EDITORIAL

ਸੜਕਾਂ ‘ਤੇ ਫਿਰਦਾ ਸ਼ਾਮ ਨੂੰ ਇਕ ‘ਭੂਤ’ , ਰੋਜ਼ ਖਾ ਜਾਂਦਾ 13 ਲੋਕਾਂ ਨੂੰ ਇਹ ‘ਭੂਤ’

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਦੇ ਤਕਰੀਬਨ ਸਵਾ ਇਕ ਕਰੋੜ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਪੂਰੇ ਪੰਜਾਬ ‘ਚ ਸਿਰਫ਼ 1591 ਟ੍ਰੈਫਿਕ ਮੁਲਾਜ਼ਮ ਹਨ : ਭਾਵ 7650 ਵਾਹਨਾਂ ਨੂੰ ਇਕ ਟ੍ਰੈਫਿਕ ਕਰਮਚਾਰੀ ਕੰਟਰੋਲ ਕਰਦਾ ਹੈ । ਪੰਜਾਬ ‘ਚ ਤਕਰੀਬਨ ਹਰ ਦੋ ਘੰਟਿਆਂ ਮਗਰੋਂ ਸੜਕ ਹਾਦਸਿਆਂ ‘ਚ ਮੌਤ ਹੋ ਜਾਂਦੀ ਹੈ : ਹਰ ਰੋਜ਼ ਪੰਜਾਬ ‘ਚ 16 ਹਾਦਸਿਆਂ ‘ਚ 13 ਵਿਅਕਤੀ ਮੌਤ ਦੇ ਮੂੰਹ ‘ਚ ਜਾ ਪੈਂਦੇ ਹਨ ।

ਇਹ ਅੰਕੜੇ ਪੰਜਾਬ ਪੁਲਿਸ ਵੱਲੋਂ 20 ਦਿਸੰਬਰ ਨੂੰ ਜਾਰੀ ਕੀਤੀ ‘ਪੰਜਾਬ ਸੜਕ ਦੁਰਘਟਨਾਵਾਂ ਅਤੇ ਟ੍ਰੈਫ਼ਿਕ ਰਿਪੋਰਟ-2021’ ਦੇ ਹਨ । ਇਸ ਰਿਪੋਰਟ ਮੁਤਾਬਿਕ ਪਿਛਲੇ ਵਰ੍ਹੇ ਕੁੱਲ 5871 ਸੜਕ ਹਾਦਸੇ ਵਾਪਰੇ ਜਿਨ੍ਹਾਂ ‘ਚ 4589 ਘਰਾਂ ‘ਚ ਸੱਥਰ ਵਿਛਾ ਦਿਤੇ । ਰਿਪੋਰਟ ਕਹਿੰਦੀ ਹੈ ਕਿ ਇਨ੍ਹਾਂ ਹਾਦਸਿਆਂ ‘ਚ 69 ਫ਼ੀਸਦ ਮਰਨ ਵਾਲ਼ਿਆਂ ਦੀ ਉਮਰ 18-45 ਸਾਲਾਂ ਦੇ ਵਿੱਚ-ਵਿੱਚ ਹੀ ਹੁੰਦੀ ਹੈ । ਇਨ੍ਹਾਂ ਹਾਦਸਿਆਂ ਕਾਰਨ ਪੰਜਾਬ ਨੂੰ ਹਰ ਰੋਜ਼ ਤਕਰੀਬਨ 50 ਕਰੋੜ ਰੁ: ਦਾ ਤੇ ਸਾਲਾਨਾਂ 17851 ਕਰੋੜ ਰੁ: ਦਾ ਸਮਾਜਿਕ ਤੇ ਵਿੱਤੀ ਨੁਕਸਾਨ ਹੁੰਦਾ ਹੈ ।

ਰਿਪੋਰਟ ‘ਚ ਕੁਝ ਹੋਰ ਬਹੁਤ ਹੈਰਾਨਕੁਨ ਤੱਥ ਸਾਹਮਣੇ ਆਏ ਹਨ : ਪੰਜਾਬ ਦੀਆਂ ਸੜਕਾਂ ‘ਤੇ ਰਾਤ ਨੂੰ ਹਾਦਸਿਆਂ ਦਾ ਭੂਤ ਰਾਜ ਕਰਦਾ ਹੈ : ਬਹੁਤੇ ਹਾਦਸੇ (21 ਫ਼ੀਸਦ) ਸ਼ਾਮ ਨੂੰ ਛੇ ਵਜੇ ਤੋਂ ਰਾਤੀ ਨੌਂ ਵਜੇ ਦਰਮਿਆਨ ਹੁੰਦੇ ਹਨ । ਤੇਜ਼ ਗਤੀ ਤੇ ਨਸ਼ੇ ਸੱਭ ਤੋਂ ਵੱਧ ਹਾਦਸਿਆਂ ਦਾ ਕਾਰਨ ਬਣਦੇ ਹਨ । ਇਸ ਤੋਂ ਇਲਾਵਾ ਗ਼ਲਤ ਪਾਸੇ ਚੱਲਣਾ, ਵਾਹਨ ਦਾ ਖ਼ਰਾਬ ਹੋਣਾ, ਸੜਕ ਤੇ ਮੌਸਮ ਦਾ ਖ਼ਰਾਬ ਹੋਣਾ, ਵਾਹਨ ਗ਼ਲਤ ਥਾਂ ‘ਤੇ ਖੜਾ ਕਰਨਾ ਬੱਚਿਆਂ ਵੱਲੋਂ ਵਾਹਨ ਚਲਾਉਣਾ ਆਦਿ ਵੀ ਇਨ੍ਹਾਂ ਹਾਦਸਿਆਂ ਦੇ ਕਾਰਨ ਬਣਦੇ ਹਨ ।
ਇਸ ਰਿਪੋਰਟ ਮੁਤਾਬਿਕ ਪੰਜਾਬ ‘ਚ ਟ੍ਰੈਫਿਕ ਕਰਮਚਾਰੀਆਂ ਦੀ ਸਥਿਤੀ ਬਹੁਤ ਹੀ ਚਿੰਤਾ ਜਨਕ ਹੈ । ਇਹ ਵੀ ਕਾਰਨ ਹੈ ਕਿ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲ਼ੇ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਨਿਕਲ਼ਦੇ ਹਨ । ਪੁਲਿਸ ਵੱਲੋਂ ਸਖਤੀ ਨਾ ਕੀਤੇ ਜਾਣ ਬਾਰੇ ਇਕ ਸੇਵਾ ਮੁਕਤ ਪੁਲਿਸ ਕਰਮੀ ਨੇ ਕਿਹਾ ਕਿ ਪੁਲਿਸ ਦੇ ਉੱਚ ਅਫ਼ਸਰ ਤੇ ਦੂਸਰੇ ਤਾਕਤਵਰ ਲੋਕ ਫ਼ੀਲਡ ‘ਚ ਕੰਮ ਕਰ ਰਹੇ ਕਰਮੀਆਂ ‘ਤੇ ਉਲੰਘਣਾ ਕਰਨ ਵਾਲ਼ਿਆਂ ਨੂੰ ਛੱਡਣ ਦਾ ਦਬਾਅ ਪਾਉਂਦੇ ਹਨ ਜਿਸ ਕਰਕੇ ਕਰਮਚਾਰੀਆਂ ਦੇ ਹੌਸਲੇ ਢਹਿ ਜਾਂਦੇ ਹਨ । ਇਸ ਮਹਿਕਮੇ ‘ਚ ਦੂਜੇ ਮਹਿਕਮਿਆਂ ਵਾਂਗ ਕਈ ਕਾਲ਼ੀਆਂ ਭੇਡਾਂ ਵੀ ਹਨ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਤੋਂ ਨੋਟ ਝਾੜਕੇ ਛੱਡ ਦਿੰਦੇ ਹਨ । ਲੋਕ ਅਕਸਰ ਸੜਕ ‘ਤੇ ਡਿਊਟੀ ਕਰਦੇ ਮੁਲਾਜ਼ਮਾਂ ਨੂੰ ‘ਵਰਦੀ ਲਹਾਉਣ’ ਦੀਆਂ ਧਮਕੀਆਂ ਦੇ ਜਾਂਦੇ ਹਨ ।

ਪੰਜਾਬ ‘ਚ ਕੁੱਲ 27 ਪੁਲਿਸ ਕਮਿਸ਼ਨਰੇਟ/ਜ਼ਿਲਿਆਂ ‘ਚੋਂ ਸਿਰਫ਼ ਚਾਰ ਵਿੱਚ ਹੀ ਐੱਸਪੀ ਤੇ ਸਿਰਫ਼ ਨੌ ਵਿੱਚ ਡੀਐੱਸਪੀ ਤਾਇਨਾਤ ਹਨ ਬਾਕੀ ਥਾਵਾਂ ‘ਤੇ ਇੰਸਪੈਕਟਰ ਪੱਧਰ ਦੇ ਮੁਲਾਜ਼ਮ ਹੀ ਸਾਰਾ ਭਾਰ ਝੱਲ ਰਹੇ ਹਨ । ਪੰਜਾਬ ‘ਚ ਦੇਸ਼ ਦੀ ਸਿਰਫ਼ 2.30 ਫ਼ੀਸਦ ਆਬਾਦੀ ਹੈ ਪਰ ਦੇਸ਼ ਦੇ ਹਾਦਸਿਆਂ ‘ਚੋਂ ਤਕਰੀਬਨ 3.5 ਫ਼ੀਸਦ ਪੰਜਾਬ ਦੀਆਂ ਸੜਕਾਂ ‘ਤੇ ਹੀ ਹੁੰਦੇ ਹਨ । ਰਾਜ ਵਿੱਚ ਦੇਸ਼ ਦੇ 10 ਫ਼ੀਸਦ ਵਾਹਨ ਹਨ ਪਰ ਮੌਤਾਂ 2.3 ਤੋਂ ਛੇ ਫ਼ੀਸਦ ਤੱਕ ਹੁੰਦੀਆਂ ਹਨ ।

ਪੰਜਾਬ ‘ਚ ਪਿਛਲੇ ਵਰ੍ਹੇ ਪੰਜ ਲੱਖ ਤੋਂ ਵੱਧ ਨਵੇਂ ਵਾਹਨ ਰਜਿਸਟਰ ਕੀਤੇ ਗਏ । ਇਨ੍ਹਾਂ ‘ਚ 69 ਫ਼ੀਸਦ ਭਾਵ ਸਾਢੇ ਤਿੰਨ ਲੱਖ ਤੋਂ ਵੱਧ ਤਾਂ ਦੋ ਪਹੀਆਂ ਵਾਹਨ ਹੀ ਸਨ । ਰਾਜ ‘ਚ ਹਰ ਰੋਜ਼ ਤਕਰੀਬਨ 1400 ਵਾਹਨ ( 982 ਦੋ ਪਹੀਆ ਤੇ ਕਾਰਾਂ ਆਦਿ 375- ਸਾਲ 2021 ) ਵਾਹਨ ਰਜਿਸਟਰ ਹੁੰਦੇ ਹਨ । ਇਹ ਵੀ ਤੱਥ ਧਿਆਨ ਯੋਗ ਹੈ ਕਿ 72 ਫ਼ੀਸਦ ਹਾਦਸੇ ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਹੀ ਹੁੰਦੇ ਹਨ ਪਰ ਕੁੱਲ ਹਾਦਸਿਆਂ ‘ਚੋਂ 59 ਫ਼ੀਸਦ ਪੇਂਡੂ ਇਲਾਕਿਆਂ ‘ਚੋਂ ਲੰਘਦੀਆਂ ਰਾਸ਼ਟਰੀ/ਰਾਜ ਸੜਕਾਂ ‘ਤੇ ਹੀ ਵਾਪੲਦੇ ਹਨ । ਇਸ ਦਾ ਮਤਲਬ ਇਹ ਵੀ ਨਿਕਲ਼ਦਾ ਹੈ ਕਿ ਮਰਨ ਵਾਲ਼ਿਆਂ ‘ਚ ਬਹੁਤੇ ਲੋਕ ਪਿੰਡਾਂ ਵਾਲ਼ੇ ਹੀ ਹੁੰਦੇ ਹਨ ।
ਸ਼ਹਿਰੀ ਇਲਾਕਿਆਂ ‘ਚੋਂ ਲੰਘਦੀਆਂ ਇਨ੍ਹਾ ਸੜਕਾਂ ‘ਤੇ 41 ਫ਼ੀਸਦ ਹਾਦਸੇ ਵਾਪਰਦੇ ਹਨ । ਇਥੇ ਦੱਸਣਾ ਬਣਦਾ ਹੈ ਕਿ ਪਿੰਡਾਂ ਕੋਲ਼ੋਂ ਲੰਘਦੀਆਂ ਇਨ੍ਹਾਂ ਸੜਕਾਂ ‘ਤੋਂ ਪਿੰਡਾਂ ਵਾਲ਼ਿਆਂ ਲਈ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਸੜਕਾਂ ਦੇ ਕੱਟ/ਅੰਡਰਪਾਸ ਨਾ ਹੋਣ ਕਾਰਨ ਲੋਕ ਉਲਟੇ ਪਾਸੇ ਜਾਣ ਲਈ ਮਜਬੂਰ ਹੁੰਦੇ ਹਨ ਜਿਸ ਕਾਰਨ ਪੇਂਡੂ ਇਲਾਕਿਆਂ ‘ਚੋਂ ਲੰਘਦੀਆਂ ਰਾਸ਼ਟਰੀ/ਰਾਜ ਸੜਕਾਂ ‘ਤੇ ਵੱਧ ਹਾਦਸੇ ਹੁੰਦੇ ਹਨ ।

ਪੰਜਾਬ ‘ਚ ਗੈਂਗਸਟਰਾਂ ਵੱਲੋਂ ਕੀਤੇ ਜਾਣ ਵਾਲ਼ੇ ਤੇ ਉਂਜ ਲੜਾਈਆਂ ਹੋਣ ਕਰਕੇ ਹੁੰਦੇ ਕਤਲਾਂ ਨਾਲ਼ੋ ਕਈ ਗੁਣਾ ਵੱਧ ਪੰਜਾਬੀ ਸੜਕ ਹਾਦਸਿਆਂ ‘ਚ ਜਾਨਾਂ ਗੁਆ ਦਿੰਦੇ ਹਨ । ਪੰਜਾਬ ‘ਚ ਪਿਛਲੇ ਵਰ੍ਹੇ ਕੁੱਲ 727 ਤੇ 2020 ‘ਚ 757 ਕਤਲ ਹੋਏ ਸਨ ਪਰ ਇਕੱਲੇ ਸੜਕ ਹਾਦਸਿਆਂ ‘ਚ ਹੀ ਸਾਲ 2021 ਦੌਰਾਨ 4589 ਵਿਅਕਤੀ ਮੌਤ ਦਾ ਸ਼ਿਕਾਰ ਹੋ ਗਏ : ਇਸਦਾ ਮਤਲਬ ਇਹ ਹਰਗ਼ਿਜ਼ ਨਹੀਂ ਕਿ ਗੈਂਗਸਟਰਾਂ ਨੂੰ ਨੱਥ ਨਹੀਂ ਪਾਉਣੀ ਚਾਹੀਦੀ । ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਸੜਕਾਂ ‘ਤੇ ਸੁਰੱਖਿਅਤ ਸਫ਼ਰ ਦੀ ਗਰੰਟੀ ਦੇਣ ਲਈ ਪਹਿਲ ਦੇ ਆਧਾਰ ‘ਤੇ ਜ਼ਰੂਰੀ ਕਦਮ ਚੁੱਕੇ । ਜਦੋਂ ਲੋਕ ਰੋਡ ਟੈਕਸ ਤੇ ਟੋਲ ਟੈਕਸ ਭਰਦੇ ਹਨ ਤਾਂ ਫਿਰ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਸਫ਼ਰ ਵੀ ਦੇਣਾ ਦੀ ਗਰੰਟੀ ਦੇਣੀ ਚਾਹੀਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button