EDITORIAL

ਬੇਅਦਬੀ ਕਾਂਡ : ਇਨਸਾਫ਼ ਹਾਲੇ ਦੂਰ ਹੈ

ਅਮਰਜੀਤ ਸਿੰਘ ਵੜੈਚ (94178-01988) 

ਇਕ ਬਜ਼ੁਰਗ ਦਾ ਕੇਸ ਅਦਾਲਤ ਵਿੱਚ ਫ਼ੈਸਲੇ ‘ਤੇ ਆ ਗਿਆ। ਜਿਉਂ ਹੀ ਕੇਸ ‘ਤੇ ਆਖਰੀ ਬਹਿਸ ਸ਼ੁਰੂ ਹੋਈ ਤਾਂ ਉਹ ਬਜ਼ੁਰਗ ਜੱਜ ਦੇ ਮੂਹਰੇ ਹੱਥ ਜੋੜ ਕੇ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ ” ਜੱਜ ਸਾਹਿਬ ਕਈ ਸਾਲ ਹੋ ਗਏ ਨੇ ਇਹ ਦਿਨ ਉਡੀਕਦਿਆਂ। ਮੇਰੀ ਜਵਾਨੀ ਵੇਲੇ ਇਹ ਕੇਸ ਸ਼ੁਰੂ ਹੋਇਆ ਸੀ ‘ਤੇ ਹੁਣ ਮੈਂ ਬੁਢਾਪੇ ‘ਚ ਪੈਰ ਪਾ ਚੁੱਕਿਆ ਹਾਂ। ਜੱਜ ਸਾਹਿਬ ਅੱਜ ਇਨਸਾਫ਼ ਕਰ ਦਿਓ”। ਜੱਜ ਸਹਿਬ ਆਪ ਵੀ ਵੱਡੀ ਉਮਰ ਦੇ ਸਨ ਅਤੇ ਕਾਫ਼ੀ ਤਜ਼ਰਬੇ ਵਾਲੇ ਸਨ। ਬਜ਼ੁਰਗ ਦੀ ਗੱਲ ਧਿਆਨ ਨਾਲ ਸੁਣਨ ਮਗਰੋਂ ਬੋਲੇ ” ਬਜ਼ੁਰਗੋ ਇਹ ਅਦਾਲਤ ਹੈ ਅਸੀਂ ਤਾਂ ਸਬੂਤਾਂ ਦੇ ਅਧਾਰ ‘ਤੇ ਫ਼ੈਸਲੇ ਸੁਣਾਉਂਦੇ ਹਾਂ। ਅਸਲੀ ਇਨਸਾਫ਼ ਤਾਂ ਉਪਰ ਵਾਲੇ ਦੀ ਅਦਾਲਤ ਵਿੱਚ ਹੀ ਹੁੰਦਾ ਹੈ”।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ, ਫ਼ਰੀਦਕੋਟ ਵਿੱਚ 25 ਸਤੰਬਰ 2015 ਦੀ ਬੇਅਦਬੀ ਵਾਲੀ ਮੰਦਭਾਗੀ ਦੁਰਘਟਨਾ ਨੂੰ ਸੱਤ ਸਾਲ ਪੂਰੇ ਹੋਣ ਵਾਲੇ ਹਨ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਬੀੜ ਦੇ ਅੰਗ 25 ਸਤੰਬਰ ਨੂੰ ਬਰਗਾੜੀ ਦੇ ਵਿੱਚ ਪਾੜਕੇ ਖਿਲਾਰੇ ਗਏ ਸਨ ਉਹ ਬੀੜ ਇਕ ਜੂਨ 2015 ਨੂੰ ਇਸੇ ਹ‌ੀ ਜ਼ਿਲ੍ਹੇ ਦੇ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ‘ਚੋਂ ਸ਼ਰਾਰਤੀਆਂ ਨੇ ਚੋਰੀ ਕੀਤ‌ੀ ਸੀ ਉਸ ਦੁਰਘਟਨਾ ਨੂੰ ਇਸੇ ਵਰ੍ਹੇ ਇਕ ਜੂਨ ਨੂੰ ਅੱਠਵਾਂ ਸਾਲ ਲੱਗ ਗਿਆ ਹੈ। ਇਸ ਦਾ ਇਤਿਹਾਸ ਬੜਾ ਲੰਮਾ ਹੋ ਗਿਆ ਹੈ।

2015 ‘ਚ ਤਤਕਾਲੀ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਆਕਾਲੀ-ਭਾਜਪਾ ਦੀ ਸਰਕਾਰ ਸੀ ਜਿਸ ‘ਤੇ ਇਲਜ਼ਾਮ ਲਗਦੇ ਆ ਰਹੇ ਹਨ ਕਿ ਉਨ੍ਹਾਂ ਘਟਨਾਵਾਂ ਪਿਛੇ ਬਾਦਲ ਲਾਣੇ ਦਾ ਹੱਥ ਸੀ : ਉਸ ਦੁਰਘਟਨਾ ਅਤੇ ਬਾਅਦ ਵਿੱਚ ਬਹਿਬਲ ਕਲਾਂ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਪਰ ਗੋਲੀ ਚੱਲਣ ਕਾਰਨ ਦੋ ਵਿਅਕਤੀਆਂ ਦਾ ਮਾਰੇ ਜਾਣਾ ਅਤੇ ਕੋਟਕਪੂਰਾ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚੱਲਣ ਦੀਆਂ ਦੁਰਘਟਨਾਵਾਂ 2015 ‘ਚ ਹੀ ਬਾਦਲ ਸਰਕਾਰ ਦੇ ਸਮੇਂ ‘ਚ ਵਾਪਰੀਆਂ ਜਿਨ੍ਹਾਂ ਦੀ ਬਾਦਲ ਸਰਕਾਰ ਦਸੰਬਰ 2016 ਤੱਕ ਡੇਢ ਸਾਲ ਵਿੱਚ ਕੋਈ ਤਸੱਲੀ ਬਖਸ਼ ਜਾਂਚ ਨਾ ਕਰਵਾ ਸਕੀ।

2017 ‘ਚ ਬੇਅਦਬੀ ਦੇ ਮੁੱਦੇ ‘ਤੇ ਪੰਜਾਬ ਦੀਆਂ ਚੋਣਾਂ ਲੜੀਆਂ ਗਈਆਂ ਤਾਂ ਲੋਕਾਂ ਨੇ ਬਾਦਲ ਨੂੰ ਨਕਾਰ ਕੇ ਬੇਅਦਬੀ ‘ਚ ਜ਼ਲਦ ਇਨਸਾਫ਼ ਦੁਆਉਣ ਦੇ ਵਾਅਦੇ ਨਾਲ ਚੋਣਾਂ ਲੜੀ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਫ਼ਤਵਾ ਦੇ ਦਿੱਤਾ। ਕੈਪਟਨ ਦੀ ਅਗਵਾਈ ਵਾਲੀ ਸਰਕਾਰ ਵੀ ਪੰਜ ਸਾਲ ਘੇਸਲ ਮਾਰ ਕੇ ਹੀ ਲੰਘਾ ਗਈ ਜਿਸ ਦਾ ਜਵਾਬ ਪੰਜਾਬੀਆਂ ਨੇ ਫ਼ਰਵਰੀ 2022 ਦੀਆਂ ਚੋਣਾਂ ‘ਚ ਦੇ ਦਿੱਤਾ ਅਤੇ ‘ਆਪ’ ਦੀ ਸਰਕਾਰ ਬਣਾ ਦਿੱਤੀ। ਇਸ ਨੇ ਵੀ ਇਸ ਮੁੱਦੇ ‘ਤੇ ਜਲਦ ‘ਇਨਸਾਫ਼’ ਕਰਨ ਦ‌ੀ ਗੱਲ ਕੀਤੀ ਸੀ ਤੇ ਹੁਣ ਇਕ ਜੂਨ ਅਤੇ 25 ਸਤੰਬਰ 2015 ਦੀਆਂ ਘਟਨਾਵਾਂ ‘ਤੇ ਮੁੱਖ-ਮੰਤਰੀ ਭਗਵੰਤ ਮਾਨ ਨੇ ਜਾਂਚ ਟੀਮ ਦੀ ਰਿਪੋਰਟ ਜਾਰੀ ਕਰ ਦਿੱਤ‌ੀ ਹੈ ਜਿਸ ‘ਤੇ ਇਕ ਨਵੀਂ ਰਾਜਨੀਤੀ ਸ਼ੁਰੂ ਹੋ ਗਈ ਹੈ ।

ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਪਿਛੇ ਸਿਰਸੇ ਦੇ ਡੇਰੇ ‘ਸੱਚਾ ਸੌਦਾ ‘ ਦੀ ਸਾਜ਼ਿਸ ਸੀ ਜਿਸ ਦੇ ਕਈ ਕਾਰਨ ਦੱਸੇ ਗਏ ਹਨ : ਇਸ ਰਿਪੋਰਟ ‘ਤੇ ਅਕਾਲੀ ਦਲ ਨੇ ਕਿਹਾ ਹੈ ਕਿ ਰਿਪੋਰਟ ਇਕ ਸਬੂਤ ਹੈ ਕਿ ਇਨ੍ਹਾਂ ਘਟਨਾਵਾਂ ਪਿਛੇ ਬਾਦਲ ਸਰਕਾਰ ਦੀ ਕੋਈ ਸਾਜ਼ਿਸ ਨਹੀਂ ਸੀ ਪਰ ਕਾਂਗਰਸ ਅਤੇ ਆਕਾਲੀ ਦਲ (ਅੰਮ੍ਰਿਤਸਰ) ਨੇ ਇਹ ਕਹਿਕੇ ‘ਆਪ’ ਸਰਕਾਰ ‘ਤੇ ਵੱਡਾ ਇਲਜ਼ਾਮ ਲਾ ਦਿੱਤਾ ਹੈ ਕਿ ਮੌਜੂਦਾ ਸਰਕਾਰ ਬਾਦਲਾਂ ਨੂੰ ਬਚਾਉਣਾ ਚਾਹੁੰਦੀ ਹੈ, ਪਹਿਲਾਂ ‘ਆਪ’ ਵਾਲੇ ਇਹੋ ਦੋਸ਼ ਕੈਪਟਨ ਦੀ ਸਰਕਾਰ ‘ਤੇ ਲਾਉਂਦੇ ਸਨ।

ਹੁਣ ਕੁਝ ਸਵਾਲ ਉਠਦੇ ਹਨ : ਬਾਦਲ ਸਰਕਾਰ ਆਪਣੇ ਕਾਰਜ-ਕਾਲ ‘ਚ ਇਸ ਘਟਨਾ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਲੱਭ ਸਕੀ ? ਪੰਜਾਬ ਪੁਲਿਸ ਕਿਉਂ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ ਜਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਅਤੇ ਕਤਲ ਤੋਂ ਇਕ ਮਹੀਨੇ ਤੋਂ ਪਹਿਲਾਂ ਕੁਝ ਦੋਸ਼ੀਆਂ ਨੂੰ ਫੜਨ ਦੇ ਦਾਅਵੇ ਕਰ ਦਿੱਤੇ ਹਨ। ਇਥੇ ਹੀ ਬੱਸ ਨਹੀਂ ਹੋਰ ਵੀ ਗੈਂਗਸਟਰਾਂ ਨੂੰ ਫੜਨ ਦੇ ਦਾਅਵੇ ਕੀਤੇ ਹਨ। ਕੀ ਪੁਲਿਸ ‘ਤੇ ਰਾਜਨੀਤਕ ਦਬਾਅ ਸੀ? ਕੈਪਟਨ ਸਰਕਾਰ ਕਿਉਂ ਇਸ ਮਾਮਲੇ ਵਿੱਚ ਜੂੰ ਦੀ ਤੋਰ ਤੁਰਦੀ ਰਹੀ ?

ਵਰਤਮਾਨ ਰਿਪੋਰਟ ਹਾਲੇ ਜਾਂਚ ਰਿਪੋਰਟ ਹੈ ਕੋਈ ਫੈਸਲਾ ਨਹੀਂ : ਇਹ ਹਾਲੇ ਰਿਪੋਰਟ ਅਦਾਲਤ ਵਿੱਚ ਪੇਸ਼ ਹੋਵੇਗੀ ਤਾਂ ਫਿਰ ਕੇਸ ਚੱਲੇਗਾ। ਫੈਸਲਾ ਕਦੋਂ ਆਵੇਗਾ ਇਸ ਬਾਰੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਇਹ ਇਸ ਗੱਲ ‘ਤੇ ਮੁਨੱਸਰ ਕਰਦਾ ਹੈ ਕਿ ਸਰਕਾਰ ਕੇਸ ਨੂੰ ਕਿੰਨਾ ਤੇਜ਼ ਚਲਾਉਣਾ ਚਾਹੁੰਦੀ ਹੈ। ਹਾਲੇ ਤਾਂ ਗੋਲੀ ਚੱਲਣ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਸੋ ਇਹ ਤਾਂ ਪੱਕਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ‘ਤੇ ਕੋਈ ਅੰਤਿਮ ਫ਼ੈਸਲਾ ਆਉਣ ਤੱਕ ਕਈ ਸਰਕਾਰਾਂ ਬਦਲ ਜਾਣਗੀਆਂ। ਬਾਕੌਲ ਸੁਰਜੀਤ ਪਾਤਰ :

ਇਸ ਆਦਾਲਤ ਬੰਦੇ ਬਿਰਖ ਹੋ ਗਏ, ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ

ਆਖੋ ਏਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ ਆਖਿਰ ਏਥੇ ਕਦੋਂ ਤੀਕ ਖੜ੍ਹੇ ਰਹਿਣਗੇ

ਇਕ ਗੱਲ ਪੱਕੇ ਤੌਰ ‘ਤੇ ਕਹੀ ਜਾ ਸਕਦੀ ਹੈ ਕਿ ਰਾਜਸੀ ਪਾਰਟੀਆਂ ਇਸ ਤਰ੍ਹਾਂ ਦੀਆਂ ਧਾਰਮਿਕ ਘਟਨਾਵਾਂ ਨੂੰ ਵੋਟਾਂ ਵਿੱਚ ਬਦਲਣ ਲਈ ਜ਼ਰੂਰ ਅੱਡੀਆਂ ਚੁੱਕ-ਚੱਕ ਫ਼ਾਹੇ ਲੈਣ ਦੀਆਂ ਕੋਸ਼ਿਸ਼ ਕਰਦੀਆਂ ਰਹਿਣਗੀਆਂ। ਇਹ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਵਿੱਚ ਧਰਮ ਦੇ ਆਦਾਰ ‘ਤੇ ਵੰਡੀਆਂ ਪਾਉਣ ਦੀ ਸਿਆਸਤ ਜ਼ੋਰ ਫੜਦੀ ਜਾ ਰਹੀ ਹੈ ਅਤੇ ਪਾਰਟੀਆਂ ਲੋਕਤੰਤਰ ਨੂੰ ਤਿਲਾਂਜ਼ਲੀ ਦੇ ਰਹੀਆਂ  ਹਨ। ਇਸ ਰੁਝਾਨ ਨੂੰ ਰੋਕ ਲੱਗਣੀ ਚਾਹੀਦੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button