EDITORIAL

ਪੰਜਾਬੀ ਨਹੀਂ ਖਰੀਦ ਸਕਣਗੇ ਜ਼ਮੀਨ ਪੰਜਾਬ ‘ਚ ! ਭਰੋਸਾ ਗੁਆ ਰਹੀਆਂ ਨੇ ਸਰਕਾਰਾਂ

ਫ਼ਿਰਕੂ ਨਫ਼ਰਤ ਵਧਾਉਣ ਦੀਆਂ ਚਾਲਾਂ ਜਾਰੀ

ਅਮਰਜੀਤ ਸਿੰਘ ਵੜੈਚ (94178-01988)

ਬੀਜੇਪੀ ਦੀ ਭੁਪਾਲ ਤੋਂ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਪਿਛਲੇ ਦਿਨੀਂ  ਕਰਨਾਟਕਾ ਦੇ ਸ਼ਿਵਾਮੋਗਾ ਸ਼ਹਿਰ ‘ਚ ਇਕ ਸੈਮੀਨਾਰ ‘ਚ ਇਹ ਬਿਆਨ ਦਿਤਾ ਸੀ ਕਿ ਹਿੰਦੂਆਂ ਨੂੰ ਆਪਣੇ ਪਰਿਵਾਰਾਂ ਦੀ ਰੱਖਿਆ ਕਰਨ ਲਈ ਘਰਾਂ ‘ਚ ਹਥਿਆਰ ਰੱਖਣੇ ਚਾਹੀਦੇ ਹਨ ,ਘੱਟੋ-ਘੱਟ ਇਕ ਚਾਕੂ ਤਾਂ ਰੱਖਣਾ ਹੀ ਚਾਹੀਦਾ ਹੈ । ਐੱਮਪੀ ਨੇ ਇਹ ਵੀ ਕਿਹਾ ਕਿ  ਮਿਸ਼ਨਰੀ ਸਕੂਲਾਂ  ਵਿੱਚ ਬੱਚਿਆਂ ਨੂੰ ਪੜ੍ਹਾਉਣ ਨਾਲ਼ ਭਾਰਤੀ ਸੱਭਿਆਚਾਰ ਨੂੰ ਖੋਰਾ ਲੱਗਦਾ ਹੈ ।  ਇਸਤੋਂ ਇਲਾਵਾ ਵੀ ਐੱਮਪੀ ਨੇ ਘੱਟ ਗਿਣਤੀ ਫ਼ਿਰਕੇ ਖ਼ਿਲਾਫ਼ ਕਾਫ਼ੀ ਸਖਤ ਸ਼ਬਦ ਵਰਤੇ ਇਸ ਬਿਆਨ ਦੀ ਸਾਰੇ ਪਾਸਿਆਂ ਤੋਂ ਹੀ ਆਲੋਚਨਾ ਹੋਈ ਹੈ । ਐੱਮਪੀ ਦੇ ਖ਼ਿਲਾਫ਼  ਨਫ਼ਰਤੀ ਭਾਸ਼ਣ ਦੇਣ ਕਰਕੇ ਕਰਨਾਟਕਾ ‘ਚ ਐੱਫ਼ਆਈਆਰ ਦਰਜ ਹੋ ਚੁੱਕੀ ਹੈ ।

ਇਸ ਤਰ੍ਹਾਂ ਦਾ ਸੱਦਾ ਇਸੇ ਵਰ੍ਹੇ ਮਈ ਮਹੀਨੇ ‘ਚ  ਸ੍ਰੀ ਆਕਾਲ ਤਖਤ ਸਾਹਿਬ ਦੇ ਜੱਥੇਦਾਰ  ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਿਖਾਂ ਨੂੰ ਦਿਤਾ । ਜੱਥੇਦਾਰ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਹਨ ਕਿ ਸਿਖਾਂ ਨੂੰ  ਸਵੈ-ਰੱਖਿਆ ਲਈ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਹਨ । ਉਸ ਬਿਆਨ ਦੀ  ‘ਆਪ’ ਤੇ ਭਾਜਪਾ ਸਮੇਤ ਕਾਂਗਰਸ ਨੇ ਵੀ ਨਿੰਦਿਆ ਕੀਤੀ ਸੀ ।

ਨਵੰਬਰ  2011 ‘ਚ  ਮੁੰਬਈ ਦੀ ਘਟਨਾ ਹੈ, ਜਦੋਂ ਸ਼ਿਵ ਸੈਨਾ ਨੇ  ਉਤਰ- ਭਾਰਤ ਵਾਸੀਆਂ ਨੂੰ ਕਿਹਾ ਸੀ ਕਿ   ਉਤਰ ਭਾਰਤੀਆਂ ਬਿਨਾ ਮੁੰਬਈ ਰੁਕ ਨਹੀਂ ਜਾਵੇਗਾ  , ਮਹਾਂਰਾਸ਼ਟਰਾ ਉਤਰ-ਭਾਰਤੀਆਂ ਨੂੰ ਬਲਾਉਣ ਨਹੀਂ ਸੀ ਗਿਆ । ਇਹ ਬਿਆਨ ਉਦੋਂ ਦਿਤਾ ਗਿਆ ਸੀ ਜਦੋਂ ਮੁੰਬਈ ‘ਚ ਉਤਰ-ਭਾਰਤੀਆਂ ,ਖਾਸਕਰ ਬਿਹਾਰੀਆਂ ਅਤੇ ਉਤਰ ਪ੍ਰਦੇਸ਼ ਦੇ ਬਾਸ਼ਿੰਦਿਆਂ ‘ਤੇ ਕਈ ਹਮਲੇ ਹੋਏ ਸਨ ਤੇ ਕੁਝ ਪਾਰਟੀਆਂ ਦੇ  ਐੱਮਪੀਜ਼ ਨੇ ਕਿਹਾ ਸੀ ਕਿ ਉਤਰ-ਭਾਰਤੀ ਹੀ ਮੁੰਬਈ  ਨੂੰ ਚਲਾ ਰਹੇ ਹਨ ।

ਪਿਛਲੇ ਸਮੇਂ ਜਦੋਂ  ਪੰਜਾਬ ਵਿੱਚ ਸਿਖ ਧਰਮ ਦੇ ਲੋਕਾਂ ਵੱਲੋਂ ਇਸਾਈ ਧਰਮ ਅਪਨਾਉਣ ਦੀਆਂ ਖ਼ਬਰਾਂ ਆਈਆਂ ਸਨ ਤਾਂ ਉਸ ਵਕਤ ਕਈ ਸਿਖ ਜੱਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ ਅਤੇ ਕੁਝ ਲੋਕਾਂ ਵੱਲੌ ਇਸਾਈ ਧਰਮ ਵਾਲ਼ਿਆਂ ਉੱਤੇ ਹਮਲੇ ਵੀ ਕੀਤੇ ਗਏ ਸਨ । ਉਨ੍ਹਾਂ ਦੇ ਧਰਮ ਅਸਥਾਨਾਂ ‘ਚ ਈਸਾ ਮਸੀਹ ਦੀਆਂ ਮੂਰਤੀਆਂ ਵੀ ਤੋੜੀਆਂ ਗਈਆਂ ਸਨ । ਇਸ ਦੇ ਵਿਰੋਧ ਵਿੱਚ ਵਿਦੇਸ਼ਾਂ ਚੋਂ ਇਕ ਵੀਡੀਓ ਵਾਇਰਲ ਹੋਈ  ਜਿਸ ‘ਚ ਇਕ ਕਥਿਤ ਇਸਾਈ ਮੱਤ ਵਾਲ਼ਾ ਕਹਿ ਰਿਹਾ ਸੀ ਕਿ ਪੰਜਾਬ ‘ਚ ਇਸਾਈ ਧਰਮ ਵਾਲ਼ਿਆਂ ਉੱਤੇ ਹਮਲੇ ਜਾਰੀ ਰਹੇ ਤਾਂ ਪੰਜਾਬੀ ਇਹ ਯਾਦ ਰੱਖਣ ਕਿ ਬਹੁਤ ਸਾਰੇ ਪੰਜਾਬੀ ਬਾਹਰਲੇ ਮੁਲਕਾਂ ‘ਚ ਵੀ ਰਹਿੰਦੇ ਹਨ ਜਿਥੇ ਇਸਾਈ ਧਰਮ ਵਾਲ਼ੇ ਬਹੁ-ਗਿਣਤੀ ‘ਚ ਹਨ ।

ਪਿਛਲੇ ਵਰ੍ਹੇ  ਦਿਸੰਬਰ ਮਹੀਨੇ ‘ਚ ਉਤਰਾਖੰਡ ਦੇ ਹਰਿਦੁਆਰ ਅਤੇ ਦਿੱਲੀ ‘ਚ ਹੋਈਆਂ ਧਰਮ-ਸੰਸਦਾਂ ਵਿੱਚ ਕਿਹਾ ਗਿਆ ਸੀ ਕਿ ਹਿੰਦੂਆਂ ਨੂੰ ਸਿਰਫ਼ ਜ਼ਿਆਦਾ ਬੱਚੇ ਅਤੇ ਚੰਗੇ ਤੋਂ ਚੰਗਾ ਹਥਿਆਰ ਹੀ ਬਚਾ ਸਕਦੇ ਹਨ ।  ਇਨ੍ਹਾਂ ਸੰਸਦ-ਧਰਮ ਸਭਾਵਾਂ ‘ਚ ਮੁਸਲਮਾਨਾਂ ਖ਼ਿਲਾਫ਼ ਕਈ ਬਿਆਨ ਦਿਤੇ ਗਏ ਸਨ ਜਿਸ ਦਾ ਚਾਰੇ ਪਾਸਿਓਂ ਵਿਰੋਧ  ਵਿਰੋਧ ਹੋਇਆ ਸੀ । ਇਸ ਦਾ ਨੋਟਿਸ ਸੁਪਰੀਮ ਕੋਰਟ ਨੇ ਵੀ ਲਿਆ ਸੀ ।

ਇਸ ਤਰ੍ਹਾਂ ਦਾ ਮਾਹੌਲ ਪੰਜਾਬ ‘ਚ ਵੀ 1978 ਤੋਂ 1995 ਦਰਮਿਆਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਦੇਸ਼ ਵਿਰੋਧੀ ਸ਼ਕਤੀਆਂ ਕਾਮਯਾਬ ਨਹੀ ਸੀ ਹੋਈਆਂ । ਇੰਦਰਾ ਗਾਂਧੀ ਦੀ ਹੱਤਿਆ ਸਮੇਂ ਦਿੱਲੀ ‘ਚ ਪਲਾਨਿੰਗ ਕਰਕੇ ਸਿਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ ।  ਇਸ ਤਰ੍ਹਾਂ ਦੀ ਜ਼ਹਿਰ ਹੁਣ ਫਿਰ ਪੰਜਾਬ ‘ਚ ਉਗਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਫ਼ਰਵਰੀ 2002 ‘ਚ ਗੁਜਰਾਤ ਵਿੱਚ ਵੀ ਬਹੁਤ ਵੱਡੀ ਪੱਧਰ ‘ਤੇ ਹਿੰਦੂ ਸਿਖ ਫ਼ਸਾਦ ਹੋਏ ਸਨ ਜਿਸ ‘ਚ ਹਜ਼ਾਰਾਂ ਨਿਰਦੋਸ਼ ਲੋਕ ਵੀ ਮਾਰੇ ਗਏ ਸਨ ।

ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਸ਼ਹੀਦੀ ਜੋੜ-ਮੇਲ ਉਤੇ ਬੋਲਦਿਆਂ ਸ੍ਰੀ ਆਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਚਿੰਤਾ ਜ਼ਾਹਿਰ ਕੀਤੀ ਹੈ ਕਿ ਪੰਜਾਬੀ ਬਾਹਰਲੇ ਦੇਸ਼ਾਂ ਨੂ ਜਾ ਰਹੇ ਹਨ ।  ਉਨ੍ਹਾ ਕਿਹਾ ਕਿ ਯੂਪੀ ਅਤੇ ਬਿਹਾਰ ਵਾਲ਼ੇ ਪੰਜਾਬ ‘ਚ ਆ ਕੇ ਜ਼ਮੀਨਾਂ ਅਤੇ ਦੁਕਾਨਾਂ ਖਰੀਦ ਰਹੇ ਹਨ । ਜੱਥੇਦਾਰ ਸਾਹਿਬ ਨੇ  ਇਹ ਚਿੰਤਾ ਪ੍ਰਗਟ ਕੀਤੀ ਕਿ ਇਹ ਸਥਿਤੀਆਂ  ਮੰਗ ਕਰਦੀਆਂ ਹਨ ਕਿ ਬਾਹਰਲੇ ਲੋਕਾਂ ਉਤੇ ਪੰਜਾਬ ‘ਚ ਜ਼ਮੀਨਾਂ ਖਰੀਦਣ ਲਈ ਰੋਕ ਲੱਗਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਇਕ ਸਮਾਂ ਆਵੇਗਾ ਜਦੋਂ ਪੰਜਾਬ ਵਾਸੀਆਂ ‘ਤੇ ਪੰਜਾਬ ‘ਚ ਜ਼ਮੀਨਾਂ ਖਰੀਦਣ ‘ਤੇ ਪਾਬੰਦੀ ਲੱਗੇਗੀ ।  ਸਾਨੂੰ ਇਹ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਬਹੁਤ ਵੱਡੀ ਗਿਣਤੀ  ਪੰਜਾਬੀਆਂ  ਦੀ  ਪੰਜਾਬ  ਤੋਂ ਬਾਹਰਲੇ ਸੂਬਿਆਂ ਸਮੇਤ ਦਿੱਲੀ ‘ਚ ਵੀ ਰਹਿੰਦੀ ਹੈ ਉਨ੍ਹਾ ਲਈ ਵੀ ਇਸ ਤਰ੍ਹਾਂ ਦੀ ਮੰਗ ਸਮੱਸਿਆਵਾਂ  ਖੜੀਆਂ ਕਰ ਸਕਦੀ ਹੈ ।

ਜੱਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਦਾ ਪਾਣੀ ਤੇ ਬਰੇਨ  ਦੋਵੇਂ ਡਰੇਨ ਹੋ ਕੇ ਬਾਹਰ ਜਾ  ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਸਿਗਰਟਾਂ,ਬੀੜੀਆਂ  ਤੇ ਤੰਬਾਕੂ ਆਮ ਵਿਕ ਰਿਹਾ ਹੈ ਜਿਸ ਦੀ ਖ਼ਪਤ ਸਿਖ ਨਹੀਂ ਕਰ ਰਹੇ ਪਰ ਸਿਖਾਂ  ‘ਚ ਸ਼ਰਾਬ ਦੀ ਖਪਤ ਹੋ ਰਹੀ ਹੈ । ਜੱਥੇਦਾਰ ਚਿੱਟੇ ਦਾ ਜ਼ਿਕਰ ਕਰਨਾ ਭੁੱਲ ਗਏ ਜਿਸ ਦੇ ਦੋਸ਼ ਪੰਜਾਬ ਦੇ ਕਈ  ਰਾਜਸੀ ਲੀਡਰਾਂ ‘ਤੇ ਲੱਗ ਚੁੱਕੇ ਹਨ । ਜੱਥੇਦਾਰ ਵੱਲੋਂ ਇਹ ਚਿੰਤਾ ਜਾਇਜ਼ ਵੀ ਪ੍ਰਗਟਾਈ  ਕਿ ਜੇਕਰ ਪੰਜਾਬ ‘ਚ  ਬਹਾਰਲੇ ਲੋਕ ਆ ਗਏ ਤਾਂ ਕੀ ਓਹ ਸਾਹਿਬਜ਼ਾਦਿਆਂ  ਦੇ ਸ਼ਹੀਦੀ ਦਿਵਸ ਮਨਾਉਣਗੇ ?

ਉਪਰੋਕਤ ਤੱਥਾਂ ਦਾ ਸਾਰ ਇਹ ਨਿਕਲ਼ਦਾ ਹੈ ਕਿ ਘੱਟ ਗਿਣਤੀ ਬਹੁ-ਗਿਣਤੀ ਅਤੇ ਬਹੁ-ਗਿਣਤੀ ਘੱਟ ਗਿਣਤੀਆਂ ਤੋਂ ਖ਼ੌਫ ਖਾਣ ਲੱਗ ਪਈਆਂ ਹਨ ਇਸੇ ਕਰਕੇ ਸਾਰੇ ਹੀ ਫ਼ਿਰਕਿਆਂ ਦੇ ਲੀਡਰ ਆਪਣੇ ਲੋਕਾਂ ਨੂੰ ਸਵੈ-ਰੱਖਿਆ ਲਈ ਹੱਥਿਆਰ ਰੱਖਣ ਦੀਆਂ ਸਲਾਹਾਂ ਦੇ ਰਹੇ : ਇਸ ਦਾ ਮਤਲਬ ਇਹ ਹੈ ਕਿ ਸਾਡੀਆਂ ਸਰਕਾਰਾਂ ਆਪਣੇ ਨਾਗਰਿਕਾਂ ‘ਚੋਂ ਵਿਸ਼ਵਾਸ ਗੁਆ ਰਹੀਆਂ ਹਨ । ਕੁਝ ਵੀ ਹੋਵੇ ਇਹ ਸਥਿਤੀਆਂ  ਨਾ ਤਾਂ ਦੇਸ਼ ਦੇ ਹਿੱਤ ‘ਚ   ਅਤੇ ਨਾ ਹੀ ਪੰਜਾਬ ਦੇ ਹਿੱਤ ‘ਚ  ਭੁਗਤਣਗੀਆਂ  ਹਨ । ਸੋ ਇਸ ਸਮੇਂ ਸਰਕਾਰਾਂ, ਸਮਾਜ, ਧਰਮ ਤੇ ਰਾਜਨੀਤਿਕ ਪਾਰਟੀਆਂ  ਨੂੰ  ਫਿਰਕੂ ਅਤੇ ਰਾਜਸੀ ਹਿੱਤਾਂ ਤੋਂ ਉਪਰ ਉਠਕੇ ਸੋਚਣ ਅਤੇ ਸਰਗਰਮ ਹੋਣ ਦੀ ਲੋੜ ਹੈ ਤਾਂ ਕੇ ਕਿਸੇ ਤਰ੍ਹਾਂ ਦੇਸ਼ ਦੇ ਮਾਹੌਲ ਨੂੰ ਫਿਰਕੂ ਬਣਨ ਤੋਂ ਬਚਾਇਆ ਜਾ ਸਕੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button