EDITORIAL

ਮਾਨ ਲਈ ਖ਼ਤਰੇ ਦੀ ਘੰਟੀ

ਅਮਰਜੀਤ ਸਿੰਘ ਵੜੈਚ (94178-01988)

ਕੱਲ੍ਹ ਪਟਿਆਲੇ ਦੇ ਕਾਲੀ ਮਾਤਾ ਮੰਦਿਰ ਦੀ ਦੀਵਾਰ ‘ਤੇ ਖਾਲਿਸਤਾਨ ਦੇ ਪੋਸਟਰ ਚਿਪਕਾਏ ਗਏ। ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣਨ ਮਗਰੋਂ ਪਟਿਆਲੇ ਵਿੱਚ ਇਸੇ ਵਰ੍ਹੇ 29 ਅਪ੍ਰੈਲ ਨੂੰ ਦੋ ਫਿਰਕਿਆਂ ਵਿੱਚ ਗੰਭੀਰ ਤਣਾਅ ਦੀ ਸਥਿਤੀ ਬਣੀ ਸੀ ਜਿਸ ਨੂੰ ਪਟਿਆਲਾ ਵਾਸੀਆਂ ਨੇ ਵਿਗੜਨ ਨਹੀਂ ਸੀ ਦਿੱਤਾ। ਕੀ ਪੰਜਾਬ ‘ਚ ਸ਼ਾਂਤੀ ਨੂੰ ਭੰਗ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ? ਜੇਕਰ ਪਿਛਲੇ ਦਸ ਮਹੀਨਿਆਂ ਦੀਆਂ ਖ਼ਬਰਾਂ ‘ਤੇ ਨਜ਼ਰ ਮਾਰੀਏ ਤਾਂ ਇਹ ਸ਼ੱਕ ਪ੍ਰਗਟ ਕਰਨਾ ਬਣਦਾ ਹੈ। ਪਿਛਲੇ ਵਰ੍ਹੇ ਜਿਉਂ ਹੀ ਪੰਜਾਬ ਵਿਚਲੀ ਕੈਪਟਨ ਸਰਕਾਰ ਨੂੰ ਕਾਂਗਰਸ ਪਾਰਟੀ ਦੇ ਅੰਦਰੋਂ ਹੀ ਬਗ਼ਾਵਤ ਦਾ ਜ਼ਬਰਦਸਤ ਸਾਹਮਣਾ ਕਰਨਾ ਪਿਆ ਤਿਉਂ ਹੀ ਪੰਜਾਬ ਵਿੱਚ ਰਾਜਨੀਤਿਕ ਹਲਚਲ ਸ਼ਰੂ ਹੋ ਗਈ  ਅਤੇ ਨਾਲ ਦੀ ਨਾਲ ਹੀ ਪੰਜਾਬ ‘ਚ ਮਾਹੌਲ ਖ਼ਰਾਬ ਕਰਨ ਦਾ ਇਸ਼ਾਰਾ ਕਰਦੀਆਂ ਘਟਨਾਵਾਂ ਵਾਪਰਨ ਲੱਗੀਆਂ।

ਅਗਸਤ ਤੇ ਸਤੰਬਰ 2021’ਚ ਅੰਮ੍ਰਿਤਸਰ ਤੇ ਕਪੂਰਥਲਾ ‘ਚ ਟਿਫਨ ਬੰਬ ਮਿਲਣ ਦੀਆਂ ਘਟਨਾਵਾ ਹੋਈਆਂ ; ਇਸ ਮਗਰੋਂ ਜਲਾਲਾਬਾਦ ਵਿੱਚ ਇਕ ਮੋਟਰ ਸਾਇਕਲ ‘ਚ ਬੰਬ ਧਮਾਕਾ ਹੋਇਆ। 21 ਸਤੰਬਰ ਨੂੰ ਚੰਨੀ ਨੇ ਪੰਜਾਬ ਦੇ ਮੁੱਖ-ਮੰਤਰੀ ਵਜੋਂ ਸੰਹੁ ਚੁੱਲ ਲਈ। ਦਸੰਬਰ 2021 ‘ਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਚ ਬੇਅਦਬੀ ਦੀ ਘਟਨਾ ਵਾਪਰੀ ਫਿਰ ਇਸੇ ਮਹੀਨੇ ਹੀ ਲੁਧਿਆਣੇ ਦੀਆਂ ਅਦਾਲਤਾਂ ਵਿੱਚ ਜ਼ਬਰਦਸਤ ਬੰਬ ਧਮਾਕਾ ਹੋਇਆ।

ਇਸ ਵਰ੍ਹੇ ਮਈ ਮਹੀਨੇ ‘ਚ ਕਰਨਾਲ ਨੇ ਚਾਰ ਪੰਜਾਬੀ ਨੌਜਵਾਨ ਫੜੇ ਜਿਨ੍ਹਾਂ ਤੋਂ ਹਥਿਆਰ ਬਰਾਮਦ ਹੋਏ ਜੋ ਸਰਹੱਦੋਂ ਪਾਰ ਪਾਕਿਸਤਾਨ ਤੋਂ ਆਏ ਸਨ। ਮਈ ਵਿੱਚ ਹੀ ਮੋਹਾਲੀ ਵਿਖੇ ਪੰਜਾਬ ਦੇ ਵਿਜੀਲੈਂਸ ਦੇ ਮੱਖ ਦਫ਼ਤਰ ‘ਤੇ ਇਕ ਨਿਕੇ ਰਾਕਟ ਨਾਲ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੀ ਕੰਧ ਦਾ ਨਾਲ ਧਮਾਕਾਖੇਜ਼ ਸਮੱਗਰੀ ਮਿਲੀ। ਨਕੋਦਰ ‘ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਚਲਦੇ ਕਬੱਡੀ ਮੈਚ ਦੌਰਾਨ ਕਤਲ ਕਰ ਦਿੱਤਾ ਗਿਆ। ਇਸੇ ਦੌਰਾਨ ਪਟਿਆਲੇ ‘ਚ ਕਾਲੀ ਮਾਤਾ ਮੰਦਿਰ ਨੇੜੇ ਵਾਪਰੀਆਂ 29 ਅਪ੍ਰੈਲ ਦੀਆਂ ਘਟਨਾਵਾਂ ਤੋਂ ਬਿਲਕੁਲ ਇਕ ਮਹੀਨੇ ਮਗਰੋਂ 29 ਮਈ ਨੂੰ ਮਾਨਸਾ ਦੇ ਇਕ ਪਿੰਡ ‘ਚ  ਵਿਸ਼ਵ ਪ੍ਰਸਿਧ ਪੰਜਾਬੀ ਪੌਪ ਸਿੰਗਰ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਵੀ ਇਨ੍ਹਾ ਘਟਨਾਵਾਂ ਦੀ ਲੜੀ ਵਿੱਚ ਜੁੜ ਗਿਆ।

ਜਦੋਂ ਦੇਸ਼ ਕੋਵਿਡ-19 ਨਾਲ ਜੂਝ ਰਿਹਾ ਸੀ ਤਾਂ ਚੌਦਾਂ ਅਗਸਤ 2020 ਨੂੰ ਮੋਗਾ ਦੇ ਡੀਸੀ ਦੇ ਦਫ਼ਤਰ ਉੱਤੇ ਕਿਸੇ ਨੇ ਖਾਲਿਸਤਾਨੀ ਝੰਡਾ ਝੁਲਾ ਦਿੱਤਾ। ਫਿਰ ਇਹ ਸਿਲਸਿਲਾ ਰੋਪੜ, ਮਲੇਰਕੋਟਲਾ, ਧਰਮਸ਼ਾਲਾ, ਕਰਨਾਲ਼, ਸੰਗਰੂਰ ਅਤੇ ਹੁਣ ਫਿਰ ਪਟਿਆਲੇ ‘ਚ ਇਹ ਘਟਨਾ ਵਾਪਰੀ ਹੈ। ਇਹ ਸੱਬਬ ਹੀ ਕਹਿ ਲਓ ਕਿ ਸੰਗਰੂਰ ਤੋਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਖਾਲਿਸਤਾਨ ਸਬੰਧੀ ਇਕ ਬਿਆਨ ਦਿੱਤਾ ਹੈ।

ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣੀ ਨੂੰ ਅੱਜ ਚਾਰ ਮਹੀਨੇ ਹੋ ਗਏ ਹਨ। ਇਸ ਸਮੇਂ ਦੌਰਾਨ ਪੰਜਾਬ ਵਿੱਚ ‘ਅਮਨ ਤੇ ਕਾਨੂੰਨ’ ਦੀ ਸਥਿਤੀ ਨੂੰ ਲੈਕੇ ਕਈ ਵਾਰ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ‘ਤੇ ਇਹ  ਡਰ ਪ੍ਰਗਟ ਹੁੰਦਾ ਹੈ ਕਿ ਕੀ ਭਵਿੱਖ ‘ਚ ਪੰਜਾਬ ‘ਚ ਫਿਰ ‘ਕਾਲੇ ਦਿਨ’ ਤਾਂ ਨਹੀਂ ਪਰਤ ਰਹੇ। ਉਸ ਸਮੇਂ ਪੰਜਾਬ ‘ਚ, ਖਾਲੜਾ ਕਮੇਟੀ ਅਨੁਸਾਰ 25 ਹਜ਼ਾਰ ਤੋਂ ਵੱਧ ਲੋਕ ਪੁਲਿਸ ਮੁਕਾਬਲਿਆਂ ‘ਚ ਮਾਰੇ ਗਏ ਸਨ। ਖਾੜਕੂਆਂ ਨੇ ਵੀ ਵੱਡੀ ਗਿਣਤ‌ੀ ਪੁਲਿਸ ਦੇ ਵੱਡੇ ਅਫ਼ਸਰਾਂ ਸਮੇਤ ਹਰ ਰੈਂਕ ਦੇ ਕਰਮਚਾਰੀ ਮਾਰੇ ਸਨ। ਇਸ ਸਮੁੱਚੇ ਦੁਖਦਾਈ ਵਰਤਾਰੇ ਵਿੱਚ ਪੰਜਾਬ ਹਰ ਪੱਖ ਤੋਂ ਕਈ ਵਰ੍ਹੇ ਪਿਚੇ ਪੈ ਗਿਆ ਸੀ।

ਮਾਨ ਸਰਕਾਰ ਲਈ ਇਹ ਬੜੀ ਵੱਡੀ ਚੁਣੌਤੀ ਹੈ ਕਿ ਪੰਜਾਬ ਦੇ ਹਾਲਾਤ ਨਾ ਵਿਗੜਨ। ਮਾਨ ਸਰਕਾਰ ਲਈ ਇਹ ਚੁਣੌਤੀ ਇਸ ਲਈ ਵੀ ਵੱਡੀ ਹੈ ਕਿ ‘ਆਪ’ ਸਰਕਾਰ ਬਹੁਤ ਵੱਡੇ ਸੁਪਨੇ ਵਿਖਾਕੇ ਸੱਤ੍ਹਾ ‘ਚ ਆਈ ਹੈ। ਜੇਕਰ ਸਰਕਾਰ ਆਪਣੇ ਵਾਅਦੇ ਪੂਰੇ ਕਰਨੇ ਚਾਹੁੰਦੀ ਹੈ ਤਾਂ ਪੰਜਾਬ ‘ਚ ਸ਼ਾਂਤੀ ਦਾ ਮਾਹੌਲ ਬਣਾਕੇ ਰੱਖਣਾ ਬਹੁਤ ਜ਼ਰੂਰੀ ਹੈ। ਜਿਉਂ-ਜਿਉਂ ਸਰਕਾਰ ਬਣੀ ਦੇ ਦਿਨ ਵਧਣਗੇ ਤਿਉਂ-ਤਿਉਂ ਹੀ ਮਾਨ ਸਰਕਾਰ ਲਈ ਸਥਿਤੀਆਂ ਚੁਣੌਤੀ ਪੂਰਬਕ ਬਣਨਗੀਆਂ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਮੂਹ ਧਿਰਾਂ ਨੂੰ ਨਾਲ ਲੈਕੇ ਚੱਲੇ। ਉਧਰ ਵਿਰੋਧੀ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਮਸਲੇ ‘ਚ ਸਰਕਾਰ ਦਾ ਸਾਥ ਦੇਣ ਤਾਂ ਕਿ ਪੰਜਾਬ ‘ਚ ‘ਅਮਨ-ਸ਼ਾਂਤੀ’ ਦੀ ਸਥਿਤੀ ਹੱਥੋਂ ਨਾ ਨਿਕਲ ਜਾਵੇ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button