EDITORIAL

ਹਰਿਆਣੇ ਦਾ ਸਿੱਖਾਂ ਲਈ ਸੁਨੇਹਾ

ਅਮਰਜੀਤ ਸਿੰਘ ਵੜੈਚ (9417801988)

ਹਰਿਆਣਾ ਸਰਕਾਰ ਵੱਲੋਂ ਗੁਰੂ ਤੇਗ ਬਹਾਦੁਰ ਸਾਹਿਬ ਦੀ 400ਵੀਂ ਪ੍ਰਕਾਸ਼ ਸ਼ਤਾਬਦੀ ‘ਤੇ  ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਤਹਿਤ ਪਾਣੀਪਤ ਵਿੱਚ 24 ਅਪ੍ਰੈਲ, ਐਤਵਾਰ ਨੂੰ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਿੱਖ ਸਮਾਜ ਵਿੱਚ ਇਹ ਸੁਨੇਹਾ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਕਿ ਹਰਿਆਣੇ ਵਿੱਚ ਸਿੱਖ ਧਰਮ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ। ਜਿਸ ਵਿੱਚ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਸੀ ਕਿ ਭਵਿਖ ਵਿੱਚ ਸਿੱਖ ਪਰਿਵਾਰਾਂ ਨੂੰ ਹੋ ਸਕਦਾ ਹੈ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਨ।

ਮੁੱਖ-ਮੰਤਰੀ ਖੱਟੜ ਨੇ ਕੇਸਰੀ ਪੱਗ ਬੰਨ੍ਹੀ ਅਤੇ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਕੀਰਤਨ ਵੀ ਸਰਵਣ ਕੀਤਾ ਅਤੇ ਖੱਟੜ ਨੇ ਬੜਾ ਪ੍ਰਭਾਵਸ਼ਾਲੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਹਰਿਆਣਾ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਇਕ ਮਹਾਨ ਨਾਇਕ ਕਰਕੇ ਯਾਦ ਕੀਤੇ ਜਾਂਦੇ ਹਨ। ਹਰਿਆਣੇ ਵਿੱਚ ਗੁਰੂ ਸਾਹਿਬ ਦੀ ਛੋਹ ਪ੍ਰਾਪਤ 32 ਗੁਰਧਾਮ ਅਤੇ ਛੇ ਯਾਤਰਾਵਾਂ ਦਾ ਇਤਿਹਾਸ ਮੌਜੂਦ ਹੈ।

ਜਦੋਂ ਦਿੱਲੀ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਮਗਰੋਂ ਉਨ੍ਹਾਂ ਦਾ ਸੀਸ ਲੈਕੇ ਭਾਈ ਜੈਤਾ ਆਨੰਦਪੁਰ ਸਾਹਿਬ ਨੂੰ ਗਏ ਤਾਂ ਉਹ ਸੋਨੀਪੱਤ ਦੇ ਪਿੰਡ ਬੱਡਖਾਲਸਾ ਵਿੱਚ ਦੀ ਲੰਘੇ ਸਨ। ਉਨ੍ਹਾਂ ਕਿਹਾ ਕਿਉਂਕਿ ਔਰੰਗਜ਼ੇਬ ਦੀਆਂ ਫ਼ੌਜਾਂ ਭਾਈ ਜੈਤਾ ਜੀ ਦੇ ਮਗਰ ਲੱਗੀਆਂ ਹੋਈਆਂ ਸਨ ਤਾਂ ਇਸ ਪਿੰਡ ਦੇ ਇਕ ਗੁਰੂ ਸੇਵਕ ਖੁਸ਼ਹਾਲ ਨੇ, ਜਿਸ ਦਾ ਚਿਹਰਾ ਗੁਰੂ ਸਾਹਿਬ ਨਾਲ ਮਿਲਦਾ ਸੀ, ਆਪਣਾ ਸਿਰ ਕਟਵਾ ਦਿੱਤਾ ਤਾਂ ਕਿ ਸਿਪਾਹੀਆਂ ਨੂੰ ਭੁਲੇਖਾ ਪਾਇਆ ਜਾ ਸਕੇ। ਉਸ ਦੇ ਸੀਸ ਨੂੰ ਲੈ ਕੇ ਫ਼ੌਜਾਂ ਦਿੱਲੀ ਵਾਪਸ ਚਲੀਆਂ ਗਈਆਂ ਤੇ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਬਾਲ ਗੋਬਿੰਦ ਕੋਲ ਲੈਕੇ ਪਹੁੰਚ ਗਿਆ। ਜਿਥੇ ਸੰਗਤਾਂ ਪਹਿਲਾਂ ਹੀ ਉਡੀਕ ਵਿੱਚ ਬਾਣੀ ਦਾ ਜਾਪ ਕਰ ਰਹੀਆਂ ਸਨ।

ਖੱਟੜ ਨੇ ਬਹੁਤ ਹੀ ਭਾਵਪੂਰਕ ਬੋਲਦਿਆਂ ਕੁਝ ਐਲਾਨ ਕੀਤੇ ਜਿਸ ਦਾ ਸਵਾਗਤ ਸੰਗਤਾਂ ਨੇ ਜੈਕਾਰਿਆਂ ਨਾਲ ਦਿੱਤਾ, ਉਨ੍ਹਾਂ ਉਸ ਥਾਂ ਦਾ ਨਾਮ ਹੀ ਗੁਰੂ ਸਾਹਿਬ ਦੇ ਨਾਂ ‘ਤੇ ਰੱਖਣ ਦਾ ਫ਼ੈਸਲਾ ਕੀਤਾ। ਜਿਥੇ ਇਹ ਸਮਾਗਮ ਹੋ ਰਿਹਾ ਸੀ। ਜਿਹੜੇ ਰਾਹ ਤੋਂ ਗੁਰੂ ਗ੍ਰੰਥ ਸਹਿਬ ਦੀ ਪਾਲਕੀ ਆਈ ਉਸ ਸੜਕ ਦਾ ਨਾਂ ਗੁਰੂ ਸਾਹਿਬ ਦੇ ਨਾਮ ‘ਤੇ ਅਤੇ ਯਮੁਨਾ ਨਗਰ ਵਿੱਚ ਗੁਰੂ ਸਾਹਿਬ ਦੇ ਨਾਮ ‘ਤੇ ਮੈਡੀਕਲ ਕਾਲਜ਼ ਬਣਾਉਣ ਦਾ ਵੀ ਐਲਾਨ ਕਰ ਦਿੱਤਾ। ਇਸ ਸਮੇਂ ਗੁਰੂ ਸਾਹਿਬਾਨ ਦੇ ਜੀਵਨ, ਬਾਬਾ ਬੰਦਾ ਸਿੰਘ ਬਹਾਦੁਰ ਸਮੇਤ ਸਿੱਖ ਸ਼ਹੀਦਾਂ ਦੇ ਜੀਵਨ ਦੀਆਂ ਝਲਕੀਆਂ ‘ਤੇ ਅਧਾਰਿਤ ਇਕ ਪ੍ਰਦਰਸ਼ਨੀ ਵੀ ਲਾਈ ਗਈ।

ਇਨ੍ਹਾਂ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਗੁਰੂ ਸਾਹਿਬ ਦੀ ਯਾਦ ਵਿੱਚ ਕੀਤੇ ਗਏ ਸਮਾਗਮਾਂ ਦੇ ਵਿਰੋਧ ਵਿੱਚ ਇਹ ਕਹਿ ਕੇ ਦੁਸ਼ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸਮਾਗਮਾਂ ਪਿਛੇ ਇਕ ਸਾਜ਼ਿਸ਼ ਹੈ ਕਿ ਮੌਜੂਦਾ ਸਮੇਂ ‘ਚ ਹਿੰਦੂ ਸੰਗਠਨ ਮੁਸਲਮਾਨਾਂ ਵਿਰੁਧ ਕੰਮ ਕਰ ਰਹੇ ਹਨ ਫਿਰ ਸਿੱਖਾਂ ਦੀ ਵਾਰੀ ਆਵੇਗੀ। ਇਸ ਕਰਕੇ ਹੁਣ ਸਿੱਖਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਤਾਂ ਕਿ ਇਕੋ ਮੋਰਚੇ ‘ਤੇ ਹੀ ਸਾਰਾ ਜ਼ੋਰ ਲਾਇਆ ਜਾਵੇ। ਅਜਿਹੇ ਦੁਸ਼ਪ੍ਰਚਾਰ ਕੁਝ ਕਾਸ ਸ਼ਰਾਰਤੀਆਂ ਵੱਲੋਂ ਕੀਤੇ ਜਾਂਦੇ ਹਨ ਜਿਨ੍ਹਾਂ ‘ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੁੰਦਾ ਕਿਉਂਕਿ ਇਹ ਮੈਸਿਜ ਸਿਰਫ ਸਧਾਰਨ ਲਿਖਤ ਹੁੰਦੀ ਹੈ ਜਿਸ ਦਾ ਕੋਈ ਥਹੁ-ਪਤਾ ਹ‌ੀ ਨਹੀਂ ਹੁੰਦਾ।

ਹਰਿਆਣਾ ਸਰਕਾਰ ਦੇ ਇਸ ਉਦਮ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਜਿਥੇ ਪੰਜਾਬ ਦੀ ਸਰਕਾਰ ਕੋਈ ਵੀ ਸਰਕਾਰੀ ਸਮਾਗਮ ਕਰਨ ਵਿੱਚ ਪੱਛੜ ਗਈ ਹੈ ਉਥੇ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਸਿੱਖਾਂ ਦੇ ਲਈ ਇਕ ਮੇਲ ਮਿਲਾਪ ਦੇ ਸੁਨੇਹੇ ਦਾ ਸੰਦੇਸ਼ ਦਿੱਤਾ ਹੈ। ਇਹ ਹੋਰ ਵੀ ਚੰਗਾ ਹੁੰਦਾ ਜੇ ਖੱਟੜ ਇਸ ਅਵਸਰ ‘ਤੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਵਿੱਚ ਕਿਸਾਨਾਂ ‘ਤੇ ਬਣੇ ਕੇਸਾਂ ਨੂੰ ਵਾਪਸ ਲੈਣ ਦਾ ਐਲਾਨ ਵੀ ਕਰ ਦਿੰਦੇ। ਖ਼ੈਰ ਇਹ ਐਲਾਨ ਮੁੱਖ-ਮੰਤਰੀ ਹੁਣ ਬਾਅਦ ‘ਚ ਵੀ ਕਰਕੇ ਇਕ ਹੋਰ ਮਾਅਰਕਾ ਮਾਰ ਸਕਦੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button