EDITORIAL

ਪੰਜਾਬੀ ਤੋਂ ਦੂਰੀ, ਕੀ ਹੈ ਮਜਬੂਰੀ ?, ਪੰਜਾਬੀ ਦੇ ਦੁਸ਼ਮਣ ਕੌਣ ?

ਮਾਨ ਨੇ ਦਿੱਤੀ ਚਿਤਾਵਨੀ

ਅਮਰਜੀਤ ਸਿੰਘ ਵੜੈਚ (94178-01988) 

ਪੰਜਾਬੀਆਂ ਲਈ ਇਹ ਸ਼ਰਮਵਾਲ਼ੀ ਗੱਲ ਨਹੀਂ ਕਿ ਪੰਜਾਬ ਵਿੱਚ ਦੁਕਾਨਾਂ,ਵਪਾਰਕ ਅਦਾਰਿਆਂ ਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਬੋਰਡ ਪੰਜਾਬੀ ‘ਚ ਲਿਖਣ ਲਈ ਮੁੱਖ-ਮੰਤਰੀ ਨੂੰ ਅਪੀਲ ਕਰਨੀ ਪੈ ਰਹੀ ਹੈ ? ਕੀ ਪੰਜਾਬੀਆਂ ਦੀ ਇਹ ਨੈਤਿਕ ਜ਼ਿਮੇਵਾਰੀ ਨਹੀਂ ਬਣਦੀ ਕਿ ਉਹ ਇਸ ਧਰਤੀ ਦੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਵੀ ਕੰਮ ਕਰਨ ? ਜਿਹੜੇ ਲੋਕ ਇਥੇ ਪੈਦਾ ਹੋਕੇ ,ਪੜ੍ਹਕੇ ਇਥੇ ਕਾਰੋਬਾਰ ਕਰਦੇ ਹਨ ਕੀ ਉਨ੍ਹਾਂ ਦਾ ਇਸ ਧਰਤੀ ਦੀ ਪੰਜਾਬੀ ਭਾਸ਼ਾ ਬਿਨਾ ਗੁਜ਼ਾਰਾ ਹੋ ਸਕਦਾ ਹੈ ?

ਵੇਸੇ ਵਪਾਰ ਦਾ ਇਹ ਅਸੂਲ ਹੈ ਕਿ ਜਿਸ ਖਿਤੇ ਵਿੱਚ ਵਪਾਰ ਕਰਨਾ ਹੋਵੇ ਉਸ ਦੀ ਭਾਸ਼ਾ ‘ਚ ਹੀ ਕੀਤਾ ਜਾ ਸਕਦਾ ਹੈ । ਸਾਡੇ ਮੁਲਕ ਵਿੱਚ  ਕੇਂਦਰ  ਦੀ  ਨਰਸਿਮਹਾਂ ਰਾਓ ਦੀ ਸਰਕਾਰ ਨੇ 1955 ‘ਚ ਵਿਸ਼ਵੀਕਰਨ ਤੇ ਉਦਾਰੀਕਰਨ ਦੀ ਨੀਤੀ ਲਾਗੂ ਕੀਤੀ ਸੀ । ਇਸ ਮਗਰੋਂ ਵਿਦੇਸ਼ਾਂ ਦੀਆਂ ਕਈ ਕੰਪਨੀਆਂ ਭਾਰਤ ਵਿੱਚ ਆਕੇ ਵੱਖ-ਵੱਖ ਰਾਜਾਂ ‘ਚ ਵਪਾਰ ਕਰ ਰਹੀਆਂ ਹਨ । ਇਹ ਸਾਰੀਆਂ ਕੰਪਨੀਆਂ ਜਿਸ ਇਲਾਕੇ ‘ਚ ਕੰਮ ਕਰ ਰਹੀਆਂ ਹਨ ਉਥੋਂ ਦੀ ਹੀ ਭਾਸ਼ਾ ‘ਚ ਬੋਰਡ/ਪੈਂਫਲਿਟ/ਇਸ਼ਿਤਿਹਾਰ ਵਰਤਦੀਆਂ ਹਨ ।

ਕੀ ਕਾਰਨ ਹੈ ਕਿ ਪੰਜਾਬ ਦੇ ਵਪਾਰੀ ਤੇ ਕਾਰੋਬਾਰੀ ਪੰਜਾਬੀ ਦੇ ਬੋਰਡ ਲਿਖਣ ਤੋਂ ਕੰਨੀ ਕਤਰਾਉਂਦੇ ਹਨ ? ਪੰਜਾਬੀ ਦਾ ਵਿਰੋਧ ਤਾਂ  ਆਜ਼ਾਦੀ ਤੋਂ ਮਗਰੋਂ ਹੀ ਸ਼ੁਰੂ ਹੋ ਗਿਆ  ਸੀ ਜਦੋਂ 1951 ਤੇ 1961 ਦੀ ਜੰਨ-ਗਣਨਾ  ਹੋਈ ਸੀ । ਪੰਜਾਬੀ ਦਾ ਵਿਰੋਧ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਕੀਤਾ ਗਿਆ ਸੀ ਜਿਸ ਦਾ  ਪੰਜਾਬ ਵਿੱਚ ਛਾਇਆ ਹੁੰਦੀਆਂ  ਉਰਦੂ ਤੇ ਹਿੰਦੀਆਂ ਦੀਆਂ ਅਖ਼ਬਾਰਾਂ ਨੇ ਰੱਜਕੇ ਸਮਰਥਨ ਕੀਤਾ ਸੀ । ਉਨ੍ਹਾਂ ਨੇ ਵੀ ਆਪਣੇ-ਆਪਣੇ ਪਾਠਕਾਂ ਨੂੰ  ਹਿੰਦੀ ਭਾਸ਼ਾ ਲਈ ਉਲਾਰ ਕੀਤਾ ਸੀ । ਪੰਜਾਬ ‘ਚ ਸਦੀਆਂ ਤੋਂ ਪੰਜਾਬੀ ਬੋਲਦੇ ਹਿੰਦੂ ਪਰਿਵਾਰਾਂ ਨੂੰ  ਆਪਣੀ ਮਾਤ-ਭਾਸ਼ਾ ਹਿੰਦੀ ਲਿਖਵਾਉਣ ਲਈ ਮਜਬੂਰ ਕੀਤਾ ਗਿਆ । ਇਸ ਮਗਰੋਂ  ਪੰਜਾਬੀ ਦਾ ਵਿਰੋਧ ਪੰਜਾਬੀ ਸੂਬੇ ਦੇ ਅੰਦੋਲਨ  ਸਮੇਂ ਹੋਰ ਵੀ ਗਹਿਰਾ ਹੋ  ਗਿਆ ਸੀ ।

ਪੰਜਾਬੀ ਸੂਬੇ ਮਗਰੋਂ ਚੌਥੀ ਵਿਧਾਨ ਸਭਾ ‘ਚ  ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ‘ਚ  ਪਹਿਲੀ ਵਾਰ ਬਣੀ ਆਕਾਲੀ ਦਲ-ਭਾਰਤੀ ਜਨ ਸੰਘ ਤੇ ਸੀਪੀਆਈ  ਦੀ ਬਣੀ  ਸਰਕਾਰ ਨੂੰ ਡੇਗ ਕੇ ਪੰਜਾਬ ਜਨਤਾ ਪਾਰਟੀ ਨੇ ਕਾਂਗਰਸ ਦੀ ਹਮਾਇਤ ਨਾਲ਼ ਲਛਮਣ ਸਿੰਘ ਗਿਲ ਦੀ ਅਗਵਾਈ ‘ਚ ਸਰਕਾਰ ਬਣਾ ਲਈ  ਸੀ । ਭਾਵੇ ਕਾਂਗਰਸ ਨੇ ਗਿਲ ਦੀ ਸਰਕਾਰ ਨੂੰ ਤਕਰੀਬਨ ਨੌ ਮਹੀਨਿਆਂ ਮਗਰੋਂ ਹੀ ਡੇਗ ਦਿਤਾ ਪਰ ਗਿਲ ਨੇ ਪੰਜਾਬੀ ਭਾਸ਼ਾ ਐਕਟ 1967 ਬਣਾਕੇ ਇਕ ਬਹੁਤ ਵੱਡਾ ਮੀਲ-ਪੱਥਰ ਸਥਾਪਿਤ ਕਰ ਦਿਤਾ ਤੇ ਇਹ ਐਕਟ 13 ਅਪ੍ਰੈਲ 1968 ਤੋਂ  ਲਾਗੂ ਵੀ ਕਰ ਦਿਤਾ । ਇੰਜ ਪੰਜਾਬੀ ਪੰਜਾਬ ‘ਚ ਸਰਕਾਰੀ ਭਾਸ਼ਾ ਬਣ ਗਈ ।

ਪੰਜਾਬੀ ਇਸ ਖਿਤੇ ਦੀ ਪ੍ਰਮੁੱਖ ਭਾਸ਼ਾ ਹੈ ਜਿਸ ਵਿੱਚ ਬਾਬਾ ਫ਼ਰੀਦ ਨੇ ਤੇ ਛੇ ਸਿਖ  ਗੁਰੂ ਸਾਹਿਬਾਨ ਨੇ ਬਾਣੀ ਰਚੀ ਤੇ ਇਸ ਵਿੱਚ  ਸੂਫ਼ੀ ਕਾਵਿ ਦਾ ਅਨਮੋਲ਼ ਖ਼ਜ਼ਾਨਾ ਮਿਲ਼ਦਾ ਹੈ । ਇਸ ਪ੍ਰਤੀ ਇਥੋਂ ਦੇ ਹੀ ਜੰਮਪਲ਼ ਕਿਉਂ ਉਦਾਸੀਨ ਰਵੱਈਆ ਅਖ਼ਤਿਆਰ ਕਰ ਰਹੇ ਹਨ  ? ਜਿਹੜੇ ਲੋਕ ਇਸ ਧਰਤੀ ‘ਤੇ ਪੈਦਾ ਹੁੰਦੇ ਹਨ, ਇਥੋਂ ਦਾ ਪਾਣੀ ਪੀਂਦੇ ਹਨ, ਇਸ ਮਿੱਟੀ ‘ਚ ਖੇਡਕੇ ਵੱਡੇ ਹੁੰਦੇ ਹਨ ਤੇ ਸੱਭ ਤੋਂ ਵੱਡੀ ਗੱਲ ਜਿਸ ਪੰਜਾਬਣ ਮਾਂ ਦਾ ਦੁੱਧ ਚੁੰਘਕੇ ਪਰਵਾਨ ਚੜ੍ਹਦੇ ਹਨ ਉਹ ਹੀ ਆਪਣੀ ਮਾਂ-ਬੋਲੀ ਨੂੰ ਵਿਸਾਰ ਰਹੇ ਹਨ ਤਾਂ ਇਸ ਤੋਂ ਵੱਡੀ ਤਰਾਸਦੀ  ਕੀ ਹੋਵੇਗੀ ।

ਭਗਵੰਤ ਮਾਨ ਹੁਰਾਂ ਨੇ ਕਿਹਾ ਹੈ ਕਿ 21 ਫ਼ਰਵਰੀ ਆਲਮੀ ਮਾਤ-ਭਾਸ਼ਾ ਦਿਵਸ ਤੱਕ ਪੰਜਾਬ ਦੇ ਸਾਰੇ ਵਪਾਰਿਕ ਤੇ ਬਾਕੀ ਨਿੱਜੀ ਅਦਾਰਿਆਂ ਸਮੇਤ ਦੁਕਾਨਾਂ ਆਦਿ ਦੇ ਬੋਰਡ ਅਤੇ ਰਸਤੇ ਦਰਸਾਉਂਦੇ ਬੋਰਡ ਪੰਜਾਬੀ ‘ਚ ਲਿਖ ਲੈਣੇ ਚਾਹੀਦੇ ਹਨ । ਇਸ ਮਗਰੋਂ ਸਰਕਾਰ  ਉਨ੍ਹਾਂ ਲੋਕਾਂ ਨੂੰ ਯਾਦ ਕਰਵਾਏਗੀ ਜਿਨ੍ਹਾਂ ਨੇ ਸਰਕਾਰ ਦੀ ਗੱਲ ਨਹੀਂ ਮੰਨੀ ਹੋਵੇਗੀ ।

ਪੰਜਾਬੀ ਬਹੁਤ ਵਿਸ਼ਾਲ ਭਾਸ਼ਾ ਹੈ ਜਿਸ ਕੋਲ਼ ਲੋਕ-ਸਾਹਿਤ ਦਾ ਬਹੁੱਤ ਵੱਡਾ ਖ਼ਜ਼ਾਨਾ ਸਾਂਭਿਆ ਪਿਆ ਹੈ । ਭਾਵੇਂ ਸਰਕਾਰ ਵੱਲੋਂ ਇਸ ਦੇ ਵਿਕਾਸ ਲਈ ਬਹੁੱਤ ਉਪਰਾਲੇ ਕੀਤੇ ਜਾ ਰਹੇ ਹਨ ਪਰ ਬਾਕੌਲ ਗੁਰਭਜਨ ਗਿੱਲ “ਕੀ ਲੋਕਾਂ ਦਾ ਕੋਈ ਫ਼ਰਜ਼ ਨਹੀਂ ਬਣਦਾ ਕਿ ਉਹ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੇਣ ? ਹਰ ਕੰਮ ਲਈ ਕਾਨੂੰਨ ਕਾਨੂੰਨ ਹੋਣਾ ਜ਼ਰੂਰੀ ਨਹੀਂ ”  । ਦੁਕਾਨਾ ਦੇ ਬੋਰਡ ਲਿਖਣੇ ਕਿੱਡੀ ਕੁ ਵੱਡੀ ਗੱਲ ਹੈ । ਦਰਅਸਲ ਪੰਜਾਬ ਵਿਰੋਧੀ ਲੋਕਾਂ ਨੇ ਪੰਜਾਬੀ ਨੂੰ ਸਿਖ ਧਰਮ ਦੀ ਭਾਸ਼ਾ ਬਣਾ ਕੇ ਪੇਸ਼ ਕੀਤਾ ਜਿਸ ਕਰਕੇ ਹਿੰਦੂ ਪਰਿਵਾਰ ਧਾਰਮਿਕ ਤੌਰ ‘ਤੇ ਪੰਜਾਬੀ ਤੋਂ ਦੂਰੀ ਬਣਾਉਂਦੇ ਆਏ ਹਨ ।

ਸਦੀਆਂ ਤੋਂ ਹਿੰਦੀ ਬੋਲਦੇ ਪਰਿਵਾਰ ਇਸ ਪ੍ਰਚਾਰ ਸਦਕਾ ਆਪਣੇ ਸਾਰੇ ਸਮਾਗਮਾਂ ਦੇ ਸੱਦਾ ਪੱਤਰ ਹਿੰਦੀ ‘ਚ ਛਪਵਾਉਂਦੇ ਹਨ ਪਰ ਜਦੋਂ ਭੰਗੜਾ  ਜਾਂ ਗਿੱਧਾ ਪਾਉਣਾ ਹੁੰਦਾ ਹੈ ਤਾਂ ਫਿਰ ਪੰਜਾਬੀ ਗੀਤ ਲੱਗ ਜਾਂਦੇ ਹਨ । ਹਿੰਦੀ ਦੇਸ਼ ਦੀ ਭਾਸ਼ਾ ਹੈ ਇਸ ਦਾ ਵਿਰੋਧ ਕਰਨਾ ਵ‌ੀ ਗ਼ਲਤ ਹੈ ਪਰ ਪੰਜਾਬੀ ਦੀ ਕੀਮਤ ‘ਤੇ ਹਿੰਦੀ ਨੂੰ ਪਹਿਲ ਦੇਣੀ ਕੋਈ ਤਰਕਸੰਗਤ ਗੱਲ ਨਹੀਂ ਲੱਗਦੀ ।

ਕੈਨੇਡਾ ‘ਚ ਪੰਜਾਬੀ ਦੇ ਸੜਕਾਂ ‘ਤੇ ਬੋਰਡ ਲੱਗਣ ਲੱਗ ਪਏ ਹਨ  ਪਰ ਜਿਸ ਧਰਤੀ ਤੋਂ ਪੰਜਾਬੀ ਜਨਮੀਂ ਤੇ ਪ੍ਰਵਾਨ ਚੜ੍ਹੀ ਉਥੋਂ ਦੇ ਮੁੱਖ-ਮੰਤਰੀ ਨੂੰ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਲੋਕ ਆਪਣੇ ਅਦਾਰਿਆਂ ਦੇ ਬੋਰਡ ਪੰਜਾਬੀ ‘ਚ ਲਾਉਣ ।

ਪੰਜਾਬੀ ਵਿਰੋਧੀਆਂ ਨੇ ਪੰਜਾਬੀ ਨੂੰ ਉਜੱਡਾਂ ਦੀ ਭਾਸ਼ਾ ਬਣਾਕੇ ਪੇਸ਼ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ । ਇਹ ਦੁਸ਼-ਪ੍ਰਚਾਰ ਕੀਤਾ ਜਾਂਦਾ ਹੈ ਕਿ ਪੰਜਾਬੀ ‘ਚ  ਗਾਲ਼ਾਂ ਤਾਂ ਕੱਢੀਆਂ ਜਾ ਸਕਦੀ ਹਨ ਪਰ ਪੰਜਾਬੀ ਸਭਿਅਕ ਭਾਸ਼ਾ ਨਹੀਂ ਬਣ ਸਕਦੀ । ਇਹੋ ਜਿਹੀਆਂ ਗੱਲਾਂ ਕਰਕੇ ਇਹ ਲੋਕ ਬਾਬਾ ਫ਼ਰੀਦ, ਗੁਰੁ ਸਾਹਿਬਾਨ ਅਤੇ ਸੂਫ਼ੀ ਸੰਤਾ ਦੀ ਤੌਹੀਨ ਕਰਦੇ ਹਨ ਜਿਨ੍ਹਾ ਨੇ  ਆਪਣੀਆਂ ਕਿਰਤਾਂ ‘ਚ ਵਿਸ਼ਵ ਪੱਧਰ ਦਾ ਮਨੁੱਖਤਾ ਦੀ ਭਲਾਈ ਲਈ ਸੰਦੇਸ਼ ਦਿਤਾ ਸੀ । ਇਹ ਪੰਜਾਬੀ ਵਿਰੋਧੀ ਲੋਕ ਆਪਣੀ ਜਨਮ ਦੇਣ ਵਾਲ਼ੀ ਮਾਂ ਦੀ  ਵੀ ਹੱਤਕ  ਕਰਦੇ ਹਨ ਜਿਸ ਤੋਂ ਪੰਜਾਬੀ ਵਿੱਚ ਲੋਰੀਆਂ ਸੁਣ-ਸੁਣ ਇਹ ਪਰਵਾਨ ਚੜ੍ਹੇ ਹਨ ।

ਪੰਜਾਬੀ ਕਿਸੇ ਧਰਮ ਦੀ ਭਾਸ਼ਾ ਨਹੀਂ ਹੈ ਇਹ ਪੰਜਾਬੀਆਂ ਦੀ ਭਾਸ਼ਾ ਹੈ ਜਿਸ ਨੂੰ ਸਤਿਕਾਰ ਦੇਣਾ ਤੇ ਪ੍ਰਫ਼ੁਲਿਤ ਕਰਨਾ ਇਸ ਧਰਤੀ ‘ਤੇ ਪੈਦਾ ਹੋਏ ਹਰ ਬਸ਼ਰ ਦਾ ਨੈਤਿਕ ਫ਼ਰਜ਼ ਬਣਦਾ ਹੈ । ਜਿਹੜੇ ਲੋਕ ਪੰਜਾਬੀ ਪ੍ਰਤੀ ਮੋਹ ਨਹੀਂ ਦਿਖਾਉਂਦੇ ਉਹ ਪੰਜਾਬ ਦੇ ਅਤੇ ਇਥੋਂ ਦੇ ਸਦੀਆਂ ਪੁਰਾਣੇ ਸਾਂਝੇ ਸੱਭਿਆਚਾਰ ਦੇ ਸੱਭ ਤੋਂ ਵੱਡੇ ਦੁਸ਼ਮਣ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button