EDITORIAL

ਅਤੀਤ ਤੋਂ ਸਬਕ ਲੈਣ ਦੀ ਲੋੜ , ਕੌਣ ਹਨ ਪੰਜਾਬ ਦੇ ਦਰਦੀ ਤੇ ਦੋਖੀ ?

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਦੀਆਂ ਵਰਤਮਾਨ  ਧਾਰਮਿਕ , ਰਾਜਨੀਤਿਕ   ਤੇ ਜਰਾਇਮ ਘਟਨਾਵਾਂ ਪੰਜਾਬ ਦੇ 1978 ਤੋਂ 1984 ਦੇ ਜ਼ਖ਼ਮਾਂ ਨੂੰ ਉਚੇੜ ਰਹੀ ਰਹੀਆਂ ਹਨ ! ਕਿਸਾਨ ਅੰਦੋਲਨ ਦੇ ਸਮਾਪਤ ਹੋਣ ਪਿਛੋਂ ਪੰਜਾਬ ਦੇ ਸਮੁੱਚੇ ਮਾਹੌਲ ‘ਚ ਇਸ ਕਦਰ ਹੱਲਚੱਲ ਹੋਈ ਹੈ ਕਿ ਇਹ ਕਿਆਫ਼ਾ ਲਾਉਣਾ ਸੌਖਾ ਹੋ ਗਿਆ ਹੈ ਕਿ ਹੁਣ  ਸਿਰਫ਼ ਪਾਤਰ ਹੀ ਬਦਲੇ ਹਨ ਪਰ ਦੁਬਾਰਾ ਫਿਰ 1984 ਦੇ ਦੁਖਾਂਤ ਤੋਂ ਪਹਿਲਾਂ ਵਾਲ਼ਾ ‘ਮੰਚ’  ਸੈੱਟ ਕਰ ਦਿਤਾ ਗਿਆ ਹੈ ।

ਉਸ ਵਕਤ ਸਿਖ ਸਮਾਜ ਨਾਲ਼ ਨਿਰੰਕਾਰੀਆਂ ਦਾ ਟਕਰਾ ਸੀ ਤੇ ਹੁਣ ਸਿਖ ਸਮਾਜ ਨਾਲ਼ ਡੇਰਾ ਸੱਚਾ ਸੌਦਾ  ਤੇ ਇਸਾਈ ਧਰਮ ਵਾਲ਼ਿਆਂ ਦਾ ਟਕਰਾ ਹੈ : ਉਸ ਵਕਤ ਸਿਖ ਸਮਾਜ ਦਾ ‘ਨਾਇਕ’ ਸੰਤ ਜਰਨੈਲ ਸਿੰਘ  ਭਿੰਡਰਾਂਵਾਲ਼ਾਂ ਸੀ ਤੇ ਹੁਣ  ਭਾਈ ਅੰਮ੍ਰਿਤਪਾਲ ਸਿੰਘ ਹੈ । ਸੰਤ ਭਿੰਡਰਾਂਵਾਲ਼ੇ ਇਕ ਦਮ ਹੀ 13 ਅਪ੍ਰੈਲ 1978 ਦੀ ਵਿਸਾਖੀ ਤੋਂ ਬਾਦ ਪੰਜਾਬ ਦੀ ਰਾਜਨੀਤੀ ਦੀ ਸਟੇਜ ‘ਤੇ ਪਰਗਟ ਹੋਏ ਸਨ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀਪ ਸਿਧੂ ਦੀ ਮੌਤ ਮਗਰੋਂ ਪੰਜਾਬ ‘ਚ   ਸਿਖ ਨੌਜਵਾਨਾਂ ਲਈ ਇਕ  ‘ਨਾਇਕ’ ਬਣਕੇ ਉਭਰ ਰਹੇ ਹਨ । ਸੰਤ ਜਰਨੈਲ ਸਿੰਘ 1978 ‘ਚ ਸਿਰਫ਼ 31 ਸਾਲਾਂ ਦੇ ਸਨ  ਤੇ ਭਾਈ ਅੰਮ੍ਰਿਤਪਾਲ ਸਿੰਘ ਹੁਣ  ਸਿਰਫ਼ 29 ਸਾਲਾਂ ਦੇ ਹਨ ।

ਮੌਜੂਦਾ ਸਥਿਤੀਆਂ ਤੋਂ ਸੰਕੇਤ ਮਿਲਣ ਲੱਗ ਪਏ ਹਨ  ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲ਼ੀ ਸੰਸਥਾ ‘ਵਾਰਿਸ ਪੰਜਾਬ ਦੇ’ ਜੋ  ਦੀਪ ਸਿਧੂ ਨੇ ਸਿਤੰਬਰ 2021 ‘ਚ ਬਣਾਈ ਸੀ , ਦਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ਼ ਟਕਰਾ ਵਧੇਗਾ ।  ਸਨਦੀਪ ਸਿੰਘ ਸਿਧੂ ਉਰਫ ਦੀਪ ਸਿਧੂ ਜੋ ਇਕ ਵਕੀਲ ਅਤੇ ਪੰਜਾਬੀ ਸਿਨੇਮਾ ਦਾ ਐਕਟਰ ਸੀ ਕਿਸਾਨ ਅੰਦੋਲਨ ਦੌਰਾਨ ਬਰਖਾ ਦੱਤ ,ਪੱਤਰਕਾਰ ਨਾਲ਼ ਇਕ  ਇੰਟਰਵਿਊ ‘ਚ ਫ਼ਰਾਟੇਦਾਰ ਇੰਗਲਿਸ਼ ਬੋਲਣ ਮਗਰੋਂ ਚਮਕਿਆ ਸੀ ‘ਤੇ ਫਿਰ 26 ਜਨਵਰੀ ਨੂੰ ਕਿਸਾਨ ਅੰਦੋਲਨ ਵੱਲੋਂ ‘ਟ੍ਰੈਕਟਰ ਮਾਰਚ’ ਨੂੰ ਲਾਲ ਕਿਲੇ ਵੱਲ ਲੈਕੇ ਜਾਣ ਮਗਰੋਂ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਲਹਿਰਾਉਣ ਨਾਲ਼ ਮੀਡੀਆ ਦੀਆਂ ਸੁਰਖੀਆਂ ‘ਚ ਚਮਕਿਆ ਸੀ । ਦੀਪ ਸਿਧੂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝਲਾਉਣ ਮਗਰੋਂ ਬੜੇ ਖ਼ਾਸ ਅੰਦਾਜ਼ ‘ਚ ਇਕ ਮੋਟਰ  ਸਾਇਕਲ ‘ਤੇ ਬੈਠ ਕੇ  ਜਦੋਂ ਭੱਜਦਾ ਹੈ ਤਾਂ ਉਹ ਵੀਡੀਓ ਕੁਝ ਸਮਾਂ ਬਾਦ ਬਹੁਤ ਵਾਇਰਲ ਹੋਈ ਸੀ । ਇਹ ਸਵਾਲ ਕੀਤੇ ਜਾਂਦੇ ਹਨ ਕਿ ਦੀਪ ਸਿਧੂ ਐਡੀ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਵੱਡੀ ਗਿਣਤੀ ‘ਚ ਨੌਜਵਾਨਾਂ ਨੂੰ ਛੱਡਕੇ ਕਿਉਂ ਗਾਇਬ ਹੋ ਗਿਆ ?

ਦੀਪ ਸਿਧੂ ‘ਤੇ ਸਰਕਾਰੀ ਬੰਦਾ ਹੋਣ ਦੇ ਦੋਸ਼ ਲੱਗਦੇ ਰਹੇ ਹਨ ਕਿਉਂਕਿ ਦੀਪ ਨੇ ਬਾਲੀਵੁੱਡ ਦੇ ਧਰਮਿੰਦਰ ਦੀ ਇਕ ਫਿਲਮ ‘ਰਮਤਾ ਯੋਗੀ’ ‘ਚ ਕੰਮ ਕੀਤਾ ਸੀ ਤੇ ਧਰਮਿੰਦਰ ਦਾ ਪੁਤਰ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦਾ ਸੰਸਦ ਮੈਂਬਰ ਹੈ । ਦੀਪ ਸਿਧੂ ਸੰਨੀ ਦਿਓਲ ਦੀਆਂ ਚੋਣ ਰੈਲੀਆਂ ‘ਚ ਵੀ ਸੰਨੀ ਦੇ ਨਾਲ਼ ਨਜ਼ਰ ਆਉਂਦਾ ਰਿਹਾ ਸੀ ।

ਹੁਣ ਭਾਈ ਅੰਮ੍ਰਿਤਪਾਲ , ਦੀਪ ਸਿਧੂ ਦੀ ਸੰਸਥਾ ਦਾ ਮੁੱਖੀ ਹੈ  ਜਿਸ ਨੂੰ ਪਿੰਡ ਰੋਡੇ ‘ਚ ਇਕ ਵੱਡੇ ਇਕੱਠ ‘ਚ ਇਸ ਸੰਸਥਾ ਦੀ ਅਗਵਾਈ ਲਈ ਦਸਤਾਰ ਸਜਾਈ ਗਈ ਸੀ । ਰੋਡੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ  ਦਾ ਪਿੰਡ ਹੈ ।  ਅੰਮ੍ਰਿਤਪਾਲ ਸਿੰਘ  ਸਿਖਾਂ ਨੂੰ ਜਾਗਰੂਕ ਕਰਨ ਲਈ ਅੰਮ੍ਰਿਤਪਾਨ ਦੀ ਲਹਿਰ ਚਲਾ ਰਿਹਾ ਹੈ ਤੇ ਨਾਲ਼ ਦੀ ਨਾਲ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੰਮ ਕਰ ਰਿਹਾ ਹੈ । ਇਸਦੇ ਨਾਲ਼ ਹੀ ਉਹ ਸਿਖ ਧਰਮ ਨੂੰ ਛੱਡਕੇ ਗਏ ਪਰਿਵਾਰਾਂ ਨੂੰ ਵਾਪਸ ਸਿਖ ਧਰਮ ‘ਚ ਲਿਆਉਣ ਲਈ ‘ਘਰ ਵਾਪਸੀ’ ਲਹਿਰ ਵੀ ਚਲਾ ਰਿਹਾ ਹੈ । ਇਨ੍ਹਾਂ ਉਦੇਸ਼ਾਂ ‘ਚ ਉਹ ਸਫ਼ਲ ਵੀ ਹੋ ਰਿਹਾ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁਣਨ ਵਾਲ਼ੇ ਵੱਡੀ ਗਿਣਤੀ ‘ਚ ਇਕੱਠੇ ਹੁੰਦੇ ਹਨ ।

ਅੰਮ੍ਰਿਤਪਾਲ ਦੇ ਉਸ ਬਿਆਨ ਦਾ ਬਹੁਤ ਨੋਟਿਸ ਲਿਆ ਗਿਆ ਸੀ ਜਿਸ ‘ਚ ਉਸਨੇ ਜ਼ੀਰਾ ਫੈਕਟਰੀ ਦੇ ਧਰਨੇ ‘ਚ ਬੋਲਦਿਆਂ ਕਿਹਾ ਸੀ ” ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਐਨੀ ਸੰਗਤ ਐਥੇ ਇਕੱਠੀ ਹੋਈਐ  ਫੈਕਟਰੀ ਕਿਉਂ  ਬੰਦ ਨਹੀਂ ਹੋ ਰਹੀ , ਏਸ ਕਰਕੇ ਨਹੀਂ ਹੋ ਰਹੀ ਕਿ  ਸਾਡੇ ਅੰਦਰ ਭੈਅ,ਡਰ ਬੈਠਾ , ਸਰਕਾਰ ਦਾ , ਪਤਾ ਨਹੀਂ ਬਈ ਕਿਹੜੀ ਗੋਲ਼ੀ ਚੱਲ ਜਾਣੀ ਆ ..ਚਲਾ ਦੇਣਗੇ ਤਾਂ ਫਿਰ ਕੀ ਹੋਜੂਗਾ ..ਏਥੇ ਮੱਸਿਆਂ  ਲੱਗਣੋਂ  ਹਟਜੂਗੀ.. ਜੇ ਦੋ ਚਾਰ ਜਣੇ ਮਰ ਜਾਣਗੇ …ਹੈਰਾਨੀ ਦੀ ਗੱਲ ਹੈ ਕਿ ਜੱਟਾਂ ਜ਼ਿਮੀਦਾਰਾਂ  ਘਰਾਂ ‘ਚੋਂ ਆਏ ਜੇ, ਮਜ਼ਦੂਰਾਂ ਦੇ ਘਰਾਂ ‘ਚੋਂ  ਆਏ ਜੇ ..ਏਥੇ ਲਾਲਿਆਂ ਦੀਆਂ ਫੈਕਟਰੀਆਂ  ਸਾਡੇ ਕੋਲ਼ੋਂ ਬੰਦ ਨੀ ਹੋ ਰਹੀਆਂ “। ਅੰਮ੍ਰਿਤਪਾਲ ਪੰਜਾਬ ‘ਚ ਸ਼ਰਾਬ ਫੈਕਟਰੀਆਂ ਨੂੰ  ਇਕ ਸਾਜ਼ਿਸ਼ ਤਹਿਤ , ਸਿਖਾਂ ਦੀ ਕੀਤੀ ਜਾਣ ਵਾਲ਼ੀ ਨਸਲਕੁਸ਼ੀ ਵਜੋਂ ਵੇਖਦਾ ਹੈ ।

ਹੁਣ ਜਿਸ ਤਰ੍ਹਾਂ ਉਸ ਵਿਰੁਧ  ਅਜਨਾਲ਼ਾ ਪੁਲਿਸ ਨੇ  ਐੱਫ਼ਆਈਆਰ ਦਰਜ ਕੀਤੀ ਹੈ ਤੇ ਇਸ ਦੇ ਪ੍ਰਤੀਕਰਮ ਵਜੋਂ ਭਾਈ ਅੰਮ੍ਰਿਤਪਾਲ ਨੇ ਪੁਲਿਸ ਨੂੰ ਲਲਕਾਰਿਆ  ਹੈ ਉਸ ਤੋਂ ਲਗਦਾ ਹੈ ਕਿ ਅਗਲੇ ਦਿਨਾਂ ‘ਚ ਪੰਜਾਬ ਫਿਰ ਕਿਸੇ ਬਦਸ਼ਗਨੀ ਵੱਲ਼ ਵਧ ਰਿਹਾ ਹੈ । ਕੀ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਅਣਹੋਣੀ ਨੂੰ ਭਾਂਪ ਰਹੇ ਹਨ ? ਕੁਝ ਪੰਜਾਬ ਵਿਰੋਧੀ  ਸ਼ਕਤੀਆਂ ਪਹਿਲਾਂ ਹੀ ਇਥੇ ਅੱਗ ਲਾਉਣ ਦੀ ਤਿਆਰੀ ‘ਚ ਹਨ । ‘ ਵਾਰਿਸ ਪੰਜਾਬ ਦੇ ‘ ਮੁੱਖੀ ਵੱਲੋਂ ਅੰਮ੍ਰਿਤ ਸੰਚਾਰ, ਨਸ਼ਾ ਵਿਰੋਧੀ ਤੇ ਘਰ ਵਾਪਸੀ ਦੀ ਲਹਿਰ ਤਾਂ ਸਵਾਗਤਯੋਗ ਉਪਰਾਲੇ ਹਨ ਪਰ ਜ਼ੀਰਾ ਫੈਕਟਰੀ ‘ਚ ਦਿਤੇ ਬਿਆਨ ਬਾਰੇ ਇਹ ਸਮਝਿਆ ਜਾ ਰਿਹਾ ਹੈ ਕਿ  ਇਸ ਤਰ੍ਹਾਂ ਦੇ ਸੰਵਾਦ ਨੌਜਵਾਨਾਂ ਨੂੰ ਕਿਸੇ ਵੱਡੀ ਮੁਸੀਬਤ ‘ਚ ਫਸਣ ਲਈ ਉਕਸਾ ਸਕਦੇ ਹਨ ।

ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਬਲਿਊ ਸਟਾਰ ਫੌਜੀ ਹਮਲੇ ਨੂੰ ਇੰਦਰਾ ਗਾਂਧੀ ਨੂੰ ਪੰਜਾਬ ‘ਚੋਂ ਜੂਨ 1975 ਵਾਲ਼ੀ ਐਮਰਜੈਂਸੀ ਦੌਰਾਨ ਮਿਲ਼ੀ  ਵਿਰੋਧਤਾ ਤੇ  ਖਾਸਕਰ ਸਿਖਾਂ ਵੱਲੋਂ ਜ਼ਬਰਦਸਤ  ਦਿਤੀ ਟੱਕਰ ਦੇ ਪ੍ਰਸੰਗ ‘ਚ ਵੇਖਿਆ ਜਾਂਦਾ ਹੈ ।  ਹੁਣ ਪੰਜਾਬ ‘ਚ ਅਚਾਨਕ ਬਦਲਦੀਆਂ ਸਥਿਤੀਆਂ ਨੂੰ ਪੰਜਾਬ ‘ਚੋਂ ਕਿਸਾਨ ਅੰਦੋਲਨ ਰਾਹੀਂ ਮੋਦੀ ਸਰਕਾਰ ਦੀ ਹੋਈ ਕਿਰਕਰੀ ਦੀ ਰੌਸ਼ਨੀ ‘ਚ ਵੇਖਿਆ ਜਾ ਰਿਹਾ ਹੈ । ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਕੁਝ ਏਜੰਸੀਆਂ ਪੰਜਾਬ ਦੀ ਕਿਸਾਨੀ ਅਤੇ ਸਿਖਾਂ ਨੂੰ ਕਮਜ਼ੋਰ ਕਰਨ ਲਈ ਧਰਮਾਂ ਦੇ ਨਾਂ ‘ਤੇ ਹਾਲਾਤ ਖ਼ਰਾਬ ਕਰਵਾਉਣਾ ਚਾਹੁੰਦੀਆਂ ਹਨ ।

ਮੌਜੂਦਾ ਸਥਿਤੀਆਂ ਪੰਜਾਬ ਦੇ ਹਿੰਦੂਆਂ ‘ਚ ਵੀ ਆਤੰਕ ਵਰਗਾ ਮਾਹੌਲ ਸਿਰਜ ਸਕਦੀਆਂ ਹਨ । ਪੰਜਾਬ ਇਸ ਤਰ੍ਹਾਂ ਦੀ ਤਰਾਸਦੀ 1978 ਤੋਂ 1995-96 ਤੱਕ ਹੰਡਾ ਚੁਕਿਆ ਹੈ ਤੇ ਹੁਣ ਕੋਈ ਵੀ ਮਾਂ-ਪਿਉ ਆਪਣੇ ਵਾਰਿਸਾਂ ਨੂੰ ਦੁਬਾਰਾ ਉਸ ਅੱਗ ‘ਚ ਦੁਬਾਰਾ ਸੜਨ ਦੀ ਇਜਾਜ਼ਤ ਨਹੀਂ ਦੇਵੇਗਾ । ਇਹ ਸਮਾਂ ਪੰਜਾਬ ਸਰਕਾਰ ਲਈ ਵੀ ਪਰਖ ਦੀ ਘੜੀ ਹੈ ਜਿਸ ‘ਤੇ ਪਹਿਲਾਂ ਹੀ ਵਿਰੋਧੀ ਦੋਸ਼ ਲਾ ਰਹੇ ਹਨ ਕਿ ਮਾਨ ਸਰਕਾਰ ਅਨਾੜੀਆਂ ਦੀ ਸਰਕਾਰ ਹੈ । ਇਸ ਉਪਰ ਇਹ ਵੀ ਇਲਜ਼ਾਮ ਲੱਗ ਰਹੇ ਹਨ ਕਿ ਇਹ ਦਿੱਲੀ ਤੋਂ  ਕੰਟਰੋਲ ਹੁੰਦੀ ਹੈ  ਭਾਵ ਇਸ ਨੂੰ ਕੇਜਰੀਵਾਲ-ਚੱਢਾ  ਜੋੜੀ ਚਲਾ ਰਹੀ ਹੈ । ਕੇਜਰੀਵਾਲ਼ ‘ਤੇ 2017 ਦੀਆਂ ਪੰਜਾਬ ਚੋਣਾਂ ਸਮੇਂ ਦੋਸ਼ ਲੱਗ ਚੁੱਕੇ ਹਨ ਕਿ ਉਹ ਖਾਲਿਸਤਾਨੀਆਂ ਨੂੰ ਸ਼ਹਿ ਦਿੰਦਾ ਹੈ ।

ਇਨ੍ਹਾਂ ਸਥਿਤੀਆਂ ‘ਚ ਜਿਹੜੇ ਲੋਕ ਪੰਜਾਬ ਨੂੰ ਹੱਸਦਾ-ਵੱਸਦਾ ਵੇਖਣਾ ਚਾਹੁੰਦੇ ਹਨ  ‘ਤੇ ਪੰਜਾਬ ਦੇ ਦਰਦੀ ‘ਤੇ ਹਿਤੈਸ਼ੀ ਹਨ ਉਨ੍ਹਾ ਦਾ ਅੱਵਲ ਫ਼ਰਜ਼ ਬਣ ਜਾਂਦਾ ਹੈ ਕਿ ਉਹ ਕੋਈ ਵੀ ਐਸੀ ਕਾਰਵਾਈ ਨਾ ਕਰਨ ਜਿਸ ਨਾਲ਼ ਪੰਜਾਬ ਫਿਰ ਸੜਨ ਲੱਗ ਜਾਵੇ । ਭਾਈ ਅੰਮ੍ਰਿਤਪਾਲ ਸਿੰਘ ਇਸ ਵਕਤ ਪੰਜਾਬ ਦੇ ਸਿਖਾਂ ‘ਚ ਇਕ ‘ਨਾਇਕ’ ਵਜੋਂ ਉਭਰ ਰਹੇ ਹਨ ਇਸ ਲਈ ਉਨ੍ਹਾ ਨੂੰ ਵੀ ਚਾਹੀਦਾ ਹੈ ਕਿ ਉਹ ਸੋਚ ਸਮਝਕੇ ਹੀ ਚੱਲਣ ਕਿਤੇ ਅਣਜਾਣੇ ‘ਚ ਕੋਈ ਗ਼ਲਤੀ ਨਾ ਕਰ ਬੈਠਣ ਜੋ ਪੰਜਾਬ ਤੇ ਖਾਸਕਰ ਸਿਖਾਂ ਨੂੰ ਅਤੀਤ ਦੀਆਂ ਗ਼ਲਤੀਆਂ ਵਾਂਗ ਮਹਿੰਗੀ ਪੈ ਜਾਵੇ । ਇਨ੍ਹਾਂ ਸਥਿਤੀਆਂ ‘ਚ ਸਰਕਾਰ ਤੇ ਪੰਜਾਬ ਪੁਲਿਸ ਸਮੇਤ ਦੂਜੀਆਂ ਸੁਰੱਖਿਆ ਏਜੰਸੀਆਂ ਤੇ ਦੂਜੀਆਂ  ਰਾਜਨੀਤਿਕ ,ਧਾਰਮਿਕ ਤੇ ਸਮਾਜਿਕ ਧਿਰਾਂ ਨੂੰ ਵੀ  ਬਹੁਤ  ਇਮਾਨਦਾਰੀ  ਵਾਲ਼ੀ  ਸਮਝਦਾਰੀ ਵਰਤਣ ਦੀ ਲੋੜ ਹੈ । ਪੰਜਾਬ ਨੂੰ ਇਕ ਧਰਮ ਨਿਰਪੱਖ ਸੂਬੇ ਵਜੋਂ ਸਾਰੇ ਧਰਮਾਂ ਦਾ ਰੱਖਿਅਕ ਬਣਕੇ ਉਭਰਨ ਦੀ ਲੋੜ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button