EDITORIAL

ਹੁਣ ਕੁੱਤਾ ‘ਤੇ ਬਾਂਦਰ  ਸੈੱਸ ਵੀ ਲੱਗੇਗਾ,  ਲਾਵਾਰਿਸ ਪਸ਼ੂ, ਸਰਕਾਰਾਂ ਦੀ ਲਾਪਰਵਾਹੀ

ਅਮਰਜੀਤ ਸਿੰਘ ਵੜੈਚ (94178-01988) 

ਕੱਲ੍ਹ ਅਸੀਂ ਆਵਾਰਾ ਪਸ਼ੂਆਂ ਬਾਰੇ ਇਕ ਲੇਖ ਲਿਖਿਆ ਸੀ ਜਿਸ ‘ਤੇ ਕਈ ਪਾਠਕਾਂ ਨੇ ਸਾਨੂੰ ਪ੍ਰਤੀਕਰਮ ਭੇਜੇ ਹਨ : ਸਾਰਿਆਂ ਦਾ ਇਕੋ ਮੱਤ ਹੈ ਕਿ ਆਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਦਾ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ । ਜਸਬੀਰ ਸਿੰਘ ਧੰਜੂ, ਸਾਬਕਾ ਡੀਡੀਪੀਓ  ਨੇ ਤਾਂ ਇਹ ਸੁਝਾ ਦਿਤਾ ਹੈ  ਕਿ  ਗਊ ਟੈਕਸ ਇਕੱਠਾ ਕਰਨ ਤੋਂ ਬਾਦ ਅਜਿਹੇ ਹਰ ਐਕਸੀਡੈਂਟ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ । ਇਹ ਗੱਲ ਹੈ ਵੀ ਬਿਲਕੁਲ ਤਰਕ ਸੰਗਤ ਕਿਉਂਕਿ ‘ਪੰਜਾਬ ਗਊ ਸੇਵਾ ਕਮਿਸ਼ਨ’ ਇਸ ਗਊ ਸੈੱਸ ਦਾ ਕੁਝ ਹਿੱਸਾ ਅਰਬਨ ਲੋਕਲ ਬਾਡੀਜ਼  ਭਾਵ ਮਿਉਸਪਲ ਕਮੇਟੀਆਂ ਤੇ ਨਿਗਮਾਂ ਨੂੰ ਦਿੰਦਾ ਹੈ ਤਾਂ ਕਿ ਸ਼ਹਿਰਾਂ ‘ਚ ਲਾਵਾਰਿਸ ਗਊਆਂ ਨੂੰ ਸੁਰੱਖਿਅਤ ਥਾਂਵਾਂ ‘ਤੇ ਰੱਖਿਆ ਜਾਵੇ ਤਾਂ ਕਿ ਇਹ ਗਊਆਂ ਤੇ ਆਮ ਨਾਗਰਿਕ ਸੁਰੱਖਿਅਤ ਰਹਿ ਸਕਣ । ਕੀ ਇਹ ਕਮੇਟੀਆਂ ਤੇ ਨਿਗਮ ਗਊਆਂ ਤੇ ਨਾਗਰਿਕਾਂ ਨੂੰ ਸੁਰੱਖਿਅਤ ਕਰਨ ‘ਚ ਕਾਮਯਾਬ ਹਨ ? ਬਿਲਕੁਲ ਵੀ ਨਹੀਂ ।

ਇਹ ਗਊਆਂ ਸ਼ਹਿਰਾਂ ‘ਚ  ਅਕਸਰ ਜ਼ਖ਼ਮੀ ਹਾਲਾਤ ‘ਚ ਫਿਰਦੀਆਂ ਵੇਖੀਆਂ ਜਾ ਸਕਦੀਆਂ ਹਨ । ਇਥੇ ਹੀ ਬੱਸ ਨਹੀਂ ਇਹ ਗਊਆਂ ਭੁੱਖ ਦੀਆਂ ਸਤਾਈਆਂ ਕੂੜੇ ਦੇ ਢੇਰਾਂ ਤੋਂ ਗੰਦ ਖਾਂਦੀਆਂ ਹਨ ਤੇ ਫਿਰ ਬਿਮਾਰ ਹੋ ਜਾਂਦੀਆਂ ਹਨ । ਕਈ ਲੋਕ ਇਨ੍ਹਾਂ ਨੂੰ ਡੰਡਿਆਂ ਨਾਲ਼ ਮਾਰਕੇ ਭਜਾਉਂਦੇ ਵੀ ਵੇਖੇ ਜਾਂਦੇ ਹਨ । ਗਊ ਕਮਿਸ਼ਨ ਦੀ ਵੈੱਬਸਾਈਟ ‘ਤੇ  ਲਿਖਿਆ ਮਿਲ਼ਦਾ ਹੈ  ” ਭਾਰਤ ਸਦੀਆਂ ਤੋਂਗਊ ਮਾਤਾਦੀ ਪੂਜਾ ਕਰਦਾ ਰਿਹਾ ਹੈ ਗਊ ਮਾਤਾ ਹਮੇਸ਼ਾ ਭਾਰਤੀ ਸਮਾਜ ਦੀ ਅਰਥ ਵਿਵੱਸਥਾ,ਸਿਹਤ ਅਤੇ ਸੁੱਖਾਂ ਦੀ ਧੁਰੀ ਰਹੀ ਹੈ

ਕੀ ਅੱਜ ਅਸੀਂ ਗਊ ਨੂੰ ਉਸਦਾ ‘ਮਾਤਾ’ ਵਾਲ਼ਾ ਰੁਤਬਾ ਦੇ ਰਹੇ ਹਾਂ ? ਗਊ ਰੱਕਸ਼ਾ ਦੇ ਨਾਂ ‘ਤੇ ਚੋਣਾਂ ਲੜੀਆਂ ਜਾਂਦੀਆਂ ਹਨ  ਤੇ ਗਊ ਰਕਸ਼ਾ ਦੇ ਨਾਂ ‘ਤੇ ਭੀੜਾਂ ਵੱਲੋਂ ਬੰਦੇ ਵੀ ਮਾਰੇ ਜਾਂਦੇ ਹਨ  ਪਰ ਇਨ੍ਹਾਂ ਜਾਨਵਰਾਂ ਨੂੰ ਆਬਾਦੀਆਂ ‘ਚੋਂ ਬਾਹਰ ਸੁਰੱਖਿਅਤ ਥਾਂਵਾਂ ‘ਤੇ ਲਿਜਾਣ ਲਈ ਕਦੇ ਕੋਈ ਭੀੜ ਇਕੱਠੀ ਨਹੀਂ ਹੋਈ ,ਕਦੇ ਕਿਸੇ ਨੇ ਵਿਧਾਨ ਸਭਾਵਾਂ ਜਾਂ ਲੋਕ ਸਭਾ ‘ਚ ਪੈਗਾਸੱਸ,ਰਫ਼ਾਲ,ਕੋਲਾਂ ਘੁਟਾਲਾ, ਟੈਲੀਲੌਮਨੀਕੇਸ਼ਨ ਸਪੈਕਟਰਮ ਵੰਡ, ਬੋਫ਼ਰਜ਼ ਘੁਟਲਾ ਆਦਿ ਵਾਂਗ ਰੌਲ਼ਾ ਨਹੀਂ ਪਾਇਆ ।  ਜਿਥੇ ਇਨ੍ਹਾਂ ਗਊਆਂ ਤੇ ਵੱਛਿਆਂ ਨੂੰ ਹਾਦਸਿਆਂ ਕਾਰਨ ਨੁਕਸਾਨ ਹੁੰਦਾ ਹੈ ਉਥੇ ਨਾਲ਼ ਦੀ ਨਾਲ਼ ਮਨੁੱਖਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਕਿਸਾਨਾਂ ਦੀਆਂ ਫਸਲਾਂ ਵੀ ਉਜੜਦੀਆਂ ਹਨ ।

ਪੰਜਾਬ ‘ਚ ਕਮਿਸ਼ਨ ਅਨੁਸਾਰ ਕੁੱਲ 427  ਰਜਿਸਟਰਡ ਗਊਸ਼ਾਲਾਵਾਂ ਹਨ ਜਿਨ੍ਹਾਂ ‘ਚ ਤਕਰੀਬਨ ਇਕ ਲੱਖ ਅੱਸੀ ਹਜ਼ਾਰ ਗਾਵਾਂ ਰਹਿੰਦੀਆਂ ਹਨ : ਪੰਜਾਬ ‘ਚ ਸੱਭ ਤੋਂ ਵੱਧ ਗਾਵਾਂ ਸੰਗਰੂਰ (27868) ਤੇ ਬਠਿੰਡਾ (24655) ਵਿੱਚ ਹਨ । ਇਸ ਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਇਨ੍ਹਾਂ ਦੋਹਾਂ ਸ਼ਹਿਰਾਂ ‘ਚ ਲਾਵਾਰਿਸ ਪਸ਼ੂ ਵੀ ਵੱਧ ਹੋਣਗੇ ।  ਖਾਲਸਾ ਕਾਲਜ ,ਪਟਿਆਲਾ ਦੇ ਡਾ ਮੰਜੂ ਮਿਤਲ ਦੇ ਖੋਜ ਪੱਤਰ ਅਨੁਸਾਰ “ਪੰਜਾਬ ‘ਚ  ਇਕ ਲੱਖ ਤੋਂ ਵੱਧ ਲਾਵਾਰਿਸ ਪਸ਼ੂ ਤੇ ਤਿੰਨ ਲੱਖ ਤੋਂ ਵੱਧ ਕੁੱਤੇ ਹਨ । ਇਨ੍ਹਾਂ ਤੋਂ ਇਲਾਵਾ ਅੱਜ ਕੱਲ੍ਹ ਕਈ ਸ਼ਹਿਰਾਂ ‘ਚ ਬਾਂਦਰ ਵੀ ਲੋਕਾਂ ਦੇ ਘਰਾਂ ‘ਚ ਆਉਣ ਲੱਗ ਪਏ ਹਨ ।  ਇਸ ਹਿਸਾਬ ਨਾਲ਼ ਹੁਣ ਸਰਕਾਰਾਂ ਬਾਂਦਰਾਂ ਤੇ ਕੁੱਤਿਆਂ ਦੀ ਸੰਭਾਲ਼ ਲਈ ਵੀ ਸੈੱਸ ਲਾ ਸਕਦੀ ਹੈ ।

ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ‘ਤੇ ਆਰਥਿਕ ਭਾਰ ਵੀ ਵਧ ਰਿਹਾ ਹੈ । ਕਈ ਜਾਨਾਂ ਜਾ ਰਹੀਆਂ ਹਨ ਕਈ ਅੰਗਹੀਣ ਹੋ ਰਹੇ ਹਨ । ਬਜ਼ੁਰਗਾਂ , ਬੱਚਿਆਂ ਤੇ ਔਰਤਾਂ ਇਨ੍ਹਾਂ ਲਾਵਾਰਿਸ ਪਸ਼ੂਆਂ ਦੇ ਵੱਧ ਸ਼ਿਕਾਰ ਹੋ ਰਹੇ ਹਨ । ਸਰਕਾਰਾਂ ਨੂੰ ਚਾਹੀਦਾ ਹੈ ਕਿ ਲਾਵਾਰਿਸ ਪਸ਼ੂਆਂ ਨੂੰ ਆਬਾਦੀ ਤੋਂ ਦੂਰ ਰੱਖਣ ਲਈ ਫੌਰੀ ਤੌਰ ‘ਤੇ ਕਦਮ ਚੁੱਕੇ ਤਾਂ ਕਿ ਭਵਿਖ ‘ਚ ਵਾਪਰਨ ਵਾਲ਼ੀਆਂ ਘਟਨਾਵਾਂ ਨੂੰ ਰਕਿਆ ਜਾ ਸਕੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button