EDITORIAL

ਅਧਿਆਪਕਾਂ ਦੀ ਸਿਖਲਾਈ ਸਿੰਘਾਪੁਰ ਹੀ ਕਿਉਂ  ? UK  ਟਰੇਂਡ ਟੀਚਰਾਂ ਨੇ ਕੀ ਕੀਤਾ ?

ਪਹਿਲਾਂ ਪ੍ਰਾਇਮਰੀ  ਢਾਂਚਾ ਮਜਬੂਤ ਕਰੋ

ਅਮਰਜੀਤ ਸਿੰਘ ਵੜੈਚ (94178-01988)

ਅਸੀਂ ਅਕਸਰ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਕਿ ਮਕਾਨ ਦੇ ਉਪਰ ਉਸਰਨ ਵਾਲ਼ੇ ਚੁਬਾਰਿਆਂ ਦੀ ਮਜਬੂਤੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਸ ਮਕਾਨ ਦੀਆਂ ਨੀਹਾਂ ਕਿਨੀਆਂ  ਚੌੜੀਆਂ ਤੇ ਮਜਬੂਤ ਹਨ । ਇਹ ਅਸੂਲ ਮਨੁੱਖਾਂ ਦੀ ਜ਼ਿੰਦਗੀ ‘ਤੇ ਵੀ ਪੂਰਾ ਢੁੱਕਦਾ ਹੈ । ਮਨੁੱਖ ਦੀ ਜ਼ਿੰਦਗੀ ਵਿੱਚ ਵਿਦਿਆ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਇਹ ਗੱਲ ਇਸ ਤੱਥ ‘ਤੇ ਨਿਰਭਰ ਕਰਦੀ ਹੈ ਕਿ  ਉਸ ਮਨੁੱਖ ਨੂੰ ਵਿਦਿਆ ਕਿਵੇਂ ਪ੍ਰਾਪਤ ਹੋਈ ਹੈ  ਭਾਵ ਉਸ ਦੀ ਮੁੱਢਲੀ/ਪ੍ਰਾਇਮਰੀ ਵਿੱਦਿਆ ਦਾ ਕੀ ਮਿਆਰ ਸੀ । ਮੁੱਢਲੀ ਵਿਦਿਆ ਹੀ ਹਰ ਉਚੇਰੀ ਵਿੱਦਿਆ ਦਾ ਅਧਾਰ ਹੈ ।

ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਰਾਜ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਘਾਪੁਰ ‘ਚ ਸਿਖਲਾਈ ਦੇਣ ਦਾ ਐਲਾਨ ਕੀਤਾ ਹੈ । ਜੇਕਰ ਸਰਕਾਰ ਪੰਜਾਬ ਦੇ ਵਿਦਿਅਕ ਸਿਸਟਮ ‘ਚ ਸੁਧਾਰ ਲਿਆਉਣਾ ਚਾਹੁੰਦੀ ਹੈ ਤਾਂ ਫਿਰ ਵਿਸ਼ਵ ਦੇ ਬੇਹਤਰ ਮਾਡਲ ਤੋਂ ਸਿਖਲਾਈ ਲੈਣੀ ਚਾਹੀਦੀ ਹੈ । ਵਿਸ਼ਵ ਦੇ ਵਿਦਿਅਕ ਮਾਡਲਾਂ ਦੇ ਵੱਖ-ਵੱਖ ਸੰਸਥਾਵਾਂ ਵੱਲੋਂ ਜੋ ਦਰਜੇ ਦਿਤੇ ਗਏ ਹਨ ਉਨ੍ਹਾਂ ‘ਚ ਸਿੰਘਾਪੁਰ ਦਾ ਸਥਾਨ 15ਵਾਂ ਹੈ । ਅਸੀਂ ਅਮਰੀਕਾ,ਜਾਪਾਨ, ਇੰਗਲੈਂਡ, ਜਰਮਨੀ,ਫ਼ਰਾਂਸ,ਫਿਨਲੈਂਡ ਆਦਿ ਜਿਹੇ ਅੱਵਲ ਮੁਲਕਾਂ ਦੇ  ਵਿਦਿਆ ਮਾਡਲਾਂ ਨੂੰ ਕਿਉਂ ਨਹੀਂ ਚੁਣਦੇ ਜੋ ਪਹਿਲਾਂ ਹੀ ਪਰਖੇ ਜਾ ਚੁੱਕੇ ਹਨ ?

ਇਕ ਸਵਾਲ ਬੜਾ ਵਾਜਬ ਹੈ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਹੀ ਕਿਉਂ ? ਕੀ ਸਾਡੀ ਸੈਕੰਡਰੀ ਲੈਵਲ ਦੀ ਵਿੱਦਿਆ ਹੀ ਕਮਜ਼ੋਰ ਹੈ ਜਾਂ ਉਨ੍ਹਾਂ ਨੂੰ ਹੀ ਅਜਿਹੀ ਸਿਖਲਾਈ ਦੀ ਲੋੜ  ? ਕੀ ਸਾਡੀ ਪ੍ਰਾਇਮਰੀ ਸਕੂਲਾਂ ਦੀ ਪੜ੍ਹਾਈ ਬਹੁਤ ਮਜਬੂਤ ਹੈ ? ਮਾਨ ਸਰਕਾਰ ਇਸ ਗੱਲ ‘ਤੇ ਜ਼ੋਰ ਦੇ ਰਹੀ ਹੈ ਕਿ ਪੰਜਾਬ ਦੀ ਵਿੱਦਿਆ ਵਿਸ਼ਵ ਪੱਧਰ ਦੀ ਬਣਾ ਦਿਤੀ ਜਾਵੇਗੀ । ਇਹ ਉਦਮ ਬਹੁਤ ਵਧੀਆ ਹੈ  ਪਰ ਜੋ ਕੁਝ ਕੀਤਾ ਜਾ ਰਿਹਾ ਹੈ ਉਸ ਉਪਰ ਸਵਾਲ ਜ਼ਰੂਰ ਕਰਨੇ ਬਣਦੇ ਹਨ ।

ਸਾਡੀ ਮੁੱਢਲੀ ਸਿਖਿਆ ਪ੍ਰਣਾਲ਼ੀ ਬਹੁਤ ਕਮਜ਼ੋਰ ਹੈ । ਛੋਟੀਆਂ ਕਲਾਸਾਂ ‘ਚ ਬੱਚੇ ਇੰਗਲਿਸ਼ ‘ਚ ਕੁਝ ਵੀ ਸਿਖ ਕੇ ਨਹੀਂ ਆਂਉਂਦੇ ਤੇ ਫਿਰ ਜਦੋਂ ਉਹ 10+1 ਤੇ 10+2 ‘ਚ ਪਹੁੰਚਦੇ ਹਨ ਤਾਂ ਵਿਦਿਆਰਥੀਆਂ ਨੂੰ ਇੰਗਲਿਸ਼ ਦੇ ਵਾਕ ਵੀ ਨਹੀਂ ਬਣਾਉਣੇ ਆਉਂਦੇ । ਇਕ 10+2 ਦਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਜਦੋਂ  JOY ਦਾ ਅਰਥ ਪੁਛੇਗਾ ਤਾਂ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਮੁੱਢਲੀ/ਪ੍ਰਾਇਮਰੀ ਵਿਦਿਆ  ਕਿੰਨੀ ਮਜਬੂਤ ਹੋਵੇਗੀ । ਇਹੀ ਹਾਲ ਇਨ੍ਹਾ ਬੱਚਿਆ ਦੇ ਦੂਜੇ ਵਿਸ਼ਿਆਂ ਦਾ ਵੀ ਹੈ ।

ਸਾਲ 2013 ‘ਚ ਜਦੋਂ ਸਿਕੰਦਰ ਸਿੰਘ ਮਲੂਕਾ ਸਿਖਿਆ ਮੰਤਰੀ ਸਨ ਤਾਂ ਉਸ ਵਕਤ ਵੀ ਢਾਈ ਕਰੋੜ ਰੁਪਏ , ਭਾਵ ਪ੍ਰਤੀ ਅਧਿਆਪਕ ਪੰਜ ਲੱਖ ਰੁ: ਖਰਚ ਕੇ  ਸੈਕੰਡਰੀ ਸਕੂਲਾਂ ਦੇ 50 ਇੰਗਲਿਸ਼ ਅਧਿਆਪਕਾਂ ਨੂੰ ‘ਬਰਿਟਿਸ਼ ਕੌਂਸਲ’ ਕੋਲ਼ ਇੰਗਲਿਸ਼ ਪੜ੍ਹਾਉਣ ਦੀ ਸਿਖਲਾਈ ਲੈਣ ਲਈ ਇੰਗਲੈਂਡ ਭੇਜਿਆ  ਗਿਆ ਸੀ ।

ਉਨ੍ਹਾਂ ਅਧਿਆਪਕਾਂ ਨੇ ਸਿਖਲਾਈ ਲੈਣ ਮਗਰੋਂ ਆਪਣੇ ਸਕੂਲਾਂ ‘ਚ ਕਿਨਾ ਕੁ ਸੁਧਾਰ ਲਿਆਂਦਾ ਇਸ ਬਾਰੇ ਕੁਝ ਪਤਾ ਨਹੀਂ । ਇਕ ਸੇਵਾ-ਮੁਕਤ ਤੇ ਰਾਸ਼ਟਰੀ ਪੱਧਰ ‘ਤੇ ਸਨਮਾਨਿਤ ਪ੍ਰਿੰਸੀਪਲ ਦਾ ਕਹਿਣਾ ਹੈ ਕਿ  ਕਿਸੇ ਵੇਲ਼ੇ ਪੰਜਾਬ ਦੇ ਸਿਖਿਆ ਸਕੱਤਰ ਰਹਿ ਚੁੱਕੇ  ਕਰਿਸ਼ਨ ਕੁਮਾਰ ਨੇ ਕਈ ਵਾਰੀ ਉਨ੍ਹਾ ਅਧਿਆਪਕਾਂ ਨੂੰ ਆਪਣੀਆਂ  ਰਿਪੋਰਟਾਂ ਦੇਣ ਲਈ ਕਿਹਾ ਕਿ ਉਨ੍ਹਾਂ ਨੇ ਕਿਨੇ ਹੋਰ ਅਧਿਆਪਕਾਂ ਨੂੰ ਟਰੇਨਿੰਗ ਦਿਤੀ ਤੇ ਵਿਦਿਆਰਥੀਆਂ ‘ਚ ਕਿਨੀ ਕੁ ਤਬਦੀਲੀ ਲਿਆਂਦੀ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿਤਾ । ਵਰਤਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਅਧਿਆਪਕਾਂ ਦੀ ਕਾਰਗੁਜ਼ਾਰੀ ਲੋਕਾਂ ਨੂੰ ਦੱਸੀ ਜਾਵੇ ਕਿਉਂਕਿ ਉਹ ਅਧਿਆਪਕ ਲੋਕਾਂ ਦੇ ਪੈਸੇ ਨਾਲ਼ ਲੰਡਨ ‘ਚ ‘ਸਿਖਲਾਈ’  ਲੈਣ ਗਏ ਸਨ ।

ਇਹਦੇ ਵਿੱਚ ਕੋਈ ਉਜਰ ਨਹੀਂ ਕਿ ਸਾਡਾ ਵਿਦਿਅਕ ਢਾਂਚਾ ਬਹੁਤ ਮਜਬੂਤ ਹੋਣਾ ਚਾਹੀਦਾ ਹੈ ਪਰ ਇਹ ਸ਼ੁਰੂਆਤ  ਨੀਹਾਂ ਭਾਵ ਪ੍ਰਾਇਮਰੀ ਤੋਂ ਸ਼ੁਰੂ ਹੋਣੀ ਚਾਹੀਦੀ ਹੈ  ‘ਚੁਬਾਰੇ’ ਤੋਂ ਨਹੀਂ । ਪ੍ਰਾਇਮਰੀ ਸਕੂਲ਼ਾਂ ‘ਚ ਵਧੀਆ ਸਾਜ਼ੋ-ਸਮਾਨ ਦੇ ਨਾਲ਼ ਬਹੁਤ ਹੀ ਵਧੀਆ ਸਿਖਲਾਈ ਯਾਫ਼ਤਾ ਅਧਿਆਪਕ ਹੋਣੇ ਚਾਹੀਦੇ ਹਨ ਜੋ ਬੱਚਿਆਂ ਨੂੰ ਬਾਕੀ ਵਿਸ਼ਿਆਂ ਦੇ ਨਾਲ਼ ਨਾਲ਼ ਪੰਜਾਬੀ, ਹਿੰਦੀ ਤੇ ਇੰਗਲਿਸ਼ ਭਾਸ਼ਾਵਾਂ ਦਾ ਮੁੱਢਲਾ ਗਿਆਨ  ਸਿਖਾ ਸਕਣ ।

ਕਈ ਬੱਚਿਆਂ ਨੂੰ ਤਾਂ ਆਪਣੀ ਮਾਤ ਭਾਸ਼ਾ ਵੀ ਸਹੀ ਨਹੀਂ ਲਿਖਣੀ ਆਂਉਂਦੀ । ਜਿਸ ਬੱਚੇ ਦੀ  ਆਪਣੀ ਮਾਤ ਭਾਸ਼ਾ ‘ਤੇ ਪਕੜ ਹੋ ਜਾਵੇਗੀ  ਉਸ ਦੀ ਬਾਕੀ  ਭਾਸ਼ਾਵਾਂ ‘ਤੇ ਪਕੜ  ਵੀ ਹੋ ਜਾਵੇਗੀ ਤੇ  ਉਸ ਨੂੰ ਫਿਰ ਦੂਜੇ ਵਿਸ਼ੇ ਪੜ੍ਹਨ ‘ਚ ਕੋਈ ਦਿਕਤ ਨਹੀਂ ਆਵੇਗੀ । ਸੱਭ ਤੋਂ ਪਹਿਲਾਂ ਮੁੱਢਲੀ ਸਿਖਿਆ ਨੂੰ ਮਜਬੂਤ ਕਰ ਲਵੋਂ ਫਿਰ ਉੱਚ ਸਿਖਿਆ ‘ਤੇ ਖਰਚਾ ਵੀ ਬਚ ਜਾਵੇਗਾ ਤੇ  ਉੱਚ ਵਿੱਦਿਆ  ਦੇ ਮਿਆਰ ‘ਚ ਆਪਣੇ ਆਪ ਹੀ  ਸੁਧਾਰ ਵੀ ਆ ਜਾਵੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button