਜ਼’ ਸੰਸਥਾ ਨੇ 2019 ‘ਚ ਦੇਸ਼ ਦੇ 20 ਰਾਜਾਂ ਦਾ ਇਕ ਸਰਵੇਖਣ ਕਰਵਾਇਆ, ਜਿਸ ‘ਚ ਪਤਾ ਲੱਗਿਆ ਸੀ ਕਿ ਦੇਸ਼ ਵਿੱਚ ਰਿਸ਼ਵਤ ਤੋਂ ਬਿਨਾ ਕੰਮ ਕਰਵਾਉਣਾ ਬੜਾ ਔਖਾ ਹੈ : ਰਾਜਿਸਥਾਨ ਵਿੱਚ ਸੱਭ ਤੋਂ ਵੱਧ ਰਿਸ਼ਵਤ ਚਲਦੀ ਹੈ ਇਸ ਮਗਰੋਂ ਬਿਹਾਰ, ਝਾਰਖੰਡ, ਯੂਪੀ, ਤੇਲੰਗਾਨਾ ਤੇ ਕਰਨਾਟਕ ਦਾ ਨੰਬਰ ਆਉਂਦਾ ਹੈ। ਪੰਜਾਬ  ਦਾ ਨੰਬਰ ਸੱਤਵਾਂ ਹੈ ਤੇ ਹਰਿਆਣਾ ਪੰਜਾਬ ਨਾਲੋਂ ਬੇਹਤਰ ਸਥਿਤੀ ‘ਚ ਹੈ ਜੋ ਦੇਸ਼ ਦੇ ਸਰਵੇਖਣ ਵਾਲੇ ਸੂਬਿਆਂ ਚੋਂ 14ਵੇਂ ਨੰਬਰ ‘ਤੇ ਹੈ।

ਇਸ ਸਰਵੇਖਣ ‘ਚ ਇਹ ਤੱਥ ਸਾਹਮਣੇ ਆਏ ਕਿ ਸੱਭ ਤੋਂ ਵੱਧ ਰਿਸ਼ਵਤ ਮਾਲ ਮਹਿਕਮੇਂ ‘ਚ ਹੁੰਦੀ ਹੈ ਤੇ ਇਸ ਤੋਂ ਮਗਰੋਂ ਪੁਲਿਸ ਤੇ ਨਗਰ ਨਿਗਮ ਆਉਂਦੇ ਹਨ। ਬਾਕੀ ਮਹਿਕਮਿਆਂ ਵਿੱਚ ਵੀ ਰਿਸ਼ਵਤ ਆਪਣਾ ਕੰਮ ਕਰ ਰਹੀ ਹੈ ਭਾਵੇਂ ਉਥੇ ਇਸ ਦੀ ਦਰ ਘੱਟ ਹੈ।

ਰਿਸ਼ਵਤ ਨੇ ਸਾਡੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਇਸ ਨੂੰ ਖਤਮ ਕਰਨ ਲਈ ਬਹੁਤ ਵੱਡੇ ਜਿਗਰੇ ਦੀ ਲੋੜ ਹੈ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ ਨਹੀਂ ਤਾਂ ਦੇਸ਼ ਦੀ ਵੱਡੀ ਗਿਣਤੀ ਅਗਲੇ ਕੁਝ ਸਾਲਾਂ ‘ਚ ਗਰੀਬੀ ਰੇਖਾ ਤੋਂ ਹੇਠਾਂ ਚਲੀ ਜਾਵੇਗੀ ਤੇ ਫਿਰ ਗਰੀਬੀ ਰੇਖਾ ਤੋਂ ਵੀ ਹੇਠਾਂ ਇਕ ਹੋਰ ਰੇਖਾ ਨਿਸ਼ਚਿਤ ਕਰਨੀ ਪਏਗੀ ਜਿਸ ਵਿੱਚ ਜੀਣ ਵਾਲ਼ੇ ਲੋਕ ਸਿਰਫ਼ ਕੀੜੇ ਮਕੌੜਿਆਂ ਵਾਂਗ ਹੀ ਰਹਿਣ ਵਾਲੇ ਹੋਣਗੇ। ਵੈਸੇ ਹੁਣ ਵੀ  ‘ਮੇਰੇ 140 ਕਰੋੜ ਦੇਸ਼ਵਾਸੀਆਂ’ ਦੀ ਵੱਡੀ ਗਿਣਤੀ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ।

ਵਿਸ਼ਵ-ਬੈਂਕ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ 10 ਫ਼ੀਸਦ ਲੋਕ ਭਾਵ 14 ਕਰੋੜ ਲੋਕ 175 ਰੁ: ਪ੍ਰਤੀ ਦਿਨ ਦੀ ਆਮਦਨ ਨਾਲ਼ ਹੀ ਜਿਉਂ ਰਹੇ ਹਨ। ਰਿਪੋਰਟ ਅਨੁਸਾਰ ਮਹਾਂਮਾਰੀ ਦੇ ਸਾਲ 2020 ਦੌਰਾਨ ਲੱਗਭੱਗ ਸਾਢੇ ਪੰਜ ਕਰੋੜ ਭਾਰਤੀ ਗਰੀਬੀ ਰੇਖਾ ‘ਚ ਧੱਕੇ ਗਏ ਸਨ। ਸਾਡਾ ਦੇਸ਼ ਗਰੀਬ ਨਹੀਂ ਬਲਕਿ ਇਸ ਨੂੰ ਚਲਾਉਣ ਵਾਲੇ ਨੇਤਾ ਤੇ ਅਫ਼ਸਰਸ਼ਾਹੀ ਹੀ ਭ੍ਰਿਸ਼ਟਾਚਾਰ ਦੀ ਦਲਦਲ ‘ਚ ਧੱਸ ਚੁੱਕੀ ਹੈ। ਇਸ ਨਾਮੁਰਾਦ ਬਿਮਾਰੀ ਤੋਂ ਦੇਸ਼ ਨੂੰ ਬਚਾਉਣ ਲਈ ਸਾਨੂੰ ਉਨ੍ਹਾ ਮੁਲਕਾਂ ਦੇ ਤਜਰਬਿਆਂ ਤੇ ਉਨ੍ਹਾਂ ਦੇ ਮਾਡਲਾਂ ਤੋਂ ਸਬਕ ਲੈਣਾ ਚਾਹੀਦਾ ਹੈ ਜੋ ਦੁਨੀਆਂ ਵਿੱਚ ਭਰਿਸ਼ਾਟਾਚਾਰ ਨੂੰ ਖੁੰਜੇ ਲਈ ਬੈਠੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button