EDITORIAL

ਗੁਰੂ ਨਾਨਕ ਦਾ ਪੈਰੋਕਾਰ:ਸ਼ਹੀਦ ਭਗਤ ਸਿੰਘ

ਅਮਰਜੀਤ ਸਿੰਘ ਵੜੈਚ (94178-01988) 

ਪਿਛਲੇ 91 ਸਾਲਾਂ ‘ਚ ਸ਼ਹੀਦ ਭਗਤ ਸਿੰਘ ਭਾਰਤ ਦੇ ਲੋਕ-ਮਨਾਂ ਉਪਰ ਪੱਥਰ ‘ਤੇ ਲਕੀਰ ਵਾਂਙ ਖੁਣਿਆ ਗਿਆ ਹੈ : ਹਰ ਬੱਚਾ ਮੁੱਢਲੀ ਸਿਖਿਆ ਤੋਂ ਇਸ ਮਹਾਨ ਦੇਸ਼ ਭਗਤ ਬਾਰੇ ਪੜ੍ਹਦਾ ਆ ਰਿਹਾ ਹੈ, ਲੋਕ ਇਸ ਜਾਂਬਾਜ਼ ਯੋਧੇ ਦੀਆਂ ਵਾਰਾਂ ਰੇਡੀਓ,ਟੀਵੀ ਤੇ  ਸੁਣਦੇ/ਵੇਖਦੇ ਆ ਰਹੇ ਹਨ ,ਦੇਸ਼-ਭਗਤੀ ਦੇ ਇਸ ਮੁਜੱਸਮੇ ‘ਤੇ ਕਈ ਫ਼ੀਚਰ ਤੇ ਦਸਤਾਵੇਜ਼ੀ ਫ਼ਿਲਮਾਂ ਬਣ ਚੁੱਕੀਆਂ ਹਨ ,ਇਸ ਯੋਧੇ ‘ਤੇ ਹਜ਼ਾਰਾਂ ਕਿਤਾਬਾਂ ਅਤੇ ਖੋਜ-ਪੱਤਰ ਛਾਇਆ  ਹੋ ਚੁੱਕੇ ਹਨ, ਅਣਗਿਣਤ ਕਵੀਆਂ ਨੇ ਇਸ ਮਨੁੱਖੀ ਹੱਕਾਂ ਦੇ ਅਲੰਬਰਦਾਰ ‘ਤੇ ਕਵਿਤਾਵਾਂ ਲਿਖੀਆਂ ਤੇ ਪ੍ਰਕਾਸ਼ਿਤ ਕੀਤੀਆਂ ਹਨ ‘ਤੇ ਲੱਖਾਂ ਦੀ ਗਿਣਤੀ ‘ਚ ਕਵੀ ਦਰਬਾਰ ਹੋਏ ਹੋਣਗੇ ,ਕਰੋੜਾਂ ਦੀ ਤਾਦਾਦ ‘ਚ ਇਹ ਪੰਜਾਬੀ ਗੱਭਰੂ-ਸ਼ਹੀਦ  ਦੇਸ਼ ਦੇ ਗੱਭਰੂਆਂ ਦੀਆਂ ਟੀ ਸ਼ਰਟਾਂ ‘ਤੇ ਕਈ ਦਹਾਕਿਆਂ ਤੋਂ ਨਾਅਰੇ ਮਾਰਦਾ ਆ ਰਿਹਾ  ਹੈ, ਸੋਸ਼ਲ ਮੀਡੀਆ ‘ਤੇ ਲੋਕ ਇਸ ਦੀ ਕੁਰਬਾਨੀ ਨੂੰ ਸਲਾਮ ਕਰਦੇ  ਭਗਤ ਸਿੰਘ ਦੀ ਤਸਵੀਰ ਨੂੰ ਸਟੇਟਸ ‘ਤੇ ਲਾਉਂਦੇ ਹਨ , ਅਰਬਾਂ ਦੀ ਸੰਖਿਆ ‘ਚ ਹੁਣ ਤੱਕ ਇਸ ਵੀਰ ਜਵਾਨ ਦੇ ਕੈਲੰਡਰ ਛਪ ਚੁੱਕੇ ਹਨ,ਕਰੋੜਾਂ ਹੀ ਵਿਦਿਆਰਥੀਆਂ ਨੇ ਇਸ ਲਾਸਾਨੀ ਸ਼ਹੀਦ ‘ਤੇ ਆਪਣੇ ਇਮਤਿਹਾਨਾਂ ‘ਚ ਬੜੇ ਫ਼ਖਰ ਨਾਲ਼ ਲੇਖ ਲਿਖੇ ਹੋਣਗੇ, ਕਰੋੜਾਂ ਹੀ ਦੇਸ਼ ਦੇ ਜਵਾਨਾਂ ਤੇ ਮੁਟਿਆਰਾਂ ਨੇ ਕਈ ਮੁਕਾਬਲਿਆਂ ‘ਚ ਇਸ ਬੇਮਿਸਾਲ ਜਵਾਨ ਦੀ ਸ਼ਹੀਦੀ ‘ਤੇ  ਮੁਕਾਬਲੇ ਜਿਤੇ ਹੋਣਗੇ,  ਕਰੋੜਾਂ ਹੀ ਜਵਾਨੀ ਚੜ੍ਹਦੇ ਗੱਭਰੂਆਂ ਨੇ ਸ਼ੀਸ਼ੇ ਮੂਹਰੇ ਖੜ੍ਹਕੇ  ਭਗਤ ਸਿੰਘ ਵਾਂਙ ਕਈ ਵਾਰ ਮੁੱਛਾਂ  ਮਰੋੜ ਕੇ ਆਪਣੇ ਅੰਦਰ ਭਗਤ ਸਿੰਘ  ਅੰਗੜਾਈਆਂ ਭਰਦਾ ਮਹਿਸੂਸ ਕੀਤਾ ਹੋਣਾ ਹੈ ਅਤੇ ਕਰੋੜਾਂ ਹੀ ਮਾਂਵਾਂ ਨੇ  ਆਪਣੇ ਗਰਭ ‘ਚ ਪਲ਼ਦੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਵਰਗਾ ਸੋਹਣਾ ਤੇ ਬਹਾਦੁਰ ਚਿਤਵਿਆ ਹੋਣਾ ਹੈ…………..।

ਹਜ਼ਾਰਾਂ ਲੋਕ ਜਦੋਂ ਖਟਕੜ ਕਲਾਂ ਕੋਲ਼ ਦ‌ੀ ਲੰਘਦੇ ਹਨ ਤਾਂ ਸ਼ਹੀਦ ਭਗਤ ਸਿੰਘ ਨੂੰ ਸਲਾਮ ਕਰਕੇ ਲੰਘਦੇ ਹਨ । ਇਸੇ ਤਰ੍ਹਾਂ ਵੱਡੀ ਗਿਣਤੀ ‘ਚ ਦੇਸ਼ ਵਾਸੀ ਭਗਤ ਸਿੰਘ ਦੇ ਘਰ ਜਾਕੇ ਇਕ ਖ਼ਾਸ ਕਿਸਮ ਦਾ ਇਹਸਾਸ ਮਾਣਦੇ ਹਨ ਤੇ ਕਈ ਅਤਿ-ਸੰਵੇਦਨਸ਼ੀਲ ਲੋਕ ਤਾਂ ਉਸ ਘਰ ‘ਚ ਨਾਦਾਨ ਉਮਰ ਦੇ ਭਗਤ ਸਿੰਘ ਨੂੰ ਆਪਣੇ ਆਲ਼ੇ-ਦੁਆਲੇ ਖੇਡਦਾ  ਤੇ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਮਾਰਦਾ ਵ‌ੀ ਮਹਿਸੂਸ ਕਰਦੇ ਹੋਣਗੇ । ਲੋਕ ਉਥੋਂ ਤਸਵੀਰਾ ਖਿਚ ਕੇ ਲੈ ਜਾਂਦੇ ਹਨ ਤੇ ਫਿਰ ਬੜੇ ਮਾਣ ਨਾਲ਼ ਦੂਸਰਿਆਂ ਨੂੰ ਦੱਸਦੇ  ਤੇ ਦਿਖਾਉਂਦੇ ਹਨ ਕਿ ਉਹ ਸ਼ਹੀਦ ਭਗਤ ਸਿੰਘ ਦੇ ਪਿੰਡ ਉਸ ਦਾ ਘਰ ਵੇਖਕੇ ਆਏ ਹਨ ਅਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਵਿਦਿਆਰਥੀ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦੇ ਘਰ ਦੇ ਦਰਸ਼ਨ ਕਰਨ ਜਾਂਦੇ ਹਨ ।

ਦੇਸ਼ ਦੇ ਸਾਰੇ ਹੀ ਰਾਸ਼ਟਰਪਤੀਆਂ,ਪ੍ਰਧਾਨ-ਮੰਤਰੀਆਂ ਤੇ ਹੋਰ ਮਹੱਤਵ-ਪੂਰਣ ਸ਼ਖ਼ਸੀਅਤਾਂ ਨੇ ਆਪਣੇ ਭਾਸ਼ਨਾ ‘ਚ ਸ਼ਹੀਦ ਭਗਤ ਸਿੰਘ ਨੂੰ ਕਈ ਵਾਰ ਯਾਦ ਕੀਤਾ ਹੈ । ਪੰਜਾਬ ਸਰਕਾਰ ਨੇ ਖਟਕੜ ਕਲਾਂ ‘ਚ ਇਕ ਵਿਸ਼ੇਸ਼ ਮਿਊਜ਼ੀਅਮ ਬਣਾਇਆ ਹੈ ਜਿਥੇ ਭਗਤ ਸਿੰਘ ਨਾਲ਼ ਸਬੰਧਿਤ ਵਸਤੂਆਂ ਪਈਆਂ ਹਨ । ਪੰਜਾਬ ਸਰਕਾਰ ਹਰ ਸਾਲ 23 ਮਾਰਚ ਨੂੰ ਇਹ ਦਿਨ ਵਿਸ਼ੇਸ਼ ਤੌਰ ‘ਤੇ ਮਨਾਉਂਦੀ ਹੈ ਜਿਸ ਲਈ ਪੰਜਾਬ ‘ਚ ਸਰਕਾਰੀ ਛੁੱਟੀ ਕੀਤ‌ੀ ਜਾਂਦੀ ਹੈ । ਕਈ ਸੰਸਥਾਵਾਂ ਵੱਲੋਂ ਇਸ ਦਿਨ ਨਾਟਕ ਕਰਵਾਏ ਜਾਂਦੇ ਹਨ ।

ਇਕ ਸਾਲ ਤੋਂ ਵੀ ਉਪਰ ਚੱਲੇ ਕਿਸਾਨ ਅੰਦੋਲਨ ਦੌਰਾਨ ਭਗਤ ਸਿੰਘ ਦੇ ” ਇਨਕਲਾਬ -ਜ਼ਿੰਦਾਬਾਦ ” ਦੇ ਨਾਅਰੇ ਗੂੰਜਦੇ ਰਹੇ ; ਨੌਜਵਾਨ ਸਿਰਾਂ ਤੇ ਪੀਲ਼ੀਆਂ ਪੱਗਾਂ ਬੰਨ੍ਹਕੇ ਤੇ ਭਗਤ ਸਿੰਘ ਵਾਂਙ ਲੜ ਛੱਡਕੇ ਆਪਣੇ-ਆਪ ਨੂੰ ਮਾਣਮੱਤਾ ਮਹਿਸੂਸ ਕਰਦੇ ਹਨ । ਕਿਊਬਾ ਦੇ ਇਨਕਲਾਬੀ ਯੋਧੇ  ਚੇ ਗਿਵਾਰਾ ਵਾਂਙ ਭਗਤ ਸਿੰਘ ਵੀ ਦੇਸ਼ ਦੇ ਹਜ਼ਾਰਾਂ ਨੌਜਵਾਨਾਂ  ਲਈ ਇਕ ਸ਼ਕਤੀਸ਼ਾਲੀ ਸਨਮਾਨ ਚਿੰਨ੍ਹ/ਆਈਕਨ ਹੈ । ਭਗਤ ਸਿੰਘ ਦੀ ਪੱਗ ਨੇ ਪੂਰੇ ਦੇਸ਼ ਤੇ ਵਿਸ਼ਵ ਵਿੱਚ ਸਿਖਾਂ ਦਾ ਮਾਣ ਵਧਾਇਆ ਹੈ ।

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ  ਦੇਸ਼ਵਾਸੀਆਂ ਦੇ ਗਲ਼ੇ ਹੇਠਾਂ ਨਹੀਂ ਉਤਰਿਆ । ਮਾਨ ਆਪ 77 ਸਾਲਾਂ ਦੇ ਬਜ਼ੁਰਗ ਹੋ ਚੁੱਕੇ ਹਨ ; ਭਗਤ ਸਿੰਘ ਮਾਨ ਨਾਲੋਂ 38 ਵਰ੍ਹੇ ਵੱਡਾ ਸੀ । ਸਾਡੇ ਸਭਿਆਚਾਰ ਵਿੱਚ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ । ਸੰਗਰੂਰ ਦੇ ਸੰਸਦ ਮੈਂਬਰ ਦਾ ਇਹ ਬਿਆਨ ਪਿਛਲੇ ਨੌ ਦਹਾਕਿਆਂ ‘ਚ ਵੱਡੇ ਹੋਏ ਸ਼ਹੀਦ ਭਗਤ ਸਿੰਘ ਨੂੰ ਛੋਟਿਆਂ ਨਹੀਂ ਕਰ ਸਕਿਆ  ਬਲਕਿ ਮਾਨ ਸਾਹਿਬ ਬਾਰੇ ਜਿਨ੍ਹਾਂ ਗੱਲਾਂ ਦਾ  ਲੋਕਾਂ ਨੂੰ ਪਤਾ ਨਹੀਂ ਸੀ ਉਸ ਬਾਰੇ ਸੱਭ ਕੁਝ ਨਸ਼ਰ ਹੋ ਗਿਆ ਹੈ । ਭਾਵੇਂ ਕਿ ਮਾਨ ਨੇ ਆਪਣੇ ਬਿਆਨ ਨੂੰ ਆਪਣੇ ਤਰਕ ਨਾਲ਼ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਵੀ ਉਹ ਸਫ਼ਲ ਨਹੀਂ ਹੋ ਸਕੇ । ਦਹਾਕਿਆਂ ਤੋਂ ਉਸਰੇ ਵਿਸ਼ਵਾਸ ਤੇ ਸ਼ਰਧਾ ਨੂੰ ਕੋਈ ਵੀ ਤਰਕ ਹਿਲਾ ਨਹੀਂ ਸਕਦਾ । ਦੇਸ਼ , ਭਗਤ ਸਿੰਘ ਨੂੰ ਬਹੁਤ ਪਹਿਲਾਂ ਰਾਸ਼ਟਰੀ ਸ਼ਹੀਦ ਪ੍ਰਵਾਨ ਕਰ ਚੁੱਕਿਆ ਹੈ ।

ਦਰਅਸਲ ਮਾਨ ਦੇ ਇਸ ਬਿਆਨ ਨੂੰ ਕੁਝ ਮੀਡੀਆ ਵਾਲ਼ਿਆਂ ਨੇ ਆਪਣੀ ਟੀਆਰਪੀ/ਹਿਟਸ/ਲਾਈਕਸ ਵਧਾਉਣ ਦੇ ਚੱਕਰ ‘ਚ ਬਹੁਤ ਉਛਾਲ਼ਿਆ ਹੈ ਤੇ ਬਿਨਾਂ ਵਜ੍ਹਾ ਕਈ-ਕਈ ਦਿਨ ਬਹਿਸਾਂ ਕਰਵਾਈਆਂ  ਹਨ  ਜੋ ਕਿਸੇ ਵੀ ਤਰ੍ਹਾਂ ਮੀਡੀਆ ਦੀ ਨੈਤਿਕਤਾ ਦੇ ਘੇਰੇ ‘ਚ ਫਿਟ ਨਹੀਂ ਬੈਠਦੀਆਂ ।

ਹੁਣ ਭਗਤ ਸਿੰਘ ਦੀ ਤਸਵੀਰ ਨੂੰ ਦਰਬਾਰ ਸਾਹਿਬ ਦੇ ਸਿਖ ਮਿਊਜ਼ੀਅਮ ‘ਚੋਂ ਲਾਹੁਣ ਦੀ ਮੰਗ ਰੱਖ ਕੇ ਮਾਨ ਨੇ ਇਕ ਹੋਰ ਚਰਚਾ ਨੂੰ ਛੇੜ ਲਿਆ ਹੈ । ਮਾਨ ਸਾਹਿਬ ਦਾ ਕਹਿਣਾ ਹੈ ਕਿ ਭਗਤ ਸਿੰਘ ਨਾਸਤਕ ਸੀ ਤੇ ਕਾਮਰੇਡ ਸੀ ; ਕ‌ੀ ਕਾਮਰੇਡ ਹੋਣਾ ਗੁਨਾਹ ਹੈ ? ਭਗਤ ਸਿੰਘ ਮਜ਼ਲੂਮਾਂ  ਤੇ ਮਨੁੱਖੀ ਹੱਕਾਂ ਦੇ ਲਈ ਖੁੱਲ੍ਹ ਕੇ ਲਿਖਦਾ ਹੈ । ਉਸ ਨੇ ਕਦੇ ਵੀ ਕਿਸੇ ਵੀ ਧਰਮ ਦੇ ਖਿਲਾਫ਼ ਨਹੀਂ ਲਿਖਿਆ । ਸਿਖ ਧਰਮ ਵਿੱਚ ਤਾਂ ਮਾੜੇ ਦੇ ਨਾਲ਼ ਖੜਨ ਦੀ ਸਿਖ ਦਿਤੀ ਜਾਂਦੀ ਹੈ ; ਗੁਰੂ ਨਾਨਕ ਸਾਹਿਬ ਨੇ ਮਲਿਕ ਭਾਗੋ ਦੇ ਖੀਰ ਪੂੜੇ ਛੱਡਕੇ ਭਾਈ ਲਾਲੋ ਦੀ ਝੋਪੜੀ ‘ਚ ਬਹਿਕੇ ਕੋਧਰੇ ਦੀ ਰੋਟੀ ਖਾਣ ਨੂੰ ਤਰਜੀਹ ਦਿਤ‌ੀ ਸੀ ।

ਇਸ ਤਰ੍ਹਾਂ ਦੇ ਵਿਵਾਦ ਛੇੜਨੇ ਇਸ ਵਕਤ ਸ਼ੋਭਾ ਨਹੀਂ ਦਿੰਦੇ ਜਦੋਂ ਦੇਸ਼ ਅਤੇ ਖਾਸਕਰ ਪੰਜਾਬ ਮੂਹਰੇ ਬੇਅਦਬੀ , ਬੰਦੀ ਸਿੰਘਾਂ ਦੀ ਰਿਹਾਈ ,ਬੇਰੁਜ਼ਗਾਰੀ,ਨਸ਼ਾ,ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨੌਜਵਾਨਾਂ ਦਾ  ਪੰਜਾਬ ਤੋਂ ਮੋਹ-ਭੰਗ, ਧਰਤੀ ਹੇਠਲਾ ਪਾਣੀ,ਚੰਡੀਗੜ੍ਹ,ਗੈਂਗਸਟਰਾਂ ਵਰਗੇ ਅਤਿ-ਸੰਵੇਦਨਸ਼ੀਲ ਮੁੱਦੇ ਸਿਰ ਚੱਕੀ ਖੜ੍ਹੇ ਹੋਣ ; ਇਸ ਤਰ੍ਹਾਂ ਤਾਂ ਮੁੱਖ ਮੁੱਦਿਆਂ ਤੋਂ ਧਿਆਨ ਭਟਕ ਜਾਂਦਾ ਹੈ ਜੋ ਕਿਸੇ ਤਰ੍ਹਾਂ ਵੀ ਪੰਜਾਬ ਦੇ ਹਿਤ ਵਿੱਚ ਨਹੀਂ ਹੋਵੇਗਾ । ਇਸ ਤਰ੍ਹਾਂ ਦੇ ਬਿਆਨ ਸਿਰਫ਼ ਉਨ੍ਹਾਂ ਏਜੰਸੀਆਂ ਦੇ ਹਿੱਤ ਤਾਂ ਪੂਰ ਸਕਦੇ ਹਨ ਜੋ ਪੰਜਾਬ ‘ਚ ਸ਼ਾਂਤੀ ਨਹੀਂ ਵੇਖਣਾ ਚਾਹੁੰਦੀਆਂ ਪਰ ਇਹ ਪੰਜਾਬ ਦੀ ਜਵਾਨੀ ਲਈ ਕੋਈ ਮਾਰਗ-ਦਰਸ਼ਕ ਦਾ ਕੰਮ ਨਹੀਂ ਕਰ ਸਕਦੇ । ਮਾਨ ਸਾਹਿਬ ਆਪ ਸੀਨੀਅਰ ਆਈਪੀਐੱਸ ਅਫ਼ਸਰ ਰਹਿ ਚੁੱਕੇ ਹਨ ‘ਤੇ ਉਹ ਫੁੱਟ-ਪਾਊ ਸ਼ਕਤੀਆਂ ਤੋਂ  ਭਲੀ-ਭਾਂਤ ਵਾਕਿਫ਼ਕਾਰ ਹਨ । ਮਾਨ ਸਾਹਿਬ ਤੋਂ ਪੰਜਾਬ ਅਤੇ ਸਿਖ-ਪੰਥ ਨੂੰ ਬਹੁਤ ਆਸਾਂ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button