EDITORIAL

ਸੁਖਬੀਰ ਦੀ ‘ਮੁਆਫ਼ੀ’ ਦੇ ਅਰਥ, ਬਾਦਲ ਸਮੇਂ ਕਿਉਂ ਚੁੱਪ ਸੀ ਲੀਡਰ ?

ਸਿਖ ਸਿਆਸਤ ਸਦਾ ਵੰਡੀ ਤੇ ਭੰਡੀ

ਅਮਰਜੀਤ ਸਿੰਘ ਵੜੈਚ (94178-01988)

ਕੱਲ੍ਹ ਅੰਮ੍ਰਿਤਸਰ ‘ਚ ਸ੍ਰ; ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਮੌਕੇ ਬੋਲਦਿਆਂ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਖ ਪੰਥ ਨੂੰ ਇਕ ‘ਝੰਡੇ’ ਥੱਲੇ ਇਕੱਠਾ ਹੋਣ ਦਾ ਸੱਦਾ ਦਿਤਾ ਹੈ ਤਾਂ ਕੇ ਸਿਖਾਂ ਤੇ ਪੰਜਾਬ ਦੇ ਮਸਲੇ ਹੱਲ ਕਰਵਾਏ ਜਾ ਸਕਣ ; ਇਸ ਤੋਂ ਪਹਿਲਾਂ ਸਵਰਗੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਸਮੇਂ ਉਨ੍ਹਾਂ ਨੇ ਹੱਥ ਜੋੜਕੇ ਕਿਹਾ ਕਿ ਸੀ ” ਮੈ ਹੱਥ ਜੋੜਕੇ ਮੁਆਫ਼ੀ ਵੀ ਮੰਗਣਾ ਚਾਹੁਨੈ ‘ਜੇ ‘ ਮੈਥੋਂ ,ਸਾਡੇ ਪਰਿਵਾਰ ਤੋਂ ਜਾਂ ਬਜੁਰਗਾਂ ਤੋਂ ਕਿਤੇ ਵੀ ਕੋਈ ਗ਼ਲਤੀ ਹੋਈ ਹੋਵੇ , ਜਾਣੇ ਅਣਜਾਣੇ ਕੁਛ ਵੀ ਗ਼ਲਤੀ ਹੋਈ ਹੋਵੇ ਸਾਨੂੰ ਮਾਫ਼ ਕਰ ਦਿਓ “, ਤੇ ਇਸ ਮੌਕੇ ‘ਤੇ ਉਨ੍ਹਾਂ ਪੰਜਾਬ ‘ਚ ਫਿਰਕੂ ਇਕਸੁਰਤਾ ਲਈ ਕੰਮ ਕਰਨ ਤੇ ਪਾਰਟੀ ਨੂੰ ਬਾਦਲ ਸਾਹਿਬ ਵਾਂਗ ਚਲਾਉਣ ਦੀ ਕੋਸ਼ਿਸ਼ ਕਰਨ ਦੀ ਵੀ ਇਛਾ ਜ਼ਾਹਿਰ ਕੀਤੀ ।

ਹੁਣ ਸਵਾਲ ਉਠਦਾ ਹੈ ਕਿ ਕੀ ਸੁਖਬੀਰ ਬਾਦਲ ਇਸ ਪਾਰਟੀ ਨੂੰ ਆਪਣੇ ਪਿਤਾ ਵਾਂਗ ਇਕ ਜੁੱਟ ਕਰਕੇ ਫਿਰ ਮਜਬੂਤ ਕਰ ਸਕਣਗੇ ? ਕੀ ਸਾਰੇ ਆਕਾਲੀ ਦਲ ਇਕ ‘ਝੰਡੇ ‘ਥੱਲੇ ਇਕੱਠੇ ਹੋਣ ਲਈ ਤਿਆਰ ਹੋ ਜਾਣਗੇ ? ਕੀ ਬਾਦਲ ਪਰਿਵਾਰ ਉੱਤੇ ‘ਪਰਿਵਾਰ ਪਹਿਲਾਂ ਤੇ ਪੰਥ ਮਗਰੋਂ’ ਦੇ ਲਗਦੇ ਦੋਸ਼ਾਂ ਤੋਂ ਸੁਖਬੀਰ ਬਾਦਲ ਕਲੀਨ ਚਿਟ ਲੈ ਸਕਣਗੇ ? ਕੀ ਪਿਛਲੇ ਵਰ੍ਹੇ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲ਼ੀ ਇਤਿਹਾਸਿਕ ਨਮੋਸ਼ੀ ਵਾਲ਼ੀ ਹਾਰ ਮਗਰੋਂ ਪਾਰਟੀ ਲੀਡਰਸ਼ਿਪ ਬਦਲਣ ਦਾ ਮੁੱਦਾ ਫਿਰ ਉੱਠੇਗਾ ਤੇ ਕੀ ਸੁਖਬੀਰ ਬਾਦਲ ਉਸਦਾ ਸਾਹਮਣਾ ਕਰ ਸਕੇਗਾ ? ਕੀ ਪਾਰਟੀ ਵਿੱਚ ਬਹੁਤ ਸੀਨੀਅਰ ਲੀਡਰ ਆਪਣੇ ਬਹੁਤ ਜੂਨੀਅਰ ਨੇਤਾ ਦੀ ਅਗਵਾਈ ‘ਚ ਚੱਲਣ ਲਈ ਸਹਿਮਤ ਹੋ ਜਾਣਗੇ ? ਜੇ ਪਾਰਟੀਆਂ ਇਕੱਠੀਆਂ ਹੋ ਵੀ ਜਾਣ ਤਾਂ ਉਸ ਏਕਤਾ ਵਾਲ਼ੇ ‘ਝੰਡੇ’ ਨੂੰ ਕਿਸ ਲੀਡਰ ਦਾ ਮੋਢਾ ਮਿਲ਼ੇਗਾ ?

ਇਸ ਵਕਤ ਸਿਖ ਸਿਆਸਤ ਕਈ ਉਲਝਣਾਂ ‘ਚ ਫਸੀ ਹੋਈ ਹੈ ; ਪਹਿਲਾ ਤਾਂ ਇਹ ਕਿ ਸਿਖਾਂ ਦੀਆਂ ਕਈ ਰਾਜਨੀਤਿਕ ਪਾਰਟੀਆਂ ਬਣੀਆਂ ਹੋਈਆਂ ਹਨ : ਸ਼੍ਰੋਮਣੀ ਆਕਾਲੀ ਦਲ (ਬਾਦਲ),ਸ਼੍ਰੋਮਣੀ ਆਕਾਲੀ ਦਲ(ਅੰਮ੍ਰਿਤਸਰ),ਸ਼੍ਰੋਮਣੀ ਆਕਾਲੀ ਦਲ ( ਲੌਂਗੋਵਾਲ਼),ਸ਼੍ਰੋਮਣੀ ਆਕਾਲੀ ਦਲ(ਸੰਯੁਕਤ)ਸ਼੍ਰੋਮਣੀ ਆਕਾਲੀ ਦਲ(1920) ਸ਼੍ਰੋਮਣੀ ਆਕਾਲੀ ਦਲ(ਟਕਸਾਲੀ),ਸ਼੍ਰੋਮਣੀ ਆਕਾਲੀ ਦਲ (ਫੇਰੂਮਾਨ), ਸ਼੍ਰੋਮਣੀ ਅਕਾਲੀ ਦਲ( ਤਾਰਾ ਸਿੰਘ) । ਇਸ ਤੋਂ ਪਹਿਲਾਂ ਕਈ ਅਕਾਲੀ ਦਲ ਬਣੇ ਤੇ ਖਤਮ ਹੋ ਗਏ ; ਕੈਪਟਨ ਅਮਰਿੰਦਰ ਸਿੰਘ ਨੇ ਵੀ 1992 ‘ਚ ਇਕ ਆਕਾਲੀ ਦਲ(ਪੰਥਕ) ਬਣਾਇਆ ਸੀ ; ਜਦੋਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਕਾਲੀ ਦਲ ‘ਚੋਂ ਕੱਢ ਦਿਤਾ ਤਾਂ ਟੌਹੜਾ ਸਾਹਿਬ ਨੇ ਵੀ ਸਰਬ ਹਿੰਦ ਆਕਾਲੀ ਦਲ ਬਣ ਲਿਆ ਸੀ ।

ਤਤਕਾਲੀ ਜੱਥੇਦਾਰ ਪ੍ਰੋ: ਮਨਜੀਤ ਸਿੰਘ ਨੇ ਜਦੋਂ 1994 ‘ਚ ਸਾਰੇ ਅਕਾਲੀ ਦਲ ਇਕੱਠੇ ਕਰਨ ਲਈ ਸ੍ਰੀ ਆਕਾਲ ਤਖਤ ਸਾਹਿਬ ‘ਤੇ ਇਕ ਇਕੱਠ ਸੱਦਿਆ ਤਾਂ ਉਸ ਵਕਤ ਪਰਕਾਸ਼ ਸਿੰਘ ਬਾਦਲ ਨੇ ਜੱਥੇਦਾਰ ਦੇ ਪ੍ਰਸਤਾਵ ਨੂੰ ਠੁਕਰਾਕੇ ਸ਼੍ਰੋਮਣੀ ਆਕਾਲੀ ਦਲ ਭੰਗ ਕਰਨ ਤੋਂ ਇਨਕਾਰ ਕਰ ਦਿਤਾ । ਇਹ ਗੱਲਾਂ ਵੀ ਨਿਕਲ਼ਕੇ ਬਾਹਰ ਆਈਆਂ ਕਿ ਇਸ ਇਕੱਠ ‘ਚ ਸੀਨੀਅਰ ਲੀਡਰਾਂ ਤੇ ਜੱਥੇਦਾਰ ਦਰਮਿਆਨ ਭਖਵੀ ਬਹਿਸ ਵੀ ਹੋਈ ਸੀ ।

ਇਸ ਵਕਤ ਸਿਖ ਸਿਆਸਤ ‘ਚ ਸਥਿਤੀਆਂ ਬੜੀਆਂ ਉਲਝ ਚੁੱਕੀਆਂ ਹਨ । ਕੀ ਸਾਰੇ ਸਿਖ ਰਾਜਨੀਤਕ ਦਲ ਸ੍ਰੀ ਆਕਾਲ ਤਖਤ ਸਾਹਿਬ ਦੀ ਰਹਿਨੁਮਾਈ ‘ਚ ਇਕ ਹੋ ਸਕਦੇ ਹਨ ਜਿਸ ਦੇ ਜੱਥੇਦਾਰ ਸਾਹਿਬ ‘ਤੇ ਇਹ ਕਹਿਕੇ ਉਂਗਲ਼ਾਂ ਉੱਠ ਰਹੀਆਂ ਹਨ ਕਿ ਗਿਆਨੀ ਹਰਪ੍ਰੀਤ ਸਿੰਘ , ਬਾਦਲ ਪਰਿਵਾਰ ਦੀ ਹੀ ਪੁਸ਼ਤਪਨਾਹੀ ਕਰਦੇ ਹਨ ? ਕੀ ਜੱਥੇਦਾਰ ਇਸ ਸਥਿਤੀ ਨੂੰ ਸਪੱਸ਼ਟ ਕਰਕੇ ਸਿਖਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਕਰ ਸਕਣਗੇ ? ਇਹ ਬੜਾ ਵੱਡਾ ਸਵਾਲ ਹੈ ਜਿਸ ਦਾ ਜਵਾਬ ਹਾਲੇ ਮਿਲਣਾ ਸੰਭਵ ਨਹੀਂ ਲੱਗਦਾ !
ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਇਕ ‘ਝੰਡੇ’ ਹੇਠ ਇਕੱਠੇ ਹੋ ਕੇ ਸਿਖ ਤੇ ਪੰਜਾਬ ਮਸਲਿਆਂ ਨੂੰ ਨਜਿਠਣ ਦੀ ਗੱਲ ਕੀਤੀ ਹੈ ਉਸ ਤੋਂ ਤਾਂ ਇਹ ਹੀ ਲੱਗਦਾ ਹੈ ਕਿ ਉਹ ਉਸ ‘ਝੰਡੇ’ ਨੂੰ ਆਪਣੇ ਕੋਲ਼ ਰੱਖਣਾ ਚਾਹੁੰਦੇ ਹਨ ਤੇ ਆਪਣੇ ਪਿਤਾ ਦੀ ਵਿਰਾਸਤ ਨੂੰ ਵਰਤ ਕੇ ਪਾਰਟੀ ਨੂੰ ਆਪ ਹੀ ਅਗਵਾਈ ਦੇਣ ਦੀ ਉਨ੍ਹਾਂ ਦੀ ਇਛਾ ਸਪੱਸ਼ਟ ਹੈ ।

ਇਹ ਵੀ ਸੁਣਨ ‘ਚ ਆਉਂਦਾ ਰਿਹਾ ਕਿ ਬਹੁਤੇ ਲੀਡਰ ਤਾਂ ਸਿਰਫ਼ ‘ਵੱਡੇ ਬਾਦਲ ਸਾਹਿਬ’ ਦੇ ਮੂੰਹ ਨੂੰ ਹੀ ਚੁੱਪ ਸਨ ਤੇ ਬਾਦਲ ਸਾਹਿਬ ਦੇ ਅੱਖਾਂ ਮੀਟਣ ਮਗਰੋਂ ਉਨ੍ਹਾਂ ‘ਚੋਂ ਕਈ ਆਪੋ-ਆਪਣੇ ‘ਝੰਡੇ’ ਬੁਲੰਦ ਕਰਨ ਦੇ ਸੁਪਨੇ ਲੈਣ ਲੱਗ ਪੈਣਗੇ । ਕੀ ਆਕਾਲੀ ਦਲ ਇਕੱਠੇ ਹੋਣਗੇ ਜਾਂ ਫਿਰ ਇਕ ਆਕਾਲੀ ਦਲ ਹੋਰ ‘ਗੁੜ੍ਹਤੀ’ ਲੈਣ ਦੀਆਂ ਤਿਆਰੀਆਂ ਕਰ ਰਿਹਾ ਹੈ ?

ਸੁਖਬੀਰ ਹੁਰਾਂ ਭਾਵੇਂ ਆਪਣੀ ਮੁਆਫ਼ੀ ਸਮੇਂ ‘ਬੇਅਦਬੀ ‘ ਦੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਪਰ ਉਹ ਦਰਅਸਲ ਕਹਿਣਾ ਏਹੀ ਚਾਹੁੰਦੇ ਸਨ ; ਲੋਕਾਂ ‘ਚ ਇਹ ਪ੍ਰਭਾਵ ਗਿਆ ਹੋਇਆ ਹੈ ਕਿ 2015 ਦੀਆਂ ‘ਬੇਅਦਬੀ’ ਦੀਆਂ ਘਟਨਾਵਾਂ ਸਮੇਂ ਪੰਜਾਬ ‘ਚ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਉਨ੍ਹਾਂ ਘਟਨਾਵਾਂ ਨੂੰ ਪੰਜਾਬ ਸਰਕਾਰ ਸਹੀ ਤਰ੍ਹਾਂ ਨਜਿਠਣ ‘ਚ ਬੁਰੀ ਤਰ੍ਹਾਂ ਫ਼ੇਲ ਹੋਈ ਸੀ । ਉਸ ਮਗਰੋਂ ਆਈਆਂ ਸਰਕਾਰਾਂ ਵੀ ਉਨ੍ਹਾਂ ਘਟਨਾਵਾਂ ਦੇ ਦੋਸ਼ੀ ਲੱਭਣ ਤੇ ਉਨ੍ਹਾਂ ਨੂੰ ਸਜ਼ਾਵਾਂ ਦੁਆਉਣ ਦੇ ਮਾਮਲੇ ‘ਚ ਚਿਤ ਹੋ ਗਈਆਂ । ਹੁਣ ਵੀ ਸੁਖਬੀਰ ‘ਜੇ’ ਲਾਕੇ ਹੀ ਗੱਲ ਕਰ ਰਹੇ ਹਨ । ਹੁਣ ਸਮਾਂ ਹੀ ਦੱਸੇਗਾ ਕਿ ਕੀ ਲੋਕਾਂ ਨੇ ਉਨ੍ਹਾਂ ਨੂੰ ਮੁਆਫ਼ ਕੀਤਾ ਹੈ ਕਿ ਨਹੀਂ ? ਹਾਂ ! ਜਲੰਧਰ ਜ਼ਿਮਨੀ ਚੋਣ ‘ਚ ਹਾਲੇ ਮੁਆਫ਼ੀ ਨਹੀਂ ਮਿਲ਼ਦੀ ਲਗਦੀ ।

ਪੰਜਾਬ ਤੇ ਸਿਖ ਵਿਰੋਧੀ ਏਜੰਸੀਆਂ ਹਮੇਸ਼ਾ ਆਪਣੀਆਂ ਚਾਲਾਂ ਚਲਦੀਆਂ ਰਹਿਣਗੀਆਂ ਕਿ ਸਿਖ ਸਿਆਸਤ ਸਦਾ ਵੰਡੀ ਰਹੇ ਕਿਉਂਕਿ ਇਸ ਵਿੱਚ ਹੀ ਉਨ੍ਹਾਂ ਤਾਕਤਾਂ ਨੂੰ ਰਾਜਨੀਤਿਕ ਫ਼ਾਇਦਾ ਹੈ । ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਵੀ ਸਿਖਾਂ ਨੇ ਰਾਜਨੀਤਿਕ ਤੌਰ ‘ਤੇ ਇਕੱਠੇ ਹੋਣ ਦੀ ਹਿੰਮਤ ਕੀਤੀ ਹੈ ਤਾਂ ਉਨ੍ਹਾਂ ਨੂੰ ਟੁਕੜਿਆਂ ‘ਚ ਵੰਡਿਆਤੇ ਭੰਡਿਆ ਗਿਆ ਹੈ । ਸਿਖਾਂ ਦੇ ਲੀਡਰ ਵੀ ਸਮੇਂ-ਸਮੇਂ ਕੌਮ ਨੂੰ ਠਿਠ ਕਰਦੇ ਰਹੇ ਹਨ ।

ਇਸ ਵਕਤ ਸਿਖ ਸਿਆਸਤ ਦਾ ਬੜਾ ਵੱਡਾ ਇਮਤਿਹਾਨ ਹੈ ਕਿ ਕੀ ਉਸ ਦੇ ਆਗੂ ਕੋਈ ਸਮੂਹਿਕ ਐਕਸ਼ਨ ਲੈਣ ‘ਚ ਕਾਮਯਾਬ ਹੁੰਦੇ ਹਨ ਜਾਂ ਫਿਰ ਸਾਰੇ ਹੀ ਆਪੋ-ਆਪਣੀ ਚੌਧਰ ਜਮਾਉਣ ਦੇ ਭਰਮ ਪਾਲਣ ਦੇ ਸੁਪਨਿਆਂ ‘ਚ ਸਿਖ ਪੰਥ ਤੇ ਪੰਜਾਬ ਦੇ ਹਿਤਾਂ ਨੂੰ ਫਿਰ ਵੇਚ ਦੇਣਗੇ ? ਇਨ੍ਹਾਂ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਿਨਾ ਏਕੇ ਤੋਂ ਪੰਜਾਬ ਦੀਆਂ ਮੰਗਾਂ ਕਦੇ ਵੀ ਹੱਲ ਨਹੀਂ ਹੋਣਗੀਆਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button