EDITORIAL

  ਮਾਨ ਸਰਕਾਰ ਵਿੱਚ ਦਿੱਲੀ ਦੀ ‘ਕਿੱਲੀ’ ਵਿਰੋਧੀ ਕਰ ਰਹੇ ਨੇ  ‘ਅਸਲਾ’ ਇਕੱਠਾ

ਅਮਰਜੀਤ ਸਿੰਘ ਵੜੈਚ (9417801988)

ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪਹਿਲੀ ਵਾਰ ਪੰਜਾਬ ‘ਚ ਗ਼ੈਰ-ਕਾਂਗਰਸੀ ਅਤੇ ਗ਼ੈਰ-ਅਕਾਲੀ ਬਣੀ ਸਰਕਾਰ ਦੇ ਕੱਲ੍ਹ ਸੌ ਦਿਨ ਪੂਰੇ ਹੋ ਗਏ ਹਨ : ਲੋਕਾਂ ਵਿੱਚ ਕੁਝ ਹੋਰ ਚਰਚੇ  ਸਰਕਾਰ ਦੀਆਂ ਪ੍ਰਾਪਤੀਆਂ ਨਾਲ਼ੋਂ ਵੱਧ ਜ਼ੋਰ ਫੜਨ ਲੱਗੇ ਹਨ ; ਮਾਨ ਦਾ ਰਿਮੋਟ ਕੰਟਰੋਲ ਦਿੱਲੀ ‘ਚ ਕੇਜਰੀਵਾਲ਼ ਦੇ ਹੱਥ ਵਿੱਚ ਹੈ ਅਤੇ ਦੂਜਾ ਪੰਜਾਬ ਦੀ ‘ਅਮਨ-ਕਾਨੂੰਨ’ ਦੀ ਸਥਿਤੀ ‘ਵਿਗੜ’ ਰਹੀ ਹੈ । ਮੌਜੂਦਾ ਵਿਧਾਨ-ਸਭਾ ਦੇ ਬਜਟ  ਸੈਸ਼ਨ ਦੇ ਪਹਿਲੇ ਡੇਢ ਦਿਨਾਂ ਵਿੱਚ ਵੀ ਇਹ ਮੱਦੇ ਵਿਰੋਧੀ ਧਿਰਾਂ ਨੇ ਵੱਧ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਉਹ ਸਫ਼ਲ ਵੀ ਹੋਏ ਹਨ ।

ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਹੀ ਵਿਰੋਧੀ ਧਿਰਾਂ ਇਹ ਤਨਜ਼ ਕੱਸਣ ਲੱਗ ਪਈਆਂ ਸਨ ਕਿਉਂਕਿ ਮਾਨ ਸਾਹਿਬ ਨਤੀਜੇ ਐਲਾਨ ਹੋਣ ਮਗਰੋਂ ਸਿਧੇ ਦਿੱਲੀ ਗਏ । ਜਿਤਣ ਵਾਲ਼ੇ ਨੂੰ ਵਧਾਈਆਂ ਦੇਣ ਲੋਕ ਉਹਦੇ ਕੋਲ਼ ਜਾਂਦੇ ਹਨ ਨਾਕੇ ਜਿਤਣ ਵਾਲ਼ਾ ਤੁਹਾਡੇ ਘਰ ਜਾ ਕੇ ਵਧਾਈ ਲੈਣ ਲਈ ਜਾਂਦਾ  ਹੈ । ਇਸ ਮਗਰੋਂ ਮੰਤਰੀਆਂ ਦੀ ਕੈਬਨਟ ਵੀ ਅੱਧ-ਅਧੂਰੀ ਹੀ ਚੱਲ ਰਹੀ ਹੈ । ਰਾਜ ਸਭਾ ‘ਚ ਪੰਜਾਬ ਦੇ ਮੈਂਬਰ ਭੇਜਣ ਲਈ ਵੀ ਭਗਵੰਤ ਮਾਨ  ਨੂੰ ਹਰ ਵਰਗ ਤੋਂ ਖਰੀਆਂ-ਖਰੀਆਂ ਸੁਣਨੀਆਂ ਪਈ ।

ਹਾਲ ਹੀ ਵਿੱਚ ਸੰਗਰੁਰ ਲੋਕਸਭਾ ਦੀ ਚੋਣ ਸਮੇਂ ‘ਆਪ’ ਵੱਲੋਂ ਕੱਢੇ ਰੋਡ-ਸ਼ੋ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਕੇਜਰੀਵਾਲ ਦੀ ਕਾਰ ਦੀ ਬਾਰੀ ਵਿੱਚੋਂ ਬਾਹਰ ਲਟਕਦੇ ਵੇਖੇ ਗਏ ਉਹ ਵੀ ਦ੍ਰਿਸ਼ ਪੰਜਾਬੀਆਂ ਦੇ ਗਲ਼ੇ ਹੇਠਾਂ ਨਹੀਂ ਉਤਰੇ ; ਵਿਰੋਧੀਆਂ ਨੇ ਇਸੇ ਮੱਦੇ ਨੂੰ ਚੁੱਕਿਆ ਅਤੇ ਚੋਣ ਦੌਰਾਨ ਮਾਨ ਦੇ ਖ਼ਿਲਾਫ ਚੋਣ ਪ੍ਰਚਾਰ ‘ਚ ਇਸ ਨੂੰ ਇਹ ਕਹਿ ਕੇ ਵਰਤਿਆ ਕਿ ਕੇਜਰੀਵਾਲ਼ ਮਾਨ ਨੂੰ ਆਜ਼ਾਦ ਤੋਰ ‘ਤੇ ਕੰਮ ਨਹੀਂ ਕਰਨ ਦਿੰਦਾ ।

ਪਿਛਲੇ 100 ਦਿਨਾਂ ‘ਚ ਜਿਹੜੇ ਫ਼ੈਸਲੇ ਮਾਨ ਸਰਕਾਰ ਨੇ ਕੀਤੇ ਹਨ ਉਨ੍ਹਾਂ ਵਿੱਚ ਇਕ ਵਿਧਾਇਕ ਇਕ ਪੈਨਸ਼ਨ,35000 ਨਵੀਆਂ ਸਰਕਾਰੀ ਭਰਤੀਆਂ ,ਅਧਿਆਪਕਾਂ ਦੀ ਇੰਗਲੈਂਡ ਵਿੱਚ ਸਿਖਲਾਈ,ਹਰ ਵਿਧਾਨਸਭਾ ਹਲਕੇ ‘ਚ  15 ਅਗਸਤ ਤੋਂ ਇਕ ਮੁਹੱਲਾ ਕਲੀਨਿਕ ਖ੍ਹੋਲਣਾ,ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸ਼ੁਰੁ ਕਰਨੀ,ਨਵੀਂ ਆਬਕਾਰੀ ਨੀਤੀ , ਇਕ ਜੁਲਾਈ ਤੋਂ ਇਕ ਕਿਲੋਵਾਟ ਤੱਕ ਦੇ ਬਿਜਲੀ ਖ਼ਪਤਕਾਰਾਂ ਨੂੰ 300 ਵਾਟ ਮੁਫ਼ਤ ਬਿਜਲੀ ਦੇਣੀ ,ਐਂਟੀ ਗੈਂਗਸਟਰ ਟਾਸਕ ਫੋਰਸ ਆਦਿ ਸਾਮਿਲ ਹਨ ।

ਆਪਣੇ ਹੀ ਸਿਹਤ ਮੰਤਰੀ ਨੂੰ ਸੱਭ ਤੋਂ ਪਹਿਲਾਂ ਭਰਿਸ਼ਟਾਚਾਰ ਦੇ ਕੇਸ ਵਿੱਚ ਅੰਦਰ ਕਾਰਵਾਉਣਾ ਅਤੇ ਫਿਰ ਕਾਂਗਰਸ ਦੇ ਸਾਬਕਾ ਮੰਤਰੀ ਧਰਮਸੋਤ, ਸਾਬਕਾ ਐੱਮਐੱਲਏ ਜੁਗਿੰਦਰ ਪਾਲ ਅਤੇ ਇਕ ਮੌਜੂਦਾ ਆਈਏਅੱਸ ਅਧਿਕਾਰੀ ਸੰਜੇ ਪੋਪਲੀ ਸਮੇਤ ਹੋਰ ਤਕਰੀਬਨ 45 ਅਧਿਕਾਰੀਆਂ/ਕਰਮਚਾਰੀਆਂ ਨੂੰ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਫੜਨਾ ਮਾਨ ਸਰਕਾਰ ਆਪਣੀਆਂ ਪ੍ਰਾਪਤੀਆਂ ਦੀ ਸ਼ੁਰੂਆਤ ਮੰਨਦੀ ਹੈ ।

ਲੋਕਾਂ ਨੇ ਪੰਜਾਬ ਵਿੱਚ ਏਸੇ ਹੀ ਉਮੀਦ ਨਾਲ ‘ਆਪ’ ਦੀ ਸਰਕਾਰ ਚੁਣੀ ਸੀ ਕਿ ਲੋਕ ਬਦਲਾਅ ਚਾਹੁੰਦੇ ਸਨ । ਜੇ ਸਰਕਾਰ ਚੰਗੇ ਕੰਮ ਕਰ ਰਹੀ ਹੈ ਤਾਂ ਇਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਪਰ ਇੰਜ ਕਰਕੇ ਸਰਕਾਰ ਕੋਈ ਲੋਕਾਂ ‘ਤੇ ਅਹਿਸਾਨ ਨਹੀਂ ਕਰ ਰਹੀ । ਲੋਕ ਇਹ ਵੀ ਚਾਹੁੰਦੇ ਹਨ ਕਿ ਮਾਨ ਆਜ਼ਾਦਾਨਾਂ ਢੰਗ ਨਾਲ ਕੰਮ ਕਰਨ ਅਤੇ ਪੰਜਾਬ ਦੇ ਉਪਰ ਇਹ ਇਲਜ਼ਾਮ ਨਾਂ ਲੱਗਣ ਦੇਣ ਕੇ ਮਾਨ ਨੇ ਪੰਜਾਬ ਨੂੰ ਕੇਜਰੀਵਾਲ ਕੋਲ਼ ਗਹਿਣੇ ਰੱਖ ਦਿਤਾ ਹੈ ।ਗੁਜਰਾਤ ‘ਚ ਕੇਜਰੀਵਾਲ ਦੇ ਬਿਆਨ ਕਿ ਮਾਨ ਨੇ ਪੰਜਾਬ ਵਿੱਚ 10 ਦਿਨਾਂ ਅੰਦਰ ਹੀ ਭਰਿਸ਼ਟਾਚਾਰ ਖ਼ਤਮ ਕਰ ਦਿਤਾ ਹੈ ਮਾਨ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿਤਾ ਸੀ ਜਿਸ ‘ਤੇ ਪਾਰਟੀ ਚੁੱਪ ਰਹੀ ।

ਹੁਣ ਅੱਜ ਬਜਟ ਸੈਸ਼ਨ ਅੱਧੇ ਦਿਨ ਮਗਰੋਂ ਹੀ ਸੋਮਵਾਰ ਤੱਕ ਮੁੱਲਤਵੀ ਕਰਕੇ ਮਾਨ ਕੇਜਰੀਵਾਲ ਦੇ ਹਿਮਾਚਲ ਪ੍ਰਦੇਸ਼ ਦੇ ਰੋਡ-ਸ਼ੋ ਵਿੱਚ ਸ਼ਾਮਿਲ ਹੋਣ ਚਲੇ ਗਏ । ਸਰਕਾਰ ਦਾ ਪਹਿਲਾ ਬਜਟ ਹੈ ਅਤੇ ਇਹ ਬਹੁਤ ਮਹੱਤਵ ਪੂਰਨ ਸੈਸ਼ਨ ਹੈ । ਆਮ ਤੌਰ ‘ਤੇ ਸ਼ਨਿਚਰਵਾਰ ਸੈਸ਼ਨ ਦੀ ਛੁੱਟੀ ਹੁੰਦੀ ਹੈ ਸਿਰਫ਼ ਖਾਸ ਮੌਕਿਆਂ ‘ਤੇ ਹੀ ਛੁੱਟੀ ਵਾਲ਼ੇ ਦਿਨ ਸੈਸ਼ਨ ਹੁੰਦਾ ਹੈ । ਜੇਕਰ ਇਸ ਨੂੰ ਖਾਸ ਮੰਨਿਆ ਗਿਆ ਸੀ ਤਾਂ ਫਿਰ ਇਹ ਅੱਜ ਪੂਰਾ ਦਿਨ ਕਿਉਂ ਨਹੀਂ ਚੱਲਿਆ ; ਕੀ ਮਾਨ ਸਾਹਿਬ ਦਾ  ਹਿਮਾਚਲ ਜਾਣਾ ਪੰਜਾਬ ਨਾਲ਼ੋਂ ਜ਼ਿਆਦਾ ਜ਼ਰੂਰੀ ਸੀ । ਮਾਨ ਦਾ ਅੱਜ ਹਿਮਾਚਲ ਜਾਣਾ ਵਿਰੋਧੀ ਧਿਰਾਂ ਨੂੰ ‘ਗੋਲ਼ੀਬਾਰੀ’ ਕਰਨ ਲਈ ਹੋਰ ਮੌਕਾ ਦੇਵੇਗਾ ।

ਤਕਰੀਬਨ ਡੇਢ ਸਾਲ ਮਗਰੋਂ ਲੋਕਸਭਾ ਚੋਣਾਂ ਹੋਣ ਜਾ ਰਹੀਆਂ ਹਨ । ਮਾਨ ਸਰਕਾਰ ਕੋਲ ਇਸ ਹਿਸਾਬ ਨਾਲ਼ ਸਮਾਂ ਹੈ ਪਰ  ਲੋਕ ਇਹ ਕਹਿ ਰਹੇ ਹਨ  ਕਿ ਸਰਕਾਰ ਹਾਲੇ ਪੈਰਾਂ ਸਿਰ ਨਹੀਂ ਲੱਗ ਰਹੀ । ਸੂਬੇ ਵਿੱਚ ਵੱਧ ਰਿਹਾ ਗੈਂਗਸਟਰਾਂ ਦਾ ਖੌਫ਼, ਖਾਤਲਿਸਤਾਨੀ ਲਹਿਰ ਨੂੰ ਦਿਤੀ ਜਾ ਰਹੀ ਹਵਾ, ਗੋਲ਼ਬਾਰੀ ਦੀਆਂ ਹੋ ਰਹੀਆਂ ਘਟਨਾਵਾਂ, ਲੋਕਾਂ ਨੂੰ ਮਿਲ਼ ਰਹੀਆਂ ਧਮਕੀਆਂ, ਲੋਕਾਂ ਨਾਲ ਗਰੰਟੀਆਂ ਦੇ ਵਾਅਦੇ ਮਾਨ ਸਰਕਾਰ ਲਈ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦੇ ਹੱਲ ਲਈ ਲੋਕ ਮਾਨ ਸਰਕਾਰ ਤੋਂ ਆਸ ਕਰ ਰਹੇ ਹਨ ।  ਹੁਣ ਸਮਾਂ ਹੀ ਦੱਸੇਗਾ ਕਿ ਮਾਨ ਸਰਕਾਰ ਲੋਕਾਂ ਦੀ ਕਸਵੱਟੀ ‘ਤੇ ਕਦੋਂ ਖਰੀ ਉਤਰਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button