EDITORIAL

ਲੰਪੀ ਦੀ ਬਿਮਾਰੀ, ਬਣ ਸਕਦੀ ਹੈ ਮਹਾਂਮਾਰੀ !

ਮਿਸਰ ਦੀ ਖੋਜ : ਲੋਕਾਂ ਨੂੰ ਵੀ ਹੈ ਖ਼ਤਰਾ

ਪੰਜਾਬ ਨੇ ਟੀਕੇ ਖਰੀਦੇ ਪਰ ਨਾ ਸੂਈਆਂ ਨਾ ਸਰਿੰਜਾਂ

ਅਮਰਜੀਤ ਸਿੰਘ ਵੜੈਚ (94178-01988)

ਗਾਵਾਂ ਤੇ ਮੱਝਾਂ ‘ਚ ਚਮੜੀ ਦੀ ਨਵੀਂ ਬਿਮਾਰੀ LSD (Lumpy skin Disease) ਨੇ ਇਕ ਨਵੇਂ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ ਪਰ ਪੰਜਾਬ ਸਰਕਾਰ ਇਸ ਬਾਰੇ ਲੋਕਾਂ ਨੂੰ ਦੱਸਣ ਤੋਂ ਹੀ ਗੁਰੇਜ਼ ਕਰ ਰਹੀ ਹੈ। ਇਹ ਬਿਮਾਰੀ ਭਾਰਤ ਦੇ 15 ਸੂਬਿਆਂ ‘ਚ ਫ਼ੈਲ ਚੁੱਕੀ ਹੈ ਜੋ ਸਭ ਤੋਂ ਪਹਿਲਾਂ ਅਗਸਤ 2019 ‘ਚ ਉੜੀਸਾ ‘ਚ ਵੇਖੀ ਗਈ ਸੀ। ਇਕੱਲੇ ਰਾਜਸਥਾਨ ‘ਚ ਹੀ ਇਸ ਬਿਮਾਰੀ ਨਾਲ 5000 ਤੋਂ ਵੱਧ ਪਸ਼ੂ ਮਰ ਚੁੱਕੇ ਹਨ। ਏਸ਼ੀਆ ਦੇ 23 ਮੁਲਕਾਂ ‘ਚ ਫੈਲੀ ਇਹ ਬਿਮਾਰੀ ਬੰਗਲਾ ਦੇਸ਼ ‘ਚ ਜੁਲਾਈ 2019 ‘ਚ ਆਈ ਤੇ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਬਿਮਾਰੀ ਭਾਰਤ ‘ਚ ਵੀ ਬੰਗਲਾ ਦੇਸ਼ ਰਾਹੀਂ ਹੀ ਆਈ ਹੋਵੇਗੀ ਕਿਉਂਕਿ ਬੰਗਲਾ ਦੇਸ਼ ਵਾਲੇ ਬਾਰਡਰ ‘ਤੇ ਜਾਨਵਰ ਤੇ ਮਨੁੱਖ ਇਧਰ ਓਧਰ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ। ਇਹ ਬਿਮਾਰੀ ਪੀੜਤ ਜਾਨਵਰਾਂ ਜਾਂ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ/ਸਮਾਨ ਆਦਿ ਨਾਲ ਫ਼ੈਲਦੀ ਹੈ।

ਪੰਜਾਬ ਨੂੰ ਛੱਡਕੇ ਹਰਿਆਣਾ ਸਮੇਤ,  ਇਸ ਬਿਮਾਰੀ ਨੇ ਅਗਸਤ 2019 ਤੱਕ, 18 ਰਾਜਾਂ ‘ਚ ਦਸਤਕ ਦੇ ਦਿੱਤੀ ਸੀ। ਕੇਂਦਰ ਸਰਕਾਰ ਦੇ ਪਸ਼ੂ-ਪਾਲਣ ਵਿਭਾਗ ਨੇ ਇਸ ਬਿਮਾਰੀ ਦੀ ਰੋਕਥਾਮ ਲਈ 18 ਰਾਜਾਂ ਨੂੰ ਛੇ ਸਤੰਬਰ 2021 ਨੂੰ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਹੁਣ ਇਹ ਬਿਮਾਰੀ ਕਈ ਹੋਰ ਰਾਜਾਂ ‘ਚ ਵੀ ਫੈਲ ਚੁੱਕੀ ਹੈ ; ਰਾਜਸਥਾਨ ਗੁਜਰਾਤ, ਹਰਿਆਣਾ ਤੇ ਹਿਮਾਚਲ ਸਮੇਤ ਪੰਜਾਬ ‘ਚ ਹੁਣ ਇਹ ਬਿਮਾਰੀ ਫ਼ੈਲਦੀ ਜਾ ਰਹੀ ਹੈ।

ਪੰਜਾਬ ਦਾ ਪਸ਼ੂ ਪਾਲਣ ਵਿਭਾਗ ਮੀਡੀਆ ਤੋਂ ਦੂਰੀ ਬਣਾ ਰਿਹਾ ਹੈ। ਪੰਜਾਬ ‘ਚ 400 ਤੋਂ ਵੱਧ ਪਸ਼ੂ ਮਰ ਚੁੱਕੇ ਹਨ ਤੇ 20 ਹਜ਼ਾਰ ਤੋਂ ਵੱਧ ਜਾਨਵਰਾਂ ਨੂੰ ਇਹ ਬਿਮਾਰੀ ਹੋ ਚੁੱਕੀ ਹੈ। ਹੁਣ ਤੱਕ ਇਸ ਮਹਿਕਮੇ ਨੇ ਪੰਜਾਬ ਦੇ ਕਿਸੇ ਵੀ ਆਕਾਸ਼ਵਾਣੀ  ਤੇ ਦੂਰਦਰਸ਼ਨ ਕੇਂਦਰ ਜਲੰਧਰ ਤੱਕ, ਇਸ ਬਿਮਾਰੀ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ, ਪਹੁੰਚ ਨਹੀਂ ਕੀਤੀ ਹਾਲਾਂਕਿ ਇਹ ਸਰਕਾਰੀ ਮਾਧਿਅਮ ਪੰਜਾਬ ਦੇ ਲੋਕਾਂ ਲਈ ਫ਼ਰੀ ਕੰਮ ਕਰ ਰਹੇ ਹਨ। ਸਾਡੇ ਚੈਨਲ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਨ ਦਾ ਮਸ਼ਵਰਾ ਵੀ ਵਿਭਾਗ ਵੱਲੋਂ ਠੰਡੇ ਬਸਤੇ ‘ਚ ਪਾ ਦਿਤਾ ਗਿਆ। ਅੱਜ ਜਦੋਂ ਮੀਡੀਆ ਦਾ ਜ਼ਮਾਨਾ ਹੈ ਤਾਂ ਇਹ ਵਿਭਾਗ ਮੀਡੀਆ ਤੋਂ ਹੀ ਸ਼ਰਮਾ ਰਿਹਾ ਹੈ। ਪੂਰੇ ਪੰਜਾਬ ‘ਚ ਇਸ ਮਹਿਕਮੇ ਦਾ ਸਿਰਫ਼ ਇਕ ਹੀ ਅਫ਼ਸਰ ਹੈ ਜੋ ਮੀਡੀਆ ਨਾਲ ਗੱਲ ਕਰ ਸਕਦਾ ਹੈ ਤੇ ਉਸਦੀ ਵੀ ਇਕ ਲੱਤ ਚੰਡੀਗੜ੍ਹ ਤੇ ਦੂਜੀ ਬਠਿੰਡੇ ਰਹਿੰਦੀ ਹੈ। ਪੰਜਾਬ ਦੇ ਇਸ ਵਿਭਾਗ ਦੀ ਵੈੱਬਸਾਈਟ ਵੀ ਇਸ ਬਿਮਾਰੀ ਬਾਰੇ ਖਾਮੋਸ਼ ਹੈ ਜਦੋਂ ਕਿ ਗਡਵਾਸੂ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਪੂਰਾ ਲੇਖ  ਇਕ ਜੁਲਾਈ ਨੂੰ ਹੀ ਅਪਲੋਡ ਕੀਤਾ ਗਿਆ ਸੀ ਤੇ ਇਸੇ ਯੂਨੀਵਰਸਿਟੀ ਨੇ ਲੰਪੀ ਬਿਮਾਰੀ ‘ਤੇ ਇਕ ਫ਼ਿਲਮ ਵੀ ਯੂਟਿਊਬ ‘ਤੇ ਪਾਈ ਹੋਈ ਹੈ।

ਪਤਾ ਲੱਗਾ ਹੈ ਕਿ ਪਸ਼ੂ ਪਾਲਣ ਵਿਭਾਗ ਨੇ ਇਸ ਬਿਮਾਰੀ ਦੇ ਤਕਰੀਬਨ 61 ਹਜ਼ਾਰ ਟੀਕੇ ਹੀ ਖ਼ਰੀਦੇ ਹਨ ਜਦੋਂ ਕਿ ਪੰਜਾਬ ‘ਚ ਗਊਆਂ (25 ਲੱਖ)ਤੇ ਮੱਝਾਂ  (40 ਲੱਖ) ਦੀ ਗਿਣਤੀ 65 ਲੱਖ ਹੈ ; ਇਹ ਟੀਕੇ ਸਿਰਫ਼ ਤੰਦਰੁਸਤ ਜਾਨਵਰਾਂ ਨੂੰ ਹੀ ਲੱਗਣੇ ਹਨ। ਤਰਾਸਦੀ ਇਹ ਹੈ ਕਿ ਵਿਭਾਗ ਨੇ ਟੀਕੇ ਲਾਉਣ ਲਈ ਨਾ ਸੂਈਆਂ ਤੇ ਨਾ ਹੀ ਸਰਿੰਜਾਂ ਖ਼ਰੀਦੀਆਂ ਹਨ। ਹੁਣ ਡਾਕਟਰ ਸੁਈਆਂ ਤੇ ਸਰਿੰਜਾਂ ਦਾ ਆਪਣੇ ਪੱਧਰ ‘ਤੇ ਹੀ ਪ੍ਰਬੰਧ ਕਰ ਰਹੇ ਹਨ। ਪੰਜਾਬ ਦੇ ਕੁੱਲ 23 ਜ਼ਿਲੇ ਹਨ ; ਇਸ ਹਿਸਾਬ ਨਾਲ 61 ਹਜ਼ਾਰ ਟੀਕਿਆਂ ‘ਚੋ ਹਰੇਕ ਜ਼ਿਲ੍ਹੇ ਦੇ ਹਿੱਸੇ ਤਕਰੀਬਨ 2700 ਟੀਕਾ ਹੀ ਆਉਂਦੇ ਹਨ ਜਦੋਂ ਕਿ ਇਸ ਤੋਂ ਵੱਧ ਗਿਣਤੀ ‘ਚ ਤਾਂ ਗਊਸ਼ਾਲਾਵਾਂ ‘ਚ ਹੀ ਗਾਂਵਾਂ ਹਨ। ਇਹ ਵੀ ਪਤਾ ਲੱਗਾ ਹੈ ਕਿ ਥੈਲਾ ਸ਼ਾਪ ਡਾਕਟਰ ਚਾਂਦੀ ਬਣਾਉਣ ‘ਚ ਲੱਗੇ ਹੋਏ ਹਨ ਜਿਨ੍ਹਾਂ ‘ਤੇ ਸਰਕਾਰ ਦਾ ਕੋਈ ਚੈੱਕ ਨਹੀਂ ਹੈ।

ਲੰਪੀ ਚਮੜੀ ਰੋਗ ਸਭ ਤੋਂ ਪਹਿਲਾਂ 1929 ‘ਚ ਅਫ਼ਰੀਕਾ ਦੇ ਜ਼ਾਂਬੀਆ ਦੇਸ਼ ‘ਚ ਮਿਲਿਆ ਸੀ ਜੋ ਹੁਣ ਉਤਰੀ ਤੇ ਦੱਖਣੀ ਅਮਰੀਕੀ ਦੇਸ਼ਾਂ ਨੂੰ ਛੱਡਕੇ ਬਾਕੀ ਸਾਰੇ ਮਹਾਂਦੀਪਾਂ ‘ਚ ਫੈਲ, ਚੁੱਕਿਆ ਹੈ। ਇਸ ਬਿਮਾਰੀ ਬਾਰੇ ਹੁਣ ਤੱਕ ਇਹ ਹੀ ਸਮਝਿਆ ਜਾ ਰਿਹਾ ਸੀ ਕਿ ਇਹ ਜਾਨਵਰਾਂ ਤੋਂ ਮਨੁੱਖਾਂ ਨੂੰ ਨਹੀਂ ਲੱਗਦੀ ਪਰ ਮਿਸਰ ਦੇ Animal Health Research Institute, Dokki, Giza ,Egypt  ਦੇ ਸਾਮੀਆ ਅਹਿਮਦ ਕਮਾਲ ਦੀ ਖੋਜ ਦੇ ਹਵਾਲੇ ਨਾਲ ਇਹ ਪਤਾ ਲੱਗਿਆ ਹੈ ਕਿ ਇਸ ਬਿਮਾਰੀ ਦਾ ਮਨੁੱਖਾਂ ਨੂੰ ਵੀ ਖ਼ਤਰਾ ਹੋ ਸਕਦਾ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਵਿੱਚ ਜਾਣਕਾਰੀ ਪਹੁੰਚਾਉਣ ਲਈ ਸਾਰੇ ਮੀਡੀਆ ਦੀ ਵਰਤੋਂ ਕੀਤ‌ੀ ਜਾਵੇ ਕਿਉਂਕਿ ਜਾਣਕਾਰੀ ਵੀ ਇਸ ਬਿਮਾਰੀ ਨੂੰ ਮਹਾਂਮਾਰੀ ਬਣਨ ਤੋਂ ਰੋਕਣ ‘ਚ ਵੱਡਾ ਰੋਲ ਅਦਾ ਕਰੇਗੀ : ਇਸ ਕਿਤੇ ਨਾਲ ਜੁੜੇ ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ 20 ਤੋਂ 30 ਲੱਖ ਟੀਕੇ ਦੀ ਚਾਹੀਦੇ ਹਨ, ਇਸ ‘ਤੇ ਵੀ ਸਰਕਾਰ ਨੂੰ ਗ਼ੌਰ ਕਰਨ ਦੀ ਲੋੜ ਹੈ।

 

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button