EDITORIAL

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਲੇਖੇ-ਜੋਖੇ ਦਾ ਵਿਵਾਦ

ਅਮਰਜੀਤ ਸਿੰਘ ਵੜੈਚ

ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਗੁੰਮ, ਹਿਸਾਬ-ਕਿਤਾਬ ਦੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਪੰਜਾਬ-ਚੰਡੀਗੜ੍ਹ ਹਾਈਕੋਰਟ ਦੇ ਹੁਕਮਾਂ ਮਗਰੋਂ ਐੱਸਜੀਪੀਸੀ ਨੇ ਨੌਕਰੀਓ ਕੱਢੇ ਤਿੰਨ ਮੁਲਾਜ਼ਮਾਂ ਨੂੰ ਬਹਾਲ ਕਰਕੇ ਅਗਲੇ ਦਿਨ ਫਿਰ ਸਸਪੈਂਡ ਕਰ ਦਿੱਤਾ ਹੈ। ਇਸ ਦਾ ਮਤਲਬ ਕ‌ਿ ਹੁਣ ਫਿਰ ਦੁਬਾਰਾ ਕਮੇਟੀ ਜਾਂਚ ਕਰੇਗੀ। ਦੁਬਾਰਾ ਜਾਂਚ ਕਰਨ ਲਈ ਅਦਾਲਤ ਨੇ ਕਮੇਟੀ ਉਪਰ ਕੋਈ ਰੋਕ ਨਹੀਂ ਲਾਈ। ਅਦਾਲਤ ਨੇ ਕਮੇਟੀ ਵੱਲੋਂ ਇਨ੍ਹਾਂ ਕਰਮਚਾਰੀਆਂ ਦੇ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਵੀ ਇਸ ਕਰਕੇ ਹੀ ਰੱਦ ਕੀਤੇ ਸਨ ਕਿ ਕਮੇਟੀ ਨੇ ਪਹਿਲਾਂ ਜਾਂਚ ਕੀਤੇ ਬਿਨ੍ਹਾਂ ਹੀ ਕਥਿਤ ਦੋਸ਼ੀਆਂ ‘ਤੇ ਅਨੁਸਾਸ਼ਨੀ ਕਾਰਵਾਈ ਕਰ ਦਿੱਤੀ ਸੀ।

ਇਹ ਬੜੇ ਦੁੱਖ ਅਤੇ ਅਚੰਭੇ ਵਾਲੀ ਗੱਲ ਹੈ ਕਿ ਸਿੱਖ ਜਗਤ ਨਾਲ ਦੋ ਮੰਦਭਾਗੀਆਂ ਘਟਨਾਵਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪਵਿਤਰ ਸਰੂਪਾਂ ਦੇ ਰਿਕਾਰਡ ਦਾ ਗੁੰਮ ਹੋਣਾ, ਵਾਪਰੀਆਂ ਅਤੇ ਇਨ੍ਹਾਂ ਘਟਨਾਵਾਂ ਉਪਰ ਜਾਂ ਤਾਂ ਰਾਜਨੀਤ‌ੀ ਕੀਤੀ ਗਈ ਅਤੇ ਜਾਂ ਫਿਰ ਪੰਥ ਦੀਆਂ ‘ਨਾਮੀ ਗਰਾਮੀ’ ਹਸਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਮੇਟੀ ਦੇ ਨਿਯਮਾਂ ਮੁਤਾਬਿਕ ਕਮੇਟੀ ਦੇ ਪ੍ਰਧਾਨ ਦੀ ਆਗਿਆ ਤੋਂ ਬਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਦਿੱਤੇ ਜਾਂਦੇ। ਦੂਜਾ ਹਰ ਸਰੂਪ ਦਾ ਪੂਰਾ ਰਿਕਾਰਡ ਰਜਿਸਟਰਾਂ ਵਿੱਚ ਦਰਜ ਹੁੰਦਾ ਹੈ ਕਿ ਸਰੂਪ ਕਿਸ ਜਗ੍ਹਾ ‘ਤੇ ਸੁਸ਼ੋਭਿਤ ਕੀਤੇ ਗਏ ਹਨ। ਏਨੇ ਪੁਖਤਾ ਸਿਸਟਮ ਵਿੱਚ ਸੰਨ੍ਹ ਲਾਉਣੀ ਸੌਖੀ ਨਹੀਂ ਸੋ ਇਹ ਸਪੱਸ਼ਟ ਹੈ ਕਿ ਇਸ ਵਿੱਚ ‘ਵੱਡੇ ਲੋਕਾਂ’ ਦਾ ‘ਯੋਗਦਾਨ’ ਜ਼ਰੂਰ ਹੋਵਗਾ।

ਇਸ ਘਟਨਾ ਨੇ ਕਮੇਟੀ ਦੇ ਕੰਮ ਕਰਨ ਦੀ ਸ਼ੈਲੀ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ। ਇਕ ਗੱਲ ਤਾਂ ਸਪੱਸ਼ਟ ਹੈ ਕਿ ਸਰੂਪ ਕਿਤੇ ਤਾਂ ਸੁਸ਼ੋਭਿਤ ਹਨ ਅਤੇ ਜਿਨ੍ਹਾਂ ਦੇ ਘਰਾਂ ਜਾਂ ਗੁਰਦੁਆਰਾ ਸਾਹਿਬਾਨ ਵਿੱਚ, ਚਰਚਾ ਵਿਚਲੇ ਸਰੂਪ ਸੁਸ਼ੋਭਿਤ ਹਨ। ਉਹ ਲੋਕ ਕਿਉਂ ਨਹੀਂ ਸਾਹਮਣੇ ਆਏ ? ਜਿਨ੍ਹਾਂ ‘ਅਸਰ-ਰਸੂਖ’ ਵਾਲੇ ‘ਦਾਨੇ’ ਲੋਕਾਂ ਨੇ ਸਰੂਪ ਜਾਰੀ ਕਰਨ ਵਾਸਤੇ ਸਿਫ਼ਾਰਸ਼ਾਂ ਕੀਤੀਆਂ ਸਨ ਕੀ ਉਨ੍ਹਾਂ ਦੀਆਂ ਜ਼ਮੀਰਾਂ ਮਰ ਗਈਆਂ ਹਨ ? ਕੀ ਸਿਖ ਧਰਮ ਇਹ ਸਿੱਖਿਆ ਦਿੰਦਾ ਹੈ ਕਿ ਗੁਰੂ ਦੇ ਨਾਮ ‘ਤੇ ਇਸ ਤਰਾਂ ਧੋਖਾ ਕੀਤਾ ਜਾਵੇ? ਇਹ ਗੱਲਾਂ ਵੀ ਸੁਣਨ ਵਿੱਚ ਆਈਆਂ ਹਨ ਕਿ ਕਈ ਵਾਰ ਅਸਰ-ਰਸੂਖ ਵਾਲੇ ਲੀਡਰਾਂ/ਮੈਂਬਰਾਂ ਦੀ ਸਿਫਾਰਿਸ਼ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦਿੱਤੇ ਜਾਂਦੇ ਸਨ। ਇਥੋਂ ਤੱਕ ਵੀ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਜਿਨ੍ਹਾਂ ਡੇਰਿਆਂ ਨੂੰ ਕਮੇਟੀ ਕੁਝ ਖਾਸ ਕਾਰਨਾਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਸੀ ਦਿੰਦੀ ਉਨ੍ਹਾਂ ਡੇਰ‌ਿਆਂ ਦੇ ਮੁੱਖੀ/ਸੇਵਕ ‘ਅਸਰ-ਰਸੂਖ’ ਵਾਲੇ ਲੀਡਰਾਂ ਦੀਆਂ ਸਿਫ਼ਾਰਸ਼ਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਜਾਂਦੇ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ  ਬਾਰੇ ਇਹ ਸਪੱਸ਼ਟ ਹੈ ਕਿ ਹੁਣ ਤੱਕ ਕਮੇਟੀ ਵਿੱਚ ਅਕਾਲੀ ਦਲ ਦੇ ਹੀ ਮੈਂਬਰ ਚੁਣੇ ਜਾਂਦੇ ਰਹੇ ਹਨ ਅਤੇ ਇਸ ਦਾ ਪ੍ਰਧਾਨ ਵੀ ਪਾਰਟੀ ਦੀ ਹਾਈ ਕਮਾਂਡ ਦੀ ਸਹਿਮਤੀ ਨਾਲ ਹੀ ਨਿਯੁਕਤ ਕੀਤਾ ਜਾਂਦਾ ਰਿਹਾ ਹੈ। ਅਕਾਲੀ ਦਲ ਵੱਲੋਂ ਕਮੇਟੀ ਦੇ ਪ੍ਰਬੰਧ ਵਿੱਚ ਦਖ਼ਲ ‘ਤੇ ਕਈ ਸਿੱਖ ਜਥੇਬੰਦੀਆਂ ਵੱਲੋਂ ਇਲਜ਼ਾਮ ਲੱਗਦੇ ਰਹੇ ਹਨ। ਸੋ ਇਸ ਵਾਦ-ਵਿਵਾਦ ਨੂੰ ਨਿਪਟਾਉਣ ਲਈ ਅਕਾਲੀ ਦਲ ਨੂੰ  ਬਾਕੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੁਆਰਾ ਗੰਭੀਰਤਾ ਨਾਲ ਨਿਬੇੜਨਾ ਚਾਹੀਦਾ ਹੈ।

ਸਿਖ-ਪੰਥ ਦੇ ਸਾਹਮਣੇ ਹੋਰ ਬਹੁਤ ਗੰਭੀਰ ਮਸਲੇ (ਜਿਵੇਂ ਸਿੱਖ ਧਰਮ ਦੇ ਗਰੀਬ ਲੋਕਾਂ ਦਾ ਦੂਜੇ ਧਰਮਾਂ ਵੱਲ ਆਕਰਸ਼ਿਤ ਹੋਣਾ, ਸਿੱਖ ਨੌਜਵਾਨਾਂ ਦਾ ਸਿੱਖੀ ਸਰੂਪ ਤੋਂ ਹੌਲੀ-ਹੌਲੀ ਖਿਸਕਣਾ,ਸਿੱਖ ਧਰਮ ਦੇ ਇਤਿਹਾਸ ਬਾਰੇ ਕੁਝ ਪ੍ਰਕਾਸ਼ਕਾਂ ਵੱਲੋਂ ਗ਼ਲਤ ਤੱਥ ਪ੍ਰਕਾਸਿਤ ਕਰਨੇ, ਕਈ ਗੁਰਦੁਆਰਾ ਸਾਹਿਬਾਨ ਵਿੱਚ ਗ੍ਰੰਥੀਆਂ ਅਤੇ ਕਰਮਚਾਰੀਆਂ ‘ਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣੇ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ‘ਚ ਸਿੱਖ ਪਰਿਵਾਰਾਂ ਦੇ ਭਵਿਖ ‘ਤੇ ਲਟਕਦੀ ਤਲਵਾਰ ਅਤੇ ਮੇਘਾਲਿਆ ਦ‌ੀ ਰਾਜਧਾਨੀ ਸ਼ਿਲੌਂਗ ਅਤੇ ਜੇ ਐਂਡ ਕੇ ਵਿੱਚ ਸਿੱਖ ਪਰਿਵਾਰਾਂ ਦੇ ਉਜਾੜੇ ਦੇ ਮਾਮਲੇ) ਅਣਸੁਲਝੇ ਪਏ ਹਨ ਜਿਨ੍ਹਾਂ ‘ਤੇ ਸਿਖ ਜੱਥੇਬੰਦੀਆਂ/ਸੰਸਥਾਵਾਂ ਨੂੰ ਪਹਿਲ ‘ਤੇ ਕਾਰਵਾਈ ਕਰਨ ਅਤੇ ਆਵਾਜ਼ ਉਠਾਉਣ ਦੀ ਲੋੜ ਹੈ।

 

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button