EDITORIAL

ਗਰੀਬਾਂ ਦੇ ਰੱਬ : ਲੀਡਰ ਤੇ ਬਾਬੇ

ਬਾਬੇ, ਲੀਡਰ ਤੇ ਨਾਰੀ ਸ਼ੋਸ਼ਣ

ਅਮਰਜੀਤ ਸਿੰਘ ਵੜੈਚ (94178-01988)

ਭਾਵੇਂ ਹੁਣ ਤੱਕ ਬਹੁਤ ਸਾਰੇ ਬਾਬੇ ਤੇ ਲੀਡਰ ਆਪਣੀਆਂ ਅਨੈਤਿਕ ਹਰਕਤਾਂ ਕਰਕੇ ਜੇਲ੍ਹਾਂ ਦੀਆਂ ਹਵਾਵਾਂ ਖਾ ਚੁੱਕੇ ਹਨ ਤੇ ਖਾ ਵੀ ਰਹੇ ਹਨ ਤਾਂ ਵੀ ਲੋਕ ਡੇਰਿਆਂ, ਮੱਠਾਂ ਤੇ ਰਾਜਸੀ ਲੀਡਰਾਂ ਤੋਂ ਬਹੁਤ ਆਸਾਂ ਰੱਖਦੇ ਹਨ ਕਿ ਇਹ ਲੋਕ ਆਮ ਆਦਮੀ ਦੀ ਕਿਸਮਤ ਬਦਲ ਦੇਣਗੇ ! ਇਸੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਕਰਨਾਟਕਾ ਦੇ ਜ਼ਿਲ੍ਹੇ ਚਿਤਰਾਦੁਰਗਾ ‘ਚ ਸਥਿਤ ‘ਸ਼ਿਵਾਮੂਰਥੀ ਸ਼ਾਰਾਨਾਰੂ’ ਧਾਰਮਿਕ ਸੰਸਥਾਨ ਦੇ ਮੁਖੀ ‘ਸਵਾਮੀ’ ਮੁਰੂਘਾਰਾਜੇਂਦਰਾ ਮੱਟ ਦੀ ਦੋ ਨਾਬਾਲਿਗ ਲੜਕੀਆਂ ਨਾਲ ਕਥਿਤ ਜਿਨਸੀ ਸ਼ੋਸ਼ਣ ਕਰਕੇ ਗ੍ਰਿਫ਼ਤਾਰੀ ਹੋਣ ਮਗਰੋਂ ਫਿਰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਲੋਕ ਕਦੋਂ ਤੱਕ ਦੰਬ੍ਹੀ ਧਾਰਮਿਕ ਲੋਕਾਂ ਦੇ ਇੰਜ ਸ਼ਿਕਾਰ ਹੁੰਦੇ ਰਹਿਣਗੇ। ਇਹ ‘ਸਵਾਮੀ’ ਕਰਨਾਟਕ ਦੀ ਸਿਆਸਤ ‘ਚ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ।

ਸਾਨੂੰ ਅਜਿਹੀਆਂ ਕਈ ਮਿਸਾਲਾਂ ਸਥਾਨਿਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਮਿਲ ਜਾਣਗੀਆਂ ਜਿਨ੍ਹਾਂ ‘ਚ ਸਪੱਸ਼ਟ ਹੋ ਜਾਂਦਾ ਹੈ ਕਿ ਅਜਿਹੇ ਲੋਕਾਂ ਨੇ ਕਿਵੇਂ ਆਪਣੀ ਰਸੂਖਦਾਰ ਪਦਵੀ ਦਾ ਨਜਾਇਜ਼ ਫ਼ਾਇਦਾ ਉਠਾਕੇ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਛੋਟੇ ਜਿਹੇ  ਅਨਜਾਣ ਪਿੰਡ ਚਾਨਪੁਰਾ ਦੇ ਅਰਬਪਤੀ ਯੋਗਾ ‘ਗੁਰੂ’ ਧਰੇਂਦਰ ਬ੍ਰਹਮਚਾਰੀ ਸਾਬਕਾ ਪ੍ਰਧਾਨ ਮੰਤਰੀ  ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ : ਸੰਜੇ ਗਾਂਧੀ ਦੀ  ਹੈਲੀਕਾਪਟਰ ਹਾਦਸੇ ‘ਚ ਮੌਤ ਮਗਰੋਂ ਇੰਦਰਾ ਬੁਰੀ ਤਰ੍ਹਾਂ ਭਾਵਨਾਤਮਿਕ ਤੌਰ ‘ਤੇ ਟੁੱਟ ਗਈ ਸੀ , ਧਰੇਂਦਰ ਇੰਦਰਾ ਨੂੰ ਯੋਗਾ ਦੀ ਸਿਖਲਾਈ ਦਿੰਦੇ ਸਨ, ਸੰਜੇ ਗਾਂਧੀ ਦੀ ਮੌਤ ਧਰੇਂਦਰ ਦੇ ਹੈਲੀਕਾਪਟਰ ਦੇ ਹਾਦਸੇ ‘ਚ ਹੀ ਹੋਈ ਸੀ, ਇੰਦਰਾ ‘ਤੇ ਬ੍ਰਹਮਚਾਰੀ ਬਾਰੇ ਵੀ ਬਹੁਤ ਕਥਿਤ ਚਰਚਾਵਾਂ ਚਲਦੀਆਂ ਰਹੀਆਂ ਹਨ।

ਯੂਪੀ ਤੇ ਉਤਰਾਖੰਡ ਦੇ ਸਾਬਕਾ ਮੁੱਖ-ਮੰਤਰੀ ਤੇ ਆਧਰਾ ਪ੍ਰਦੇਸ਼ ਦੇ ਸਾਬਕਾ ਰਾਜਪਾਲ ਐੱਨ ਡੀ ਤਿਵਾੜੀ ਨੂੰ ਰਾਜਪਾਲ ਰਹਿੰਦਿਆਂ ਰਾਜ ਭਵਨ ਦੀਆਂ ਕਰਮਚਾਰੀਨਾ ਨਾਲ ਕਥਿਤ ਅਨੈਤਿਕ ਤਸਵੀਰਾਂ ਇਕ ਤੇਲਗੂ ਚੈਨਲ ਟੀਵੀ ਚੈਨਲ ਵੱਲੋਂ ਦਿਖਾਉਣ ਮਗਰੋਂ, ਦਿਸੰਬਰ 2009 ‘ਚ  ਅਸਤੀਫ਼ਾ ਦੇਣਾ ਪਿਆ : ਬਾਅਦ ਵਿੱਚ ਇਕ ਲੜਕੇ ਰੋਹਿਤ ਸ਼ੇਖਰ(35) ਵੱਲੋਂ ਆਪਣੇ ਆਪ ਨੂੰ ਡੀਐੱਨਏ ਟੈਸਟ ਰਾਹੀਂ ਤਿਵਾੜੀ ਦਾ ਪੁੱਤਰ ਸਿਧ ਕਰਨ ਮਗਰੋਂ ਤਿਵਾੜੀ ਨੂੰ ਉਸ ਲੜਕੇ ਦੀ ਮਾਂ ਉਜਵਲਾ ਸ਼ਰਮਾ (67) ਨਾਲ਼ 89 ਸਾਲਾਂ ਦੀ ਉਮਰ ‘ਚ ਵਿਆਹ ਕਰਵਾਉਣਾ ਪਿਆ ਸੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸਵਰਗੀ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਗਗਨਜੀਤ ਸਿੰਘ, ਧੂਰੀ ਵਿਧਾਇਕ ‘ਤੇ ਚੰਡੀਗੜ੍ਹ ਵਾਲੇ ਘਰ ‘ਚ ਇਕ ਨੌਕਰਾਣੀ ਨੇ 2006 ‘ਚ ਕਥਿਤ ਬਲਾਤਕਾਰ ਦਾ ਦੋਸ਼ ਲਾਇਆ ਸੀ ਜਿਸ ‘ਚ ਗਗਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ : ਗਗਨ 2009 ‘ਚ ਬਰੀ ਹੋ ਗਿਆ ਸੀ। ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਵੀ  2008 ‘ਚ ਇਕ ਔਰਤ ਵੱਲੋਂ ਬਲਾਤਕਾਰ ਦੇ ਦੋਸ਼ ਲਾਏ ਗਏ ਸਨ। ਲੰਗਾਹ ਨੂੰ ਵੀ ਬਾਅਦ ਵਿੱਚ ਗੁਰਦਾਸਪੁਰ ਦੀ ਇਕ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਹੁਣ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਇਕ ਇਸੇ ਤਰ੍ਹਾਂ ਦੇ ਮਸਲੇ ‘ਚ ਲਪੇਟੇ ਗਏ ਹਨ ਜਿਸ ‘ਚ ਪਠਾਣਮਾਜਰਾ ਦੀ ਦੂਸਰੀ ਸ਼ਾਦੀ ਵਾਲੀ ਪਤਨੀ ਨੇ ਹੀ ਵਿਧਾਇਕ ‘ਤੇ ਕਥਿਤ ਸੰਗੀਨ ਦੋਸ਼ ਲਾਏ ਹਨ ਜਿਸ ਤੋਂ ਪਠਾਨਮਾਜਰਾ ਨੇ ਇਨਕਾਰ ਕੀਤਾ ਹੈ। ਹੁਣ ਮਾਮਲਾ ਹਾਈ ਕੋਰਟ ‘ਚ ਹੈ।

ਪੱਤਰਕਾਰ ਤੋਂ ਰਾਜਨੀਤਿਕ ਬਣੇ ਭਾਜਪਾ ਪਾਰਟੀ ਦੇ ਸਾਬਕਾ ਮੰਤਰੀ ਐੱਮ ਜੇ ਅਕਬਰ ‘ਤੇ ਵੀ ਗਿਆਰਾਂ ਔਰਤਾਂ ਨੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ ਜਿਸ ‘ਤੇ ਦਿੱਲੀ ਦੀ ਇਕ ਅਦਾਲਤ ਨੇ ਵੀ ਸਖ਼ਤ ਪ੍ਰਤੀਕਰਮ ਦਿੱਤਾ ਸੀ : ਅਕਬਰ ਨੇ ਇਕ ਔਰਤ ‘ਤੇ  ਮਾਣਹਾਨੀ ਦਾ ਕੇਸ ਕੀਤਾ ਸੀ ਜਿਸ ਨੂੰ ਅਕਬਰ ਹਾਰ ਗਏ ਸਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਵੀ ਕੈਪਟਨ ਦੇ ਸੀਐੱਮ ਹੁੰਦਿਆਂ ਇਕ ਆਈਏਐੱਸ ਔਰਤ ਨੇ ਚੰਨੀ ‘ਤੇ ਵਟਸਐੱਪ ਤੋਂ ਕਥਿਤ ਅਸ਼ਲੀਲ ਭਾਸ਼ਾ ‘ਚ ਸੁਨੇਹਾ ਭੇਜਣ ਦਾ ਦੋਸ਼ ਲਾਇਆ ਸੀ : ਇਸ ਮਸਲ‌ੇ ਨੂੰ ‘ਪੰਜਾਬ ਵੂਮੈਨ ਕਮਿਸ਼ਨ’ ਦੀ ਚੇਅਰਪਰਸਨ, ਮਨੀਸ਼ਾ ਘੁਲਾਟੀ ਨੇ ਬੜੇ ਜ਼ੋਰ ਨਾਲ ਚੁੱਕਿਆ ਸੀ ਪਰ ਬਾਅਦ ‘ਚ ਇਹ ਮਸਲਾ ਫ਼ਾਇਲਾਂ ‘ਚ ਹੀ ਖਤਮ ਹੋ ਗਿਆ ਜਦੋਂ ਚੰਨੀ ਖੁਦ ਕੈਪਟਨ ਨੂੰ ਹਟਾ ਕੇ  ਸੀਐੱਮ ਦੀ ਕੁਰਸੀ ‘ਤੇ ਆਪ ਹੀ ਪਹੁੰਚ ਗਏ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਸਮੇਤ ਕੁਝ ਹੋਰ ਵਿਅਕਤੀਆਂ ‘ਤੇ ਵੀ 1994 ਇਕ ਵਿਦੇਸ਼ੀ ਲੜਕੀ ਨਾਲ ਕਥਿਤ ਛੇੜਛਾੜ ਦੇ ਦੋਸ਼ ਲੱਗੇ ਸਨ। ਇਹ ਕੇਸ ਬਾਅਦ ‘ਚ ਸਬੂਤਾਂ ਦੀ ਘਾਟ ਕਾਰਨ 1999 ‘ਚ ਬੰਦ ਕਰ ਦਿੱਤਾ ਗਿਆ ਸੀ। ਇਸ ਕੇਸ ਨੂੰ 2017 ‘ਚ ‘ਰਾਸ਼ਟਰੀ ਵੂਮੈਨ ਕਮਿਸ਼ਨ’ ਨੇ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਕੋਟਲੀ ਬਾਅਦ ‘ਚ 2017 ਵਾਲੀ  ਕੈਪਟਨ ਸਰਕਾਰ ਸਮੇਂ ਮੰਤਰੀ ਬਣਾਏ ਗਏ ਸਨ।

ਅਮਰੀਕਾ ਦੇ 42ਵੇਂ ਰਾਸ਼ਟਰਪਤੀ ਬਿਲ ਕਲਿੰਟਨ ‘ਤੇ ਰਾਸ਼ਟਰਪਤੀ ਦੀ ਸੈਕਰੇਟਰੀ ਮੋਨੀਕਾ ਲਵਿੰਸਕੀ ਨੇ ਕਥਿਤ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਸੀ ਜਿਸ ਕਾਰਨ ਬਿਲ ‘ਤੇ ‘ਮਹਾਂਦੋਸ਼’ ਤਹਿਤ ਕੇਸ ਚੱਲਿਆ ਪਰ ਉਹ ਸਿਰੇ ਨਾ ਚੜ੍ਹਿਆ ਕਿਉਂਕਿ ਕਲਿੰਟਨ ਬਹੁਤ ਤਾਕਤਵਰ ਸੀ। ਕਲਿੰਟਨ ਦੋ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ। ਧਾਰਮਿਕ ਗੁਰੂਆਂ ਉਪਰ ਵੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਹਨ : ਜਿਵੇਂ ਉਪਰ ਯੋਗਾ ਗੁਰੂ ਧਰੇਂਦਰ ਦਾ ਜ਼ਿਕਰ ਕੀਤਾ ਗਿਆ ਹੈ ਉਸੇ ਤਰ੍ਹਾਂ ਬੈਂਗਲੂਰੂ ਦੇ ‘ਕਾਮ ਸਵਾਮੀ’ ਨਿਤਿਆਨੰਦ ਨੂੰ 2010 ‘ਚ ਹਿਮਾਚਲ ਪ੍ਰਦੇਸ਼ ‘ਚੋਂ  ਬੈਂਗਲੂਰੂ ਪੁਲਿਸ ਨੇ ਫੜ ਲਿਆ, ‘ਸਵਾਮੀ’, ਬੈਂਗਲੂਰੂ ‘ਚ ਇਕ ਟੀਵੀ ਚੈਨਲ ਵੱਲੋਂ ‘ਸਵਾਮੀ’ ਦੀ ਚਲਾਈ ਗਈ ਇਕ ਕਥਿਤ ਅਸ਼ਲੀਲ ਵੀਡੀਓ ਮਗਰੋਂ ਗਾਇਬ ਹੋ ਗਿਆ ਸੀ।

ਵੱਡੀ ਗਿਣਤੀ ਸ਼ਰਧਾਲੂਆਂ ਵਾਲੇ ਬਾਬਾ ਆਸਾ ਰਾਮ ਤੇ ਉਸ ਦੇ ਪੁੱਤਰ ‘ਤੇ ਵੀ ਲੜਕੀਆਂ ਨਾਲ ਛੇੜਛਾੜ ਦੇ ਦੋਸ਼ ਲੱਗੇ ਤੇ ਬਾਬਾ ਤੇ ਪੁੱਤਰ ਹੁਣ ਤਿਹਾੜ ਜੇਲ੍ਹ ‘ਚ ਹਨ : ਹਰਿਆਣਾ ਸਥਿਤ ‘ਡੇਰਾ ਸੱਚਾ ਸੌਦਾ’ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਵੀ ਦੋ ਸ਼ਰਧਾਲੂ ਲੜਕੀਆਂ ਦੇ ਬਲਾਤਕਾਰ ਤੇ ਇਕ ਕਤਲ ਕੇਸ ‘ਚ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਕੱਟ ਰਿਹਾ ਹੈ।

ਸਾਡੇ ਮੁਲਕ ‘ਚ ਵੱਡੀ ਗਿਣਤੀ ਗਰੀਬ ਲੋਕਾਂ ਦੀ ਹੈ ਜਿਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਸਰਕਾਰਾਂ ਨਹੀਂ ਕਰ ਰਹੀਆਂ ਤੇ ਉਹ ਵਿਚਾਰੇ ਫਿਰ ਸਾਧਾਂ ਸੰਤਾਂ ਦੇ ਡੇਰਿਆਂ ਦਾ ਰੁੱਖ ਕਰਦੇ ਹਨ। ਇਸੇ ਤਰ੍ਹਾਂ ਰਾਜਸੀ ਲੀਡਰ ਵੀ ਫ਼ੇਲ੍ਹ ਹੋ ਚੁੱਕੇ ਹਨ। ਸਾਰੇ ਲੀਡਰ ਤੇ ਬਾਬੇ ਇਕੋ ਲੜੀ ‘ਚ ਨਹੀਂ ਪਰੋਏ ਜਾ ਸਕਦੇ ਕਿਉਂਕਿ ਕਈ ਵਾਰ ਵਿਰੋਧੀ ਵੀ ਇਕ ਦੂਜੇ ਨੂੰ ਫਸਾਉਣ ਲਈ ਸਾਜ਼ਿਸ਼ਾਂ ਚੱਲਦੇ ਹਨ ਪਰ ਬਹੁਤੇ ਬਾਬੇ ਆਪਣੀ ‘ਰੱਬੀ ਸ਼ਕਤੀ’ ਦੇ ਮਖੌਟੇ ਹੇਠਾਂ ਆਪਣੇ ਸ਼ਰਧਾਲੂਆਂ ਦਾ ਸ਼ੋਸ਼ਣ ਕਰਦੇ ਹਨ ਤੇ ਲੀਡਰ ਆਪਣੀ ਤਾਕਤ ਦੇ ਰੋਬ੍ਹ ‘ਚ ਅਜਿਹੀਆਂ ਕਰਤੂਤਾਂ ਕਰਦੇ ਹਨ। ਇਸ ਵਕਤ ਲੋੜ ਇਹ ਹੈ ਕਿ ਅਸੀਂ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਅਜਿਹੇ ਪਾਖੰਡੀਆਂ ਤੋਂ ਬਚਾਈਏ। ਇਸ ਕਾਰਜ ਵਿੱਚ ਸਰਕਾਰਾਂ, ਸਮਾਜਿਕ, ਧਾਰਮਿਕ ਤੇ ਵਿਦਿਆਕ ਸੰਸਥਾਵਾਂ ਵੱਡਾ ਰੋਲ ਅਦਾ ਕਰ ਸਕਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button