EDITORIAL

ਧਾਰਮਿਕ ਦੰਗੇ ਕਿਉਂ ਵੱਧ ਰਹੇ ਨੇ ?

ਅਮਰਜੀਤ ਸਿੰਘ ਵੜੈਚ

ਪਿਛਲੇ ਦਿਨਾਂ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਵਾਪਰੀਆਂ ਫਿਰਕੂ ਘਟਨਾਵਾਂ ਨੇ ਹਰ ਇਕ ਨੂੰ ਉਦਾਸ ਕੀਤਾ ਹੈ। ਇਸ ਮੁਲਕ ਦੀ ਖੂਬਸੂਰਤੀ ਹੀ ਇਹ ਹੈ ਕਿ ਇਥੇ ਵੱਖ ਵੱਖ ਧਰਮ, ਜ਼ਾਤਾ, ਬੋਲੀਆਂ ਅਤੇ ਸੱਭਿਆਚਾਰਾਂ ਵਾਲੇ ਲੋਕ ਸਦੀਆਂ ਤੋਂ ਰਹਿ ਰਹੇ ਹਨ। ਪਿਛਲਾ ਇਤਿਹਾਸ ਇਹ ਦੱਸਦਾ ਹੈ ਕਿ ਫਿਰਕੂ ਫਸਾਦ ਪਹਿਲਾਂ ਵੀ ਹੁੰਦੇ ਰਹੇ ਨੇ ਪਰ 1947 ਤੋਂ ਮਗਰੋਂ ਸਿਰਫ਼ ਤਕਰੀਬਨ ਦੋ ਦਹਾਕੇ ਛੱਡਕੇ ਉਸ ਤੋਂ ਬਾਅਦ ਇਹ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਪਬਲਿਕ ਪੁਲਿਸ ਰਿਸਰਚ ਸੈਂਟਰ ਦੀ ਰਿਪੋਰਟ ਵਿੱਚ ਸਾਫ਼ ਸਾਫ਼ ਲਿਖਿਆ ਹੈ ਕਿ 1960 ਮਗਰੋਂ ਦੇਸ਼ ਵਿੱਚ ਵੋਟ ਦੀ ਰਾਜਨੀਤੀ ਨੇ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿਤੀਆ।

ਹਾਲ ਹੀ ਵਿੱਚ ਜੋ ਘਟਨਾਵਾਂ ਵਾਪਰੀਆਂ ਹਨ ਇਨ੍ਹਾਂ ਵਿੱਚ ਦੋਹਾਂ ਧਰਮਾਂ ਦੇ ਨਿਰਦੋਸ਼ ਲੋਕਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਜਦੋਂ ਵੀ ਇਸ ਤਰ੍ਹਾਂ ਦੇ ਦੰਗੇ ਹੋਏ ਹਨ ਆਮ ਬੰਦੇ ਦਾ ਹੀ ਨੁਕਸਾਨ ਹੋਇਆ ਹੈ ਜਿਸ ਦਾ ਫ਼ਾਇਦਾ ਲੀਡਰ ਚੋਣਾਂ ਸਮੇਂ ਲੈ ਜਾਂਦੇ ਹਨ। ਇਹ ਬੜਾ ਸਪੱਸ਼ਟ ਹੈ ਕਿ ਸ਼ਰਾਰਤੀ ਲੋਕ ਹਿੰਦੂ-ਮੁਸਲਮਾਨ ਦੰਗੇ ਭੜਕਾਉਣ ਲਈ ਸਾਜ਼ਿਸ਼ਾਂ ਕਰਦੇ ਰਹਿੰਦੇ ਹਨ ਅਤੇ ਦੋਹਾਂ ਧਿਰਾਂ ਦੇ ਲੋਕ ਤਿਉਹਾਰਾਂ ਸਮੇਂ ਇਕ ਦੂਜੇ ਨਾਲ ਭਿੜ ਪੈਂਦੇ ਹਨ। ਦੇਸ਼ ਵਿੱਚ ਹਿੰਦੂ ਕਟੜਵਾਦੀ ਵਿਚਾਰਧਾਰਾ ਵਾਲੇ ਹਿੰਦੂ ਧਰਮ ਨੂੰ ਖ਼ਤਰਾ ਵੇਖਦੇ ਹਨ ਅਤੇ ਮੁਸਲਿਮ ਕਟੜਵਾਦੀ ਲੋਕ ਇਸਲਾਮ ਲਈ ਖ਼ਤਰਾ ਮਹਿਸੂਸ ਕਰਦੇ ਹਨ। ਆਮ ਵਿਅਕਤੀ ਜਿਸ ਦਾ ਧਰਮਾਂ ਨਾਲ ਵਾਹ ਸਿਰਫ਼ ਆਪਣੇ ਪਰਿਵਾਰ ਦੀ ਸੁੱਖ ਮੰਗਣ ਤੱਕ ਦਾ ਹੀ ਹੁੰਦਾ ਹੈ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਆਮ ਭਾਰਤੀ ਤਾਂ ਜੋ ਰੱਬ ਤੋਂ ਡਰਦਾ ਹੈ ਉਹ ਹਰ ਧਰਮ ਦੇ ਸਥਾਨ ਦੇ ਅੱਗੋਂ ਦੀ ਲੰਘਦਾ ਸਿਰ ਝੁਕਾ ਦਿੰਦਾ ਹੈ।

ਇਹ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਸਿਹਤ ਸੇਵਾਵਾਂ ਆਦਿ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਏ ਸਾਡੇ ਲੀਡਰ ਲੋਕਾਂ ਦਾ ਧਿਾਆਨ ਭਟਕਾ ਰਹੇ ਹਨ। ਸਾਡੇ ਧਾਰਮਿਕ ਲੀਡਰ ਸਾਰੀਆਂ ਕਦਰਾਂ ਕੀਮਤਾਂ ਛਿੱਕੇ ‘ਤੇ ਟੰਗ ਕੇ ਇਕ ਦੂਜੇ ਦੇ ਧਰਮ ਨੂੰ ਨੀਵਾਂ ਵਿਖਾਉਣ ‘ਚ ਲੱਗੇ ਹੋਏ ਹਨ। ਕਿਸੇ ਧਰਮ ‘ਚ ਨਹੀਂ ਲਿਖਿਆ ਹੋਇਆ ਕਿ ਰੱਬ ਦੇ ਨਾਂ ‘ਤੇ ਇਕ ਦੂਜੇ ਦੀਆਂ ਗਰਦਨਾਂ ਲਾਹ ਦਿਓ, ਇਕ ਦੂਜੇ ਦੇ ਧਰਮ ਸਥਾਨਾਂ ਨੂੰ ਅੱਗਾਂ ਲਾ ਦਿਓ, ਇਕ ਦੂਜੇ ਦੇ ਧਾਰਮਿਕ ਸਮਾਗਮਾਂ ਵਿੱਚ ਵਿਘਨ ਪਾਓ ਤਾਂ ਹੀ ਤੁਹਾਡਾ ਰੱਬ/ਵਾਹਿਗੁਰੂ/ਅੱਲਾ/ਈਸਾ ਆਦਿ ਖ਼ੁਸ਼ ਹੋਵੇਗਾ।

ਜਿਸ ਰੱਬ ਦੇ ਨਾਂ ‘ਤੇ ਉਸ ਦੇ ਸ਼ਰਧਾਲੂ ਲੜ ਮਰਦੇ ਨੇ ਉਹ ਰੱਬ ਕਦੇ ਕਿਸੇ ਨੇ ਲੜਦੇ ਵੇਖੇ ਨੇ। ਇਕ ਦੂਜੇ ਦੇ ਧਰਮ ਦੀਆਂ ਮੂਰਤੀਆਂ ਦਾ ਅਪਮਾਨ ਕਰਨ ‘ਤੇ ਪੈਰੋਕਾਰ ਇਕ ਦੂਜੇ ਦੇ ਖ਼ੂਨ ਦੇ ਤਿਹਾਏ ਹੋ ਜਾਂਦੇ ਹਨ। ਕਦੇ ਕਿਸੇ ਨੇ ਵੱਖ ਵੱਖ ਧਰਮਾਂ ਦੀਆਂ ਮੂਰਤੀਆਂ ਜਾਂ ਧਰਮ ਸਥਾਨਾਂ ਨੂੰ ਲੜਦਿਆਂ ਵੇਖਿਆ ਹੈ। ਕਦੇ ਕਿਸੇ ਨੇ ਵੱਖ ਵੱਖ ਧਰਮਾਂ ਦੇ ਪੁਜਾਰੀਆਂ ਜਾਂ ਲੀਡਰਾਂ ਨੂੰ ਇਕ ਦੂਜੇ ਨੂੰ ਕਤਲ ਕਰਦੇ, ਗਲੀਆਂ ਵਿੱਚ ਲੜਦੇ ਜਾਂ ਘਰ/ਦੁਕਾਨਾਂ/ਧਾਰਮਿਕ ਸਥਾਨ ਸਾੜਦੇ ਵੇਖਿਆ ਹੈ ? ਇਸ ਦਾ ਜਵਾਬ ਨਹੀਂ ਹੀ ਹੈ।

ਲੀਡਰ ਸਿਰਫ਼ ਮੀਡੀਆ ਜਾਂ ਜਲਸਿਆਂ ਵਿੱਚ ਬਿਆਨ ਦਾਗਦੇ ਹਨ ਬਾਕੀ ਦਾ ਕੰਮ ਉਨ੍ਹਾਂ ਦੇ ਟਾਊਟ ਲੋਕਾਂ ਨੂੰ ਭੜਕਾ ਕੇ ਕਰਦੇ ਹਨ। ਲੀਡਰ ਘਰਾਂ ਵਿੱਚ ਜਾ ਬੈਠਦੇ ਹਨ ਅਤੇ ਜਦੋਂ ਅੱਗ ਭੜਕ ਜਾਂਦੀ ਹੈ ਫਿਰ ਸ਼ਾਂਤੀ ਬਹਾਲ ਕਰਨ ਦੀਆਂ ਅਪੀਲਾਂ ਕਰਨ ਲਈ ਗਲੀਆਂ ਮੁਹੱਲਿਆਂ ਵਿੱਚ ਧਰਮਾਂ ਦੇ ਰੰਗ ਬਿਰੰਗੇ ਝੰਡੇ ਲੈਕੇ ਨਿਕਲ ਪੈਂਦੇ ਹਨ। ਕਦੇ ਕਿਸੇ ਨੇ ਧਰਮਾਂ ਦੇ ਪੁਜਾਰੀ ਜਾਂ ਲੀਡਰ ਮਰਦੇ ਵੇਖੇ ਹਨ ? ਇਹ ਸਵਾਲ ਸਾਨੂੰ ਸਾਡੇ ਲੀਡਰਾਂ ਨੂੰ ਕਰਨਾ ਚਾਹੀਦਾ ਹੈ।

ਲੀਡਰਾਂ ਦੀਆਂ ਸਿਆਸੀ ਰੋਟੀਆਂ ਸੇਕਣ ਲਈ ਆਮ ਲੋਕ ਕਿੰਨਾ ਕੁ ਚਿਰ ਮਰਦੇ ਰਹਿਣਗੇ ? ਅੱਜ ਸੱਭ ਤੋਂ ਵੱਡਾ ਸਵਾਲ ਇਹ ਹੈ। ਬੁੱਧੀਜੀਵੀਆਂ, ਸਮਾਜਿਕ ਸੇਵਕਾਂ, ਧਾਰਮਿਕ ਆਗੂਆਂ ਅਤੇ ਦਿਆਨਤਦਾਰ ਸਿਆਸਤਦਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਅਸੀਂ ਹੁਣ ਧਾਰਮਿਕ ਕੱਟੜਪੁਣੇ ‘ਚੋਂ ਨਿਕਲ ਕੇ ਇਨਸਾਨਾਂ ਵਾਂਙੂੰ ਰਹਿ ਸਕੀਏ ਅਤੇ ਇਕ ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਸਿੱਖ ਸਕੀਏ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button