EDITORIAL

ਬਾਕੀ ਦੀਆਂ ਗੱਲਾਂ ਛੱਡੋ, ਕਿਸਾਨ ਕਰਜ਼ੇ ਵਿੱਚੋਂ ਕੱਢੋ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਦੀ ਬਹੁਤੀ ਵੱਸੋਂ ਖੇਤੀ ‘ਤੇ ਸਿੱਧੇ ਜਾਂ ਅਸਿੱਧੇ ਰੂਪ ‘ਚ ਖੇਤ‌ੀ ਤੇ ਨਿਰਭਰ ਕਰਦੀ ਹੈ, ਇਨ੍ਹਾਂ ਵਿੱਚ ਖੇਤੀ ਦੀ ਮਾਲਕੀ ਵਾਲੇ ਕਿਸਾਨ, ਖੇਤੀ ਮਜ਼ਦੂਰ, ਖੇਤੀ ਦੀਆਂ ਦਵਾਈਆਂ, ਖੇਤੀ ਬੀਜ, ਮੰਡੀਆਂ ਵਿੱਚ ਲੁਹਾਈ, ਸਫਾਈ, ਤੁਲਾਈ, ਲਦਾਈ ਲਈ ਮਜ਼ਦੂਰ, ਆੜਤੀਏ ਅਤੇ ਟਰੱਕਾਂ ਵਾਲੇ ਸ਼ਾਮਿਲ ਹਨ। ਪਿਛਲੇ 20 ਸਾਲਾਂ ਦੌਰਾਨ ਕਿਸਾਨ ਦੀ ਸਥਿਤੀ ਮੌਸਮ ਦੀਆਂ ਮਾਰਾ, ਗਲਤ ਅਤੇ ਨਕਲੀ ਬੀਜ, ਨਕਲੀ ਖੇਤੀ ਦਵਾਈਆਂ, ਬਿਮਾਰੀਆਂ, ਕੀੜੇ-ਮਕੌੜਿਆਂ, ਹੜਾਂ ਆਦਿ ਦੀ ਮਾਰ ਕਾਰਨ ਕਿਸਾਨਾਂ ਨੂੰ ਮਾਰ ਪੈਂਦੀ ਰਹ‌ੀ ਹੈ। ਇਨ੍ਹਾਂ ਸਥਿਤੀਆਂ ਵਿੱਚ ਛੋਟੇ ਕਿਸਾਨਾਂ ਨੂੰ ਘਰ ਦੀਆਂ ਲੋੜਾਂ ਅਤੇ ਅਗਲੀ ਫ਼ਸਲ ਦੀ ਬਿਜਾਈ ਲਈ ਆੜਤੀਏ ਜਾਂ ਕਿਸੇ ਹੋਰ ਸ਼ਾਹੂਕਾਰ ਕੋਲੋਂ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅੱਜ ਪੰਜਾਬ ਦੇ 86 ਫੀਸਦ ਕਿਸਾਨ ਕਰਜ਼ੇ ਹੇਠ ਹਨ।

ਪੰਜਾਬ ਹੀ ਨਹੀਂ ਦੇਸ਼ ਦੇ ਸਮੁੱਚੇ ਕਿਸਾਨਾਂ ਵਿੱਚੋਂ 86 ਫ਼ੀਸਦ ਕਿਸਾਨ ਛੋਟੀ ਜੋਤ ਦਾ ਹੈ ਅਤੇ ਅਧਪੜ੍ਹ ਹੀ ਹੈ। ਜਿਸ ਕਾਰਨ ਉਸਦੀ ਹਰ ਪੱਧਰ ‘ਤੇ ਲੁੱਟ ਹੁੰਦੀ ਹੈ। ਪੰਜਾਬ ਸਰਕਾਰ ਦੇ ਆਪਣੇ ਹੀ ਅੰਕੜਿਆਂ ਅਨੁਸਾਰ 2000 ਤੋਂ 2015 ਤੱਕ 9007 ਖੇਤੀ ਮਜ਼ਦੂਰਾਂ ਸਮੇਤ ਪੰਜਾਬ ਵਿੱਚ 16606 ਕਿਸਾਨ ਖੁਦਕੁਸ਼ੀ ਕਰ ਚੁੱਕੇ ਸਨ। ਇਨ੍ਹਾਂ ਵਿੱਚ ਬਹੁਤੇ 1 ਤੋਂ ਪੰਜ ਕਿਲਿਆਂ ਵਾਲੇ ਹੀ ਬਹੁਤੇ ਸਨ। ਇਸ ਹਿਸਾਬ ਨਾਲ ਹਰ ਰੋਜ਼  ਪੰਜਾਬ ਦੇ ਤਿੰਨ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਜੀਵਨ ਲੀਲਾ ਖਤਮ ਕਰ ਜਾਂਦੇ ਹਨ। (ਰਾਸ਼ਟਰੀ ਪੱਧਰ ‘ਤੇ ਇਹ ਦਰ ਹਰ 30 ਮਿੰਟ ਹੈ) ਇਹ ਰੁਝਾਨ ਹਾਲੇ ਵੀ ਜਾਰੀ ਹੈ ਭਾਵੇਂ ਆਪ ਕਨਵੀਨਰ ਕੇਜ਼ਰੀਵਾਲ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ 10 ਮਾਰਚ ਤੋਂ ਬਾਅਦ ਆਪ ਦੀ ਸਰਕਾਰ ਬਣਨ ਮਗਰੋਂ ਇਕ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨੀ ਪਵੇਗੀ। ਇਹੋ ਜਿਹਾ ਵਾਅਦਾ ਕੈਪਟਨ ਅਮਰਿੰਦਰ ਨੇ ਵੀ ਕੀਤਾ ਸੀ।

ਆਪ ਸਰਕਾਰ ਕਿਸਾਨਾਂ ਨੂੰ ਕਰਜ਼ੇ ‘ਚੋਂ ਮੁਕਤ ਕਰਨ ਲਈ ਕਦੋਂ ਕੀ ਕਰਦੀ ਹੈ ਉਦੋਂ ਤੱਕ ਤਾਂ ਹਾਲੇ ਹੋਰ ਕਿਸਾਨ ਵੀ ਇਸਦ‌ੀ ਬਲੀ ਚੜ੍ਹ ਜਾਣਗੇ ਪਰ ਮਾਨ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ 1500 ਪ੍ਰਤੀ ਏਕੜ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਇਹ ਤਾਂ ਸਿਰਫ ਧਰਤ‌ੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਠੀਕ ਹੈ ਪਰ ਝੋਨੇ ਦੀ ਕਟਾਈ ਮਗਰੋਂ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਅ ਕਰਨ ਲਈ ਹੁਣੇ ਹੀ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਪਰਾਲੀ, (ਕੱਲ੍ਹ ਗੁਰਦਾਸਪੁਰ ਵਰਗੀਆਂ ਮਾੜੀਆਂ ਘਟਨਾਵਾਂ ਨੂੰ ਸੱਦਾ ਦਿੰਦੀਆਂ ਹਨ, ਜਿਥੇ ਕਈ ਬੱਚੇ ਝੁਲਸ ਗਏ) ਲੋਕਾਂ ਲਈ ਸਾਹ ਦੀਆਂ ਬਿਮਾਰੀਆਂ, ਕਾਨੂੰਨੀ ਕਾਰਵਾਈਆਂ, ਲੜਾਈਆਂ ਅਤੇ ਖੇਤਾਂ ‘ਚ ਖੜ੍ਹੀ ਜੀਰ‌ੀ ਨੂੰ ਵੀ ਅੱਗ ਲੱਗਣ ਦੀਆਂ ਘਟਨਾਵਾਂ ਦਾ ਕਾਰਨ ਬਣਦੀ ਹੈ। ਇਸ ਵਰਤਾਰੇ ਕਾਰਨ ਪੂਰੇ ਦੇਸ਼ ਵਿੱਚ ਹੀ ਨਹੀਂ ਬਲਕਿ ਕਈ ਮੁਲਕਾਂ ਵਿੱਚ ਵੀ ਇਸ ਦਾ ਜ਼ਿਕਰ ਹੁੰਦਾ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਕਣਕ ਦਾ ਝਾੜ ਨਾ ਸਾੜਨ ਲਈ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਅਗਾਊਂ ਹੀ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਜਾਵੇ ਤਾਂ ਕਿ ਕਿਸਾਨ ਹੁਣੇ ਤੋਂ ਹੀ ਪ੍ਰਬੰਧ ਕਰ ਲੈਣ। ਅਗਰ ਕਿਸਾਨ ਫਿਰ ਵੀ ਅੱਗ ਲਾਉਂਦੇ ਹਨ ਤਾਂ ਫਿਰ ਉਨ੍ਹਾਂ ਉਪਰ ਕਾਰਵਾਈ ਕਰਨੀ ਬਣਦੀ ਹੈ। ਵੈਸੇ ਕੋਈ ਵੀ ਕਿਸਾਨ ਖੇਤਾਂ ਵਿੱਚ ਅੱਗ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜਿਥੇ ਅੱਗ ਲਾਈ ਜਾਂਦੀ ਹੈ ਉਥੇ ਫਸਲ ਛਿੱਦੀ ਪੈ ਜਾਂਦੀ ਹੈ। ਜੇਕਰ ਕਿਸਾਨ ਨੂੰ ਪਰਾਲੀ/ਨਾੜ ਸੰਭਾਲਣ ਦੀ ਤਕਨੀਕ ਸਸਤੀ ਮਿਲ ਜਾਵੇ ਤਾਂ ਇਹ ਸਮੱਸਿਆ ਖ਼ਤਮ ਹੋ ਸਕਦੀ ਹੈ।

ਫੌਰੀ ਲੋੜ ਤਾਂ ਇਹ ਹੈ ਕਿ ਜਿਹੜੇ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬੇ ਅਗਲੇ ਦਿਨਾਂ ‘ਚ ਦਮ ਤੋੜਨ ਦੀਆਂ ਤਿਆਰੀਆਂ ‘ਚ ਹਨ ਉਨ੍ਹਾਂ ਲਈ ਹੰਗਾਮੀ ਪੱਧਰ ‘ਤੇ ਟਾਸਕ ਫੋਰਸ ਬਣਾਕੇ ਪਹਿਚਾਣ ਕਰ ਲਈ ਜਾਵੇ ਅਤੇ ਉਨ੍ਹਾਂ ਦੇ ਘਰ ਉਜੜਨ ਤੋਂ ਬਚਾ ਲਏ ਜਾਣ। ਉਂਝ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਕਿ ਪੜਾਅਵਾਰ ਪੰਜਾਬ ਨੂੰ ਝੋਨੇ-ਕਣਕ ਦੇ ਚੱਕਰ ‘ਚੋਂ ਕੱਢ ਲਿਆ ਜਾਵੇ ਅਤੇ ਖੇਤੀ ਅਧਾਰਿਤ ਉਦਯੋਗ ਦਾ ਪਿੰਡਾਂ ਵਿੱਚ ਵਿਸਥਾਰ ਕੀਤਾ ਜਾਵੇ। ਕਿਸਾਨਾਂ ਨੂੰ ਹੋਰ ਫ਼ਸਲਾਂ ‘ਤੇ ਸਮਰਥਨ ਮੁੱਲ ਦੇ ਕੇ ਪੰਜਾਬ ਦੇ 2022 ਦੇ ਬਦਲਾਅ ਵਾਂਗ ਖੇਤੀ ਵਿੱਚ ਵੀ ਬਦਲਾਅ ਲਿਆਂਦਾ ਜਾਵੇ ਤਾਂ ਕਿ ਪੰਜਾਬ ਦੇ ਪਾਣੀ, ਪ੍ਰਾਣੀ, ਪੰਛੀ, ਪੌਦੇ, ਪੈਸੇ ਅਤੇ ਪਰਵਾਸ ਨੂੰ ਵੀ ਬਚਾਇਆ ਜਾ ਸਕੇਗਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button