EDITORIAL

ਪਟਿਆਲੇ ‘ਚ ‘ਅੱਗ’ ਕੀਹਨੇ ਲਾਈ ?

ਅਮਰਜੀਤ ਸਿੰਘ ਵੜੈਚ
(94178-01988)

ਪੰਜਾਬ ਵਿੱਚ ਕਦੇ ਵੀ ਧਰਮਾਂ ਦਾ ਵਖਰੇਵਾਂ ਨਹੀਂ ਰਿਹਾ, 13 ਅਪ੍ਰੈਲ, 1978 ਨੂੰ ਅੰਮ੍ਰਿਤਸਰ ਵਿੱਚ ਦੋ ਧੜਿਆਂ ਵਿਚਾਲੇ ਹੋਏ ਟਕਰਾਅ ਤੋਂ 1992 ਤੱਕ ਚੱਲੇ ਫਿਰਕੂ ਤਣਾਅ ਸਿਰਫ਼ ਸਤੱਹੀ ਤਣਾਅ ਸਨ ਜੋ ਕੱੁਝ ਵਿਸ਼ੇਸ਼ ਫਿਰਕੂ ਅਤੇ ਮੰਦ ਸੋਚ ਵਾਲੇ ਸਮਾਜ ਦੇ ਦੁਸ਼ਮਣ ਲੋਕਾਂ ਦੇ ਕਾਰੇ ਸਨ। ਇਹ ਲੋਕ ਸਾਨੂੰ ਹਰ ਸੰਗਠਨ ਵਿੱਚ ਹੀ ਮਿਲ ਜਾਂਦੇ ਹਨ ਜੋ ਗਲਤ ਢੰਗਾਂ ਨਾਲ ਘੁਸਪੈਠ ਕਰ ਜਾਂਦੇ ਹਨ।

ਜੇਕਰ ਪੰਜਾਬ ਵਿੱਚ ਧਾਰਮਿਕ ਵੰਡੀਆਂ ਹੁੰਦੀਆਂ ਤਾਂ ਕੀ 1992 ਤੋਂ ਹੁਣ ਤੱਕ 30 ਸਾਲਾਂ ਵਿੱਚ ਪੰਜਾਬ ਵਿੱਚ ਜਗਰਾਤੇ, ਕੀਰਤਨ, ਸ਼ੋਭਾ ਯਾਤਰਾਵਾਂ, ਈਦਾਂ, ਇਫ਼ਤਾਰਾਂ ਕਿਵੇ ਸ਼ਾਂਤੀ ਪੂਰਬਕ ਹਰ ਧਰਮ ਦੇ ਲੋਕ ਇਕੱਠੇ ਮਨਾਉਂਦੇ ਰਹੇ?, ਸਾਰੇ ਧਰਮਾਂ ਦੇ ਲੋਕ ਇਕ ਦੂਜੇ ਦੇ ਪਰਿਵਾਰਕ ਖੁਸ਼ੀ-ਗਮੀ ਦੇ ਸਮਾਗਮਾਂ ‘ਚ ਬਿਨ੍ਹਾਂ ਕਿਸੇ ਅਜਿਹੀ ਫਿਰਕੂ ਸੋਚ ਤੋਂ ਸ਼ਾਮਿਲ ਹੁੰਦੇ ਰਹੇ।

ਬਜਾਰਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ‘ਚ ਪੜ੍ਹਦੇ ਵਿਿਦਆਰਥੀਆਂ ਨੇ ਕਲਾਸ ਵਿੱਚ ਬੈਠਣ ਜਾਂ ਕੌਫ਼ੀ ਹਾਊਸ ਵਿੱਚ ਬੈਠਣ ਸਮੇਂ ਲਾਗਲੇ ਟੇਬਲ ਵਾਲੇ ਦਾ ਧਰਮ ਨਹੀਂ ਪੱੁਛਿਆ। ਕਿਸੇ ਦੁਕਾਨ ਤੋਂ ਸਮਾਨ ਖਰੀਦਣ ਸਮੇਂ ਕਦੇ ਕਿਸੇ ਨੇ ਦੁਕਾਨਦਾਰ ਜਾਂ ਗਾਹਕ ਦਾ ਧਰਮ ਵੇਖਣ ਲਈ ਸਰਟੀਫੀਕੇਟ ਨਹੀਂ ਮੰਗਿਆ। ਗੁਰਪੁਰਬਾਂ ਅਤੇ ਇਕਾਦਸ਼ੀ ਸਮੇਂ ਲੱਗਦੇ ਲੰਗਰਾਂ ਅਤੇ ਛਬੀਲਾਂ ਸਮੇਂ ਸੇਵਾ ਕਰਨ ਵਾਲੇ ਕਦੇ ਗਲਾਂ ‘ਚ ਧਰਮਾਂ ਦੇ ਬੋਰਡ ਨਹੀਂ ਲਟਕਾਉਂਦੇ ।

29 ਅਪ੍ਰੈਲ ਨੂੰ ਪਟਿਆਲੇ ਵਾਲੀ ਦੁਰਘਟਨਾਂ ਦੇ ਕਾਰਨਾਂ ਦੀ ਬਹੁਤੀ ਜਾਂਚ ਕਰਨ ਦੀ ਲੋੜ ਨਹੀਂ, ਦੋਵੇਂ ਪਾਸੇ ਦੇ ਸ਼ਰਾਰਤੀ ਤੱਤਾਂ ਦਾ ਲੋਕਾਂ ਅਤੇ ਸਰਕਾਰੀ ਏਜੰਸੀਆਂ ਨੂੰ ਪਤਾ ਹੈ। ਸਿਆਸੀ ਪਾਰਟੀਆਂ ਇਸ ਵਿੱਚੋਂ ਵੀ ਫਾਇਦਾ ਚੁੱਕਣ ਦੇ ਰਾਹ ਲੱਭ ਰਹੀਆਂ ਹਨ ਅਤੇ ਪੰਜਾਬ ਦੀ ਮਾਨ ਸਰਕਾਰ ਦੇ ਸਿਰ ਠੀਕਰਾ ਭੰਨ ਰਹੀਆਂ ਹਨ ਪਰ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।

ਜੂਨ 2015 ਦੀ ਫ਼ਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਮੰਦਭਾਗੀ ਘਟਨਾ ਅਤੇ ਉਸ ਮਗਰੋਂ ਵਾਪਰੀਆਂ ਘਟਨਾਵਾਂ ਦੀ ਜਾਂਚ ਦੇ ਕੀ ਸਿੱਟੇ ਨਿਕਲੇ ਹਨ? ਉਸ ਘਟਨਾ ਨੂੰ ਅੱਜ ਸਾਢੇ ਛੇ ਸਾਲ ਹੋ ਗਏ ਹਨ। ਤਿੰਨ ਦਸੰਬਰ 2021 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਬੇਅਦਬੀ ਹੋਈ ਅਤੇ ਉਸ ਵਕਤ ਚੰਨੀ ਸਰਕਾਰ ਦੇ ਗ੍ਰਹਿ ਅਤੇ ਡਿਪਟੀ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਸੀ ਕਿ 48 ਘੰਟਿਆਂ ‘ਚ ਦੋਸ਼ੀ ਫੜ ਲਏ ਜਾਣਗੇ।

2017 ਦੀਆਂ ਚੋਣਾਂ ਵਿੱਚ ਕੈਪਟਨ ਦੀ ਸਰਕਾਰ ਨੇ ਵੀ ਦਾਅਵਾ ਕੀਤਾ ਸੀ ਕਿ 2015 ਵਾਲੀ ਬੇਅਦਬੀ ਦੇ ਦੋਸ਼ੀ, ਸਰਕਾਰ ਬਣਦਿਆਂ ਅੰਦਰ ਕਰ ਦਿੱਤੇ ਜਾਣਗੇ ਪਰ ਪੰਜ ਸਾਲ ਕੁੱਝ ਨਹੀਂ ਹੋਇਆ। ਹੁਣ ਆਪ ਦੀ ਸਰਕਾਰ ਵੀ ਵਾਅਦਾ ਕਰਕੇ ਸੱਤਾ ਵਿੱਚ ਆਈ ਹੈ ਕਿ ਦੋਸ਼ੀ ਆਉਂਦਿਆਂ ਹੀ ਅੰਦਰ ਕਰ ਦਿੱਤੇ ਜਾਣਗੇ ਪਰ ਹੁਣ ਉਹ ਫ਼ਾਈਲਾਂ ਰਿਕਾਰਡ ਰੂਮਾਂ ਵਿਚੋਂ 2027 ਵਿੱਚ ਹੀ ਕੱਢੀਆਂ ਜਾਣਗੀਆਂ ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਕੁਝ ਲੋਕ ਪੰਜਾਬ ਵਿਚਲੇ ਸਿਆਸੀ ਬਦਲਾਅ ਨੂੰ ਹਜ਼ਮ ਨਹੀਂ ਕਰ ਸਕੇ ਅਤੇ ਪੰਜਾਬ ਵਿੱਚ ਫਿਰਕੂ ਮਾਹੌਲ ਬਣਾੳਣ ਵਾਲੀਆਂ ਸ਼ੈਤਾਨੀ ਤਾਕਤਾਂ ਜੋ ਇਸ ਧਰਤੀ ਦੇ ਬਾਹਰੋਂ ਇਹੋ ਜਿਹੇ ਮੌਕਿਆਂ ਦੀ ਤਲਾਸ਼ ਵਿੱਚ ਰਹਿੰਦੀਆਂ ਹਨ ਨੇ ਇਸ ਸਮੁੱਚੀ ਸਾਜ਼ਿਸ ਨੂੰ ਨੇਪਰੇ ਚਾੜ੍ਹਨ ਦੀ ਅਸਫ਼ਲ ਚਾਲ ਚੱਲੀ ਸੀ ਜਿਸ ਨੂੰ ਦੋਹਾਂ ਹੀ ਵਰਗਾਂ ਦੇ ਲੋਕਾਂ ਤੇ ਆਗੂਆਂ ਦੀ ਉਤਮ ਦਰਜੇ ਦੀ ਸਿਆਣਪ ਨੇ ਲੀਰੋ ਲੀਰ ਕਰ ਦਿੱਤਾ ਹੈ ।

ਇਹੋ ਜਿਹੇ ਪ੍ਰਦਰਸ਼ਨਾਂ ਨੇ ਪਹਿਲਾਂ ਪੰਜਾਬ ਦੇ ਬਹੁਤ ਪੁੱਤ ਮਰਵਾ ਦਿੱਤੇ ਹਨ ਅਤੇ ਇਹੋ ਜਿਹੇ ਹੋਕੇ ਦੇਣ ਵਾਲੇ ਆਪ ਤਾਂ ਅੱਗ ਲਾਕੇ ਰੂੜੀ ‘ਤੇ ਜਾ ਖਲੋਂਦੇ ਨੇ ਤੇ ਬਲੀ ਆਮ ਲੋਕ, ਗਰੀਬ ਮਜ਼ਦੂਰ ਚੜ੍ਹਦੇ ਹਨ। ਪਟਿਆਲੇ ਵਾਲੀ ਘਟਨਾ ਵਿੱਚ ਵੀ ਅਖੌਤੀ ਲੀਡਰ ਜਾਂ ਤੇ ਰੂੜੀ ‘ਤੇ ਹਨ ਜਾਂ ਫਿਰ ਪੁਲਿਸ ‘ਹਿਰਾਸਤ’ ਵਿੱਚ ਹਨ ਪਰ ਜਿਹੜੇ ਲੋਕ ਜ਼ਖਮੀ ਹੋਏ ਉਹ ਹਮਾਤੜ-ਤੁਮਾਤ੍ਹੜ ਹਨ ।

ਗੱਲ ਇਥੇ ਖਤਮ ਨਹੀਂ ਹੋਣੀ। ਇਹ ਸ਼ੈਤਾਨੀ ਦਿਮਾਗ ਫਿਰ ਕੋਈ ਚਾਲ ਚੱਲਣਗੇ ਅਤੇ ਹੋਰ ਸਿੰਗਲੇ ਅਤੇ ਪਰਵਾਨੇ ਲੱਭਣ ਲਈ ਹਰ ਹੀਲਾ ਵਰਤਣਗੇ । ਭਵਿੱਖ ਵਿੱਚ ਇਸ ਤਰ੍ਹਾਂ ਦੀ ਕਦੇ ਸਥਿਤੀ ਪੈਦਾ ਨਾ ਹੀ ਹੋਵੇ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਰੇ ਧਰਮਾਂ ਅਤੇ ਉੁਪ-ਧਰਮਾਂ ਦੇ ਪ੍ਰਤੀਨਿਧਾਂ ਦੀਆਂ ਜ਼ਿਲ੍ਹਾ, ਡਵੀਜ਼ਨ ਅਤੇ ਰਾਜ ਪੱਧਰੀ ਕਮੇਟੀਆਂ ਬਣਾਈਆਂ ਜਾਣ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਮਸਲੇ ਨਜਿਠਣ ਲਈ ਸਮੇਂ ਤੋਂ ਪਹਿਲਾਂ ਹੀ ਵਿਚਾਰ ਕੇ ਲੋੜੀਂਦੇ ਕਦਮ ਚੁੱਕ ਲਏ ਜਾਣ। ਦੂਜੀ ਗੱਲ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਤੀਤ ਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button