EDITORIAL

ਦਿੱਲੀ ‘ਚ ਨਾਰੀ ਦਾ ਅਪਮਾਨ, ਮੋਦੀ ਜੀ ਦਿਓ ਧਿਆਨ !

ਅਮਰਜੀਤ ਸਿੰਘ ਵੜੈਚ (94178-01988)

ਪਿਛਲੇ ਵਰ੍ਹੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ‘ਅੰਮ੍ਰਿਤਕਾਲ’ ਦੀ ਸ਼ਰੂਆਤ ਕਰਦਿਆਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ “ਮੈਂ ਲਾਲ ਕਿਲੇ ਸੇ ,ਮੈਂ ਮੇਰੀ ਏਕ ਪੀੜਾ ਔਰ ਕਹਿਨਾ ਚਾਹਤਾ ਹੂੰ , ਯਹ ਦਰਦ ਮੈਂ ਕਹੇ ਬਿਨਾ ਨਹੀਂ ਰਹਿ ਸਕਤਾ । ਮੈਂ ਜਾਨਤਾ ਹੂੰ , ਸ਼ਾਇਦ ਯਹ ਲਾਲ ਕਿਲੇ ਕਾ ਵਿਸ਼ਾ ਨਹੀਂ ਹੋ ਸਕਤਾ, ਲੇਕਿਨ ਮੇਰੇ ਭੀਤਰ ਕਾ ਦਰਦ ਮੈਂ ਕਹਾਂ ਕਹੂੰਗਾ (ਭਾਵੁਕ ਹੋਕੇ ਗੱਚ ਭਰ ਗਿਆ )…..ਦੇਸ਼ ਵਾਸੀਓ ਕੇ ਸਾਮਨੇ ਨਹੀਂ  ਤੋ ਕਹਾਂ ਕਹੁੰਗਾ ; ਔਰ ਵੋਹ ਹੈ….ਕਿਸੀ ਨਾ ਕਿਸੀ ਕਾਰਨ ਹਮ ਨਾਰੀ ਕਾ ਅਪਮਾਨ ਕਰਤੇ ਹੈ…(ਫਿਰ ਗੱਚ ਭਰ ਗਿਆ) ਕਿਆ ਹਮ ਸਭਾਓ ਸੇ ,ਸੰਸਕਾਰ ਸੇ ਰੋਜ਼ ਮੱਰਾ ਕੀ ਜ਼ਿੰਦਗੀ ਮੇਂ ਨਾਰੀ ਕੋ ਅਪਮਾਨਿਤ ਕਰਨੇ ਵਾਲੀ ਹਰ ਬਾਤ ਸੇ ਕਿਆ ਹਮ  ਮੁਕਤੀ ਕਾ ਸੰਕੱਲਪ ਲੇ ਸਕਤੇ ਹੈ ” ..ਤਾੜੀਆਂ ।

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣੀ ਹੀ ਗੱਲ ਭੁੱਲ ਜਾਂਦੇ ਹਨ ਜਾਂ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਬਾਰੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ? ਵੈਸੇ ਮੇਘਾਲਿਆ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ‘ਦਾ ਵਾਇਰ’ ‘ਤੇ ਇਕ ਮੁਲਾਕਾਤ ‘ਚ ਕਰਨ ਥਾਪਰ ਨਾਲ਼ ਗੱਲ ਬਾਤ ਕਰਦਿਆਂ ਕਿਹਾ ਸੀ ਕਿ ਮੋਦੀ ਜੀ  ਜੰਮੂ ਕਸ਼ਮੀਰ ਦੇ ਮੁੱਦੇ ‘ਤੇ ‘ਇਲ ਇਨਫੌਰਮਡ’ ਹਨ ।  ਕੀ ਪ੍ਰਧਾਨ ਮੰਤਰੀ ਦੇ ਨਿਵਾਸ ਤੋਂ ਕੁਝ ਕਿਲੋਮੀਟਰ ਦੂਰ ਜੰਤਰ -ਮੰਤਰ ‘ਤੇ ਜੋ ਦੇਸ਼ ਦੀਆਂ ਧੀਆਂ ਦਾ ਅਪਮਾਨ ਹੋ ਰਿਹਾ ਹੈ ਉਸ ਬਾਰੇ ਉਨ੍ਹਾਂ ਨੂੰ  ਕੁਝ ਵੀ ਪਤਾ ਨਹੀਂ ਹੈ ?

ਇਹ ਗੱਲ ਹੁਣ ਸੱਚ ਹੀ ਲੱਗਦੀ ਹੈ । ਦੇਸ਼ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਪਹਿਲਵਾਨ ਕੁੜੀਆਂ ਨੇ ‘ਭਾਰਤੀ ਕੁਸ਼ਤੀ ਫ਼ੈਡਰੇਸ਼ਨ’ ਦੇ ਪ੍ਰਧਾਨ,  ਕੇਸਰਗੰਜ, ਯੂਪੀ ਤੋਂ  ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਬਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼  ਇਸ ਸਾਲ 18 ਜਨਵਰੀ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਇਕ ਧਰਨਾ ਲਾਇਆ ਹੋਇਆ ਹੈ । ਇਨ੍ਹਾਂ ਖਿਡਾਰਨਾ ਨੇ ਸ਼ਰਨ ਸਿੰਘ ‘ਤੇ ਦੋਸ਼ ਲਾਏ ਹਨ ਕਿ ਉਹ ਖਿਡਾਰਨਾਂ ਨੂੰ ਆਨੇ-ਬਹਾਨੇ ਬਦਨੀਤੀ ਨਾਲ਼ ਛੂੰਹਦਾ ਰਿਹਾ ਹੈ ; ਇਨ੍ਹਾਂ ਦੋਸ਼ਾਂ ਤੋਂ ਪ੍ਰਧਾਨ ਇਨਕਾਰ ਕਰ ਚੁੱਕਿਆ ਹੈ । ਇਹ ਵੀ ਤੱਥ ਸਾਹਮਣੇ ਆਏ ਹਨ ਕਿ ਭਾਰਤ ਸਰਕਾਰ ਵੱਲੋਂ ਹਰ ਮਹਿਕਮੇ ‘ਚ ਔਰਤਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਉਨ੍ਹਾਂ ਦੇ ਹੱਲ ਲਈ 2013 ਦੇ ਕਾਨੂੰਨ ਤਹਿਤ ਬਣਾਈ ਜਾਣ ਵਾਲ਼ੀ ਕਮੇਟੀ ਵੀ  ਇਸ ਫ਼ੈਡਰੇਸ਼ਨ ‘ਚ ਨਹੀਂ ਬਣੀ ਹੋਈ ; ਇਹੋ ਹਾਲ ਹੋਰ ਵੀ ਖੇਡ ਸੰਸਥਾਵਾਂ ਦਾ ਹੈ ।

ਕੁੱਲ ਛੇ ਵਾਰ ਦੇ ਸੰਸਦ ਮੈਂਬਰ ਬਰਿਜ ਚੰਗੇ ਗਾਇਕ,ਕਵੀ ਤੇ ਤਕੜੇ ਸਮਾਜ ਸੇਵਕ ਹਨ । ਉਨ੍ਹਾਂ ਉਪਰ ਸੱਤ ਪਹਿਲਵਾਨ ਖਿਡਾਰਨਾਂ ਨੇ ਦੋਸ਼ ਲਾਏ ਹਨ ਜਿਨ੍ਹਾਂ ਕਾਰਨ ਸ਼ਰਨ ਸਿੰਘ ‘ਤੇ  ਦਿੱਲੀ ‘ਚ ਦੋ ਪੁਲਿਸ ਕੇਸ ਵੀ ਦਰਜ ਹੋ ਚੁੱਕੇ ਹਨ ਪਰ ਪ੍ਰਦਰਸ਼ਨਕਾਰੀ ਕਹਿ ਰਹੇ ਹਨ ਕਿ ਪ੍ਰਧਾਨ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਧਰਨਾ ਨਹੀਂ ਚੁੱਕਣਗੇ । ਪਿਛਲੇ ਦਿਨੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਫੈਡਰੇਸ਼ਨ ਤੋਂ ਸਾਰਾ ਕੰਮ ਲੈ ਕੇ ਇਕ ਅਸਥਾਈ ਕਮੇਟੀ ਨੂੰ ਦੇ ਦਿਤਾ ਸੀ ; ਕਿਉਂਕਿ ਸ਼ਰਨ ਸਿੰਘ ਦੀ ਬਤੌਰ ਪ੍ਰਧਾਨ ਟਰਮ ਖਤਮ ਹੋ ਚੁੱਕੀ ਹੈ ਇਸ ਲਈ ਇਹ ਕਮੇਟੀ 45 ਦਿਨਾਂ ਦੇ ਅੰਦਰ-ਅੰਦਰ ਫੈਡਰੇਸ਼ਨ ਦੀਆਂ ਚੋਣਾਂ ਕਰਵਾਏਗੀ । ਇਸ ਕਦਮ ਨੂੰ ਪ੍ਰਦਰਸ਼ਨਕਾਰੀ ਆਪਣੀ ਪਹਿਲੀ ਜਿੱਤ ਸਮਝ ਰਹੇ ਹਨ ਪਰ ਸਰਕਾਰ ਸ਼ਰਨ ਸਿੰਘ ‘ਤੇ ਕਾਰਵਾਈ ਕਰਨ ਦੇ ਮੂਡ ‘ਚ ਨਹੀਂ ਹੈ ਕਿਉਂਕਿ ਬਰਿਜ ਭੂਸ਼ਣ ਆਪ ਇਕ ਕਾਨੂੰਨੀ ਮਾਹਿਰ ਤੇ ਯੂਪੀ ਦਾ ਇਕ ਮੰਨਿਆਂ ਪ੍ਰਮੰਨਿਆਂ ‘ਧਨਾਡ ਤੇ  ਨੇਤਾ’ ਹੈ ; ਉਸ ਉਪਰ 38  ਕਰਿਮੀਨਲ ਕੇਸ ਚੱਲ ਰਹੇ ਹਨ ; ਉਸ ਨੂੰ ਬਾਬਰੀ ਮਸਜਿਦ ਨੂੰ ਢਾਹੁਣ ਸਮੇਂ ਪੁਲਿਸ ਨੇ ਫੜ ਵੀ ਲਿਆ ਸੀ ।

ਬਰਿਜ ਭੂਸ਼ਣ ਉਪਰ ਪੁਲਿਸ ਕੇਸ ਵੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਦ ਹੀ ਦਰਜ ਕੀਤੇ ਗਏ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਧਾਨ ਉਪਰ ਲੱਗੇ ਦੋਸ਼ਾਂ ਦੀ ਮੁਢਲੀ ਜਾਂਚ ਕਰਨ ਲਈ ਅੰਤਰਰਾਸ਼ਟਰੀ ਮੁੱਕੇਬਾਜ਼ ਮੈਰੀ ਕੌਮ ਦੀ ਅਗਵਾਈ ‘ਚ ਬਣੀ  ਸੱਤ ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਵੀ ਹਾਲੇ ਤੱਕ ਸਰਕਾਰ ਨੇ ਹਵਾ ਨਹੀਂ ਲਵਾਈ । ਇਸ ਕਮੇਟੀ ‘ਚ ਸੱਤ ਮੈਂਬਰ ਸਨ ਜਿਨ੍ਹਾਂ ‘ਚ ਅਭੀਨਵ ਬਿੰਦਰਾ  ,ਡੋਲਾ ਬੈਨਰਜੀ ਤੇ ਯੋਗੇਸ਼ਵਰ ਦੱਤ ਵੀ ਸ਼ਾਮਿਲ ਸਨ ।

ਹੁਣ ਸਵਾਲ ਇਹ ਉਠਦਾ ਹੈ ਕਿ 123 ਦਿਨਾਂ ਤੋਂ ਆਪਣੇ ਦੁਖੜੇ ਸੁਣਾਉਣ ਵਾਲ਼ੀਆਂ ਕੁੜੀਆਂ ਦੀ ਗੱਲ ਹਾਲੇ ਤੱਕ ਨਹੀਂ ਸੁਣੀ ਗਈ ਤਾਂ ਫਿਰ ਉਹ ਕੀ ਕਰਨ ? ਇਲਜ਼ਾਮ ਬਹੁਤ ਗੰਭੀਰ ਹਨ ਤੇ ਇਨ੍ਹਾਂ ਸਥਿਤੀਆਂ ਦੌਰਾਨ ਕੀ ਭਵਿਖ ‘ਚ ਮਾਪੇ ਆਪਣੀਆਂ ਧੀਆਂ ਨੂੰ ਪਹਿਲਵਾਨੀ ਤਾਂ ਕੀ ਹੋਰ ਕਿਸੇ ਖੇਡ ‘ਚ ਵੀ ਪਾਉਣ ਤੋਂ ਪਹਿਲਾਂ ਦਸ ਵਾਰੀ  ਨਹੀਂ ਸੋਚਣਗੇ ?  ਸੱਭ ਤੋਂ ਹੈਰਾਨੀ ਤੇ ਸ਼ਰਮਿੰਦਗੀ ਵਾਲ਼ੀ ਸਥਿਤੀ ਤਾਂ ਇਹ ਹੈ ਕਿ ‘ਬੇਟੀ ਪੜ੍ਹਾਓ,ਬੇਟੀ ਬਚਾਓ’ ਦਾ ਨਾਅਰਾ ਦੇਣ ਵਾਲ਼ੀ ਕੇਂਦਰ ਦੀ ਮੋਦੀ ਸਰਕਾਰ ਦਾ ਇਕ ਮੰਤਰੀ ,ਖਾਸ ਤੌਰ ‘ਤੇ ਨਾਰੀ ਮੰਤਰੀ, ਇਨ੍ਹਾਂ ਖਿਡਾਰਨਾਂ ਨੂੰ ਧਰਵਾਸ ਦੇਣ ਵੀ ਨਹੀਂ ਗਿਆ ।

ਜਦੋਂ ਨੀਰਜ ਚੋਪੜਾ ਨੇ  ਟੋਕੀਓ ਉਲੰਪਿਕ ‘ਚ ਨੇਜਾ ਸੱਟ ਕੇ  ‘ਚ ਸੋਨ ਤਮਗਾ ਜਿੱਤਿਆ ਸੀ ਤਾਂ ਮੋਦੀ ਜੀ ਨੇ ਫੋਨ ਕਾਲ ਕਰਕੇ ਕਿਹਾ ਸੀ ਨੀਰਜ ਨੇ ਦੇਸ਼ ਦਾ ਮਾਣ ਵਧਾਇਆ ਹੈ : ਇਥੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਦੋਂ ਸਾਡੇ ਖਿਡਾਰੀ ਤਮਗੇ ਜਿਤਦੇ ਹਨ ਤਾਂ ਸਿਰਫ਼ ਉਸ ਵਕਤ ਹੀ ਉਨ੍ਹਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ ਬਲਕਿ ਜਦੋਂ ਉਹ ਅੱਤ ਹੋ ਜਾਣ ਮਗਰੋਂ ‘ਜੰਤਰ ਮੰਤਰ’ ‘ਤੇ ਬੇਠਦੇ ਹਨ ਤਾਂ ਉਨ੍ਹਾਂ ਨੂੰ ਸੁਣਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਤਾਂ ਕੇ ਭਵਿਖ ‘ਚ ਹੋਰ  ਧਿਆਨ ਚੰਦ,ਮਿਲਖਾ ਸਿੰਘ,ਪੀਟੀ ਊਸ਼ਾ, ਮੈਰੀ ਕੌਮ, ਅਭਿਨਵ ਬਿੰਦਰਾ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ,ਵਰਿੰਦਰ ਸਿੰਘ ਆਦਿ ਖਿਡਾਰੀ ਪੈਦਾ ਕੀਤੇ ਜਾ ਸਕਣ ।

ਇਹ ਕਿਵੇਂ ਹੋ ਸਕਦਾ ਹੈ ਕਿ ਮੋਦੀ ਜੀ ਨੂੰ ਇਨ੍ਹਾਂ ਖਿਡਾਰਨਾ ਦੇ ਧਰਨੇ ਬਾਰੇ ਪਤਾ ਨਾ ਹੋਵੇ ? ਇਹ ਕਿਨਾ ਕੁ ਔਖਾ ਕੰਮ ਹੈ ਕਿ ਸਰਕਾਰ ਦਾ ਕੋਈ ਪ੍ਰਤੀਨਿਧ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਮੋਦੀ ਜੀ ਨਾਲ਼ ਨਹੀਂ ਮਿਲ਼ਾ ਸਕਦਾ ? ਹੌਲੀ-ਹੌਲ਼ੀ ਕਿਸਾਨ ਜੱਥੇਬੰਦੀਆਂ ,ਭੀਮ ਆਰਮੀ ਤੇ ਕੁਝ ਹੋਰ ਸਮਾਜਿਕ ਸੰਸਥਾਂਵਾ ਨੇ ਇਨ੍ਹਾਂ ਖਿਡਾਰਨਾ ਦਾ ਸਾਥ ਦੇਣ ਦਾ ਐਲਾਨ ਕਰ ਦਿਤਾ ਹੈ । ਹੁਣ ਤਾਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਐਲਾਨ ਕਰ ਦਿਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ  ਉਹ 21 ਮਈ ਨੂੰ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ ਤੇ ਇਸ ਸੰਘਰਸ਼ ਵਿੱਚ ਦੁਜੇ ਮੁਲਕਾਂ ਦੇ ਅਥਲੀਟਾਂ ਨੂੰ ਵੀ ਸ਼ਾਮਿਲ ਕਰਨਗੇ । ਵੈਸੇ ਕੌਮਾਂਤਰੀ ਮੀਡੀਆ ਇਸ ਬਾਰੇ ਲਗਾਤਾਰ ਖ਼ਬਰਾਂ ਛਾਇਆ ਕਰ ਰਿਹਾ ਹੈ ।

ਸਰਕਾਰ ਦੀ ਇਨ੍ਹਾਂ ਖਿਡਾਰਨਾਂ ਪ੍ਰਤੀ ਅਣਦੇਖੀ ਬੜੀ ਦੁਖਦਾਈ ਹੈ ; ਸਰਕਾਰ ਨੂੰ ਫੌਰਨ ਇਨ੍ਹਾਂ  ਖਿਡਾਰੀਆਂ ਦੇ ਗਿਲੇ-ਸ਼ਿਕਵੇ ਦੂਰ ਕਰਨੇ ਚਾਹੀਦੇ ਹਨ ਤਾਂ ਕਿ ਉਹ ਅਗਲੇ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਵਿੱਚ ਜੁਟ ਜਾਣ । ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਖਿਡਾਰੀਆਂ ਦਾ ਸਥਾਨ ਖੇਡ ਦੇ ਮੈਦਾਨਾਂ,ਟਰੈਕਾਂ, ਸਟੇਡੀਅਮਾਂ ਤੇ ਜਿਮਾਂ ‘ਚ ਹੁੰਦਾ ਹੈ ਜੰਤਰ-ਮੰਤਰ ‘ਤੇ ਨਹੀਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button