EDITORIAL

ਮਾਨ ਸਰਕਾਰ ਦਾ ਡਿਗਦਾ ਗਰਾਫ਼, ਵਿਵਾਦਾਂ ਦੀ ਦਲਦਲ ‘ਚ ਧਸੀ  ਸਰਕਾਰ

ਅਮਰਜੀਤ ਸਿੰਘ ਵੜੈਚ (94178-01988) 

ਪੰਜਾਬ ਦੇ ਮੌਜੂਦਾ ਹਾਲਾਤ ਦਾ ਵਿਸ਼ਲੇਸ਼ਣ ਕਰਕੇ ਇਹ ਗੱਲ ਸਪੱਸ਼ਟ ਰੂਪ ‘ਚ ਸਾਹਮਣੇ ਆਂਉਦੀ ਹੈ ਕਿ  ਭਗਵੰਤ ਮਾਨ ਦੀ ਸਰਕਾਰ ਦਿਨੋ-ਦਿਨ ਵਿਵਾਦਾਂ ‘ਚ ਘਿਰਦੀ ਜਾ ਰਹੀ ਹੈ । ਮਾਨ ਸਰਕਾਰ ਨੂੰ ਵੈਸੇ ਹੀ ਬੇਅਦਬੀ , ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ, ਨਸ਼ੇ ਦਾ ਵਪਾਰ,ਗੈਂਗਸਟਰ,ਬੇਰੁਜ਼ਗਾਰ ਟੀਚਰਾਂ , ਆਂਗਨਵਾੜੀ , ਆਸ਼ਾ ਵਰਕਰ ਆਦਿ  ਯੂਨੀਅਨਾਂ ਦੇ ਰੋਸ ਮੁਜਾਹਰੇ, ਪਾਣੀ ਸੰਕਟ, ਪਰਾਲ਼ੀ ਸਾੜਨ ਵਰਗੇ ਕਈ ਮਸਲੇ ਮਾਨ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਨੇ ਵਿਰਾਸਤ ਦੇ ਤੌਰ ‘ਤੇ ਸੌਂਪੇ ਹਨ ।

ਮਾਨ ਦੀ ਅਗਵਾਈ ‘ਚ ਬਣੀ ‘ਆਪ’  ਨੇ ਪੰਜਾਬ ਨੂੰ ਇਨ੍ਹਾ ਸਮੱਸਿਆਵਾਂ ‘ਚੋਂ  ਕੱਢਣ ਦੀਆਂ ਗਰੰਟੀਆਂ ਨਾਲ਼ ‘ਬਦਲਾਅ’ ਦਾ ਨਾਅਰਾ ਦੇ ਕੇ ਇਕ ਵੱਡਾ ਬਹੁਤਮਤ ਲੈਣ ‘ਚ ਕਾਮਯਾਬ ਹੋਈ ਸੀ ਤੇ ਪੰਜਾਬ ‘ਚ  1977 ਤੋਂ ਮਗਰੋਂ ਭਾਵ  55 ਸਾਲਾਂ ਮਗਰੋਂ ਇਕ ਤੀਜੀ ਪਾਰਟੀ ਸੱਤਾ ‘ਚ ਆਈ ਸੀ । ਇਸ ਤੋਂ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਹੀ ਵਾਰੀ-ਵੱਟੇ ਸਰਕਾਰਾਂ ਬਣਾਉਂਦੇ ਰਹੇ ਸਨ ।

ਇਹ ਬੜੀ ਅਜੀਬ ਤੇ ਦਿਲਚਸਪ ਸਥਿਤੀ ਹੈ ਕਿ ਭਗਵੰਤ ਮਾਨ ਸਰਕਾਰ ਬਣਾਉਣ ਤੋਂ ਪਹਿਲਾਂ ਤੋਂ ਹੀ ਕਈ ਵਿਰੋਧਾਂ ਦਾ ਸਾਹਮਣਾ ਕਰਦੇ ਆ ਰਹੇ ਹਨ : ਪਹਿਲਾਂ ਤਾਂ ਚੋਣਾਂ ਤੋਂ ਪਹਿਲਾਂ ਹੀ ‘ਆਪ’ ਸੁਪਰੀਮੋ ਭਗਵੰਤ ਮਾਨ ਨੂੰ ਭਾਵੀ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ‘ਚ ਹੀ ਆਨਾਕਾਨੀ ਕਰਦੇ ਰਹੇ । ਜਦੋਂ ਸਰਕਾਰ ਬਣ ਗਈ ਤਾਂ  ਫਿਰ ਮੰਤਰੀ ਮੰਡਲ ਬਣਾਉਣ ਸਮੇਂ ਵੀ ਅੜਿਕੇ ਪਏ । ਮਾਨ  ਦੇ ਸੌਂਹ ਚੁੱਕ ਸਮਾਗਮ ਤੋਂ ਹੀ ਮਾਨ ਸਰਕਾਰ ਫ਼ਜ਼ੂਲ ਖਰਚੀ ਕਾਰਨ ਵਿਰੋਧੀ ਧਿਰਾਂ ਤੇ ਰਾਜਨੀਤਿਕ ਵਿਸ਼ਲੇਸ਼ਕਾਂ ਦੇ ਨਿਸ਼ਾਨੇ ‘ਤੇ ਰਹੀ ਹੈ ਹਨ ।

ਹੁਣੇ ਸਮਾਪਤ ਹੋਈਆਂ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਸਮੇਂ ਮਾਨ ਸਰਕਾਰ ਆਪਣੀ ਪੂਰੀ ਵਿਧਾਇਕਾਂ ਤੇ ਮੰਤਰੀਆਂ ਦੀ ਟੀਮ ਨਾਲ਼ ਲਗਾਤਾਰ ਚੋਣ ਪ੍ਰਚਾਰ ਕਰਦੇ ਰਹੇ ਤੇ ਪਿਛੇ ਸੈਕਰੇਟੇਰੀਏਟ ‘ਚ ਕਾਂ ਬੋਲਦੇ ਰਹੇ । ਜਦੋਂ ਤੋਂ  ਇਨ੍ਹਾਂ ਰਾਜਾਂ ‘ਚ ਚੋਣਾਂ ਦਾ ਐਲਾਨ ਹੋਇਆ ਸੀ ਉਦੋਂ ਤੋਂ ਹੀ ‘ਆਪ’ ਦੀ ਟੀਮ ਇਨ੍ਹਾਂ ਰਾਜਾਂ ਦੇ ਦੌਰਿਆਂ ‘ਤੇ ਹੀ ਰਹੀ ਹੈ ।

ਮਾਨ ਸਰਕਾਰ  ਬੇਅਦਬੀ ਦੇ ਮੁੱਦੇ ‘ਤੇ , ਵੀਆਈਪੀਜ਼ ਤੋਂ ਸੁਰੱਖਿਆ ਵਾਪਸ ਲੈਣ ਦੇ ਫ਼ੈਸਲੇ ਨੂੰ ਸੋਸ਼ਲ ਮੀਡੀਆ ‘ਤੇ ਨਸ਼ਰ ਕਰਨਾ, ਮੱਤੇਨੰਗਲ਼ ਦੇ ਜੰਗਲ਼ ‘ਚ ਲੱਗਣ ਵਾਲ਼ੀ ਫੈਕਟਰੀ ,ਮੋਟਰ ਰੇਹੜੀਆਂ ਦੇ ਹੁਕਮਾਂ,ਹਥਿਆਰਾਂ ‘ਤੇ ਪਾਬੰਦੀ, ਮੈਰਿਜ ਪੈਲਿਸਾਂ ਬਾਹਰ ਸ਼ਰਾਬੀ ਵਾਹਨ ਚਾਲਕਾਂ ਦੀ ਚੈਕਿੰਗ , ਚੇਤਨ ਜਿਔੜੇ ਮਾਜਰਾ ਦਾ ਬਾਬਾ ਫ਼ਰੀਦ ਯੂਨੀਵਰਸਿਟੀ ਵਾਲ਼ਾ ਕੇਸ, ਪੰਜਾਬ ਖੇਤੀਬਾੜੀ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਲਾਉਣ ਦਾ ਰਾਜਪਾਲ ਨਾਲ਼ ਵਿਵਾਦ, ਮਸਤੂਆਣਾ ਵਿਖੇ ਮੈਡੀਕਲ ਕਾਲਜ, ਪੰਚਾਇਤੀ ਜ਼ਮੀਨਾ ਦੇ ਕਬਜ਼ੇ, ਰਾਸ਼ਟਰਪਤੀ ਦੇ ਸਮਾਗਮਾਂ ‘ਚੋਂ ਗ਼ੈਰ ਹਾਜ਼ਰੀ, ਮਾਨ ਵੱਲੋਂ ਜਰਮਨ ਦੀ ਬੀਐੱਮਡਬਲਿਊ ਦਾ ਪੰਜਾਬ ‘ਚ ਕਾਰਖਾਨਾਂ ਲਾਉਣ ਦਾ ਐਲਾਨ  ਤੇ ਫਿਰ ਕੰਪਨੀ ਵੱਲੋਂ ਇਨਕਾਰ, ਜਰਮਨ ਦੌਰੇ ਸਮੇਂ ਮਾਨ ਵੱਲੋਂ ਕਥਿਤ ਤੌਰ ‘ਤੇ ਸ਼ਰਾਬੀ ਹੋਣ ਦਾ ਵਿਵਾਦ, ਹੁਣ ਗੁਜਰਾਤ ਚੋਣਾਂ ‘ਚ ਸਿਧੂ ਮੂਸੇਵਾਲ਼ ਦੇ ਕਤਲ ਕੇਸ ‘ਚ ਕਥਿਤ ਰੂਪ ‘ਚ ਸ਼ਾਮਿਲ ਗੋਲਡੀ ਬਰਾੜ ਨੂੰ ਅਮਰੀਕਾ ਦੀ ਪੁਲਿਸ ਵੱਲੋਂ ਹਿਰਾਸਤ ‘ਚ ਲੈਣ ਦਾ ਅਲਾਨ  ਤੇ ਫ਼ਜ਼ੂਲ ਖਰਚੀ  ਵਰਗੇ ਬਹੁਤ ਸਾਰੇ ਵਿਵਾਦਾਂ ‘ਚ ਘਿਰੀ ਪਈ ਹੈ । ਪਿਛਲੇ ਸਮੇਂ ‘ਚ ਪੰਜਾਬ ਦੇ ਇੰਟੈਲੀਜੈਂਸ ਹੈਡਕੁਆਰਟਰ ‘ਤੇ ਰਾਕਟ ਹਮਲਾ ਕੀਤਾ ਗਿਆ ਤੇ ਹੁਣ ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ‘ਤੇ ਫਿਰ ਓਹੋ ਜਿਹਾ ਹਮਲਾ ਹੋਇਆ ਹੈ ਜਿਸ ਨਾਲ਼ ਵਿਰੋਧੀ ਧਿਰਾਂ ਫਿਰ ਹਮਲਾਵਰ ਹੋ ਗਈਆਂ ਹਨ ।

ਜਿਥੇ ਅੋਰਤਾਂ ਨੂੰ ਹਰ ਮਹੀਨੇ 1000 ਰੁ: ਦੇਣ  ਤੇ ਕਿਸਾਨਾਂ ਨੂੰ ਸਬਜ਼ੀਆਂ ‘ਤੇ ਐੱਮਐਸਪੀ ਦੇਣ ਦੇ ਕੀਤੇ ਵਾਅਦੇ ਵਫ਼ਾ ਕਰਨੇ ਹਾਲੇ ਮਾਨ ਲਈ ਬਹੁਤ ਔਖੇ ਕੰਮ ਹਨ ਉਥੇ ਨਾਲ਼ ਦੀ ਨਾਲ਼ ਵੱਖ-ਵੱਖ ਕਰਮਚਾਰੀ, ਪੈਨਸ਼ਨਰਾਂ , ਬੇਰੁਜ਼ਗਾਰਾਂ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵੀ ਮਾਨ ਸਰਕਾਰ ਲਈ ਸਿਰਦਰਦੀ ਬਣਦੇ ਜਾ ਰਹੇ ਹਨ । ਸਿਧੂ ਮੂਸੇਵਾਲ਼ ਦੇ ਕਾਤਲਾਂ ਨੂੰ ਕਟਿਹਰੇ ਵਿੱਚ ਖੜਾ ਕਰਕੇ ਸਜ਼ਾ ਦਿਵਾਉਣਾ ਮਾਨ ਸਰਕਾਰ ਲਈ ਇਕ ਔਖੀ ਟੈਸਟ ਦੀ ਘੜੀ ਹੈ । ਇਥੇ ਹੀ ਬੱਸ ਨਹੀਂ ਪਿਛਲੇ ਇਕ ਮਹੀਨੇ ਦੇ ਵਕਫ਼ੇ ‘ਚ ਸ਼ਰੇਆਮ ਪੁਲਿਸ ਸੁਰੱਖਿਆ ‘ਚ  ਸੁਧੀਰ ਸੂਰੀ, ਬੇਅਦਬੀ ਕਾਂਡ ‘ਚ ਬੇਲ ‘ਤੇ ਬਾਹਰ ਆਏ ਪਰਦੀਪ ਸਿੰਘ  ਤੇ ਹੁਣ ਨਕੋਦਰ ਵਿੱਚ ਗੈਂਗਸਟਰਾਂ ਵੱਲੋਂ ਇਕ ਕੱਪੜਾ ਵਪਾਰੀ ਭੁਪਿੰਦਰ ਟਿਮੀ ਚਾਵਲਾ  ਤੇ ਉਸ ਦੇ ਪੰਜਾਬ ਪੁਲਿਸ ਦੇ ਸੁਰੱਖਿਆ ਗਾਰਡ ਮਨਦੀਪ ਸਿੰਘ ਦਾ ਕਤਲ ਹੋ ਜਾਣਾ  ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ‘ਤੇ ਸਵਾਲ ਖੜੇ ਕਰਦੀ ਹੈ ।

ਮਾਨ ਸਰਕਾਰ ਨੂੰ ਪੰਜਾਬ ਦੇ ਹਾਲਾਤ ਨੂੰ ਬੜੀ ਸੰਜੀਦਗੀ ਨਾਲ਼ ਨਜਿਠਣ ਦੀ ਲੋੜ ਹੈ । ‘ਆਪ’ ਦੀ ਸਰਕਾਰ ਬਣੀ ਨੂੰ ਤਕਰੀਬਨ ਨੌ ਮਹੀਨੇ ਹੋਣ ਵਾਲ਼ੇ ਹਨ ਪਰ ਇਸ ਸਮੇਂ ਦੌਰਾਨ ਸਰਕਾਰ ਦਾ ਗਰਾਫ਼ ਉਪਰ ਜਾਣ ਦੀ ਬਜਾਏ ਹੇਠਾਂ ਹੀ ਗਿਰਦਾ ਗਿਆ ਹੈ । ਲੋਕ ਮਾਨ ਸਰਕਾਰ ਤੋਂ ਬਹੁਤ ਆਸਾਂ ਲਾਈ ਬੈਠੇ ਹਨ ਪਰ ਸਰਕਾਰ ਹਰ ਚੜ੍ਹਦੇ ਸੂਰਜ ਕਿਸੇ ਨਵੇਂ ਵਿਵਾਦ ‘ਚ ਘਿਰ ਜਾਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button