EDITORIAL

ਅਧੂਰਾ ਪੰਜਾਬ ਮੰਤਰੀ ਮੰਡਲ

ਅਮਰਜੀਤ ਸਿੰਘ ਵੜੈਚ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ 15 ਅਪ੍ਰੈਲ ਨੂੰ ਇਕ ਮਹੀਨਾ ਹੋ ਜਾਵੇਗਾ। ‘ਆਪ’ ਪਾਰਟੀ ਦੀ ਕੋਸ਼ਿਸ਼ ਲੱਗਦੀ ਹੈ ਕਿ ਜਿਹੜੇ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਨ ਉਨ੍ਹਾਂ ਨੂੰ ਜੇ ਪੂਰਿਆ ਨਾ ਵੀ ਏਨੀ ਜ਼ਲਦੀ ਕੀਤਾ ਜਾ ਸਕੇ ਤਾਂ ਘੱਟੋ-ਘੱਟ ਇੰਜ ਜ਼ਰੂਰ ਲੱਗਣਾ ਚਾਹੀਦਾ ਹੈ ਕਿ ਸਰਕਾਰ ਕੁਝ ਨਾ ਕੁਝ ਤਾਂ ਕਰ ਰਹੀ ਹੈ ਭਾਵ ਮਾਨ ਸਾਹਿਬ ਭੱਜ-ਦੌੜ ‘ਚ ਕੋਈ ਕਸਰ ਨਹੀਂ ਛੱਡ ਰਹੇ।ਆਪ ਨੇ ਪੰਜਾਬੀਆਂ ਨਾਲ 35 ਹਜ਼ਾਰ ਨਵੀਆਂ ਨੌਕਰੀਆਂ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਤਾਂ ਮਾਨ ਮੰਤਰੀ-ਮੰਡਲ ਹੀ ਅਧੂਰਾ ਹੈ। ਪੰਜਾਬ ਮੰਤਰੀ ਮੰਡਲ ਵਿੱਚ ਹੀ ਹਾਲੇ ਸੱਤ ਆਸਾਮੀਆਂ ਖਾਲੀ ਪਈਆਂ ਹਨ। ਮੁੱਖ ਮੰਤਰੀ ਨੇ ਆਪਣੇ ਕੋਲ 28 ਮਹਿਕਮੇ ਰੱਖੇ ਹਨ ਅਤੇ ਉਹ ਵੀ ਬਹੁਤ ਮਹੱਤਵ ਵਾਲੇ ਮਹਿਕਮੇ ਹਨ। ਕੀ ਕਾਰਨ ਹੈ ਕਿ ਬਾਕੀ ਸੱਤ ਮੰਤਰੀ ਕਿਉਂ ਨਹੀਂ ਬਣਾਏ ਗਏ ?

ਖੇਤੀਬਾੜੀ ਪੰਜਾਬ ਲਈ ਇਕ ਬਹੁਤ ਹੀ ਮਹੱਤਵਪੂਰਨ ਮਹਿਕਮਾ ਹੈ ਪਰ ਮੌਜੂਦਾ ਮੰਤਰੀ ਮੰਡਲ ਖੇਤੀਬਾੜੀ ਮੰਤਰੀ ਤੋਂ ਵਾਂਝਾ ਹੈ। ਪੰਜਾਬ ਪਿਛਲੇ 20 ਸਾਲਾਂ ਤੋਂ ਖੇਤੀਬਾੜੀ ਮੰਤਰੀ ਨੂੰ ਤਰਸ ਰਿਹਾ ਹੈ। ਇਸ ਦੌਰਾਨ ਸਿਰਫ ਚੰਨੀ ਸਰਕਾਰ ਸਮੇਂ ਹੀ ਤਿੰਨ ਮਹੀਨਿਆਂ ਲਈ ਕਾਕਾ ਰਣਦੀਪ ਸਿੰਘ ਨਾਭਾ’ ਖੇਤੀ ਮੰਤਰੀ ਪੰਜਾਬ ਨੂੰ ਨਸੀਬ ਹੋਏ। ਕੈਪਟਨ ਦੀ 2002-2007 ਅਤੇ ਫਿਰ 2017-2022 ,ਬਾਦਲ ਸਰਕਾਰ 2007-2017 ਸਮੇਂ ਇਹ ਮਹਿਕਮਾ ਮੁੱਖ-ਮੰਤਰੀਆਂ ਕੋਲ ਹੀ ਰਿਹਾ। ਇਹ ਹੈਰਾਨ ਕਰਨ ਵਾਲੀ ਗੱਲ ਹੀ ਹੈ ਕਿ ਪਾਰਟੀਆਂ ਕੋਲ ਖੇਤੀ ਵਿਭਾਗ ਵਾਸਤੇ ਕੋਈ ਉਮੀਦਵਾਰ ਹੀ ਨਹੀਂ ਹੁੰਦਾ ਜਦੋਂ ਕਿ ਹਰ ਵਾਰੀ ਵੱਡੀ ਗਿਣਤੀ ਵਿੱਚ ਐੱਮਐੱਲਏ ਪੇਂਡੂ ਅਤੇ ਕਿਸਾਨ ਪਰਿਵਾਰਾਂ ਤੋਂ ਹੀ ਆਉਂਦੇ ਹਨ।

ਮਾਨ ਸਰਕਾਰ ਬਹੁਤ ਸਾਰੇ ਕੰਮ ਕਰਨਾ ਚਾਹੁੰਦੀ ਹੈ। ਇਹ ਇਸ ਤੱਥ ਤੋਂ ਸਪੱਸ਼ਟ ਹੋ ਰਿਹਾ ਕਿ ਤਕਰੀਬਨ ਹਰ ਹਫ਼ਤੇ ਨਵੇਂ ਨਵੇਂ ਫਰਮਾਨ ਜਾਰੀ ਹੋ ਰਹੇ ਹਨ। ਲੋਕਾਂ ਨੂੰ ਵੀ ਸਰਕਾਰ ਤੋਂ ਬਹੁਤ ਆਸਾਂ ਹਨ। ਸਵਾਲ ਇਹ ਹੈ ਕੀ ਬਿਨਾਂ ਪੂਰੇ ਮੰਤਰੀ ਮੰਡਲ ਤੋਂ ਸਰਕਾਰ ਕੰਮ ਕਰ ਸਕੇਗੀ ? ਕੀ ਜਿਹੜੇ ਵਿਧਾਇਕ ਚੁਣ ਕੇ ਆਏ ਹਨ ਉਨ੍ਹਾਂ ਅੰਦਰ ਰੋਸ ਨਹੀਂ ਪੈਦਾ ਹੋਵੇਗਾ ? ਇਸ ਬਾਰੇ ਤਾਂ ਪਹਿਲੇ ਮੰਤਰੀ ਮੰਡਲ ਦੇ ਸੌਂਹ ਚੁਕਣ ਵਾਲੇ ਦਿਨ ਤੋਂ ਹੀ ਸੰਕੇਤ ਮਿਲ ਗਏ ਸਨ ਜਦੋਂ ਸਿਰਫ਼ 10 ਮੰਤਰੀਆਂ ਨੇ ਸੌਂਹ ਚੁੱਕੀ ਸੀ ਕਿਉਂਕਿ ਉਸ ਵਿੱਚ ਸਿਰਫ਼ ਦੋ ਹੀ ਦੂਜੀ ਵਾਰ ਚੁਣੇ ਐੱਮੈੱਐੱਲਏ ਸਨ ‘ਤੇ ਬਾਕੀ ਅੱਠ ਪਹਿਲੀ ਵਾਰ ਵਿਧਾਨ ਸਭਾ ਦੀਆਂ ਸੀਟਾਂ ਤੱਕ ਪਹੁੰਚੇ ਸਨ।

ਕੀ ਕਾਰਨ ਹੈ ਕੇਜਰੀਵਾਲ ਮੁੱਖ-ਮੰਤਰੀ ਨੂੰ ਮੰਤਰੀ ਮੰਡਲ ਦਾ ਵਿਸਥਾਰ ਕਿਉਂ ਨਹੀਂ ਕਰਨ ਦੇ ਰਹੇ ? ਜਿਹੜੇ ਵਿਧਾਇਕ ਦੂਜੀ ਵਾਰ ਚੁੱਣਕੇ ਆਏ ਹਨ ਉਨ੍ਹਾਂ ਦੇ ਹਲਕੇ ਦੇ ਲੋਕਾਂ ਸਾਹਵੇਂ ਵੀ ਉਨ੍ਹਾਂ ਦੀ ਸਥਿਤੀ ਹਾਸੋਹੀਣੀ ਬਣਾਉਣ ਵਾਲੀ ਗੱਲ ਹੈ ਕਿਉਂਕਿ ਇਹ ਆਮ ਧਾਰਨਾ ਹੈ ਕਿ ਸੀਨੀਅਰ ਵਿਧਾਇਕਾਂ ਨੂੰ ਹੀ ਮੰਤਰੀਆਂ ਦੀਆਂ ਝੰਡੀ ਵਾਲੀਆਂ ਕਾਰਾਂ ਦੇ ‘ਝੂਟੇ’ ਦਿਤੇ ਜਾਣ ਦੀ ਰਵਾਇਤ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਬਹੁਤੇ ਵਿਧਾਇਕ ਪਹਿਲੀ ਵਾਰ ਚੁਣਕੇ ਆਏ ਹਨ ਸੋ ਉਨ੍ਹਾਂ ਕੋਲ ਤਜਰਬਾ ਨਹੀਂ ਹੈ, ਗੱਲ ਠੀਕ ਪਰ ਜੇਕਰ ਕਿਸੇ ਨੂੰ ਮੌਕਾ ਮਿਲੇਗਾ ਤਾਂ ਹੀ ਤਜ਼ਰਬਾ ਹੋਵੇਗਾ। ਨਵੇਂ ਵਿਧਾਇਕਾਂ ਨੂੰ ਸਿਖਾਉਣ ਲਈ ਰਿਟਾਇਰਡ ਇਮਾਨਦਾਰ ਡਿਪਲੋਮੈਟ, ਸੀਨੀਅਰ ਆਈਏਐੱਸ/ਆਈਪੀਐੱਸ/ਪੀਸੀਐੱਸ/ਪੀਪੀਐੱਸ/ ਅਫ਼ਸਰਾਂ ਦੀ ਮਦਦ ਲਈ ਜਾ ਸਕਦੀ ਹੈ। ਉਂਝ ਮੁੱਖ ਮੰਤਰੀ ਭਗਵੰਤ ਮਾਨ ਵੀ ਤਾਂ ਪਹਿਲੀ ਵਾਰ ਹੀ ਚੁਣਕੇ ਆਏ ਹਨ। ਮੰਤਰੀ ਮੰਡਲ ਦਾ ਪੂਰੀ ਸਮਰੱਥਾ ਵਿੱਚ ਕੰਮ ਕਰਨਾ ਜ਼ਰੂਰੀ ਹੈ। ਆਪ ਦੇ ਸੀਨੀਅਰ ਲੀਡਰਾਂ ਦੀ ਚੁੱਪ ਨੂੰ ਪੜ੍ਹਨ ਦੀ ਲੋੜ ਹੈ। ਕਿਤੇ-ਕਿਤੇ ਘੁਸਰ-ਮੁਸਰ ਹੋਣੀ ਸ਼ੁਰੂ ਵੀ ਹੋ ਗਈ ਹੈ। ਹੁਣ ਵੇਖਣਾ ਇਹ ਹੈ ਕਿ ਇਸ ਹਿਲਜੁਲ ਦੇ ਅਰਥ ‘ਆਪ ਸੁਪਰੀਮੋ’ ਕੀ ਸਮਝਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button