PunjabTop News

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਦੇਖਰੇਖ ‘ਚ ਚਲਾਏ ਜਾ ਰਹੇ ਬਹੁ-ਕਰੋੜੀ ਪ੍ਰੋਜੈਕਟ ਸੋਲਰ ਪਲਾਂਟ ਦੇ ਸਾਰੇ ਹਿੱਸੇ ਰੁੜ੍ਹ ਕੇ ਸਤਲੁਜ ਦਰਿਆ ਰਾਹੀਂ ਨੰਗਲ ਡੈਮ ਤੱਕ ਪਹੁੰਚੇ

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਦੇਖਰੇਖ ‘ਚ ਚਲਾਏ ਜਾ ਰਹੇ ਬਹੁ-ਕਰੋੜੀ ਪ੍ਰੋਜੈਕਟ ਦੇ ਢਹਿ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਤਾਸ਼ ਦੇ ਪੱਤਿਆਂ ਵਾਂਗ ਖਿੱਲਰੇ ਇਸ ਪ੍ਰੋਜੈਕਟ ਦੇ ਸਾਰੇ ਹਿੱਸੇ ਰੁੜ੍ਹ ਕੇ ਸਤਲੁਜ ਦਰਿਆ ਰਾਹੀਂ ਪਿੰਡ ਬਰਮਲਾ/ਨਹਿਲਾ ਪਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਨੰਗਲ ਡੈਮ ਤੱਕ ਪਹੁੰਚ ਗਏ ਹਨ।

ਬੀਬੀਐੱਮਬੀ ਦੇ ਇਸ ਸੋਲਰ ਪਲਾਂਟ ਦੇ ਡਿੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਵਰਚੂਅਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਮਹੀਨੇ ਪਹਿਲਾਂ ਹੀ ਕੀਤਾ ਸੀ। 18 ਮਾਰਚ ਨੂੰ ਬੀਬੀਐੱਮਬੀ ਅਤੇ ਉਕਤ ਕੰਪਨੀ ਦੇ ਅਧਿਕਾਰੀ ਤੇ ਇੰਜੀਨੀਅਰ ਪਿੰਡ ਬਰਮਲਾ/ਨਹਿਲਾ ਇਸ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀ ਅਤੇ ਬੀਬੀਐੱਮਬੀ ਦੀ ਸਿਫ਼ਾਰਸ਼ ’ਤੇ ਇਹ ਪ੍ਰੋਜੈਕਟ ਸਤਲੁਜ ਦਰਿਆ ’ਤੇ ਓਲੰਡਾ-ਬ੍ਰਹਮਲਾ-ਨਹਿਲਾ ਨੇੜੇ ਸਥਾਪਤ ਕੀਤਾ ਗਿਆ ਹੈ।

92 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਸੋਲਰ ਪਾਵਰ ਪਲਾਂਟ ਨੂੰ ਸਥਾਪਤ ਕਰਨ ਅਤੇ ਚਲਾਉਣ ਦੀ ਜ਼ਿੰਮੇਵਾਰੀ ਬੀਬੀਐੱਮਬੀ ਅਤੇ ਇਕ ਨਿੱਜੀ ਕੰਪਨੀ ਸਤਲੁਜ ਜਲ ਵਿਧੁਤ ਨਿਗਮ ਲਿਮਟਿਡ (ਐੱਸਜੇਬੀਐੱਨਐੱਲ) ਨੇ ਲਈ ਸੀ। ਸ਼ੁੱਕਰਵਾਰ ਰਾਤ ਦਰਿਆ ’ਤੇ ਲਗਾਏ ਇਸ ਪ੍ਰੋਜੈਕਟ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਤਾਸ਼ ਦੇ ਪੱਤਿਆਂ ਵਾਂਗ ਦਰਿਆ ’ਚ ਖਿੱਲਰ ਗਿਆ ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਸੋਲਰ ਪੈਨਲ ਰੁੜ੍ਹ ਗਏ ਅਤੇ ਉਥੋਂ ਕਈ ਕਿਲੋਮੀਟਰ ਦੂਰ ਨੰਗਲ ਡੈਮ ’ਤੇ ਆ ਪਹੁੰਚੇ।

ਸ਼ਨਿਚਰਵਾਰ ਨੂੰ ਜਿਵੇਂ ਹੀ ਇਹ ਸੂਚਨਾ ਸ਼ਹਿਰ ’ਚ ਫੈਲੀ ਤਾਂ ਲੋਕਾਂ ਦੀ ਭੀੜ ਇਸ ਨੂੰ ਦੇਖਣ ਲਈ ਪੁੱਜ ਗਈ। 15 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਾਲੇ ਇਸ ਸੋਲਰ ਪਲਾਂਟ ਕਾਰਨ ਸਰਕਾਰ ਨੂੰ 92 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਦੱਸਿਆ ਗਿਆ ਹੈ ਕਿ ਇਹ ਪ੍ਰੋਜੈਕਟ 33 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਲਈ ਲਗਾਇਆ ਗਿਆ ਸੀ।

ਉਦਘਾਟਨ ਵਾਲੇ ਦਿਨ ਇਸ ਦੇ ਰੱਖ-ਰਖਾਅ ਸਬੰਧੀ ਬੋਰਡ ਦੇ ਅਧਿਕਾਰੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਇੰਜੀਨੀਅਰਾਂ ਦਾ ਅਧਿਕਾਰਤ ਖੇਤਰ ਹੈ ਜੋ ਭਾਖੜਾ ਡੈਮ ਵਰਗੇ ਪ੍ਰੋਜੈਕਟ ਨੂੰ ਸੰਭਾਲ ਰਹੇ ਹਨ। ਹੁਣ ਅਚਾਨਕ ਸਾਹਮਣੇ ਆਈ ਇਸ ਘਟਨਾ ਬਾਰੇ ਬੀਬੀਐੱਮਬੀ ਦਾ ਕੋਈ ਵੀ ਅਧਿਕਾਰੀ ਕੁਝ ਨਹੀਂ ਬੋਲ ਰਿਹਾ। ਦੂਜੇ ਪਾਸੇ ਇਸ ਮਾਮਲੇ ਵਿਚ ਬੀਬੀਐੱਮਬੀ ਅਤੇ ਐੱਸਜੀਬੀਐੱਨਐੱਲ ਦੇ ਸਾਂਝੇ ਪ੍ਰੋਜੈਕਟ ਦੀ ਦੇਖ-ਰੇਖ ਕਰਨ ਵਾਲੀ ਇਕ ਹੋਰ ਏਜੰਸੀ ਹਾਰਟੇਕ ਸੋਲਰ ਪਾਵਰ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਅਧਿਕਾਰੀ ਨਵੀਨ ਪਾਰਿਖ ਨੇ ਕਿਹਾ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਕੁਝ ਇੰਸਟਾਲੇਸ਼ਨ ਇੱਥੇ ਚੱਲ ਰਿਹਾ ਸੀ, ਇਸ ਦੌਰਾਨ ਪਾਣੀ ਦਾ ਵਹਾਅ ਜ਼ਿਆਦਾ ਸੀ, ਜਿਸ ਕਾਰਨ ਇਸ ਸੋਲਰ ਪ੍ਰੋਜੈਕਟ ਦਾ ਕੁਝ ਹਿੱਸਾ ਰੁੜ੍ਹ ਗਿਆ ਹੈ ਜਿਸ ਤੋਂ ਬਾਅਦ ਬਾਕੀ ਦੀ ਇੰਸਟਾਲੇਸ਼ਨ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ।

ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਬੀਬੀਐੱਮਬੀ ਦੇ ਡਿਪਟੀ ਚੀਫ ਨੇ ਕਿਹਾ ਕਿ ਸਾਡੇ ਡਿਪਾਰਟਮੈਂਟ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਤੇ ਉਹ ਨਾ ਹੀ ਕੁਝ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਪਾਵਰ ਵਿੰਗ ਤੋਂ ਪਤਾ ਕਰੋ। ਚੰਡੀਗੜ੍ਹ ਬੈਠੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਬੀਬੀਐੱਮਬੀ ਦਾ ਪ੍ਰੋਜੈਕਟ ਨਹੀਂ ਹੈ ਬਲਕਿ ਸਰਕਾਰ ਨੇ ਇਕ ਕੰਪਨੀ ਨੂੰ ਇਹ ਪ੍ਰੋਜੈਕਟ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਵੱਲੋਂ ਇਸ ਦਾ ਉਦਘਾਟਨ ਨਹੀਂ ਬਲਕਿ ਨੀਂਹ ਪੱਥਰ ਰੱਖਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button