EDITORIAL

ਜਗਮੀਤ ਨੇ ਸੁਖਬੀਰ ਤੋਂ ਮੰਗਿਆ ਸੀ ਅਸਤੀਫ਼ਾ !

ਅਕਾਲੀ ਦਲ ਦੀ ਵਾਪਸੀ : 'ਗਾਂਧੀ' ਦਾ ਅੜਿਕਾ

ਅਮਰਜੀਤ ਸਿੰਘ ਵੜੈਚ (94178-01988) 

ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਪਾਰਟੀ ‘ਚ ‘ਨਵੀਂ ਰੂਹ’ ਫੂਕਣ ਲਈ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇਣ ਮਗਰੋਂ ਕੱਲ੍ਹ ਸ਼ਾਮੀਂ ਸੁਖਬੀਰ ਬਾਦਲ ਨੇ ਪਾਰਟੀ ਦਾ ਜੱਥੇਬੰਧਕ ਢਾਂਚਾ ਭੰਗ ਕਰ ਦਿਤਾ ਹੈ ਪਰ ਉਹ ਆਪ ਪ੍ਰਧਾਨ ਬਣੇ ਰਹਿਣਗੇ । ਕੀ ਇਹ ਤੱਤ-ਭੜੱਥੇ ‘ਚ ਚੁੱਕਿਆ ਕਦਮ ਪਾਰਟੀ ਨੂੰ ਮੁੜ-ਸੁਰਜੀਤ ਕਰਨ ‘ਚ ਸਹਾਈ ਹੋਵੇਗਾ ? ਇਹ ਐਲਾਨ ਵੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਲਈ ਬਹੁਤ ਪਹਿਲਾਂ ਹੀ ਉਮੀਦਵਾਰ ਐਲਾਨ ਕਰਨ ਵਰਗਾ ਲਗਦਾ ਹੈ ।

ਦਾਖਾ ਤੋਂ ਵਿਧਾਇਕ ਮਨਪ੍ਰੀਤ ਇਯਾਲੀ ਵੱਲੋਂ ਰਾਸ਼ਟਰਪਤੀ ਦੀ ਚੋਣ ਸਮੇਂ ਪਾਰਟੀ ਦੇ ਵਿਰੁਧ ਚੱਲਣ ਕਰਕੇ ਪਾਰਟੀ ਕੁੜਿਕੀ ‘ਚ ਫਸੀ ਨਜ਼ਰ ਆ ਰਹੀ ਹੈ । ਵਿਧਾਨ ਸਭਾ ਚੋਣਾਂ ‘ਚ ਤਿੰਨ ਸੀਟਾਂ ‘ਜਿਤਣ’ ਨਾਲ਼ ਮਿਲ਼ੀ ਕਰਾਰੀ ਹਾਰ ਮਗਰੋਂ ਤੇ ਫਿਰ ਸੰਗਰੂਰ ਸੰਸਦੀ ਚੋਣ ‘ਚ ਅਕਾਲੀ ਦਲ ਦੇ ਉਮੀਦਵਾਰ ਦੀ ਨਮੋਸ਼ੀ ਭਰੀ ਹਾਰ ਦੇ ਨਾਲ਼ ਨਾਲ਼ ਚੋਣ ਜ਼ਮਾਨਤ ਵੀ ਜ਼ਬਤ ਹੋ ਜਾਣੀ ਪਾਰਟੀ ਦੀ ਲ਼ੀਡਰਸ਼ਿਪ ਦੀਆਂ ਕਮਜ਼ੋਰੀਆਂ ਨੂੰ ਨਸ਼ਰ ਕਰਨ ਲਈ ਕਾਫ਼ੀ ਸੀ । ਹੁਣ ਪਾਰਟੀ ਦੇ ਸੀਨੀਅਰ ਨੇਤਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਆਪਣੀ ਨਾਰਾਜ਼ਗੀ ਪ੍ਰਗਟ ਕਰ ਦਿਤੀ ਹੈ ।

ਮਈ ਮਹੀਨੇ ‘ਚ ਜਗਮੀਤ ਬਰਾੜ ਨੇ ਵੀ ਪਾਰਟੀ ਪ੍ਰਧਾਨ ਨੂੰ ਚਿੱਠੀ ਲਿਖ ਕੇ ਪ੍ਰਧਾਨ ਸਮੇਤ ਸਾਰਿਆਂ ਨੂੰ ਅਸਤੀਫ਼ੇ ਦੇਣ ਲਈ ‘ਸਲਾਹ’ ਦਿਤੀ ਸੀ । ਪਾਰਟੀ ਦੇ ਨੇੜਲੇ ਸੂਤਰ ਮੰਨਦੇ ਹਨ ਕਿ ਉਸ ਚਿੱਠੀ ਦੀ ਮਾੜੀ ਜਿਹੀ ਗੱਲ ਚੱਲੀ ਸੀ ਪਰ ਫਿਰ ਉਹ ਚਿੱਠੀ ‘ਗੁਆਚ’ ਗਈ । ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਪਾਰਟੀ ‘ਇਕਮੁੱਠ’ ਹੈ ਤਾਂ ਫਿਰ ਪਾਰਟੀ ਪੋਚੇ ਕਿਉਂ ਮਾਰ ਰਹੀ ਹੈ ! ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਹਰ ਪ੍ਰੈਸ ਕਾਨਫ਼ਰੰਸ ਆਪ ਕਰਦੇ ਸਨ । ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਪਾਰਟੀ ਨੂੰ ਮਿਲ਼ੀ ‘ਨਮੋਸ਼ੀ ਭਰੀ ਜਿਤ’ (3/117)ਕਾਰਨ ਜਦ ਤੋਂ ਪਾਰਟੀ ਵਰਕਰਾਂ ਵੱਲੋਂ ਲੀਡਰਸ਼ਿਪ ‘ਤੇ ਸਵਾਲ ਉਠਏ ਜਾ ਰਹੇ ਹਨ ਤਾਂ ਸੁਖਬੀਰ ਬਾਦਲ ਨਾ ਤਾਂ ਖੁੱਲ੍ਹ ਕੇ ਵਿਚਰ ਰਹੇ ਹਨ ਤੇ ਨਾ ਹੀ ਪ੍ਰੈਸ ਕਾਨਫ਼ਰੰਸਾਂ ਕਰ ਰਹੇ ਹਨ ।

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਪਾਰਟੀ ਪ੍ਰਧਾਨ ਖ਼ੁਦ ਮੰਗ-ਪੱਤਰ ਦਿੱਲੀ ਦੇ ਮੁੱਖ ਮੰਤਰੀ ਨੂੰ ਦੇਣ ਲਈ ਗਏ ਪਰ ਕੇਜਰੀਵਾਲ ਵੱਲੋਂ ਪਾਰਟੀ ਦੇ ਵਫ਼ਦ ਨੂੰ ਨਾ ਮਿਲਣਾ ਸੁਖਬੀਰ ਬਾਦਲ ਲਈ ਵੱਡਾ ਝਟਕਾ ਸੀ ; ਇਸ ‘ਤੇ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਦਾ ਕਹਿਣਾ ਕਿ ਹੁਣ ਪਾਰਟੀ ਤੋਂ ਕੋਈ ਨਹੀਂ ਡਰਦਾ ਵੀ ਪਾਰਟੀ ਨੂੰ ਸੁਚੇਤ ਕਰਨ ਲਈ ਬੜਾ ਵੱਡਾ ਸੰਕੇਤ ਸੀ । ਕੇਜਰੀਵਾਲ਼ ਦਾ ਵਤੀਰਾ ਵੀ ਸਲਾਹੁਣ ਵਾਲ਼ਾ ਨਹੀਂ ਸੀ । ਇਸ ਨਾਲ਼ ਕੇਜਰੀਵਾਲ਼ ਪ੍ਰਤੀ ਵੀ ਸਿਖਾਂ ‘ਚ ਮਾੜਾ ਸੁਨੇਹਾ ਗਿਆ ਹੈ ।

ਅਕਾਲੀ ਦਲ ਇਕੋ ਇਕ ਪੰਜਾਬ ‘ਚ ਸੱਭ ਤੋਂ ਪੁਰਾਣੀ ਪਾਰਟੀ ਹੈ ਜੋ ਸੱਚਮੁੱਚ ਕਿਸੇ ਵਕਤ ਪੰਜਾਬ ਦੇ ਹਿੱਤਾਂ ਲਈ ਲੜਨ ਵਾਲ਼ੀ ਪਾਰਟੀ ਮੰਨੀ ਜਾਂਦੀ ਸੀ । ਹੁਣ ਪਾਰਟੀ ਦੇ ਅੰਦਰ ਵੀ ਤੇ ਬਾਹਰ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਇਸ ‘ਤੇ ਕਬਜ਼ੇ ਕਾਰਨ ਪੰਜਾਬ ਦੇ ਹਿੱਤਾਂ ਤੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਦਾ ਖ਼ਮਿਆਜ਼ਾ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਦੀ ਚੋਣਾਂ ਤੇ ਫਿਰ ਸੰਗਰੂਰ ਸੰਸਦੀ ਚੋਣ ‘ਚ ਭੁਗਤਣਾ ਪਿਆ ਹੈ ; ਵਰਕਰਾਂ ਨੇ ਵੀ ਟੌਪ ਲੀਡਰਸ਼ਿਪ ਨੂੰ ਨਜ਼ਰ-ਅੰਦਾਜ਼ ਕਰ ਦਿਤਾ ਹੈ।

ਬਾਦਲ ਪਰਿਵਾਰ ਦਾ ਪਾਰਟੀ ‘ਤੇ ਕੰਟਰੋਲ ਹੋਣ ਦਾ ਕਾਰਨ ਇਹ ਵੀ ਹੈ ਕਿ ਬਾਦਲ ਪਰਿਵਾਰ ਪੇਸੈ ਵਾਲ਼ਾ ਹੈ ‘ਤੇ ਲੋੜ ਪੈਣ ‘ਤੇ ਪਾਰਟੀ ਲਈ ‘ਖਰਚ’ ਵੀ ਕਰਦਾ ਹੈ ਭਾਵੇਂ ਮਨਪ੍ਰੀਤ ਬਾਦਲ ਨੇ ਕਹਿ ਦਿਤਾ ਸੀ ਕਿ ਸਵਰਗੀ ਸੁਰਿੰਦਰ ਕੌਰ ਬਾਦਲ ਦੇ ਭੋਗ ‘ਤੇ ਲੰਗਰ ਸ਼੍ਰੋਮਣੀ ਕਮੇਟੀ ਨੇ ਭਜਿਆ ਸੀ । ਪਾਰਟੀ ‘ਚ ਹੋਰ ਕਿਸੇ ਕੋਲ਼ ਐਨੀ ਹਿੰਮਤ ਨਹੀਂ ਲੱਗਦੀ ਕਿ ਉਹ ਪਾਰਟੀ ਲਈ ਫ਼ੰਡ ਇਕੱਠਾ ਕਰ ਸਕੇ । ਭਗਵੰਤ ਮਾਨ ਇਕ ਵੀਡੀਓ ‘ਚ ਵਿਅੰਗ ਕਰਦੇ ਕਹਿੰਦੇ ਹਨ ਕਿ ਇਸ ਦੇਸ਼ ਵਿੱਚ ‘ਗਾਂਧੀ ਜੀ'( ਭਾਰਤੀ ਨੋਟ) ਹਰ ਕੰਮ ਕਰਵਾ ਦਿੰਦੇ ਹਨ ।

ਜੇਕਰ ਅਕਾਲੀ ਤੇ ਕਾਂਗਰਸ ਪਾਰਟੀਆਂ ਨੇ ਸੱਤ੍ਹਾ ‘ਤੇ ਰਹਿੰਦਿਆਂ ਲੋਕਾਂ ਦੇ ਦੁੱਖ-ਦਰਦ ਮਹਿਸੂਸ ਕੀਤੇ ਹੁੰਦੇ ਤਾਂ ‘ਆਪ’ ਵਾਸਤੇ ਕੋਈ ਥਾਂ ਨਹੀਂ ਸੀ ਬਣਨੀ । ਪਿਛਲੇ 75 ਸਾਲਾਂ ‘ਚ ਪੰਜਾਬ ਦੇ ਮੁੱਖ ਮੁੱਦੇ ਹਾਲੇ ਵੀ ਉਲ਼ਝੇ ਪਏ ਹਨ ; ਭਾਜਪਾ ਜਦੋਂ ਵੀ ਕੇਂਦਰ ‘ਚ ਸੱਤ੍ਹਾ ‘ਚ ਆਈ ਤਾਂ ਅਕਾਲੀ ਪਾਰਟੀ ਉਹਦੀ ਕੇਂਦਰ ‘ਚ ਭਾਈਵਾਲ਼ ਬਣੀ ‘ਤੇ ਪਾਰਟੀ ਦੇ ਮੰਤਰੀ ਵੀ ਬਣੇ ਪਰ ਅਕਾਲੀ ਲੀਡਰਸ਼ਿਪ ਚੰਡੀਗੜ੍ਹ, ਪਂਜਾਬ ਦੇ ਪਾਣੀਆਂ ,ਐੱਸਵਾਈਐੱਲ,ਪੰਜਾਬੀ ਬੋਲਦੇ ਇਲਾਕੇ,ਬੰਦੀ ਸਿੰਘਾਂ ਦੀ ਰਿਹਾਈ ਤੇ ਬਲਿਊ ਸਟਾਰ ਸਮੇਂ ਦਰਬਾਰ ਸਾਹਿਬ ‘ਚੋ ਗਾਇਬ ਹੋਈਆਂ ਚੀਜ਼ਾਂ ਬਾਰੇ ਕੋਈ ਹੱਲ ਨਹੀਂ ਕਰਵਾ ਸਕੀ ।

ਅਕਾਲੀ ਦਲ ਦੀ ਕੇਂਦਰ ‘ਚ ਭਾਜਪਾ ਨਾਲ਼ ਭਿਆਲ਼ੀ ‘ਚ 2020 ‘ਚ ਕੇਂਦਰੀ ਖੇਤੀ ਕਾਨੂੰਨ ਬਣ ਗਏ ਤਾਂ ਪਾਰਟੀ ਓਨਾ ਚਿਰ ਨਹੀਂ ਬੋਲੀ ਜਿਨਾ ਚਿਰ ਕਿਸਾਨਾਂ ਨੇ ਪੰਜਾਬ ‘ਚ ਅੰਦੋਲਨ ਨਹੀਂ ਖੜਾ ਕਰ ਦਿਤਾ ਤੇ ਲੋਕਾਂ ਨੂੰ ਪਤਾ ਨੀ ਲੱਗ ਗਿਆ ਕਿ ਅਕਾਲੀ ਦਲ ਇਨ੍ਹਾਂ ਕਾਨੂੰਨਾਂ ਦੇ ਖਿਲਾਫ਼ ਕੁਝ ਵੀ ਨਹੀਂ ਕਰ ਸਕਿਆ । ਜਦੋਂ ਤੱਕ ਅਕਾਲੀ ਦਲ ਨੇ ਭਾਜਪਾ ਨਾਲ਼ੋਂ ਤੋੜ ਵਿਛੋੜਾ ਕਰਨ ਦਾ ਫ਼ੈਸਲਾ ਕੀਤਾ ਉਦੋਂ ਤੱਕ ਬਹੁਤ ਪਾਣੀ ਪੁਲ਼ਾਂ ਹੇਠੋਂ ਲੰਘ ਚੁੱਕਿਆ ਸੀ । ਇਹੀ ਹਾਲ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦਾ ਰਿਹਾ ਹੈ ।

ਸੁਖਬੀਰ ਬਾਦਲ ਨੂੰ ਆਪਣੇ ਬੂਥ ਪੱਧਰ ਦੇ ਵਰਕਰਾਂ ‘ਚ ਵਿਸ਼ਵਾਸ਼ ਬਣਾਉਣ ਲਈ ਹਾਲੇ ਬੜੀ ਮੁਸ਼ੱਕਤ ਕਰਨੀ ਪੈਣੀ ਹੈ ਸਿਰਫ਼ ਪਾਰਟੀ ਢਾਂਚਾ ਭੰਗ ਕਰਕੇ ਨਹੀਂ ਸਰਨਾ । ਨਜ਼ਰਅੰਦਾਜ਼ ਨੂੰ ਗਲ਼ ਨਾਲ਼ ਲਾਉਣਾ ਪੈਣਾ ਹੈ ‘ਤੇ ਵੱਡੇ ਬਾਦਲ ਸਾਹਿਬ ਵਾਂਙ ਰੁਸਿਆਂ ਦੇ ਘਰ ਵੀ ਜਾਣਾ ਪੈਣਾ ਹੈ । ਜੇ ਕਰ ਲੋੜ ਪਈ ਤਾਂ ਪ੍ਰਧਾਨਗੀ ਦਾ ਮੋਹ ਵੀ ਤਿਆਗਣਾ ਪੈ ਸਕਦਾ ਹੈ । ਸ਼ਾਇਦ ਸੁਖਬੀਰ ਇੰਜ ਕਰ ਸਕਣਗੇ !
ਜਿਨਾ ਚਿਰ ਪਾਰਟੀ ਦੇ ਹਰ ਵਰਕਰ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਪਾਰਟੀ ‘ਚ ਉਸ ਦੀ ਸੁਣਵਾਈ ਹੁੰਦੀ ਹੈ ਓਨਾ ਚਿਰ ਪਾਰਟੀ ਦੇ ਇਕੱਠਿਆਂ ਰਹਿਣ ਬਾਰੇ ਬਿਆਨਾ ‘ਤੇ ਯਕੀਨ ਕਰਨਾ ਮੁਸ਼ਕਿਲ ਹੈ । ਕੀ ਅਕਾਲੀ ਦਲ ਪੰਜਾਬ ‘ਚ ਇਕ ਮਜਬੂਤ ਵਿਰੋਧੀ ਪਾਰਟੀ ਬਣਕੇ ਉਭਰੇਗਾ ਇਸ ਸਵਾਲ ਦਾ ਜਵਾਬ ਹਾਲੇ ਜਲਦੀ ਮਿਲ਼ਦਾ ਨਹੀਂ ਲਗਦਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button