EDITORIAL

ਅਕਾਲ ਤਖ਼ਤ ਨਾ ਢਹਿੰਦਾ ਜੇ ਪੰਧੇਰ ਦੀ ਮੰਨਦੇ

ਬਰਾੜ ਤੇ ਪੰਧੇਰ ਖਹਿਬੜੈ! ਕੌਣ ਸੀ ਪੰਧੇਰ ?

ਅਮਰਜੀਤ ਸਿੰਘ ਵੜੈਚ

(94178-01988)

ਤਿੰਨ ਜੂਨ ਤੋਂ ਸ਼ੁਰੂ ਹੋਏ ‘ਔਪਰੇਸ਼ਨ ਬਲਿਊ ਸਟਾਰ’ ਦੌਰਾਨ ਤੀਜੇ ਦਿਨ ਪੰਜ ਜੂਨ, 1984 ਨੂੰ ਪੂਰਾ ਪੰਜਾਬ ਘਰਾਂ ਅੰਦਰ ਸਹਿਿਮਆ ਪਿਆ ਸੀ। ਪੰਜਾਬ ਦੇ ਚੱਪੇ-ਚੱਪੇ ‘ਤੇ ਫੌਜ, ਨੀਮ-ਫੌਜੀ ਅਤੇ ਪੁਲਿਸ ਦੇ ਜਵਾਨ ਤਾਇਨਾਤ ਸਨ। ਪੰਜਾਬ ਦਾ ਬਾਕੀ ਦੁਨੀਆ ਨਾਲੋਂ ਰੇਲ, ਹਵਾਈ, ਸੜਕ ਅਤੇ ਟੈਲੀਫੋਨ ਦਾ ਸੰਪਰਕ ਕੱਟ ਚੁੱਕਿਆ ਸੀ । ਅਖ਼ਬਾਰਾਂ ਬੰਦ ਹੋ ਗਈਆਂ ਸਨ, ਆਕਾਸ਼ਵਾਣੀ ਤੇ ਦੂਰਦਰਸ਼ਨ ਕੁੱਝ ਵੀ ਨਹੀਂ ਸੀ ਦੱਸ ਰਹੇ । ਸਿਰਫ਼ ਬੀ.ਬੀ.ਸੀ. ਰੇਡੀਓ ਹੀ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀਆਂ ਖ਼ਬਰਾਂ ਦੇ ਰਿਹਾ ਸੀ ।

ਬੀ.ਬੀ.ਸੀ. ਨੇ ਖ਼ਬਰ ਦਿੱਤੀ ਸੀ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ‘ਚੋਂ ਅੱਤਵਾਦੀਆਂ ਨੂੰ ਫੜਨ ਲਈ ਦਰਬਾਰ ਸਾਹਿਬ ਸਮੇਤ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਹੈ ਅਤੇ ਪੂਰੇ ਪੰਜਾਬ ਦਾ ਭਾਰਤ ਨਾਲੋਂ ਨਾਤਾ ਟੁੱਟ ਚੁੱਕਿਆ ਹੈ । ਪੰਜਾਬ ਫੌਜ ਦੀ ਕਮਾਂਡ ਹੇਠ ਸੀ । ਇਸ ‘ਔਪਰੇਸ਼ਨ’ ਦੋਰਾਨ ਪੰਜਾਬ ਦੀ ਰੂਹ ਵਲੂੰਧਰੀ ਗਈ ਸੀ । ਆਪਣੇ ਹੀ ਦੇਸ਼ ਦੀਆਂ ਫੌਜੀ ਗੱਡੀਆਂ ਪੰਜਾਬ ਦੀਆਂ ਗਲੀਆਂ ‘ਚ ਦਹਿਸ਼ਤ ਛਿੜਕਦੀਆਂ ਫਿਰਦੀਆਂ ਸਨ । ਬੇਸ਼ਰਮ ਸਿਆਸਤ ਨੇ ਹਜ਼ਾਰਾਂ ਘਰਾਂ ਦੇ ਨੌਜਵਾਨ ਵਾਰਿਸ ਮੌਤ ਦੇ ਮੂੰਹ ‘ਚ ਸੁੱਟ ਦਿੱਤੇ ਗਏ ਅਤੇ ਹਜ਼ਾਰਾਂ ਹੀ ਪੰਜਾਬੀ ਅੱਤਵਾਦੀ ਕਹਿਕੇ ਪੁਲਿਸ ਨੇ ਜੇਲ੍ਹਾਂ ਅੰਦਰ ਡੱਕ ਦਿਤੇ ਅਤੇ ਕਈਆਂ ਦੀ ਉੱਘ-ਸੁੱਘ ਵੀ ਨਹੀਂ ਨਿਕਲੀ।

‘ਬਲਿਊ ਸਟਾਰ’ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਦੇ ਹੋਰ ਗੁਰਦੁਆਰਿਆਂ ਅਤੇ ਪੰਜਾਬ ਦੇ ਹੋਰ ਹਿੱਸਿਆਂ ‘ਚੋਂ ਫੜੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਰਾਜਸਥਾਨ ਦੀ ਜੋਧਪੁਰ ਸਮੇਤ ਕਈ ਹੋਰ ਜੇਲ੍ਹਾਂ ਅੰਦਰ ਡੱਕ ਦਿਤਾ । ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ । ਕਈ ਇਸੇ ਦੌਰਾਨ ਮਰ ਵੀ ਚੱਕੇ ਹਨ ਅਤੇ ਬਹੁਤ ਸਾਰੇ ਹਾਲੇ ਵੀ ਜੇਲ੍ਹਾਂ ਵਿੱਚ ਹਨ ਜਿਨ੍ਹਾਂ ਨੂੰ ‘ਬੰਦੀ ਸਿੱਖ’ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਦੀ ਰਿਹਾਈ ਲਈ ਅੱਜ-ਕੱਲ੍ਹ ਪੰਜਾਬ ਦੀ ਸਿਆਸਤ ‘ਮਗਰਮੱਛ ਦੇ ਹੰਝੂ’ ਵਹਾ ਰਹੀ ਹੈ । ਇਥੇ ਦੱਸਣਾ ਬਣਦਾ ਹੈ ਕਿ ਅਕਾਲੀ ਲੀਡਰਸ਼ਿਪ ਦੀ ਗੱਲਬਾਤ ਇੰਦਰਾ ਗਾਂਧੀ ਨਾਲ ਚੱਲ ਰਹੀ ਸੀ ਪਰ ਕਿਸੇ ਤਣਪੱਤਣ ਨਹੀਂ ਸੀ ਲੱਗੀ: ਦੋ ਜੂਨ ਨੂੰ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੇ ਰਾਤੀਂ ਸਾਢੇ ਅੱਠ ਵਜੇ ਪ੍ਰਧਾਨ-ਮੰਤਰੀ ਦੇ ਇੱਕ ਮਹੱਤਵਪੂਰਨ ਪ੍ਰਸਾਰਣ ਦਾ ਐਲਾਨ ਕੀਤਾ ਪਰ ਪ੍ਰਸਾਰਣ ਨਾ ਹੋ ਸਕਿਆ ।

ਦੁਬਾਰਾ ਸਵਾ ਨੌਂ ਵਜੇ ਇੰਦਰਾ ਗਾਂਧੀ ਦਾ ਪ੍ਰਸਾਰਣ ਸ਼ੁਰੂ ਹੋਇਆ ਜਿਸ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਸੀ ਕੀਤਾ ਗਿਆ ਕਿ ਪੰਜਾਬ ਵਿੱਚ ਕੋਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਸਾਰਾ ਪੰਜਾਬ ਇੱਕ ਜੂਨ ਸ਼ਾਮ ਤੱਕ ਹੀ ਮਿਲਟਰੀ ਦੇ ਹਵਾਲੇ ਹੋ ਚੁੱਕਾ ਸੀ । ਰਾਅ (RAW) ਦੇ ਸਾਬਕਾ ਆਲਾਹ ਅਫ਼ਸਰ ਅਤੇ ਸਾਬਕਾ ਰੱਖਿਆ ਮੰਤਰੀ ਸਵਰਨ ਸਿੰਘ ਦੇ ਜਵਾਈ ਜੀ.ਬੀ.ਐੱਸ. ਸਿੱਧੂ ਆਪਣੀ ਕਿਤਾਬ ‘The Khalistan Cospiracy ‘ (ਪੰਨਾ 178) ਵਿੱਚ ਇੱਕ ਮਹੱਤਵਪੂਰਨ ਮੀਟਿੰਗ ਦਾ ਜ਼ਿਕਰ ਕਰਦੇ ਹਨ: ” ‘ਵਾਰ ਰੂਮ’ ਵਿੱਚ ‘ਜਨਰਲ ਕੇ.ਐੱਸ. ਬਰਾੜ ਨੇ ਪੁਲਿਸ, ਸਿਵਲ ਅਤੇ ਮਿਲਟਰੀ ਅਫ਼ਸਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਅੰਮ੍ਰਿਤਸਰ ਦੇ ਡੀ.ਸੀ. ਰਾਮੇਸ਼ਇੰਦਰ ਸਿੰਘ ਅਤੇ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਜੀ.ਐੱਸ. ਪੰਧੇਰ ਵੀ ਸ਼ਾਮਿਲ ਹੋਏ ।

ਇਸ ਮੀਟਿੰਗ ਵਿੱਚ ਜਨ: ਬਰਾੜ ਨੇ ਦੱਸਿਆ ਕਿ ਭਾਰਤੀ ਫੌਜ ਅਕਾਲ ਤਖ਼ਤ ‘ਤੇ ਕਾਬਜ ਗੁੰਡਿਆਂ ਨੂੰ ਪਕੜਨ ਲਈ ‘ਸਰਜੀਕਲ ਔਪਰੇਸ਼ਨ ‘ ਕਰਕੇ ਆਕਾਲ ਤਖਤ ਨੂੰ ਆਜ਼ਾਦ ਕਰਵਾਉਣ ਜਾ ਰਹੀ ਹੈ । ਇਸ ਵਕਤ ਡੀ.ਆਈ.ਜੀ. ਪੰਧੇਰ ਨੇ ਸਲਾਹ ਦਿੱਤੀ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਪਾਣੀ ਅਤੇ ਬਿਜਲੀ ਕੱਟ ਕੇ ਆਮ ਸ਼ਰਧਾਲੂਆਂ ਨੂੰ ਬਾਹਰ ਆਉਣ ਦਾ ਮੌਕਾ ਦਿੱਤਾ ਜਾਵੇ ਅਤੇ ਅੱਠ-ਦਸ ਦਿਨਾਂ ‘ਚ ਅੰਦਰ ਬੈਠੇ ਹਥਿਆਰ ਬੰਦ ਲੋਕਾਂ ਦੇ ਵੀ ਹੌਂਸਲੇ ਟੁੱਟ ਜਾਣਗੇ ਪਰ ਜਨ: ਬਰਾੜ ਨਾ ਮੰਨੇ ਬਲਕਿ ਬਰਾੜ ਅਤੇ ਪੰਧੇਰ ਵਿਚਾਲੇ ਗਰਮਾ-ਗਰਮੀ ਵੀ ਹੋ ਗਈ “।

ਜੇਕਰ ਪੰਧੇਰ ਦੀ ਸਲਾਹ ਮੰਨੀ ਹੁੰਦੀ ਤਾਂ ਜੂਨ 84 ਤੋਂ ਨਵੰਬਰ 84 ਤੱਕ ਦਾ ਖੂਨ-ਖਰਾਬਾ ਬਚ ਜਾਣਾ ਸੀ । ਬਹੁਤ ਸਾਰੇ ਮਹੱਤਵਪੂਰਣ ਲੇਖਕਾਂ ਵੱਲੋਂ ਲਿਖੀਆਂ ਕਿਤਾਬਾਂ ਤੋਂ ਇਸ ਨਤੀਜੇ ‘ਤੇ ਪੱੁਜਿਆ ਜਾ ਸਕਦਾ ਹੈ ਕਿ ਪ੍ਰਧਾਨ-ਮੰਤਰੀ ਇੰਦਰਾ ਗਾਂਧੀ ਕੰਨਾ ਦੇ ਕੱਚੇ ਸਨ ਅਤੇ ਚੱਕੇ ਚਕਾਏ ਸਿੱਖਾਂ ਨੂੰ ‘ਸਬਕ’ ਸਿਖਾਉਣ ਦਾ ਮੰਨ ਬਣਾ ਚੁੱਕੇ ਸਨ । ਭਾਜਪਾ ਦੇ ਰਾਸ਼ਟਰੀ ਨੇਤਾ ਐੱਲ.ਕੇ. ਅਡਵਾਨੀ ਨੇ ਆਪਣੀ ਕਿਤਾਬ ‘My Country My Life’  (TOI-4  Fefb 2014) ‘ਚ ਮੰਨਿਆ ਹੈ ਕਿ ‘ਔਪਰੇਸ਼ਨ ਬਲਿਉ ਸਟਾਰ’ ਲਈ ਭਾਜਪਾ ਨੇ ਇੰਦਰਾ ‘ਤੇ ਬਹੁਤ ਦਬਾਅ ਪਾਇਆ ਸੀ ਜਿਸ ਕਰਕੇ ਇਹ ਕਾਰਵਾਈ ਹੋਈ ।

ਅਕਾਲੀ ਦਲ (ਬਾਦਲ) ਉਸੇ ਪਾਰਟੀ ਨਾਲ 1997 ਤੋਂ ਮਗਰੋਂ ਪੰਜਾਬ ਵਿੱਚ ਤਿੰਨ ਵਾਰ ਸਰਕਾਰ ਬਣਾ ਚੁੱਕਿਆ ਹੈ । ‘ਬਲਿਊ ਸਟਾਰ ‘ ਦੇ ਵਿਰੋਧ ਵਿੱਚ ਖੁਸ਼ਵੰਤ ਸਿੰਘ ਨੇ ਪਦਮ ਸ਼੍ਰੀ ਸਨਮਾਨ ਵਾਪਸ ਕਰ ਦਿੱਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਅਤੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਫਿਰ ਕਾਂਗਰਸ ਵਿੱਚ ਆ ਗਏ । ਹੁਣ ਕੈਪਟਨ ਨੇ ਵੀ ਇਸੇ ਵਰ੍ਹੇ ਹੋਈਆਂ ਪੰਜਾਬ ਵਿਧਾਨ-ਸਭਾ ਚੋਣਾਂ ਜਿੱਤਣ ਲਈ ਭਾਜਪਾ ਨਾਲ ਜੱਫੀ ਪਾ ਲਈ ਸੀ ਜਿਸ ਵਿੱਚ ਕੈਪਟਨ ਦੀ ਪਾਰਟੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ । (ਚਲਦਾ)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button