EDITORIAL

ਕੁਦਰਤ ਨਾਲ਼ ਮਨੁੱਖ ਦੀ  ਬਦਤਮੀਜ਼ੀ, ਜ਼ੀਰਾ ਤੋਂ ਜੋਸ਼ੀਮੱਠ ਵਾਇਆ ਜਪਾਨ  

ਮੁੱਠੀ ਗਰਮ ਅਫ਼ਸਰ ਨਰਮ

ਅਮਰਜੀਤ ਸਿੰਘ ਵੜੈਚ (94178-01988)

ਉਤਰਾਖੰਡ ‘ਚ ਸਥਿਤ ਜੋਸ਼ੀਮੱਠ ਦੇ ਪਹਾੜਾਂ ਉੱਤੇ ਬਣੇ ਘਰਾਂ, ਹੋਟਲਾਂ.ਦਫ਼ਤਰਾਂ,ਸਕੂਲਾਂ,ਹੱਸਪਤਾਲਾਂ ਦੇ ਜ਼ਮੀਨ ਹੇਠ ਹੌਲ਼ੀ-ਹੌਲ਼ੀ ਧੱਸਣ ਦੀਆਂ ਦਰਦਨਾਕ ਖ਼ਬਰਾਂ ਮਗਰੋਂ  ਹਿੰਦੂ ਧਰਮ ਦੇ ਚਾਰਧਾਮਾਂ ‘ਤੋਂ ਇਕ  ਬੱਦਰੀਨਾਥ ਵੀ ਇਸੇ ਵਿਪਤਾ ‘ਚ ਫਸਦਾ ਨਜ਼ਰ ਆ ਰਿਹਾ ਹੈ : ਹਿੰਦੂ ਧਰਮ ਦੇ ਚਾਰਧਾਮ ਕੇਦਾਰਨਾਥ, ਬੱਦਰੀਨਾਥ, ਯਮਨੋਤਰੀ ਅਤੇ ਗੰਗੋਤਰੀ ਉਤਰਾਖੰਡ ਵਿਖੇ ਹੀ ਸਥਿਤ ਹਨ । ਕੇਦਾਰਨਾਥ ‘ਚ 16 ਜੂਨ 2013 ਨੂੰ ਬੱਦਲ਼ ਫਟਣ ਕਾਰਨ ਆਏ ਹੜ੍ਹ ਕਾਰਨ 4000 ਤੋਂ ਵੱਧ ਲੋਕ ਮੌਤ ਦੇ ਮੂੰਹ ‘ਚ ਜਾ ਪਏ ਸਨ ਅਤੇ ਹਜ਼ਾਰਾਂ ਲੋਕ ਬੇਘਰ ਤੇ ਬਰਬਾਦ ਹੋ ਗਏ ਸਨ । ਉਸ ਵਕਤ ਬਰਬਾਦ ਹੋਏ ਰਸਤੇ ਠੀਕ ਕਰਨ ਮਗਰੋਂ 2018 ‘ਚ  ਖੋਲ੍ਹੇ ਗਏ ਸਨ ।

ਜਿਹੜੇ ਹੱਸਦੇ-ਵੱਸਦੇ ਲੋਕ ਉਸ ਵਕਤ ਮੌਤ ਦੇ ਮੂੰਹ ਜਾ ਪਏ ਅਤੇ ਬਾਕੀ ਪੀੜਤ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਉਪਰ ਉਹ ਕਹਿਰ ਕਿਉਂ ਟੁੱਟਿਆਂ  ਸੀ ? : ਕਰਿਸ਼ਨ ਬਿਹਾਰੀ ਨੂਰ ਦਾ ਇਕ ਸ਼ੇਅਰ ਹੈ ਜੋ ਇਨ੍ਹਾਂ ਪੀੜਤਾਂ ਉਪਰ ਪੂਰਾ ਢੁਕਦਾ ਹੈ ।

                                   ਜ਼ਿੰਦਗੀ ਸੇ  ਬੜੀ   ਸਜ਼ਾ  ਹੀ ਨਹੀਂ

                                   ਔਰ ਜੁਰਮ ਕਿਆ ਹੈ ਪਤਾ ਹੀ ਨਹੀਂ

ਵਿਕਾਸ ਦੇ ਨਾਂ ‘ਤੇ ਚਾਰੇ ਪਾਸੇ ਕੁਦਰਤ ਦੀਆਂ ਨਿਆਮਤਾਂ ਨਾਲ਼  ਬਹੁਤ ਵੱਡੀ ਪੱਧਰ ‘ਤੇ ਤੋੜਭੰਨ  ਕੀਤੀ ਜਾ ਚੁੱਕੀ ਹੈ ਅਤੇ ਹਾਲੇ ਵੀ ਚੱਲੀ ਜਾ ਰਹੀ ਹੈ । ਪਹਾੜਾਂ ‘ਚ ਟੂਰਿਜ਼ਮ ਦੇ ਨਾਂ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਪਹਾੜਾਂ ਨੂੰ ਤੋੜ ਤੋੜ ਕੇ ਹੋਟਲ ਬਣਾਏ ਗਏ ਹਨ,ਕਈ ਬਿਜਲੀਘਰ ਉਸਾਰੇ ਗਏ ਹਨ ਨਿੱਕੀਆਂ ਵੱਡੀਆਂ ਸੜਕਾਂ ਬਣਾਈਆਂ ਗਈ ਹਨ, ਵੱਡੀਆਂ ਵੱਡੀਆਂ ਸਰੰਗਾਂ ਬਣਾਉਣ ਲਈ ਪਹਾੜਾਂ ਦੇ ਸੀਨੇ ਪਾੜਪਾੜ ਕੇ ਖੋਖਲ਼ੇ ਕਰ ਦਿਤੇ ਗਏ ਹਨ , ਪਾਣੀ ਤੇ ਬਿਜਲੀ ਆਦਿ ਦੀ ਸਪਲਾਈ ਲਈ ਪਹਾੜਾਂ ਦੀਆਂ ਢਲਾਨਾਂ ਨੂੰ ਵਰਤਿਆ ਗਿਆ ਹੈ । ਪਹਾੜਾਂ ਦੇ ਕੁਦਰਤੀ ਵਰਤਾਰੇ ਨੂੰ ਮਨੁੱਖ ਨੇ ਵਿਗਾੜ ਦਿਤਾ ਹੈ । ਹਿਮਾਚਲ ਪ੍ਰਦੇਸ਼ ‘ਚ ਵਿਸ਼ਵ ਦੀ ਸੱਭ ਤੋਂ ਉੱਚੀ ਥਾਂ ਭਾਵ  ਸਮੁੰਦਰੀ ਤਲ ਤੋਂ 10 ਹਜ਼ਾਰ ਫੁੱਟ ਉੱਚੀ ਬਣੀ ਅਟਲ ਟਨਲ ਹੈ ਜੋ 9.02 ਕਿਲੋਮੀਟਰ ਪਹਾੜਾਂ ਨੂੰ ਅੰਦਰੋਂ ਕੱਟ ਕੱਟ ਕੇ ਬਣਾਈ ਗਈ ਹੈ ।

ਇਸੇ ਤਰ੍ਹਾਂ ਮੈਦਾਨੀ ਇਲਾਕਿਆਂ ‘ਚ ਵੀ ਵਿਕਾਸ ਦੇ ਨਾਂ ‘ਤੇ ਵੱਡੀਆਂ ਵੱਡੀਆਂ ਫੈਕਟਰੀਆਂ ਬਣੀਆਂ ਹਨ ਜੋ ਲਗਾਤਾਰ ਧਰਤੀ ਹੇਠੋਂ ਚੋਰੀ ਛਿਪੇ ਪਾਣੀ ਕੱਢ ਰਹੀਆਂ ਹਨ ਅਤੇ ਗੰਦਾ ਪਾਣੀ ਵਾਪਸ ਧਰਤੀ ਵਿੱਚ ਪਾ ਰਹੀਆਂ ਹਨ । ਸ਼ਹਿਰੀਕਰਨ ਦਾ ਸਾਰਾ ਗੰਦ ਵੀ ਧਰਤੀ ਦੇ ਵਿੱਚ ਹੀ ਪਾਇਆ ਜਾ ਰਿਹਾ ਹੈ : ਪੰਜਾਬ ‘ਚ ਜ਼ੀਰਾ ਦੀ  ਮੈਲਬਰੋਜ਼ ਸ਼ਰਾਬ  ਫੈਕਟਰੀ ਵੀ ਇਨ੍ਹਾਂ ‘ਚੋਂ ਇਕ ਹੈ । ਇਥੇ ਜ਼ੀਰਾ ਦੇ ਪਿੰਡਾਂ ਦਾ ਹੋ ਰਿਹਾ ਗੰਦਾ ਪਾਣੀ ਇਸ ਉਦਯੋਗੀਕਰਨ ਦਾ ਹੀ ਨਤੀਜਾ ਹੈ । ਇਸ ਤੋਂ ਪਹਿਲਾਂ ਕਪੂਰਥਲੇ ਦੇ ਪਿੰਡ ਹਮੀਰੇ ‘ਚ ਲੱਗੀ ਸ਼ਰਾਬ ਦੀ ਫੈਕਟਰੀ ਵੀ ਇਸੇ ਤਰ੍ਹਾਂ ਪਿੰਡਾਂ ਦਾ ਪਾਣੀ ਪ੍ਰਦੂਸ਼ਤ ਕਰਦੀ ਰਹੀ ਹੈ । ਇਸੇ ਤਰ੍ਹਾਂ ਲੁਧਿਆਣੇ ਦੇ ਉਦਯੋਗਿਕ ਗੰਦ ਨੂੰ ਬੁੱਢੇ ਨਾਲ਼ੇ  ‘ਚ ਪਾਉਣ ਕਰਕੇ ਸਤਲੁਜ ਦਾ ਪਾਣੀ ਵੀ ਮਨੁੱਖਾਂ,ਪਸ਼ੂ, ਪੰਛੀਆਂ ਆਦਿ ਲਈ ਪੀਣ ਯੋਗ ਨਹੀਂ ਰਹਿਣ ਦਿਤਾ ਕਿਉਂਕਿ ਬੁੱਢਾ ਨਾਲ਼ਾ ਸੱਤਲੁਜ ਵਿੱਚ ਡਿਗਦਾ ਹੈ ।

ਸਰਕਾਰਾਂ ਵਿਕਾਸ ਦੇ ਨਾਂ ਤੇ ਲਗਾਤਾਰ ਕੁਦਰਤ ਦੀ ਅਣਦੇਖੀ ਕਰਕੇ ਕੁਦਰਤ ਨਾਲ਼ ਖਿਲਵਾੜ ਕਰਨ ਦੀਆਂ ਖੁੱਲਾਂ ਦਿੰਦੀਆਂ ਰਹੀਆਂ ਹਨ । ਜ਼ਿਮੇਵਾਰ ਸਰਕਾਰੀ ਅਧਿਕਾਰੀ ਮੁੱਠੀਆਂ ਗਰਮ ਕਰਵਾਕੇ ਚੁੱਪ ਕਰ ਜਾਂਦੇ ਹਨ : ਨੋਆਇਡਾ ‘ਚ ਸੁਪਰ ਟਵਿਨ ਟਾਵਰ ‘ਮੁੱਠੀ ਗਰਮ’ ਕਰਨ ਦੀ ਵੱਡੀ ਮਿਸਾਲ ਸੀ ਜਿਸ ਨੂੰ ਪਿਛਲੇ ਵਰ੍ਹੇ ਅਗਸਤ ਮਹੀਨੇ ‘ਚ ਸੁਪਰੀਮ ਕੋਰਟ ਦੇ ਹੁੱਕਮਾਂ ਮਗਰੋਂ ਗਿਰਾ ਦਿਤਾ ਗਿਆ ਸੀ । ਇਸ ਤਰ੍ਹਾਂ ਦੀਆਂ ਉਦਾਹਰਣਾਂ ਸਾਨੂੰ ਦੇਸ਼ ਦੇ ਹਰ ਹਿਸੇ ‘ਚੋਂ ਮਿਲ਼ ਜਾਣਗੀਆਂ ।

ਮਨੁੱਖਾਂ ਵੱਲੋਂ ਕੁਦਰਤ ਨਾਲ਼ ਕੀਤੀ ਜਾ ਰਹੀ ਬਦਤਮੀਜ਼ੀ ਦਾ ਖ਼ਮਿਆਜ਼ਾ ਸਾਰੇ ਵਿਸ਼ਵ ਨੂੰ ਵਾਤਾਵਰਣ ‘ਚ ਹੋ ਰਹੀਆਂ ਗੰਭੀਰ ਤਬਦੀਲ਼ੀਆਂ ਨਾਲ਼ ਭੁਗਤਣਾ ਪੈ ਰਿਹਾ ਹੈ : ਐਮਾਜ਼ੋਨ ਅਤੇ ਆਸਟਰੇਲੀਆ ਦੇ ਜੰਗਲ਼ਾ ਨੂੰ ਅੱਗ ਲੱਗ ਜਾਂਦੀ , ਜਪਾਨ ‘ਚ ਸੁਨਾਮੀ ਤਬਾਹੀ ਮਚਾ ਰਹੀ ਹੈ  ਅਤੇ ਕਨੇਡਾ  ਅਮਰੀਕਾ ‘ਚ ਬਰਫੀਲੇ ਤੁਫਾਨ ਕਹਿਰ ਢਾਹ ਰਹੇ ਹਨ , ਗਰਮੀ ਹਰ ਵਰ੍ਹੇ ਵਧ ਰਹੀ ਹੈ, ਧਰਤੀ ਹੇਠਲਾ ਪਾਣੀ ਲੋੜ ਤੋਂ ਵੱਧ ਵਰਤਿਆ ਜਾ ਰਿਹਾ ਹੈ  ਅਤੇ ਜ਼ਮੀਨੀ ਖਨਨ ਨਾਲ਼ ਧਰਤੀ ਨੂੰ ਛੱਲਣੀ ਛੱਲਣੀ ਕੀਤਾ ਜਾ ਰਿਹਾ ਹੈ ।

ਹੁਣ ਹੋਰ ਸਮਾਂ ਨਹੀਂ ਬਰਬਾਦ ਕਰਨਾ ਚਾਹੀਦਾ ਅਤੇ ਨਿਰਦੋਸ਼ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ‘ਤੇ ਨਹੀਂ ਲਾਉਣਾ ਚਾਹੀਦਾ । ਵਿਕਾਸ ਨੂੰ ਗਤੀ ਦੇਣ ਬਗੈਰ ਗੁਜ਼ਾਰਾ ਨਹੀਂ ਹੈ ਪਰ ਇਹ ਕੁਦਰਤ ਨਾਲ਼ ਛੇੜਛਾੜ ਕਰਕੇ ਨਹੀਂ ਹੋਣਾ ਚਹੀਦਾ । ਜੋ ਕੁਝ ਜੋਸ਼ੀਮੱਠ, ਬੱਦਰੀਨਾਥ ਤੇ ਜ਼ੀਰਾ ‘ਚ ਹੋ ਰਿਹਾ ਹੈ ਇਸ ਨੂੰ ਭਵਿਖ ‘ਚ ਰੋਕਣ ਲਈ ਰਾਸ਼ਟਰੀ ਪੱਧਰ ਦੀ ਨੀਤੀ ਬਣਾਉਣ ਦੀ ਲੋੜ ਹੈ । ਹੁਣ ਤੱਕ ਜਿਥੇ ਵੀ ਮੁੱਠੀਆਂ ਗਰਮ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਉਥੇ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ ਤਾਂਕੇ ਭਵਿਖ ‘ਚ ਕੋਈ ਇਸ ਤਰ੍ਹਾਂ ਦੀ ਹਿੰਮਤ ਨਾ ਕਰੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button