EDITORIAL

ਸੋਸ਼ਲ ਮੀਡੀਆ ਦੇ ‘ਨਸ਼ੇੜੀ’

ਡਾਰਕਨੈੱਟ ਬਨਾਮ ਡੈਨਾਮਾਈਟ, ਫੇਸਬੁੱਕ ਦੀ ਭਾਰਤ 'ਚੋਂ ਇਕ ਅਰਬ ਦੀ ਕਮਾਈ

ਅਮਰਜੀਤ ਸਿੰਘ ਵੜੈਚ (94178-01988)

ਚੰਡੀਗੜ੍ਹ ਯੂਨੀਵਰਸਿਟੀ, ਘੜੂਆਂ ‘ਚ ਲੜਕੀਆਂ ਦੀਆਂ ਕਥਿਤ ਅਸ਼ਲੀਲ ਵੀਡੀਓਜ਼ ਬਣਾਉਣ ਤੇ ਫਿਰ ਸੋਸ਼ਲ ਮੀਡੀਆ ‘ਤੇ ਫੈਲਾਉਣ ਦੇ ਮਸਲੇ ਨੇ ਸਾਡੇ ਸਮੁੱਚੇ ਸਮਾਜ ਲਈ ਇਕ ਸਵਾਲ ਖੜਾ ਕਰ ਦਿਤਾ ਹੈ ਕਿ ਅਸੀਂ ਕਿਨਾ ਕੁ ਚਿਰ ਹੋਰ ‘ਆਜ਼ਾਦੀ ਤੇ ਆਧੁਨਿਕਤਾ’ ਦੇ ਪਰਦੇ ਥੱਲੇ ਲੁੱਕ ਕੇ ਆਪਣੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਭਸਮ ਹੁੰਦੇ ਵੇਖਦੇ ਰਹਾਂਗੇ ? ਅੱਜ ਕੱਲ੍ਹ ਹਰ ਵਿਅਕਤੀ ਦੇ ਹੱਥ ਵਿੱਚ ਸਮਾਰਟ ਫੋਨ ਹੈ : ਭਾਰਤ ‘ਚ 47 ਕਰੋੜ ਤੋਂ ਵੱਧ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ ਤੇ ਇਨ੍ਹਾਂ ਸਮੇਤ 66 ਕਰੋੜ ਤੋਂ ਵੱਧ ਭਾਰਤੀ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਸੋਸ਼ਲ ਮੀਡੀਆ ‘ਚ ਵਟਸਐੱਪ, ਫੇਸਬੁੱਕ, ਇੰਸਟਾਗਰਾਮ,ਟੈਲੀਗ੍ਰਾਮ, ਯੂਟਿਊਬ, ਟਵਿਟਰ , ਸਨੈਪਚੈਟ, ਵੀਚੈਟ,ਮੈਸੇਜਿਜ਼, ਬਲੌਗਜ਼, ਟਿਕਟੌਕ, ਵੈੱਬਸਾਈਟਸ ਤੇ ਹੋਰ ਕਈ ਐੱਪਸ ਆਦਿ ਸ਼ਾਮਿਲ ਹਨ।

ਇਹ ਸਾਰੇ ਮੀਡੀਆ, ਐੱਪਸ ਤੇ ਵੈੱਬਸਾਈਟਸ ਸਾਡੇ ਤੋਂ ਅਰਬਾਂ ਰੁਪਏ ਹਰ ਸਾਲ ਲੁੱਟ ਰਹੇ ਹਨ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ : ਇਕੱਲੀ ਫੇਸਬੁੱਕ ਹੀ ਭਾਰਤ ‘ਚੋ ਪਿਛਲੇ ਵਿੱਤੀ ਸਾਲ ‘ਚ 15 ਅਰਬ ਰੁਪਏ ਕਮਾ ਕੇ ਲੈ ਗਈ ਸੀ ਇਸੇ ਤਰ੍ਹਾਂ ਵਟਸਐੱਪ ਪਹਿਲੇ ਵਰ੍ਹੇ ਹੀ ਬਿਜਨਸ ਐੱਪ ਸ਼ੁਰੂ ਕਰ ਕੇ ਸਾਢੇ ਅੱਠ ਅਰਬ ਰੁਪਏ ਭਾਰਤ ਚੋਂ ਹੀ ਕਮਾ ਗਈ ਸੀ। ਇਸੇ ਤਰ੍ਹਾਂ ਬਾਕੀ ਐੱਪਸ ਤੇ ਵੈੱਬਸਾਈਟਸ ਪੈਸੇ ਕਮਾ ਰਹੀਆਂ ਹਨ। ਅਸ਼ਲੀਲ ਤੇ ਬਾਲਗ ਸਮੱਗਰੀ ਦੇਣ ਵਾਲ਼ੀਆਂ ਐੱਪਸ ਤੇ ਵੈੱਬਸਾਈਟਸ ਸੱਭ ਤੋਂ ਵੱਧ ਕਮਾਈ ਕਰ ਰਹੀਆਂ ਹਨ। ਅੱਜ ਕੱਲ ਤੁਹਾਨੂੰ ਇੰਟਰਨੈੱਟ ‘ਤੇ ਦਵਾਈਆਂ, ਕੱਪੜੇ, ਫਰਨੀਚਰ, ਘਰ ਦਾ ਸਾਮਾਨ, ਬਿਜਲੀ ਦਾ ਸਮਾਨ, ਖਾਣ-ਪੀਣ ਦੀਆਂ ਚੀਜ਼ਾਂ, ਜਾਦੂ ਟੂਣਾ, ਨੌਕਰੀਆਂ, ਨੰਬਰ ਟਰੇਸ ਕਰਨ, ਬਿੱਲ ਭਰਨ, ਫ਼ੈਸ਼ਨ, ਔਨ ਲਾਈਨ ਪੜ੍ਹਾਈ ਕਰਨ, ਫਿਲਮਾਂ/ਸੀਰੀਅਲ ਵੇਖਣ, ਖ਼ਬਰਾਂ ਵੇਖਣ ਜਾਂ ਪੜ੍ਹਨ, ਗੀਤ ਸੁਣਨ, ਰੇਡੀਓ ਟੀਵੀ ਲਈ, ਮੌਸਮ ਲਈ, ਅਖ਼ਬਾਰਾਂ ਪੜ੍ਹਨ ਲਈ, ਬਾਗਬਾਨੀ ਕਰਨ, ਖਾਣੇ ਬਣਾਉਣ ਲਈ ਆਦਿ ਬਹੁਤ ਐੱਪਸ ਮਿਲ ਜਾਣਗੀਆਂ। ਇਹ ਸਭ ਕੁਝ ਤੁਹਾਨੂੰ ਪਹਿਲਾਂ ਟੈਲੀਵੀਜ਼ਨ ਚੈਨਲਾਂ ਜਾਂ ਕੇਬਲ ਟੀਵੀ ‘ਤੇ ਮਿਲਦਾ ਸੀ ਪਰ ਹੁਣ ਸੋਸ਼ਲ ਮੀਡੀਆ ਮੇਨ ਸਟਰੀਮ ਮੀਡੀਆ ਦੀ ਥਾਂ ‘ਤੇ ਕਬਜ਼ਾ ਕਰ ਚੁੱਕਾ ਹੈ। ਕੰਪਨੀਆਂ ਤੇ ਵਪਾਰ ਕਰਨ ਵਾਲੀਆਂ ਫਰਮਾਂ ਸੋਸ਼ਲ ਮੀਡੀਆ ਨੂੰ ਵਿਗਿਆਪਨ ਦੇਣ ਲਈ ਵੱਧ ਵਰਤ ਰਹੇ ਹਨ। ਸੋਸ਼ਲ ਮੀਡੀਆ ‘ਤੇ ਕੰਪਨੀਆਂ ਇਸ ਵਰ੍ਹੇ ਭਾਰਤ ‘ਚ ਇਕ ਅਰਬ ਰੁ: ਤੋਂ ਵੀ ਵੱਧ ਖਰਚ ਇਸ਼ਿਤਿਹਾਰਾਂ ‘ਤੇ ਕਰਨਗੀਆਂ ਜਿਸ ‘ਚ ਅਗਲੇ ਸਾਲਾਂ 5 ਫ਼ੀਸਦ ਦੇ ਵਾਧੇ ਨਾਲ ਹੋਰ ਵੀ ਪਾਸਾਰ ਹੋ ਜਾਵੇਗਾ।

ਇੰਟਰਨੈੱਟ ਵੈੱਬਸਾਈਟ ਤੱਕ ਹਰ ਉਸ ਵਿਅਕਤੀ ਦੀ ਪਹੁੰਚ ਹੋ ਸਕਦੀ ਹੈ ਜਿਸ ਕੋਲ ਸਮਾਰਟ ਫੋਨ ਹੈ ਪਰ ਇੰਟਰਨੈੱਟ ਤੋਂ ਇਲਾਵਾ ਇਕ ‘ਡਾਰਕਨੈੱਟ’ ਜਾਂ ‘ਡਾਰਕ ਵੈੱਬ’ ਵੀ ਚੱਲ ਰਹੀ ਹੈ ਜਿਸ ਤੱਕ ਆਮ ਵਿਅਕਤੀ ਦੀ ਪਹੁੰਚ ਨਹੀਂ ਹੋ ਸਕਦੀ : ਇਹ ਸਾਈਟ ਕੁਝ ੳਹੀ ਵਿਅਕਤੀ ਚਲਾ ਰਹੇ ਹਨ ਜੋ ਹਰ ਤਰ੍ਹਾਂ ਦੇ ਸਮਾਜ ਵਿਰੋਧੀ ਕੰਮ ਕਰਦੇ ਹਨ। ਇਹ ਸਾਈਟਾਂ ਵੀ ਨੋਜਵਾਨਾਂ ਨੂੰ ਖਿਚ ਰਹੀਆਂ ਹਨ ਜੋ ਨੌਜਵਾਨਾਂ ਲਈ ਕਿਸੇ ਡੈਨਾਮਾਈਟ ਤੋਂ ਘੱਟ ਨਹੀਂ। ਡਾਰਕਨੈੱਟ ਸਾਈਟ ਦੀ ਵਰਤੋਂ ਲਈ ਕਈ ਲੁਕਵੇਂ ਢੰਗ ਵਰਤੇ ਜਾ ਰਹੇ ਹਨ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸਮੇਂ ਦੇ ਨਾਲ ਨਵੀਂ ਤਕਨੌਲੋਜੀ ਆਉਣੀ ਹੀ ਹੈ ਜੋ ਬਹੁਤ ਜ਼ਰੂਰੀ ਵੀ ਹੈ ਪਰ ਇਸ ਦੀ ਵਰਤੋਂ ਨਾਲ਼ੋ ਦੁਰ ਵਰਤੋਂ ਵੱਧ ਹੋ ਰਹੀ ਹੈ। ਕਈ ਨੌਜਵਾਨ ਸੈਲਫੀਆਂ ਲੈਂਦੇ ਤੇ ਪਬਜੀ ਵਰਗੀਆਂ ਖੇਡਾਂ ਖੇਡਦੇ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ : ਕਈ ਲੋਕ ਦੂਜੇ ਲੋਕਾਂ/ਧਰਮਾਂ ਵਿਰੁਧ ਨਫਰਤੀ ਟਿੱਪਣੀਆਂ ਕਰਦੇ ਹਨ ਜਿਸ ਕਾਰਨ ਕਈ ਲੋਕਾਂ ਹੀਣ ਭਾਵਨਾ ਦੇ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ। ਇਸ ਮੀਡੀਏ ਦੀ ਭਾਰਤ ਵਿੱਚ ਖਾਸ ਕਰ ਧਰਮਾਂ ਵਿਰੁਧ ਪ੍ਰਚਾਰ ਕਰਨ ਲਈ ਦੁਰਵਰਤੋਂ ਹੋ ਰਹੀ ਹੈ। ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਬਦਨਾਮ ਕਰਨ ਲਈ ਵੀ ਇਨ੍ਹਾਂ ਸਾਧਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਸਾਧਨਾਂ ਦੀ ਦੁਰਵਰਤੋਂ ਕਰਕੇ ਹੀ ਕਈ ਰਿਸ਼ਤੇ ਤਾਰ-ਤਾਰ ਹੋ ਰਹੇ ਹਨ ਤੇ ਕਈ ਪਰਿਵਾਰ ਟੁੱਟ ਚੁੱਕੇ ਹਨ।

ਨਵੀਂ ਪੀੜ੍ਹੀ ਸੋਸ਼ਲ ਮੀਡੀਆ ਦੀ ਸਭ ਤੋਂ ਵੱਧ ਵਰਤੋਂ  ਤੇ ਦੁਰ ਵਰਤੋਂ ਕਰ ਰਹੀ ਹੈ। ਇਸ ਦਾ ਸੱਭ ਤੋਂ ਵੱਧ ਨੁਕਸਾਨ ਵੀ ਇਸੇ ਨਸਲ ਨੂੰ ਹੋ ਰਿਹਾ ਹੈ। ਇਸ ਮੀਡੀਆ ‘ਤੇ ਕੋਈ ਰੋਕ ਟੋਕ ਨਹੀਂ ਹੈ : ਸੋਸ਼ਲ ਮੀਡੀਆ ਦੇ ‘ਨਸ਼ੈੜੀ’ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋ ਸਕਦੇ। ਜਿੰਨਾ ਨੁਕਸਾਨ ਸਾਡੀ ਵਿਰਾਸਤ ਦਾ ਅੰਗਰੇਜ਼ ਕਰਕੇ ਗਏ ਹਨ ਉਸ ਤੋਂ ਕਿਤੇ ਵੱਧ ਨੁਕਸਾਨ ਸੋਸ਼ਲ ਮੀਡੀਆ ਕਰ ਰਿਹਾ ਹੈ। ਕਈ ਦੇਸ਼ਾਂ ਜਿਵੇਂ ਚੀਨ, ਮਿਸਰ, ਫਰਾਂਸ, ਜਰਮਨੀ, ਗਰੀਸ, ਇੰਡੋਨੇਸ਼ੀਆ, ਈਰਾਨ, ਰਸ਼ੀਆ,ਪਾਕਿਸਤਾਨ, ਇੰਗਲੈਂਡ, ਆਸਟਰੇਲੀਆ ਆਦਿ ਨੇ ਕੁਝ ਖਾਸ ਸਮੱਗਰ‌ੀ ਨੂੰ ਲੈਕੇ ਕਈ ਪਾਬੰਦੀਆਂ ਲਾਈਆਂ ਹੋਈਆਂ ਹਨ। ਭਾਰਤ ਵਿੱਚ ਵੀ  ਸਰਕਾਰ ਨੇ ਫਰਵਰੀ 2021 ‘ਚ ਸੋਸ਼ਲ ਮੀਡੀਆ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਸਨ। ਪਿਛਲੇ ਸਮੇਂ ਦੌਰਾਨ ਜਦੋਂ ਵੀ ਭਾਰਤ ਵਿੱਚ ਫਿਰਕੂ ਦੰਗੇ ਹੁੰਦੇ ਰਹੇ ਹਨ ਉਦੋਂ ਹੀ ਸਰਕਾਰ ਸਾਰੀਆਂ ਹੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੰਦੀ ਰਹੀ ਹੈ। ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਉਣ ਸਮੇਂ ਇਕ ਸਾਲ ਤੋਂ ਵੀ ਵੱਧ ਇੰਟਨੈੱਟ ਸੇਵਾਵਾਂ ਆਮ ਲੋਕਾਂ ਲਈ ਬੰਦ ਰੱਖੀਆਂ ਗਈਆਂ। ਸਾਲ 2020 ਦੌਰਾਨ ਸੀਏਏ ਕਾਨੂੰਨ ਦੇ ਦਿੱਲੀ ਵਿੱਚ ਵਿਰੋਧ ਸਮੇਂ ਇਸ ਦੀ ਬਹੁਤ ਬੁਰੀ ਤਰ੍ਹਾਂ ਦੁਰਵਰਤੋਂ ਹੋਈ  ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੀਤੀ ਗਈ।

ਚੋਣਾਂ ਦੌਰਾਨ ਇਸ ਮੀਡੀਆ ਦੀ ਕਿੰਨੀ ਜ਼ੋਰਦਾਰ ਵਰਤੋਂ ਹੁੰਦੀ ਹੈ ਇਸ ਦੀ ਮਿਸਾਲ ਤੁਸੀਂ ਹੁਣੇ ਪੰਜਾਬ ਤੇ ਯੂਪੀ ਦੀਆਂ ਚੋਣਾਂ ਦੌਰਾਨ ਵੇਖ ਹੀ ਲਈ ਹੈ  : ਇਸ ਤੋਂ ਪਹਿਲਾਂ ਅਸੀਂ ਦੇਸ਼ ਦੀਆਂ ਆਮ ਚੋਣਾਂ ਸਮੇਂ 2014 ਤੇ 2019 ‘ਚ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ 2019 ਦੀ ਚੋਣ ਸਮੇਂ ਇਸ ਦੀ ਰੱਜ ਕੇ ਵਰਤੋਂ/ਦੁਰਵਰਤੋਂ ਹੁੰਦੀ ਵੇਖ ਚੁੱਕੇ ਹਾਂ। ਅੱਜ ਕੱਲ੍ਹ ਇਸ ਮੀਡੀਆ ਰਾਹੀ ਬਲੈਕਮੇਲ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਦੇ ਬਿਲਕੁਲ ਉਲਟ ਸੋਸ਼ਲ ਮੀਡੀਆ ਗੁਆਚੇ ਲੋਕਾਂ ਨੂੰ ਲੱਭ ਰਿਹਾ ਹੈ, ਹਿੰਦੋਸਤਾਨ ਦੀ ਵੰਡ ਸਮੇਂ ਵਿਛੜੇ ਭੈਣ ਭਰਾਵਾ ਨੂੰ ਮਿਲਾ ਰਿਹਾ ਹੈ। ਸੰਕਟ ਸਮੇਂ ਲੋਕਾਂ ਨੂੰ ਇਕ ਦੂਜੇ ਦੀ ਮਦਦ ਲਈ ਜੋੜਦਾ ਤੇ ਪ੍ਰੇਰਦਾ ਹੈ। ਵਿਦਿਆਰਥੀਆਂ ਨੂੰ ਨਵੀਂ ਜਾਣਕਾਰੀ ਦਿੰਦਾ ਹੈ ਤੇ ਬਜ਼ੁਰਗਾਂ ਲਈ ਵਧੀਆ ਟਾਇਮ ਪਾਸ ਦਾ ਸਾਧਨ ਹੈ। ਸਾਡੀ ਨਵੀਂ ਨਸਲ  ਤੇ ਬੱਚੇ ਇਸ ਦੀ ਵਰਤੋਂ ਕਰਨ ਸਮੇਂ ਸਿਰਫ਼ ਮਨੋਰੰਜਨ ਦਾ ਪੱਖ ਹੀ ਵੇਖਦੇ ਹਨ ਜੋ ਉਸ ਨੂੰ ਲੀਹੋਂ ਲਾਹ ਦਿੰਦਾ ਹੈ। ਇਸ ਮੀਡੀਆ ਦਾ ਸੱਭ ਤੋਂ ਵੱਧ ਖਤਰਾ ਸਾਡੀ ਨਵੀਂ ਪੀੜ੍ਹੀ ਨੂੰ ਹੈ ਜਿਸ ਨੂੰ ਸੰਭਾਲਣ ਤੇ ਸਮਝਾਉਣ ਦੀ ਲੋੜ ਹੈ । ਇਸ ਲਈ ਸਰਕਾਰੀ, ਸਮਾਜਿਕ, ਵਿਦਿਅਕ, ਧਾਰਮਿਕ ਤੇ ਪਰਿਵਾਰਿਕ ਪੱਧਰ ‘ਤੇ ਬਿਨਾ ਦੇਰੀ ਕੀਤਿਆਂ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਸਮਾਂ ਗਵਾ ਚੁੱਕੇ ਹਾਂ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button