EDITORIAL

ਡਿਜ਼ੀਟਲ ਦੁਨੀਆਂ ਦਾ ਹਮਲਾ, ਰਿਸ਼ਤਿਆਂ ‘ਚ ਵਧ ਰਹੀਆਂ ਬਦਹਜ਼ਮੀਆਂ

ਅਮਰਜੀਤ ਸਿੰਘ ਵੜੈਚ (94178-01988)

ਇੰਟਰਨੈਟ ਨੇ ਦੁਨੀਆਂ ਦੀ ਗਤ ਤੇ ਗਤੀ ਬਹੁਤ ਤੇਜ਼ੀ ਨਾਲ਼ ਬਦਲੇ ਹਨ ਤੇ ਭਵਿਖ ‘ਚ ਇਸ ਦੀ ਰਫ਼ਤਾਰ ਹੋਰ ਤੇਜ਼ ਹੋਣ ਜਾ ਰਹੀ ਹੈ । ਜਦੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਜ਼ਿੰਦਗੀ ਦੇ ਹਰ ਸ਼ੋਹਬੇ ‘ਚ ਦਖ਼ਲ-ਅੰਦਾਜ਼ੀ ਕਰਨ ਲੱਗ ਪਵੇਗੀ ਤਾਂ ਮਨੁੱਖ ਦਾ ਜੀਵਨ ਹੋਰ ਗੁੰਝਲ਼ ਭਰੀਆਂ ਸਹੂਲਤਾਂ ਦੇ ਭਰਮਾਂ ਨਾਲ਼ ਓਤਪੋਤ ਹੋ ਜਾਵੇਗਾ ।

ਵਰਤਮਾਨ ਸਮੇਂ ‘ਚ ਡਿਜ਼ੀਟਲ ਦੁਨੀਆਂ ਨੇ ਹਰ ਇਕ ਨੂੰ ਕਿਸੇ ਨਾ ਕਿਸੇ ਰੂਪ ‘ਚ ਆਕੱਰਸ਼ਿਤ ਕੀਤਾ ਹੈ ਜਿਸ ਦਾ ਅਸਰ ਅਸੀ ਸਮਾਜ ‘ਚ ਵੇਖ ਰਹੇ ਹਾਂ ; ਨੌਜਵਾਨਾਂ ਲਈ ਇਹ ਖਾਣੇ ਤੇ ਰਿਸ਼ਤਿਆਂ ਤੋਂ ਵੱਧ ਹੋ ਨਿਬੜਿਆ ਹੈ , ਅਧਖੜ ਲੋਕਾਂ ਲਈ ਇਹ ਰਿਸ਼ਤਿਆਂ ‘ਚ ਟੁੱਟ ਭੱਜ ਦਾ ਕਾਰਨ ਵਧੇਰੇ ਬਣ ਰਿਹਾ ਹੈ ਤੇ ਬਜ਼ੁਰਗਾਂ ਲਈ ਸਮਾਂ ਗੁਜ਼ਾਰਨ ਦਾ ਵਧੀਆ ਸਾਧਨ ਹੈ ।

ਇਸ ਵਿੱਚ ਕੋਈ ਦੋ ਰਾਵਾਂ ਨਹੀ ਹੋ ਸਕਦੀਆਂ ਕਿ ਵਿਗਿਆਨ ਦੇ ਇਸ ਨਾਯਾਬ ਤੋਹਫ਼ੇ ਨੇ ਇਨਸਾਨ ਦੀ ਜ਼ਿੰਦਗੀ ਬੜੀ ਸੁੱਖ-ਆਰਾਮ ਵਾਲ਼ੀ ਬਣਾ ਦਿਤੀ ਹੈ । ਘੰਟਿਆਂ ਦਾ ਕੰਮ ਮਿੰਟਾਂ ‘ਚ ਕਰ ਦਿਤਾ ਹੈ , ਬੜਾ ਕੁਝ ਇਕੋ ਹੀ ਮੋਬਾਇਲ ਫ਼ੋਨ ‘ਚ ਮਿਲ਼ ਜਾਂਦਾ ਹੈ ਜਿਵੇਂ ਫ਼ੋਨ.ਕੈਮਰਾ,ਈਮੇਲ,ਇੰਟਰਨੈਟ, ਵਾਇਸ ਤੇ ਵੀਡੀਓ ਰਿਕਾਰਡਰ ਨਾਲ਼ੇ ਐਡੀਟਰ ਤੋਂ ਇਲਾਵਾ ਖ਼ਰੀਦੋ-ਫਰੋਖ਼ਤ,ਟਿਕਟਾਂ ਬੁਕਿੰਗ,ਗੈਸ ਬੁਕਿੰਗ, ਪੈਸਿਆਂ ਦਾ ਭੁਗਤਾਨ, ਬੈਂਕ ਖਾਤਿਆਂ ਦੀ ਜਾਣਕਾਰੀ, ਦਸਤਾਵੇਜ਼ ਸਕੈਨਰ, ਟੌਰਚ, ਅਲਾਰਮ,ਵਿਸ਼ਵ ਦੀਆਂ ਘੜੀਆਂ,ਕੈਲੰਡਰ,ਵਟਸਐੱਪ,ਫੇਸਬੁੱਕ,ਇੰਟਾਗਰਾਮ,ਈਚੈੱਟ, ਭਵਿਖਬਾਣੀ ਜੋਤਸ਼ੀ, ਡਾਕਟਰ, ਦਵਾਈਆਂ ਤੇ ਹੋਰ ਵੀ ਬਹੁੱਤ ਜਿਸ ਦੀ ਲਿਸਟ ਬਹੁਤ ਲੰਮੀ ਹੈ ।

ਇਸ ਸਮੁੱਚੇ ਵਰਤਾਰੇ ‘ਚੋਂ ਇਕ ਗੱਲ ਜੋ ਬੜੀ ਚਿੰਤਾਜਨਕ ਰੂਪ ‘ਚ ਉਭਰਕੇ ਬਾਹਰ ਆ ਰਹੀ ਹੈ ਕਿ ਇਸ ਡਿਜ਼ੀਟਲ ਜੁੱਗ ‘ਚ ਇਨਸਾਨੀ ਰਿਸ਼ਤਿਆਂ ‘ਚ ਵਿਗਾੜ ਆਉਣਾ ਸ਼ੁਰੂ ਹੀ ਨਹੀਂ ਹੋਇਆ ਬਲਕਿ ਹੁਣ ਤਾਂ ਇਸ ਵਿਗਾੜ ਉਪਰ ਚਿੰਤਤ ਸਮਾਜਿਕ ਵਿਗਿਆਨੀ ਖੋਜਾਂ ਵੀ ਕਰਨ ਲੱਗ ਪਏ ਹਨ । ਲੋਕ ਇਕ ਦੂਜੇ ਤੋਂ ਦੂਰ ਹੋਣ ਲੱਗ ਪਏ ਹਨ ; ਮਿਲਣ-ਜੁਲਣ ਘਟਣ ਲੱਗਾ ਹੈ ਕਿਉਂਕਿ ਬਹੁਤੇ ਕੰਮ ਹੁਣ ਈਮੇਲ, ਫੋਨ ਜਾਂ ਫਿਰ ਵੀਡੀਓ ਕਾਲਿੰਗ ਨਾਲ਼ ਹੋਣ ਲੱਗ ਪਏ ਹਨ । ਵਰਜਿਤ ਰਿਸ਼ਤੇ ਪਨਪਣ ਲੱਗੇ ਹਨ ਤੇ ਅਸਲੀ ਰਿਸ਼ਤੇ ਰਿਸਣ ਲੱਗ ਪਏ ਹਨ । ਪਤੀ-ਪਤਨੀ ਦੇ ਪਵਿਤਰ ਰਿਸ਼ਤੇ ‘ਚ ਜ਼ਹਿਰ ਘੁਲਣ ਲੱਗਾ ਹੈ । ਲੋਕਾਂ ਦਾ ਵੱਧ ਵਕਤ ਨੈੱਟ/ਫੇਸਬੁੱਕ/ਵੱਟਸਐੱਪ ਜਾਂ ਫਿਰ ਦੂਜੀਆਂ ਐੱਪਸ ਜਾਂ ਵੈਬਸਾਈਟਸ ਉਪਰ ਗੁਜ਼ਰਨ ਲੱਗਾ ਹੈ । ਜੀਵਨ ਸਾਥੀ,ਮਾਂ-ਪਿਉ,ਬੱਚਿਆਂ, ਭੈਣ-ਭਰਾਵਾਂ, ਰਿਸ਼ਤੇਦਾਰਾਂ, ਗੁਆਂਢੀਆਂ ਤੇ ਦੋਸਤਾਂ ਲਈ ਸਮਾਂ ਘਟਣ ਲੱਗ ਪਿਆ ਹੈ

ਇਸ ਸਮੁੱਚੇ ਵਰਤਾਰੇ ਦਾ ਲਾਭ ਵਪਾਰਕ ਅਦਾਰੇ ਚੁੱਕਣ ਲੱਗੇ ਹਨ ਪਏ ਹਨ ; ਸਾਡਾ ਰੁਝਾਨ ਔਨ-ਲਾਇਨ ਖ਼ਰੀਦਦਾਰੀ ਵੱਲ ਵੱਧ ਰਿਹਾ ਹੈ , ਬੱਚੇ ਤੇ ਨੌਜਵਾਨ ਨੈੱਟ ‘ਤੇ ਗੇਮਜ਼ ਖੇਡਣ ‘ਚ ਲਾ ਰਹੇ ਹਨ ਤੇ ਨੈੱਟ ਤੇ ਅਸ਼ਲੀਲਤਾ ਨੇ ਸਮਾਜ ‘ਚ ਹਲਚਲ ਵਧਾ ਦਿਤੀ ਹੈ । ਤੁਹਾਡੇ ਫੋਨ ‘ਤੇ ਧੱਕੇ ਨਾਲ਼ ਵੱਖ-ਵੱਖ ਚੀਜ਼ਾਂ ਦੀਆਂ ਐਡਜ਼ ਆ ਧਮਕਦੀਆਂ ਹਨ ਤੇ ਬਿਨਾਂ ਵਜ੍ਹਾ ਨੋਟੀਫੀਕੇਸ਼ਨ ਤੁਹਾਡਾ ਦਿਮਾਗ ਖਾਂਦੀਆਂ ਰਹਿੰਦੀਆਂ ਹਨ । ਛੋਟੇ ਬੱਚੇ ਇਸ ਡਿਜ਼ੀਟਲ ਦੁਨੀਆਂ ਦਾ ਵਧ ਸ਼ਿਕਾਰ ਹੋ ਰਿਹਾ ਹੈ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਨੈੱਟ ਦਾ ਸ਼ੌਕ ਉਸ ਦੇ ਭਵਿਖ ਨੂੰ ਕਿਵੇਂ ਤਬਾਹ ਕਰ ਰਿਹਾ ਹੈ ।

ਸਾਡੇ ਸਮਾਜ ‘ਚ ਕਿਸੇ ਵੀ ਖੁਸ਼ੀ ਤੇ ਖਾਸਕਰ ਵਿਆਹਾਂ ‘ਤੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਸੱਦਾ ਦੇਣ ਲਈ ਉਨ੍ਹਾਂ ਦੇ ਘਰ ਜਾਕੇ ਕਹਿਣ ਦਾ ਰਿਵਾਜ਼ ਹੈ ਪਰ ਹੁਣ ਇਹ ਰਿਵਾਜ਼ ਵੀ ਪੇਤਲਾ ਪੈਣ ਲੱਗਾ ਹੈ ਕਿਉਂਕਿ ਲੋਕਾਂ ਕੋਲ਼ ਵਕਤ ਦੀ ਘਾਟ ਹੁੰਦੀ ਹੈ । ਇਸ ਤਰ੍ਹਾਂ ਆਪ ਜਾ ਕੇ ਸੱਦਾ ਦੇਣ ਨਾਲ਼ ਜਿਥੇ ਪਿਆਰ ਵੀ ਝਲਕਦਾ ਹੈ ਉਥੇ ਇਕ ਦੂਜੇ ਨੂੰ ਮਿਲਣ-ਮਿਲਾਣ ਦੀ ਮਨੁੱਖੀ ਰੀਝ ਪੂਰੀ ਹੁੰਦੀ ਹੈ। ਮਨੁੱਖ ਬਿਨਾ ਮਿਲਣ ਤੇ ਗੱਲਬਾਤ ਕਰਨ ਦੇ ਨਹੀਂ ਰਹਿ ਸਕਦਾ ।ਜੇ ਇਹ ਵੀ ਜਾਂਦਾ ਰਿਹਾ ਤਾਂ ਫਿਰ ਮਨੁੱਖ ਦਾ ਜੀਵਨ ਫਿਕਾ ਹੋ ਜਾਵੇਗਾ ਤੇ ਸਮਾਜਿਕ ਤੇ ਪਰਿਵਾਰਿਕ ਸਮੱਸਿਆਵਾ ਹੋਰ ਜ਼ੋਰ ਫੜਨਗੀਆਂ ।

ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਸੀ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਮੇਲ਼-ਜੋਲ਼ ਵਧਾਉਣ ,ਆਪਣੇ ਬੱਚਿਆਂ ਦਾ ਇੰਟਨੈੱਟ ਤੋਂ ਸਮਾਂ ਘਟਾਉਣ ਵੱਲ ਤਵੱਜ਼ੋਂ ਦੇਣ, ਆਪ ਵੀ ਸਾਨੂੰ ਚਾਹੀਦਾ ਹੈ ਕਿ ਕੁਝ ਸਮਾਂ ਦਿਨ ਵਿੱਚ ਬਿਨਾ ਮੁਬਾਇਲ ਤੋਂ ਵੀ ਗੁਜ਼ਾਰਿਆ ਜਾਵੇ । ਸੌਣ ਸਮੇਂ ਮੁਬਾਇਲ ਨੂੰ ਆਪਣੇ ਸਿਰਹਾਣੇ ਤੋਂ ਦੂਰ ਰੱਖੋ । ਜਦੋਂ ਮਹਿਮਾਨ ਆਉਣ ਤਾਂ ਕਦੇ ਵੀ , ਅਤਿ ਜ਼ਰੂਰੀ ਤੋਂ ਬਿਨਾ, ਮੁਬਾਇਲ ਫੋਨ ਨਾ ਸੁਣੋ । ਬੱਚਿਆਂ ਨੂੰ ਵੀ ਰਿਸ਼ਤੇਦਾਰਾਂ-ਦੋਸਤਾਂ ਤੇ ਆਂਡ-ਗੁਆਂਢ ਨਾਲ਼ ਮਿਲ਼ਵਰਤਣ ਕਰਨ ਲਈ ਉਤਸ਼ਾਹਿਤ ਕਰੋ ।

ਇੰਟਰਨੈੱਟ ਤੇ ਮੁਬਾਇਲ ਦੀ ਵਰਤੋਂ ਜ਼ਰੂਰ ਕਰੋ ਪਰ ਇਨੀ ਜ਼ਿਆਦਾ ਨਾ ਕਰੋ ਕਿ ਦਿਮਾਗ ਨੂੰ ਬਦਹਜ਼ਮੀ ਹੀ ਹੋ ਜਾਵੇ । ਇਸ ਬਦਹਜ਼ਮੀ ਦਾ ਕੋਈ ਇਲਾਜ਼ ਨਹੀਂ ਹੈ। ਰੱਬ ਖ਼ੈਰ ਕਰੇ !

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button