EDITORIAL

ਖੇਤੀ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ, ਉਦਯੋਗ ਬਚਾ ਸਕਦਾ ਹੈ ਖੇਤੀ ਨੂੰ

ਛੋਟੇ ਕਿਸਾਨ ਦੀ ਬਾਂਹ ਫੜੇ ਸਰਕਾਰ

ਅਮਰਜੀਤ ਸਿੰਘ ਵੜੈਚ (94178-01988) 

ਭਾਰਤ ਦੇ ਉੱਪ-ਰਾਸ਼ਟਰਪਤੀ ਜਗਦੀਪ ਧੱਨਕੜ ਨੇ ਪਿਛਲੇ ਸ਼ੁਕਰਵਾਰ ਚੰਡੀਗੜ੍ਹ ‘ਚ 15ਵੇਂ ਐਗਰੋਟੈਕ-22 ਮੇਲੇ ਦਾ ਉਦਘਾਟਨ ਕਰਦਿਆਂ ਕੁਝ ਅਜਿਹੇ ਨੁਕਤਿਆਂ ‘ਤੇ ਜ਼ੋਰ ਦਿਤਾ ਹੈ ਜੋ ਦੇਸ਼ ਦੀ ਵਰਤਮਾਨ ਖੇਤੀ ਨੂੰ ਦਰਪੇਸ਼ ਸੰਕਟ ਨੂੰ ਸਵੀਕਾਰ ਕਰਨ ਵਾਲ਼ੇ ਹਨ । ਉਨ੍ਹਾਂ ਦਾ ਕਹਿਣਾ ਸੀ ਕਿ ਵਾਤਾਵਰਣ ਦੇ ਵਿਗੜ ਰਹੇ ਪ੍ਰਭਾਵਾਂ ਅਤੇ ਕੀਮਤਾਂ ‘ਚ ਹੁੰਦੀਆਂ ਤਬਦੀਲੀਆਂ ਕਾਰਨ ਹੋਣ ਵਾਲ਼ੇ ਮਾੜੇ ਨੁਕਸਾਨਾਂ ਤੋਂ ਸੰਕਟ ‘ਚ ਉਲਝੇ ਕਿਸਾਨਾਂ ਨੂੰ ਬਚਾਉਣ ਦੀ ਲੋੜ ਹੈ ।

ਸ੍ਰੀ ਧਨਕੜ ਨੇ ਕਿਹਾ ਕਿ ਅਸੀਂ ਬਤੌਰ ਇਕ ਰਾਸ਼ਟਰ ਤਾਂ ਹੀ ਵਿਕਾਸ ਕਰ ਸਕਾਂਗੇ ਜੇਕਰ ਸਾਡਾ ਖੇਤੀ ਸੈਕਟਰ ਵਿਕਾਸ ਕਰੇਗਾ । ਸਾਬਕਾ ਪ੍ਰਧਾਨ-ਮੰਤਰੀ ਲਾਲ ਬਹਾਦੁਰ ਸ਼ਾਸਤਰੀ ਵੱਲੋਂ ਦਿਤੇ ਨਾਅਰੇ ‘ਜੈ ਜਵਾਨ ਜੈ ਕਿਸਾਨ’ ਦਾ ਜ਼ਿਕਰ ਕਰਦਿਆ ਧਨਕੜ ਨੇ ਕਿਹਾ ਕਿ ਜਦੋਂ ਅਸਲੀਅਤ ‘ਚ ਅਸੀਂ ‘ਜੈ ਕਿਸਾਨ’ ਦਾ ਸੰਕਲਪ ਜ਼ਮੀਨੀ ਰੂਪ ‘ਤੇ ਲਾਗੂ ਕਰ ਦਿਆਂਗੇ ਉਸ ਵਕਤ ‘ਜੈ ਜਵਾਨ’ ਆਪਣੇ ਆਪ ਹੀ ਲਾਗੂ ਹੋ ਜਵੇਗਾ ।

ਪੰਜਾਬ ਦੇ ਰਾਜਪਾਲ ਵੱਲੋਂ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਨੂੰ ਅੱਗੇ ਤੋਰਦਿਆਂ ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਨਵੀਂ ਤਕਨੌਲੋਜੀ ਨਾਲ਼ ਜੋੜਨਾ ਇਕ ਵੱਡੀ ਚੁਣੌਤੀ ਹੈ । ਉਨ੍ਹਾ ਕਿਹਾ ਕਿ ਦੇਸ਼ ਨੂੰ ਖੁਰਾਕ ਦੇ ਖੇਤਰ ‘ਚ ਲੰਮੇ ਸਮੇਂ ਤੱਕ ਆਤਮ-ਨਿਰਭਰ ਬਣਾਕੇ ਰੱਖਣ ਲਈ ਬੜਾ ਜ਼ਰੂਰੀ ਹੈ ਕਿ ਖੇਤੀ ਸੈਕਟਰ ਨੂੰ ਵੀ ਨਾਲ਼ ਦੀ ਨਾਲ਼ ਮਜਬੂਤ ਖੇਤੀ ਸੈਕਟਰ ਬਣਾਕੇ ਰੱਖਿਆ ਜਾਵੇ । ਇਹ ‘ਅਗਰੋਟੈਕ-22’ ‘ਚੈਂਬਰ ਆਫ਼ ਇੰਡੱਸਟਰੀਜ਼’ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ।

ਉੱਪ-ਰਾਸ਼ਟਰਪਤੀ ਨੇ ਕਿਹਾ ਕਿ ਖੇਤੀ ਇਕ ਰਵਾਇਤ ਦੇ ਤੌਰ ਤੇ ਜ਼ਿੰਦਗੀ ਜਿਊਣ ਦਾ ਇਕ ਤਰੀਕਾ ਹੈ । ਪਿਛਲੇ 75 ਸਾਲਾਂ ਦੇ ਸੰਦਰਭ ‘ਚ ਧਨਕੜ ਨੇ ਕਿਹਾ ਕਿ ਹੁਣ ਸਮੇਂ ਅਨੁਸਾਰ ਖੇਤੀ ਨੂੰ ਨਵੀਆਂ ਤਕਨੀਕਾ ਨਾਲ਼ ਜੋੜਨਾ ਸਮੇਂ ਦੀ ਲੋੜ ਹੈ ਜਿਸ ਲਈ ਉਦਯੋਗਿਕ ਖੇਤਰ ਤੇ ਖੋਜ ਸੰਸਥਾਵਾਂ ਖੇਤੀ ਸੈਕਟਰ ਲਈ ਬਹੁਤ ਲਾਹੇਵੰਦ ਸਿਧ ਹੋ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ ਇਸ ਲਈ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਕਿਸੇ ਵੀ ਹੱਦ ਤੱਕ ਜਾਣਾ ਚਾਹੀਦਾ ਹੈ ।

ਧਨਕੜ ਦੇ ਭਾਸ਼ਨ ‘ਚੋਂ ਝਲਕ ਰਿਹਾ ਸੀ ਕਿ ਉਹ ਕਿਸਾਨੀ ਪਿਛੋਕੜ ਵਾਲ਼ੇ ਹਨ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ । ਧਨਕੜ ਰਾਜਿਸਥਾਨ ਦੇ ਪਿੰਡ ਕਿਥਾਨਾ ਦੇ ਇਕ ਜੱਟ ਪਰਿਵਾਰ ‘ਚੋ ਹਨ । ਇਸ ਲਈ ਉਨ੍ਹਾਂ ਦੇ ਵਿਚਾਰਾਂ ‘ਚੋਂ ਕਿਸਾਨਾਂ ਦਾ ਦਰਦ ਝਲਕ ਰਿਹਾ ਸੀ ਹਾਂ ਇਹ ਵੱਖਰੀ ਗੱਲ ਹੈ ਕਿ ਉਹ ਮੇਘਾਲਿਆ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਕ ਵਾਂਗ ਸੱਚ ਕਹਿਣ ਲਈ ਉਹ ਸ਼ਬਦ ਨਹੀਂ ਵਰਤਦੇ ਜੋ ਮੋਦੀ ਸਰਕਾਰ ਨੂੰ ਚੰਗੇ ਨਾ ਲੱਗਣ । ਧਨਕੜ ਨੇ ਕਿਸਾਨ-ਅੰਦੋਲਨ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਮੋਦੀ ਸਰਕਾਰ ਦੀ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਾਲ਼ੀ ਸਕੀਮ ਦਾ ਜ਼ਿਕਰ ਕੀਤਾ । ਉਂਜ ਧਨਕੜ ਨੇ ਫ਼ਸਲ-ਬੀਮਾ ਯੋਜਨਾ,ਕਿਸਾਨ ਸਮਾਨਿਧੀ ਤੇ ਕੁਸੁਮ ਯੋਜਨਾਵਾਂ ਦਾ ਸਿਰਫ਼ ਜ਼ਿਕਰ ਹੀ ਕੀਤਾ ।

ਉੱਪ-ਰਾਸਰਟਪਤੀ ਨੇ ਜੋ ਦਰਦ ਕਿਸਾਨਾਂ ਦਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਮੋਦੀ ਸਰਕਾਰ ਨਹੀਂ ਸਮਝ ਰਹੀ ; ਅੱਜ ਛੋਟਾ ਕਿਸਾਨ ਮਹਿੰਗਾਈ, ਫ਼ਸਲਾਂ ਦੀਆਂ ਘੱਟ ਕੀਮਤਾਂ , ਮੌਸਮ ਦੀ ਮਾਰ, ਧਰਤੀ ਹੇਠਲੇ ਪਾਣੀ ਦਾ ਡਿਗਦਾ ਪੱਧਰ, ਬਿਮਾਰੀਆਂ ਤੇ ਕੀੜੇ-ਮਕੌੜਿਆਂ ਲਈ ਵਰਤੀਆਂ ਜਾਣ ਵਾਲ਼ੀਆਂ ਨਕਲੀ ਦਵਾਈਆਂ, ਨਕਲੀ ਬੀਜਾਂ, ਮਹਿੰਗੀ ਮਸ਼ੀਨਰੀ ਆਦਿ ਦੇ ਝਮੇਲਿਆਂ ‘ਚ ਉਲ਼ਝਿਆ ਹੋਇਆ ਹੈ । ਹੁਣ ਪਰਾਲ਼ੀ ਨੂੰ ਸੰਭਾਲਣ ਦਾ ਸੰਕਟ ਵੀ ਉਸ ਉਪਰ ਮੰਡਰਾਉਣ ਲੱਗ ਪਿਆ ਹੈ । ਕਿਸਾਨ ਦੇਸ਼ ਦੇ ਉਦਯੋਗਾਂ ਲਈ ਕੱਚਾ ਮਾਲ ਤਿਆਰ ਕਰ ਰਿਹਾ ਹੈ ਪਰ ਉਸ ਦਾ ਵੱਧ ਫ਼ਾਇਦਾ ਉਦਯੋਗ ਹੀ ਉਠਾ ਰਿਹਾ ਹੈ ਪਰ ਕਿਸਾਨ ਹੇਠਾਂ ਹੀ ਹੇਠਾਂ ਜਾ ਰਿਹਾ ਹੈ ।

ਇਸ ਵਕਤ ਲੋੜ ਇਸ ਗੱਲ ਦੀ ਹੈ ਕਿ ਕਿਸਾਨਾਂ ਦਾ ਵਰਗੀਕਰਣ ਕਰਕੇ ਲੋੜਵੰਦ ਕਿਸਾਨਾਂ ਨੂੰ ਮਹੀਨਾਵਾਰ ਆਮਦਨ ਨਿਸ਼ਚਿਤ ਕੀਤੀ ਜਾਵੇ ਤੇ ਉਨ੍ਹਾਂ ਲਈ ਡਾਕਟਰੀ ਤੇ ਪੈਨਸ਼ਨ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ । ਇਸ ਸਮੇਂ ਉਦਯੋਗਿਕ ਖੇਤਰ ਨੂੰ ਚਾਹੀਦਾ ਹੈ ਕਿ ਛੋਟੇ ਕਿਸਾਨਾਂ ਨੂੰ ਮੌਜੂਦਾ ਸੰਕਟ ‘ਚੋਂ ਕੱਢਣ ਲਈ ਫੂਡ ਪਰੋਸੈਸਿੰਗ ਤੇ ਵੈਲਿਊ ਅਡੀਸ਼ਨ ‘ਚ ਕਿਸਾਨਾ ਨਾਲ਼ ਰਲ਼ਕੇ ਕੰਮ ਕਰਨ ਤਾਂਕੇ ਖੇਤੀ ਸੈਕਟਰ ‘ਚ ਰੁਜ਼ਗਾਰ ਸਿਰਜਿਆ ਜਾ ਸਕੇ ਤੇ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰੀ ਜਾਵੇ । ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਛੋਟੇ ਕਿਸਾਨਾਂ ਨੂੰ ਕਰਜ਼ੇ ਦੇ ਚੱਕਰਵਿਊ ‘ਚੋ ਕੱਢੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button