EDITORIAL

ਖਿਡਾਰਨਾਂ ਦੀ ਹਮਾਇਤ ‘ਤੇ ਆਏ ‘ਖਾਲਿਸਤਾਨੀ, ਦਿੱਲੀ ਪੁਲਿਸ ਦਾ ਧੀਆਂ ਨੂੰ ‘ਸੰਧਾਰਾ’, ਖਿਡਾਰਨਾਂ ਲਈ ‘ਸੂਖਮ ਜ਼ਹਿਰ’   

ਅਮਰਜੀਤ ਸਿੰਘ ਵੜੈਚ (94178-01988)

ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਵਾਲ਼ੇ ਦਿਨ ਜੋ ਕੁਝ ਜਨਵਰੀ ਤੋਂ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨ ਖਿਡਾਰਨਾਂ ਨਾਲ਼ ਦਿੱਲੀ ਪੁਲਿਸ ਨੇ , ਉਪਰੋਂ ਆਏ ਹੁਕਮਾਂ ਅਨੁਸਾਰ, ਕੀਤਾ ਹੈ ਉਹ ਸ਼ਰਮਨਾਕ ਘਟਨਾ ਵੀ ਉਸੇ ਇਤਿਹਾਸ ਦੇ ਨਾਲ਼ ਦਰਜ ਹੋ ਗਈ ਹੈ ਜਿਸ ਬਾਰੇ ਸਾਡੇ ਪੀਐੱਮ ਨਰਿੰਦਰ ਮੋਦੀ ਜੀ ਨੇ ਸੰਸਦ ਦੇ ਉਦਘਾਟਨ ਸਮੇਂ ਕਿਹਾ ਸੀ ” ਹਰ ਦੇਸ਼ ਦੀ ਵਿਕਾਸ ਯਾਤਰਾ ਮੇਂ ਕੁਛ ਪਲ ਐਸੇ ਆਤੇ ਹੈ  ਜੋ ਹਮੇਸ਼ਾਂ ਕੇ ਲੀਏ  ਅਮਰ ਹੋ ਜਾਤੇ ਹੈਂ (ਤਾੜੀਆਂ) । ਕੁਛ ਤਾਰੀਖੇਂ ਸਮੇਂ ਕੇ ਲਲਾਟ ਪਰ ਇਤਿਹਾਸ ਕਾ ਅਮਿਟ ਹਸਤਾਖਰ ਬਨ ਜਾਤੀ ਹੈਂ । ਆਜ 28 ਮਈ 2023 ਕਾ ਦਿਨ ਐਸਾ ਹੀ ਸ਼ੁਭ ਅਵਸਰ ਹੈ ” ।

ਜਦੋਂ ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ  ਪ੍ਰਧਾਨ ਤੇ ਸੰਸਦ ਮੈਂਬਰ ਬਰਿਜ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਖਿਡਾਰੀਆਂ ਵੱਲੋਂ ਮੈਡਲ ਮੋੜਨ ਦੀ ਧਮਕੀ ਦੇ ਜਵਾਬ ‘ਚ ਕਿਹਾ ਸੀ ਕਿ ਮੈਡਲ ਤਾਂ 15-15 ਰੁ: ਦੇ ਹੁੰਦੇ ਨੇ ਜੇ ਮੋੜਨੀ ਹੈ ਤਾਂ ਇਨਾਮਾਂ ਦੀ ਰਕਮ ਮੋੜੋ ਤਾਂ ਉਦੋਂ ਤੋਂ ਹੀ ਇਨ੍ਹਾਂ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਹੁਣ ਪੂਰੇ ਦੇਸ਼ ‘ਚੋਂ ਹਮਾਇਤ ਮਿਲਣ ਲੱਗ ਪਈ ਸੀ ਜਿਸ ਕਰਕੇ ਸਰਕਾਰ ਨੇ ਸਖ਼ਤੀ ਵਰਤੀ ਹੈ । ਹੁਣ ਜਦੋਂ ਪੰਜਾਬ ਦੇ ਲੋਕਾਂ ਵੱਲੋਂ ਇਨ੍ਹਾਂ ਖਿਡਾਰਨਾਂ ਦੇ ਹੱਕ ਵਿੱਚ ਨਿਤਰਨ ਦਾ ਫ਼ੈਸਲਾ ਕੀਤਾ ਹੈ ਤਾਂ ਹੁਣ  ਫਿਰ ਕਿਸਾਨ ਅੰਦੋਲਨ ਵਾਂਗ ਪੰਜਾਬੀਆਂ ਨੂੰ ‘ਖਾਲਿਸਤਾਨੀ’ ਕਹਿਣਾ ਸ਼ੁਰੂ ਕਰ ਦਿਤਾ ਹੈ । ਬਰਿਜ ਭੂਸ਼ਣ ਨੇ ਹੀ ਪੰਜਾਬ ਵੱਲੋਂ ਖਿਡਾਰਨਾ ਨੂੰ ਮਿਲਣ ਵਾਲ਼ੇ ਸਹਿਯੋਗ ਨੂੰ ਖਾਲਿਸਤਾਨੀ ਕਰਾਰ ਦੇ ਦਿਤਾ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇਨ੍ਹਾਂ ਖਿਡਾਰਨਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਗਿਆ ਹੈ । ਪਹਿਲਵਾਨ  ਸਾਕਸ਼ੀ ਮਲਿਕ ਨੇ ਖੁਦ ਸ੍ਰੀ ਦਮਦਮਾ ਸਾਹਿਬ ‘ਚ ਜੱਥੇਦਾਰ ਨੂੰ ਮਿਲਕੇ ਸਾਰੀ ਕਹਾਣੀ ਦੱਸੀ ।

ਕੋਈ ਵੀ ਔਰਤ ਓਨਾ ਚਿਰ ਖੁੱਲ੍ਹਕੇ ਸਾਹਮਣੇ ਨਹੀਂ ਆਂਉਂਦੀ ਜਿਨ੍ਹਾਂ ਚਿਰ ਉਸ ਦੀ ਇਜ਼ਤ ਨੂੰ ਖ਼ਤਰਾ ਨਹੀਂ ਪੈਦਾ ਹੁੰਦਾ ; ਅਕਸਰ ਔਰਤਾਂ ਮਰਦਾ ਵੱਲੋਂ ਕੀਤੀਆਂ ਭੱਦੀਆਂ ਟਿਪਣੀਆਂ ਜਾਂ ਕਿਸੇ ਸ਼ਰਾਰਾਤ ਨੂੰ ਅਣਗੌਲ਼ਿਆਂ ਹੀ ਕਰ ਦਿੰਦੀਆਂ ਹਨ । ਫ਼ੈਡਰੇਸ਼ਨ ਦੇ ਪ੍ਰਧਾਨ ਉਪਰ ਇਕ ਨਾਬਾਲਿਗ ਸਾਹਿਤ ਸੱਤ ਪਹਿਲਵਾਨ ਖਿਡਾਰਨਾ ਨੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ ; ਇਨ੍ਹਾਂ ਨੇ ਪੁਲਿਸ ਕੋਲ਼ ਆਪਣੇ ਬਿਆਨ ਵੀ ਦਰਜ ਕਰਵਾ ਦਿਤੇ ਹਨ ; ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਦਿੱਲੀ ਪੁਲਿਸ ਨੇ ਪ੍ਰਧਾਨ ਦੇ ਖ਼ਿਲਾਫ਼ 28 ਅਪ੍ਰੈਲ ਨੂੰ ਇਕ POCSO Act  ਦੇ ਤਹਿਤ  ਤੇ ਦੂਜਾ  ਔਰਤ ਦੀ ਮਾਣ ਮਰਿਆਦਾ ਨੂੰ ਖ਼ਤਰੇ ‘ਚ ਪਾਉਣ ਦੇ ਕਾਨੂੰਨ ਤਹਿਤ  ਕੇਸ ਵੀ ਦਰਜ ਕਰ ਦਿਤੇ ਹਨ ਪਰ ਫਿਰ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ; ਬਰਿਜ ਦੇ ਖਿਲਾਫ਼ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ  । ਦਿੱਲੀ ਪੁਲਿਸ ਦੀ ਢਿੱਲੀ  ਪਹੁੰਚ ਖਿਡਾਰੀਆਂ ‘ਚ ਹੋਰ ਰੋਹ ਭਰ ਰਹੀ ਹੈ ।

ਇਹ ਸਰਕਾਰ ਵੱਲੋਂ ਭਾਰਤੀ ਖਿਡਾਰਨਾਂ ਦੀ ਪੂਰੀ ਤਰ੍ਹਾਂ ਅਣਦੇਖੀ ਦਾ ਮਸਲਾ ਬਣ ਗਿਆ ਹੈ ਜੋ ਹਰ ਰੋਜ਼ ਵਧ ਰਿਹਾ ਹੈ ਜਿਸ ਕਾਰਨ  ਹੋਰ ਲੋਕਾਂ ‘ਚ  ਵੀ ਰੋਹ  ਵਧ ਰਿਹਾ ਹੈ । ਇਨ੍ਹਾਂ ਖਿਡਾਰਨਾਂ ‘ਚ ਬਹੁਤੀਆਂ ਹਰਿਆਣੇ ਦੀਆਂ ਹਨ ਜਿਨ੍ਹਾਂ ਨੂੰ ਹਰਿਆਣੇ ਦੀਆਂ ਖਾਪ ਪੰਚਾਇਤਾਂ ਦਾ ਸਮਰਥਨ ਮਿਲ਼ ਰਿਹਾ ਹੈ ਤੇ ਹੁਣ ਤਾਂ ਸਮਾਜਿਕ ਜੱਥੇਬੰਦੀਆਂ ਸਮੇਤ ਪੰਜਾਬ,ਹਰਿਆਣਾ ਤੇ ਯੂਪੀ ਦੇ ਕਿਸਾਨ ਤੇ ਖਾਸ ਕਰ ਕਿਸਾਨ ਬੀਬੀਆਂ ਵੀ ਖਿਡਾਰਨਾਂ ਦੇ ਨਾਲ਼ ਸਰਕਾਰ ਦੇ ਖ਼ਿਲਾਫ਼ ਨਿਤਰਨ ਲਈ ਤਿਆਰ ਹੋ ਗਈਆਂ ਹਨ ।  ਦਿੱਲੀ ‘ਚ 28 ਮਈ ਦੀ ਘਟਨਾ ਮਗਰੋਂ ਇਨ੍ਹਾਂ ਖਾਪ  ਪੰਚਾਇਤਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦੇ ਦਿਤੀ ਹੈ ਕਿ ਉਹ ਧੀਆਂ ਨਾਲ਼ ਹੋਈਆਂ ਜ਼ਿਆਦਤੀਆਂ ਦਾ ਬਦਲਾ ਲੈਣ ਲਈ ਕੁਝ ਵੀ ਕਰ ਸਕਦੀਆਂ ਹਨ ; ਇਹ ਘਟਨਾਂ ਕਿਸਾਨ ਅੰਦੋਲਨ ਵਾਂਗ ਸਰਕਾਰ ਦੇ ਗਲ਼ੇ ਦੀ ਹੱਡੀ ਬਣਨ ਵਾਲ਼ੇ ਪਾਸੇ ਤੁਰਦਾ ਲਗਦਾ ਹੈ ।

ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖਿਡਾਰਨਾਂ ਦੀ ਗੱਲ ਸੁਣਨ ਲਈ ਕਦੇ ਵੀ ਪਹਿਲ ਨਹੀਂ ਕੀਤੀ ਗਈ ; ਇਥੋਂ ਤੱਕ ਕਿ ਬੀਜੇਪੀ ਦਾ ਕੋਈ ਵੀ ਲੀਡਰ ਇਨ੍ਹਾਂ ਨਾਲ਼ ਹਮਦਰਦੀ ਕਰਨ ਤੱਕ ਨਹੀਂ ਆਇਆ । ਸਿਰਫ਼ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਇਨ੍ਹਾਂ ਖਿਡਾਰਨਾਂ ਦੇ ਹੱਕ ‘ਚ ਬਿਆਨ ਦਿਤੇ ਹਨ ਤੇ ਹਮਾਇਤ ਵੀ ਦਿਤੀ ਹੈ ।  ਬਾਕੀ ਕਈ ਰਾਜਸੀ ਪਾਰਟੀਆਂ ਇਨ੍ਹਾਂ ਪਹਿਲਵਾਨਾਂ ਦੀ ਹਮਾਇਤ ‘ਚ ਜਾ ਖੜੀਆਂ ਹਨ । ਦਿੱਲੀ ਪੁਲਿਸ ਵੱਲੋਂ 28 ਮਈ ਨੂੰ ਇਨ੍ਹਾਂ ਪ੍ਰਦਰਸ਼ਨ ਕਰ ਰਹੀਆਂ ਖਿਡਾਰਨਾ ਦੀ  ਜੋ ਸੜਕਾਂ ‘ਤੇ ਖਿਚ ਧੂ ਕੀਤੀ ਹੈ ਉਹ ਸੱਚਮੁੱਚ ਭਾਰਤੀ ਸਭਿਅਤਾ ‘ਤੇ ਇਕ ਕਲੰਕ ਵਾਂਗ ਹੈ ।

ਮਾਤਾ ਸੀਤਾ ਜੀ ਨੂੰ ਰਾਵਣ ਦੀ ਕੈਦ ‘ਚੋਂ ਬਚਾਉਣ ਲਈ  ਸ਼੍ਰੀ ਰਾਮ ਜੀ ਨੂੰ ਹਨੂੰਮਾਨ ਜੀ ਦੀ ਵਾਨਰ ਸੈਨਾ ਨੇ ਵੀ  ਸਾਥ ਦਿਤਾ; ਮਾਤਾ ਦਰੋਪਤੀ ਜੀ ਨੂੰ ਚੀਰਹਰਣ ਤੋਂ ਬਚਾਉਣ ਲਈ ਤਾਂ ਭਗਵਾਨ ਕਰਿਸ਼ਨ ਖੁਦ ਹਾਜ਼ਿਰ ਹੋ ਗਏ ਸਨ ਪਰ ਅੱਜ  ਰਾਮ ਮੰਦਿਰ ਦੀ ਉਸਾਰੀ ਕਰਕੇ ਸ਼੍ਰੀ ਰਾਮ ਦੀ ਵਿਰਾਸਤ ਨੂੰ ਬਚਾਉਣ ਵਾਲ਼ੇ ਰਾਮ ਦੇ ਵਾਰਸ ਸੱਤ੍ਹਾਧਾਰੀ ਲੋਕ ਆਪਣੀਆਂ ਹੀ ਧੀਆਂ ਨੂੰ ਰਾਜਧਾਨੀ ਦੀਆਂ ਸੜਕਾਂ ‘ਤੇ ਘੜੀਸਣ ਦੇ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਵੇਖ-ਵੇਖ ਚਟਖਾਰੇ ਲੈ ਰਹੇ ਹੋਣਗੇ । ਦਿੱਲੀ ਦੇ ਉਹ ਭਿਆਨਕ ਦ੍ਰਿਸ਼ ਦੇਖਕੇ ਹਰ ਇਕ ਭਾਰਤੀ ਦਾ ਖੂਨ ਖੌਲਿਆ ਹੈ  ਤੇ ਅੱਖਾਂ ‘ਚ ਖੂਨ ਉਤਰਿਆ ਹੈ  ਪਰ ਜੰਤਰ-ਮੰਤਰ ਤੋਂ ਕੁਝ ਦੂਰ ਬੈਠੇ ਦੇਸ਼ ਦੇ ‘ਰਹਿਬਰ’  ਨਵੀ ਸੰਸਦ ਦੀ ਇਮਾਰਤ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਵੱਲੋਂ ਦਿਤੇ ਜਾ ਰਹੇ ਸ਼ਬਦਾਂ ਦੇ ਪਰੋਏ ਲੱਛੇਦਾਰ ਭਾਸ਼ਨ ‘ਤੇ ‘ ਮੋਦੀ, ਮੋਦੀ, ਮੋਦੀ ‘ ਦੇ ਆਅਰੇ ਲਾ-ਲਾ ਕੇ ਵਾਰ ਵਾਰ ਤਾੜੀਆਂ ਮਾਰ ਰਹੇ ਸਨ ।

ਜਿਨ੍ਹਾਂ ਖਿਡਾਰਨਾ ਨੂੰ ਸੜਕਾਂ ‘ਤੇ ਘਸੀਟਿਆ ਗਿਆ ਇਹ ਓਹ ਹੀ ਹਨ ਜਿਨ੍ਹਾਂ ਵੱਲੋਂ ਉਲੰਪਿਕ,ਰਾਸ਼ਟਰ ਸੰਘ ਖੇਡਾਂ,ਏਸ਼ੀਅਨ ਖੇਡਾਂ ਤੇ ਹੋਰ ਬਹੁਤ ਸਾਰੇ ਕੌਮਾਂਤਰੀ ਮੁਕਾਬਲਿਆਂ ‘ਚ ਮੈਡਲ ਜਿਤਣ ਸਮੇਂ ਉਨ੍ਹਾਂ ਮੁਲਕਾਂ ‘ਚ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ ਸੀ ; ਮੋਦੀ ਜੀ ਇਸ ਮੌਕੇ ਟਵੀਟ ਕਰਕੇ ਵਧਾਈਆਂ ਦਿੰਦੇ ਹਨ  ਪਰ ਜੋ ਪ੍ਰਦਰਸ਼ਨ ਇਕ ਖਿਡਾਰਨਾਂ ਕਰ ਰਹੀਆਂ ਹਨ ਕੀ ਪੀਐੱਮ ਦੀ ਮੀਡੀਆ ਟੀਮ ਮੋਦੀ ਜੀ ਨੂੰ ਨਹੀਂ ਦੱਸਦੀ ? ਕੀ ਮੋਦੀ ਜੀ ਕਦੇ ਟੀਵੀ ਜਾਂ ਅਖ਼ਬਾਰਾਂ ਵੇਖਦੇ ਹੀ ਨਹੀਂ ?

ਦੇਸ਼ ਨੂੰ ਨਵੀਂ ਇਮਾਰਤ ਤਾਂ ਮਿਲ਼ ਗਈ ਹੈ ਪਰ ਜੋ ਅਸੰਵੇਦਨਸ਼ੀਲਤਾ ਦਾ ਮੁਜਾਹਰਾ  ਇਸ ਦੇ ਉਦਘਾਟਨ ਸਮੇਂ ਹੋਇਆ ਹੈ ਉਸ ਨੇ  ਭਾਰਤੀ ਲੋਕਤੰਤਰ ਨੂੰ ਪੂਰੇ ਵਿਸ਼ਵ ਸਾਹਮਣੇ ਸ਼ਰਮਸ਼ਾਰ ਕੀਤਾ ਹੈ : ਇਸ ਘਟਨਾ ਮਗਰੋਂ ਕਿਹੜੇ ਗ਼ੈਰਤ ਵਾਲ਼ੇ ਮਾਪੇ ਆਪਣੀਆਂ ਧੀਆਂ ਨੂੰ ਖੇਡਾਂ ‘ਚ ਭੇਜਣ ਦਾ ਸੁਪਨਾ ਲੈਣਗੇ । ਇਸ ਘਟਨਾ ਨੇ ਲੱਖਾਂ ਉਨ੍ਹਾਂ ਧੀਆਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿਤਾ ਹੈ ਜਿਹੜੀਆਂ ਭਵਿਖ ‘ਚ ਦੇਸ਼ ਲਈ ਅੰਤਰਰਾਸ਼ਟਰੀ ਪੱਧਰ ‘ਤੇ ਖੇਡਕੇ ਦੇਸ਼ ਲਈ ਸੋਨ ਤਗਮੇ ਜਿਤਣ ਲਈ ਅੰਗੜਾਈਆਂ ਲੈ ਰਹੀਆਂ ਸਨ । ਇਹ ਘਟਨਾ ਭਵਿਖ ਦੇ ਕਈ ਖਿਡਾਰੀਆਂ ਦੀ ‘ਸੂਖਮ ਜ਼ਹਿਰ’ ਬਣ ਗਈ ਹੈ ।

ਦੇਸ਼ ਦੀ ਸੰਸਦ ਨੂੰ ਨਵੀਂ ਇਮਾਰਤ ਤਾਂ ਮਿਲ਼ ਗਈ ਹੈ ਪਰ  ਜੋ ਕੁਝ ਉਸ ਦਿਨ ਰਾਜਧਾਨੀ ‘ਚ ਹੋਇਆ ਹੈ ਉਸ ਨੂੰ ਦੇਸ਼ ਕਿਸ ਪ੍ਰਸੰਗ ‘ਚ ਵੇਖਦਾ ਤੇ ਸਮਝਦਾ ਹੈ ਇਹ ਅਗਲੇ ਦਿਨਾ ‘ਚ ਸਪੱਸ਼ਟ ਹੋ ਜਾਵੇਗਾ । ਉਂਜ ਸਰਕਾਰ ਦੇ ਪੱਧਰ ‘ਤੇ ਇਹ ਗ਼ਲਤ ਹੋਇਆ ਹੈ ਕਿਉਂਕਿ ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਸੁਣਨ ਦੀ ਬਜਾਏ ਉਨ੍ਹਾਂ ਨੂੰ ਕੁੱਟਕੇ  ਚੁੱਪ ਕਰਾਉਣਾ ਚਾਹੁੰਦੀ ਹੈ ; ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਾਲੇ ਵੀ ਪਹਿਲ ਕਦਮੀ ਕਰੇ ਤੇ ਪ੍ਰਦਰਸ਼ਨਕਾਰੀ ਮਹਿਲਾ ਖਿਡਾਰੀਆਂ ਦੀ ਪੀੜ੍ਹ ਨੂੰ ਸਮਝਣ ਦਾ ਯਤਨ ਕਰੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button