EDITORIAL

ਪੰਜਾਬ ‘ਚੋਂ ਹਰ ਰੋਜ਼ ਹੁੰਦੀਆਂ ਚਾਰ ਔਰਤਾਂ ਗੁੰਮ

ਹਰ 13 ਮਿੰਟਾਂ 'ਤੇ ਇਕ ਭਾਰਤੀ ਕੁੜੀ ਗਾਇਬ

ਵਿਸ਼ਵ ‘ਚੋ ਗੁੰਮ ਹੋਣ ਵਾਲ਼ੀਆਂ ਲੜਕੀਆਂ ‘ਤੋਂ ਹਰ ਤੀਜੀ ਕੁੜੀ ਭਾਰਤੀ

ਅਮਰਜੀਤ ਸਿੰਘ ਵੜੈਚ (94178-01988) 

ਭਾਰਤ ‘ਚੋਂ ਹਰ ਅੱਠ ਮਿੰਟਾਂ ਮਗਰੋਂ ਇਕ ਬੱਚਾ ਗੁੰਮ ਹੋ ਜਾਂਦਾ ਹੈ। ਇਨ੍ਹਾਂ ਵਿੱਚ ਲੜਕੀਆਂ ਦੇ ਗੁੰਮ ਹੋਣ ਦੀ ਗਿਣਤ‌ੀ ਵੱਧ ਹੈ : ਸਾਡੇ ਦੇਸ਼  ਵਿੱਚੋਂ ਹਰ 13 ਮਿੰਟ ਮਗਰੋਂ ਇਕ ਲੜਕੀ/ਔਰਤ ਗੁੰਮ ਹੋ ਜਾਂਦੀ ਹੈ। ਭਾਰਤ ਵਿੱਚ ਹਰ ਵਰ੍ਹੇ ਬੱਚੇ ਗੁੰਮ ਹੋਣ ਦੀਆਂ ਘਟਨਾਵਾਂ ਵਧ ਰਹੀਆਂ ਹਨ; 2019 ਦੀ ਐੱਨਸੀਆਰਬੀ ਦੀ ਰਿਪੋਰਟ ਮੁਤਾਬਿਕ 73 ਹਜ਼ਾਰ ਤੋਂ ਵੱਧ ਬੱਚੇ ਗੁੰਮ ਹੋਏ ਸਨ ਜੋ 2018 ਨਾਲੌਂ ਨੌ ਫ਼ੀਸਦ ਵੱਧ ਸਨ।  ਪੰਜਾਬ ‘ਚੋ ਵੀ ਬੱਚੇ ਗੁੰਮ ਹੋਣ ਦੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬ ‘ਚ ਹਰ ਰੋਜ਼ ਚਾਰ ਲੜਕੀਆਂ/ਔਰਤਾਂ ਗਾਇਬ ਹੋ ਜਾਂਦੀਆਂ ਹਨ ਭਾਵ ਹਰ ਛੇ ਘੰਟੇ ਮਗਰੋਂ ਪੰਜਾਬ ‘ਚੋਂ ਇਕ ਕੁੜੀ/ਔਰਤ ਗਾਇਬ ਹੋ ਜਾਂਦੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਹੋਰ ਵੀ ਪ੍ਰੇਸ਼ਾਨ ਕਰਦੀ ਹੈ ; ਵਿਸ਼ਵ ਵਿੱਚੋਂ ਗੁੰਮ ਹੋਣ ਵਾਲੀਆਂ ਔਰਤਾਂ/ਲੜਕੀਆਂ ‘ਚੋ ਹਰ ਤੀਜੀ ਲੜਕੀ ਭਾਰਤੀ ਹੁੰਦੀ ਹੈ।

ਲੜਕੀਆਂ ਦੇ ਗੁੰਮ ਹੋਣ ਦੇ ਕਈ ਕਾਰਨ ਹੁੰਦੇ ਹਨ : ਕੁਝ ਲੜਕੀਆਂ ਪ੍ਰੇਮ-ਸਬੰਧਾਂ ‘ਚ ਉਲਝਕੇ ਘਰੋਂ ਭੱਜ ਜਾਂਦੀਆਂ ਹਨ, ਲੜਕੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ, ਕਈ ਵਾਰ ਕੁੜੀਆਂ ਮਾਪਿਆਂ ਤੋਂ ਬਾਹਰ ਜਾਕੇ ਵਿਆਹ ਕਰਵਾ ਲੈਂਦੀਆਂ ਹਨ ਤਾਂ ਉਨ੍ਹਾਂ ਨੂੰ ‘ਅਣਖ’ ਦੇ ਨਾਂ ‘ਤੇ ਮਾਰ/ਮਰਵਾ  ਵੀ ਦਿਤਾ ਜਾਂਦਾ ਹੈ। ਪਤੀ-ਪਤਨੀ ਜਾਂ ਘਰੇਲੂ ਕਲੇਸ਼ ਕਾਰਨ ਔਰਤਾਂ ਘਰ ਛੱਡ ਜਾਂਦੀਆਂ ਹਨ, ਨਜਾਇਜ਼ ਸਬੰਧ ਅਤੇ ਮਾਨਸਿਕ ਬਿਮਾਰੀ/ਪਰੇਸ਼ਾਨੀ ਆਦਿ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਨੌਕਰੀ ਲਵਾਉਣ ਜਾਂ ਫਿਲਮਾਂ/ਟੀਵੀ ‘ਚ ਰੋਲ ਦੁਆਉਣ ਦੇ ਨਾਂ ‘ਤੇ ਲੜਕੀਆਂ ਨੂੰ ਵਰਗਲਾ ਲਿਆ ਜਾਂਦਾ ਹੈ।

ਇਹ ਵੀ ਤੱਥ ਸਾਹਮਣੇ ਆਏ ਹਨ ਕਿ ਗੁੰਮ ਹੋਣ ਵਾਲ਼ੀਆਂ ਲੜਕੀਆਂ ‘ਚ ਬਹੁਤੀਆਂ ਗਰੀਬ ਅਤੇ ਪਰਵਾਸੀ ਲੋਕਾਂ ਚੋਂ ਜ਼ਿਆਦਾ ਹਨ ; ਇਸੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਅਗਵਾ ਲੜਕਿਆਂ ਦੇ  ਅੰਗ ਵੇਚੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਅੰਗਹੀਣ ਬਣਾਕੇ ਮੰਗਣ ਲਾ ਦਿਤਾ ਜਾਂਦਾ ਹੈ। ਤੁਸੀਂ ਕਦੇ ਕਿਸੇ ਅੰਗਹੀਣ ਲੜਕੀ ਨੂੰ ਮੰਗਦਿਆਂ ਨਹੀਂ ਵੇਖਿਆ ਹੋਣਾ ; ਇਸ ਦਾ ਮਤਲਬ ਇਹ ਹੈ ਕਿ ਲੜਕੀਆਂ ਨੂੰ ਜਾਂ ਤਾਂ ਵੇਸਵਾ ਗ਼ਮਨੀ ‘ਚ ਧੱਕ ਦਿਤਾ ਜਾਂਦਾ ਹੈ ਜਾਂ ਫਿਰ ਇਨ੍ਹਾਂ ਤੋਂ ਜ਼ਬਰਨ ਘਰੇਲੂ ਕੰਮ ਕਰਵਾਏ ਜਾਂਦੇ ਹਨ।

ਜਿਹੜੇ ਬੱਚੇ ਚੁੱਕੇ ਜਾਂਦੇ ਹਨ ਜਾਂ ਘਰੋਂ ਭੱਜੇ ਬੱਚੇ ਗ਼ਲਤ ਲੋਕਾਂ ਦੇ ਹੱਥੇ ਚੜ੍ਹ ਜਾਂਦੇ ਹਨ ਉਨ੍ਹਾਂ ਵਿੱਚੋਂ ਕੋਈ ਹੀ ਵਾਪਸ ਪਰਤਦਾ ਹੈ ; ਬੱਚੇ ਚੁੱਕਣਾ ਇਕ ਧੰਦਾ ਬਣ ਚੁੱਕਿਆ ਹੈ। ਇਹ ਗਿਰੋਹ ਬੱਚੇ ਚੁੱਕ ਕੇ ਉਨ੍ਹਾਂ ਨੂੰ ਜ਼ਬਰਨ ਮਜ਼ਦੂਰੀ, ਭੀਖ ਮੰਗਣ, ਵੇਸਵਾ ਗਮਨੀ, ਨਸ਼ਿਆਂ ਦੀ ਸਪਲਾਈ, ਘਰੇਲੂ ਕੰਮਾਂ, ਹੋਟਲਾਂ, ਪਟਾਕਾ ਜਾਂ ਦੂਸਰੀਆਂ ਖ਼ਤਰਨਾਕ ਫ਼ੈਕਟਰੀਆਂ ਆਦਿ ਦੇ ਕੰਮਾਂ ਵਿੱਚ ਲਾ ਦਿੰਦੇ ਹਨ। ਲੜਕੀਆਂ ਨੂੰ ਤਾਂ ਅਰਬ ਮੁਲਕਾਂ ‘ਚ ਵੇਚ ਵੀ ਦਿੰਦੇ ਹਨ; ਸੰਯੁਕਤ ਰਾਸ਼ਟਰ ਦੇ ਪੌਪੂਲੇਸ਼ਨ ਫ਼ੰਡ ਅਨੁਸਾਰ ਦੁਨੀਆਂ ਵਿੱਚ ਹਰ ਤੀਜੀ ਗੁੰਮ ਹੋਣ ਵਾਲ਼ੀ ਕੁੜੀ ਭਾਰਤ ਦੀ ਹੁੰਦੀ ਹੈ। ਕਈ ਬੱਚਿਆਂ ਨੂੰ ਅੰਨ੍ਹੇ ਜਾਂ ਲੂਲ੍ਹੇ-ਲੰਗੜੇ ਕਰਕੇ ਮੰਗਣ ਲਾ ਦਿੰਦੇ ਹਨ। ਇਥੇ ਹੀ ਬੱਸ ਨਹੀਂ ਬੱਚਿਆਂ ਦੇ ਅੰਗਾਂ ਦਾ ਵਪਾਰ ਵੀ ਕੀਤਾ ਜਾ ਰਿਹਾ ਹੈ।

ਪੰਜਾਬ ਦੀ ਸਥਿਤੀ ਵੀ ਗੰਭੀਰ ਹੈ ; ਪੰਜਾਬ ‘ਚੋ ਔਰਤਾਂ ਵੱਧ ਗੁਆਚ ਰਹੀਆਂ ਹਨ ; ਪੰਜਾਬ ਪੁਲਿਸ ਦੇ  2020 ਤੋਂ 2022  ਫਰਵਰੀ ਤੇ ਮਾਰਚ ਮਹੀਨਿਆਂ ਦੇ ਅੰਕੜਿਆਂ  ਨੇ ਹੈਰਾਨ ਕਰ ਦਿਤਾ ਹੈ ਪੰਜਾਬ ਪੁਲਿਸ ਦੀ ਵੈੱਬ ਸਾਈਟ ‘ਤੇ ਮਾਰਚ 2022 ਮਹੀਨੇ ਦੇ ‘ਕਰਿਮੀਨਲ  ਇੰਟੈਲੀਜੈਂਸ ਗਜ਼ਿਟ’ ਅਨੁਸਾਰ  ਕੁੱਲ 247 ਵਿਅਕਤੀਆਂ ਦੀ ਗੁੰਮਸ਼ੁਦਗੀ  ਰਿਪੋਰਟ ਪੁਲਿਸ ਕੋਲ਼ ਦਰਜ ਹੋਈ ਹੈ ਜਿਸ ਵਿੱਚੋ 152 ( 61%) ਔਰਤਾਂ ਸਨ। ਇਨ੍ਹਾਂ ਵਿੱਚੋਂ ਸਿਰਫ਼ ਇਕ ਬਜ਼ੁਰਗ ਔਰਤ 70 , ਇਕ 64 ,ਇਕ 52 ਅਤੇ ਦੋ 40-45 ਸਾਲਾਂ ਦੀਆਂ ਸਨ ਪਰ ਬਾਕੀ ਚੋਂ ਬਹੁਤੀਆਂ ਔਰਤਾਂ/ਕੁੜੀਆਂ ਦੋ ਸਾਲ ਦੀ ਬੱਚੀ ਤੋਂ  40 ਸਾਲਾਂ ਦੀ ਉਮਰ ਵਾਲ਼ੀਆਂ ਔਰਤਾਂ ਹੀ ਸਨ ; ਬਹੁਤੀਆਂ ਕੁੜੀਆਂ 14-15  ਤੋਂ 35 ਸਾਲ ਵਾਲ਼ੀਆਂ ਹਨ। 18 ਜੁਲਾਈ ਨੂੰ  ਪੰਜਾਬੀ ਦੈਨਿਕ ਜਾਗਰਣ ‘ਚ ਪਟਿਆਲ਼ਾ ਤੋਂ ਨਵਦੀਪ ਢੀਂਗਰਾ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਸਰਕਾਰੀ ਬਾਲ-ਸੁਰੱਖਿਆ ਘਰਾਂ ਚੋਂ ਵੀ ਗੁੰਮ ਹੋ ਵਾਲੇ ਬੱਚਿਆਂ ਚੋਂ ਲੜਕੀਆਂ ਜ਼ਿਆਦਾ ਹੁੰਦੀਆਂ ਹਨ। ਇਨ੍ਹਾਂ ਘਰਾਂ ਵਿੱਚ ਲਾਵਾਰਿਸ/ਯਤੀਮ ਬੱਚੇ ਰਹਿੰਦੇ ਹਨ।

ਕਈ ਬੱਚਿਆ ਨੂੰ ਤਾਂ ਬੱਚਾ-ਚੁੱਕ ਗਿਰੋਹ ਲੈ ਜਾਂਦੇ ਹਨ, ਕਈ ਅੱਤ ਗਰੀਬੀ ਦੇ ਸਤਾਏ ਮਾਪੇ ਆਪਣੇ ਬੱਚੇ ਵੇਚ ਵੀ ਦਿੰਦੇ ਹਨ ਅਤੇ ਕਈ ਬੱਚੇ ਘਰੋਂ ਭੱਜ ਜਾਂਦੇ ਹਨ। ਪਹਿਲੇ ਦੋ ਕਾਰਨ ਤਾਂ ਆਮ ਲੋਕਾਂ ਦੇ ਵੱਸੋਂ ਬਾਹਰ ਹਨ ਪਰ ਜਿਹੜੇ ਬੱਚੇ ਘਰੋਂ ਭੱਜਦੇ ਹਨ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ ਜੇਕਰ ਮਾਪੇ ਆਪਣੇ ਬੱਚਿਆਂ ਪ੍ਰਤੀ ਲਾ-ਪ੍ਰਵਾਹੀ ਨਾ ਵਰਤਣ। ਦਰਅਸਲ ਭਾਰਤ ਵਿੱਚ ਬੱਚੇ ਪਾਲਣ ਦੀ, ਵਿਕਾਸਸ਼ੀਲ ਦੇਸ਼ਾਂ ਵਾਂਙ, ਕੋਈ ਸਿਖਲਾਈ ਹੀ ਨਹੀਂ ਦਿਤੀ ਜਾਂਦੀ। ਦੂਜਾ ਇਹ ਵੀ ਕਾਰਨ ਹੈ ਕਿ ਵੱਡੀ ਗਿਣਤੀ ਗਰੀਬ ਅਤੇ ਅਨਪੜ੍ਹ ਲੋਕਾਂ ਦੀ ਹੈ। ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ  ਅਤੇ ਨਾਲ ਦੀ ਨਾਲ ਪੁਲਿਸ ਪ੍ਰਬੰਧ ਨੂੰ ਵੀ ਹੋਰ ਮਜਬੂਤ ਕਰਨ ਦੀ ਲੋੜ ਹੈ ਤਾਂ ਕੇ ਗੁੰਮ ਹੋਏ ਬੱਚਿਆਂ ਜਾਂ ਦੂਜੇ ਵਿਅਕਤੀਆਂ ਨੂੰ ਜਲਦੀ ਲੱਭਿਆ ਜਾ ਸਕੇ। ਸਰਕਾਰਾਂ ਅਤੇ ਸਮਾਜ ਨੂੰ ਇਸ ਸਮੱਸਿਆ ਵੱਲ ਬਹੁਤ ਸੰਜੀਦਗੀ ਨਾਲ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਗੁੰਮ ਹੋਣ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਨਰਕ ਹੋਣ ਤੋਂ ਪਹਿਲਾਂ ਹੀ ਬਚਾ ਲਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button