EDITORIAL

ਕੀ ਪੰਜਾਬ ਦਾ ਗੈਂਗਸਟਰਾਂ ਤੋਂ ਖਹਿੜਾ ਛੁੱਟੇਗਾ ? ਪੁਲਿਸ ‘ਤੇ ਵੀ ਉੱਠ ਰਹੇ ਸਵਾਲ

ਅਮਰਜੀਤ ਸਿੰਘ ਵੜੈਚ (94178-01988)

ਕੀ ਸੱਚਮੁੱਚ ਪੰਜਾਬ ‘ਚ ਹਾਲਾਤ ਖ਼ਰਾਬ ਹੋਣ ਜਾ ਰਹੇ ਹਨ ?  ਜਿਸ ਤਰ੍ਹਾਂ ਦੀਆਂ ਰੋਜ਼ ਖ਼ਬਰਾਂ ਆਉਣ ਲੱਗ ਪਈਆਂ ਹਨ ਉਸ ਨੇ ਲੋਕਾਂ ਨੂੰ ਚਿੰਤਾ ‘ਚ ਪਾ ਦਿਤਾ ਹੈ : ਜੰਡਿਆਲ਼ਾ ਗੁਰੂਕਾ ‘ਚ ਇਕ ਸੁਨਿਆਰਾ ਇਕ ਕਰੋੜ ਦੀ ਫਿਰੌਤੀ ਦੀ ਧਮਕੀ ਮਿਲਣ ਮਗਰੋਂ ਪਰਿਵਾਰ ਸਮੇਤ ਘਰ ਛੱਡਕੇ ਚਲਾ ਗਿਆ ਹੈ । ਮੋਗਾ ‘ਚ ਇਕ ਸੁਨਿਆਰ ਗਗਨਦੀਪ ਸਿੰਘ ਦਾ ਪਰਿਵਾਰ ਧਮਕੀਆਂ ਕਾਰਨ ਖ਼ੌਫਜ਼ਦਾ ਹੋ ਗਿਆ ਹੈ ਤੇ ਡਰ ਦੇ ਮਾਰੇ ਆਪ ਵੀ ਪਰਿਵਾਰ ਸਮੇਤ ਘਰ ਦੇ ਅੰਦਰ ਬੰਦ ਹੈ ਤੇ  ਆਪਣੇ ਬੱਚਿਆਂ ਨੂੰ ਸਕੂਲ ਵੀ ਨਹੀਂ ਭੇਜ ਰਿਹਾ । ਪਿਛਲੇ ਸਮੇਂ ‘ਚ ਪਹਿਲਾਂ ਤਰਨਤਾਰਨ ‘ਚ ਇਕ ਕੱਪੜਾ ਵਪਾਰੀ ਦੀ ਦੁਕਾਨ ਦੇ ਵਿੱਚ ਹੀ ਗੋਲ਼ੀਆਂ ਮਾਰਕੇ ਹੱਤਿਆ ਕਰ ਦਿਤੀ ਗਈ । ਹੁਣ ਸੱਤ ਦਿਸੰਬਰ ਨੂੰ ਨਕੋਦਰ ‘ਚ ਇਕ ਹੋਰ ਕੱਪੜਾ ਵਪਾਰੀ ਭੁਪਿੰਦਰ ਸਿੰਘ ਚਾਵਲਾ ਟਿਮੀ ਤੇ ਉਸ ਦੇ ਸੁਰੱਖਿਆ ਕਰਮੀ ਮਨਦੀਪ ਦੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿਤੇ  ਗਏ । ਇਸੇ ਸਮੇਂ ਦੌਰਾਨ ਪਹਿਲਾਂ ਅੰਮ੍ਰਿਤਸਰ ‘ਚ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਤੇ ਫਿਰ ਕੋਟਕਪੂਰਾ ‘ਚ ਬੇਅਦਬੀ ਕਾਂਡ ‘ਚ ਜ਼ਮਾਨਤ ‘ਤੇ ਆਏ ਪਰਦੀਪ ਸਿੰਘ ਦਾ ਕਤਲ ਕੀਤਾ ਗਿਆ ।

ਗੈਂਗਸਟਰਾਂ ਨੇ ਮੁਕਤਸਰ ‘ਚ ਪਿੰਡ ਕੋਟਭਾਈ ਦੇ ਇਕ ਨੌਜਵਾਨ   ਹਰਮਨਦੀਪ ਸਿੰਘ (20) ਨੂੰ  30 ਲੱਖ ਦੀ ਫਿਰੌਤੀ ਲਈ ਅਗਵਾ ਕਰਕੇ ਕਤਲ ਕਰ ਦਿਤਾ  । ਇਸੇ ਹੀ ਗੈਂਗ ਨੇ ਗੂੜੀ ਸੰਘਰ ਦੇ ਇਕ ਹੋਰ ਨੌਜਵਾਨ  ਨਿਰਮਲ ਸਿੰਘ (25) ਨੂੰ ਇਸੇ ਵਰ੍ਹੇ ਮਈ ਮਹੀਨੇ ‘ਚ ਅਗਵਾ ਕਰਕੇ ਕਤਲ ਕਰਨਾ ਵੀ ਮੰਨ ਲਿਆ ਤੇ ਪੁਲਿਸ ਨੇ ਕਾਤਲਾਂ ਦੀ ਨਿਸ਼ਾਨਦੇਹੀ ਤੇ ਨਿਰਮਲ ਸਿੰਘ ਦੀ ਲਾਸ਼ ਜੋ ਗਲ਼ਸੜ ਚੁੱਕੀ ਸੀ, ਇਕ ਚੰਦਭਾਨ ਡਰੇਨ ‘ਚੋਂ ਬਰਾਮਦ ਵੀ ਕਰ ਲਈ ਹੈ ।  ਇਸ ਤੋਂ ਪਹਿਲਾਂ ਇੰਟੈਲੀਜੈਂਸ ਬਿਊਰੋ ਦੇ ਮੁਹਾਲੀ ਵਾਲ਼ੇ ਮੁੱਖ ਦਫ਼ਤਰ ‘ਤੇ ਇਸੇ ਵਰ੍ਹੇ ਮਈ ‘ਚ ਰਾਕਟ ਦਾਗਿਆ ਗਿਆ ਤੇ ਹੁਣ ਸਰਹਾਲ਼ੀ ਪੁਲਿਸ ਥਾਣੇ ‘ਤੇ ਵੀ ਉਸੇ ਤਰ੍ਹਾਂ ਦੇ ਹਥਿਆਰ ਨਾਲ਼ ਹਮਲਾ ਕੀਤਾ ਗਿਆ । ਇਕ ਹਿਸਾਬ ਨਾਲ਼ ਇਹ ਵਾਰਦਾਤਾਂ ਅਤੇ ਪੁਲਿਸ ਇਮਾਰਤਾਂ ‘ਤੇ ਹਮਲੇ ਸਰਕਾਰ ਅਤੇ ਪੁਲਿਸ ਨੂੰ ਸਿਧੇ ਵੰਗਾਰਨ ਵਾਲ਼ੀ ਹੀ ਸਥਿਤੀ ਹੈ ।

ਇਹ ਹਾਲਾਤ 1978 ਦੀ ਵਿਸਾਖੀ ਮਗਰੋਂ ਬਣੇ ਸਨ ਜਦੋਂ ਅੰਮ੍ਰਿਤਸਰ ‘ਚ ਨਿਰੰਕਾਰੀਆਂ ਤੇ ਸੰਤ ਭਿੰਡਰਾਂਵਾਲ਼ਿਆਂ ਦੇ ਹਮਾਇਤੀਆਂ ਦੌਰਾਨ ਗੋਲ਼ੀਆਂ ਚੱਲੀਆਂ ਸਨ ਜਿਸ ‘ਚ 14 ਵਿਅਕਤੀ ਮਾਰ ਗਏ ਸਨ । ਉਸ ਵਕਤ ਪੰਜਾਬ ‘ਚ ਪ੍ਰਕਾਸ਼ ਸਿੰਘ ਬਾਦਲ , ਮੁੱਖ-ਮੰਤਰੀ ਸਨ । ਉਸ ਮਗਰੋਂ ਲਗਾਤਾਰ ਹਾਲਾਤ ਵਿਗੜਦੇ ਹੀ ਗਏ ਤੇ ਪੰਜਾਬ ‘ਚੋਂ ਬਹੁਤ ਸਾਰੇ ਹਿੰਦੂ ਪਰਿਵਾਰ  ਤੇ ਉਦਯੋਗ ਪ੍ਰਵਾਸ ਕਰ ਗਏ ਸਨ । ਉਦੋਂ ਵੀ ਫਿਰੌਤੀ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਸਨ ਤੇ ਸਰਦੇ ਪੁਜਦੇ ਘਰਾਂ ਦੇ ਲੋਕਾਂ ਨੂੰ ਅਗਵਾ ਕਰ ਲਿਆ ਜਾਂਦਾ ਸੀ । ਉਸ ਵਕਤ ਪੁਲਿਸ ‘ਤੇ ਵੀ ਇਸ ਕਿਸਮ ਦੇ ਦੋਸ਼ ਲੱਗਦੇ ਰਹੇ ਸਨ ।

ਪੰਜਾਬ ‘ਚ ਭਗਵੰਤ ਮਾਨ ਦੀ ਅਗਵਾਈ ‘ਚ  ਇਸੇ ਸਾਲ16 ਮਾਰਚ ਵਾਲ਼ੇ ਦਿਨ ਬਣੀ ਸਰਕਾਰ ਨੂੰ ਸੱਭ ਤੋਂ ਪਹਿਲਾਂ 29 ਮਈ ਨੂੰ  ਝਟਕਾ ਲੱਗਾ ਸੀ ਜਦੋਂ ਵਿਸ਼ਵ ਪ੍ਰਸਿਧ ਪੰਜਾਬੀ ਗਾਇਕ ਸਿਧੂ ਮੂਸੇਵਾਲ਼ਾ ਦਾ  ਮਾਨਸਾ ‘ਚ ਦਿਨ ਦਿਹਾੜੇ ਕਤਲ ਕਰ ਦਿਤਾ ਗਿਆ ਸੀ । ਇਸ ਮਗਰੋਂ ਜਿਹੜੀਆਂ ਵੀ ਘਟਨਾਵਾਂ ਵਾਪਰੀਆਂ ਉਨ੍ਹਾਂ ‘ਚੋ  ਬਹੁਤੀਆਂ ਦਾ ਜ਼ਿਕਰ ਅਸੀਂ ਕਰ ਵੀ ਚੁੱਕੇ ਹਾਂ । ਇਸੇ ਸਮੇਂ ਦੌਰਾਨ ਸਰਕਾਰੀ ਇਮਾਰਤਾਂ ‘ਤੇ ਖਾਲਿਸਤਾਨੀ ਨਾਅਰੇ ਲਿਖਣ ਦੀਆਂ ਵਾਰਦਾਤਾਂ ਵੀ ਵਾਪਰਦੀਆਂ ਰਹੀਆਂ  । ਪਰਸੋਂ  ਅੰਮ੍ਰਿਤਸਰ ਦੇ ਕੱਥੂਨੰਗਲ਼ ‘ਚ, ਸੁਰੱਖਿਆ ਗਾਰਡਾਂ ਤੋਂ ਬਿਨਾ ਕੰਮ ਕਰ ਰਹੇ, ਪੰਜਾਬ ਨੈਸ਼ਨਲ ਬੈਂਕ ‘ਚ ਦਿਨ ਦਿਹਾੜੇ 18 ਲੱਖ ਲੁੱਟਣ ਦੀ ਘਟਨਾ ਵਾਪਰ ਗਈ ਹੈ ।

ਇਹ ਵੱਡੀ ਚਿੰਤਾ ਵਾਲ਼ੀ ਸਥਿਤੀ ਬਣ ਗਈ ਹੈ ਜੋ ਮਾਨ ਸਰਕਾਰ ਲਈ ਇਕ ਵੱਡੀ ਚੁਣੌਤੀ ਹੋ ਨਿਬੜੇਗੀ । ਇਹ ਵੀ ਸਵਾਲ ਉੱਠ ਰਹੇ ਹਨ ਕਿ  ਮੁੱਖ-ਮੰਤਰੀ ਨੇ ਗ੍ਰਹਿ ਵਿਭਾਗ ਆਪਣੇ ਕੋਲ਼ ਹੀ  ਰੱਖਿਆ ਹੈ  ਤੇ ਉਹ ਇਸ ਪਾਸੇ ਪੂਰਾ ਧਿਆਨ ਨਹੀਂ ਦੇ ਰਹੇ । ਮਾਨ ਉਂਜ ਲਗਾਤਾਰ ਮੁੱਖ-ਮੰਤਰੀ ਦੇ ਰੁਝੇਵਿਆਂ ਵਿੱਚ  ਰੁਝੇ ਹੀ ਰਹਿੰਦੇ ਹਨ ।

ਦਿਨ ਦਿਹਾੜੇ ਕਤਲ ਹੋ ਰਹੇ ਹਨ, ਲੁੱਟਾਂ-ਖੋਹਾਂ ਹੋਣ ਲੱਗ ਪਈਆਂ ਹਨ ਤੇ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ । ਪੰਜਾਬ ਪੁਲਿਸ ‘ਤੇ ਵੀ ਸਵਾਲ ਉੱਠ ਰਹੇ ਹਨ ਕਿ  ਸਮਾਜ ਵਿਰੋਧੀ ਤੱਤਾਂ ,ਗੈਂਗਸਟਰਾਂ ਤੇ ਲੁਟੇਰਿਆਂ  ‘ਚੋਂ ਪੁਲਿਸ ਦਾ ਡਰ ਹੀ  ਕਿਉਂ ਖਤਮ ਹੋ ਗਿਆ ਹੈ ? ਪੁਲਿਸ ਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣ  ਦੀ ਲੋੜ ਹੈ ਤਾਂ ਕੇ ਇਕ ਆਮ ਨਾਗਰਿਕ ਬਿਨਾ ਕਿਸੇ ਡਰ ਦੇ ਰਹਿ ਸਕੇ ।

ਸੌ ਹੱਥ ਰੱਸਾ ਸਿਰੇ ‘ਤੇ ਗੰਢ ਦੀ ਕਹਾਵਤ ਅਨੁਸਾਰ  ਲੋਕ ਪੰਜਾਬ ‘ਚ ਸ਼ਾਤੀ ਚਾਹੁੰਦੇ ਹਨ ਪਰ ਮੌਜੂਦਾ ਸਥਿਤੀਆਂ ਲੋਕਾਂ ‘ਚ ਦਹਿਸ਼ਤ ਵਰਗਾ ਮਾਹੌਲ ਬਣਾ ਰਹੀਆਂ ਹਨ । ਸਰਕਾਰ ਦੀ ਪਹਿਲ ਰਾਜ ਦੇ ਲੋਕਾਂ ‘ਚ ਭਰੋਸਾ ਪੈਦਾ ਕਰਨਾ  ਹੋਣੀ ਚਾਹੀਦੀ ਹੈ ਜਿਸ ਲਈ ਸੱਭ ਤੋਂ ਪਹਿਲਾਂ ਗੈਂਗਸਟਰਾਂ ਤੋਂ ਪੰਜਾਬ ਦਾ ਖਹਿੜਾ ਛੁਟਣਾ ਚਾਹੀਦਾ ਹੈ । ਲੋਕ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਸਥਿਤੀਆਂ ਮਾਨ ਸਰਕਾਰ ਦੇ ਹੱਥੋਂ ਖਿਸਕਦੀਆਂ ਜਾ ਰਹੀਆਂ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button