EDITORIAL

ਪੰਜਾਬ ਨੂੰ ਫਿਰ ਅੱਗ ਲਾਉਣ ਦੀ ਤਿਆਰੀ !

ਸਿਆਸਤ ਸੁਆਦ ਲੈਣ ਲਈ ਤਿਆਰ, ਮੀਡੀਆ ਦੇ ਟੈਸਟ ਦਾ ਸਮਾਂ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਦੇ ਮੌਜੂਦਾ ਹਾਲਾਤ ਡਰ ਵਾਲੇ ਬਣਦੇ ਜਾ ਰਹੇ ਹਨ : ਪਿਛਲੇ ਦੋ ਤਿੰਨ ਸਾਲਾਂ ਤੋਂ ਹੌਲ਼ੀ-ਹੌਲ਼ੀ ਹਾਲਤ ਇੰਜ ਬਦਲਦੇ ਗਏ ਕਿ ਅੱਜ ਪੰਜਾਬ ‘ਚ ਓਹ ਸਾਰੇ ਮੁੱਦੇ ਇਕੱਠੇ ਹੋ ਗਏ ਹਨ ਜਿਨ੍ਹਾਂ ਨਾਲ ਪੰਜਾਬ ਪਿਛਲੇ 50 ਸਾਲਾਂ ‘ਚ 1970 ਦੀ ਨਕਸਲਬਾੜੀ ਲਹਿਰ ਤੋਂ ਹੁਣ ਤੱਕ ਦੋ-ਚਾਰ ਹੁੰਦਾ ਰਿਹਾ ਹੈ। ਸੰਤਾਲੀ ਦੇ ਹੱਲਿਆਂ ਤੋਂ ਹੀ ਪੰਜਾਬ ‘ਚ ਹਰ ਦਸ ਬਾਰਾਂ ਸਾਲਾਂ ਮਗਰੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ : 1947 ਮਗਰੋਂ ਪੰਜਾਬੀ ਸੂਬੇ ਦੀ ਹਲਚੱਲ ਸ਼ੁਰੂ ਹੋ ਗਈ ਤੇ ਇਹ ਪੰਜਾਬ ਨੂੰ 1966 ‘ਚ ਤੋੜਨ ਮਗਰੋਂ ਠੰਡੀ ਹੋਈ  ਪਰ ਇਸ ਦੇ ਨਾਲ਼ ਹੀ 1967 ‘ਚ ਨਕਸਲਬਾੜੀ ਲਹਿਰ ਵੀ ਪੰਜਾਬ ‘ਚ ਆ ਗਈ  ਤੇ ਇਸ ਦੇ ਨਾਲ ਹੀ 1975 ‘ਚ ਐਮਰਜੈਂਸੀ ਦੇ ਨਾਲ ਹੀ ਪੰਜਾਬ ‘ਚ ਹਲਚੱਲ ਸ਼ੁਰੂ ਹੋ ਗਈ। ਸਾਲ 1978  ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ‘ਚ ਨਿਰੰਕਾਰੀ ਤੇ ਸਿਖਾਂ ਦਰਮਿਆਨ ਹੋਈ ਲੜਾਈ ਨੇ ਪੰਜਾਬ ‘ਚ ਅੱਤਵਾਦ ਨੂੰ ਹਵਾ ਦਿੱਤੀ ਤੇ ਇਹ ਅੱਗ 1996 ਤੱਕ ਬਲਦੀ ਰਹੀ।

ਲੋਕਾਂ ਨੇ ਥੋੜਾ ਸੁੱਖ ਦਾ ਸਾਹ ਲਿਆ ਸੀ ਕਿ ਨਾਲ ਦੀ ਨਾਲ ਹੀ ਪੰਜਾਬ ‘ਚ ਨਸ਼ਿਆਂ ਦਾ ਦੌਰ ਚੱਲ ਪਿਆ ਤੇ ਸੈਂਕੜਿਆਂ ਦੀ ਗਿਣਤੀ ‘ਚ ਨੌਜਵਾਨ ਇਸ ਦੀ ਬਲੀ ਚੜ੍ਹ ਗਏ ਤੇ ਹੁਣ ਵੀ ਅਣਜਾਈ ਜਾਨਾਂ ਜਾ ਰਹੀਆਂ ਹਨ। ਇਸੇ ਦੌਰਾਨ ਖੇਤੀ ਵੱਡੇ ਸੰਕਟ ‘ਚ ਫਸਾ ਦਿੱਤੀ ਗਈ ਤੇ ਕਿਸਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਪੰਜਾਬ ‘ਚ ਗੈਂਗਸਟਰਾਂ ਦੀ ਦਹਿਸ਼ਤ ਨੇ ਆਮ ਨਾਗਰਿਕਾਂ ਦੇ ਵੀ ਸਾਹ ਸੂਤ ਦਿੱਤੇ ਹਨ। ਲੋਕ ਆਪਣੇ ਵਿਦੇਸ਼ੀ ਬੈਠੇ ਬੱਚਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਕਹਿ ਰਹੇ ਹਨ ਕਿ ਇੱਥੇ ਨਾ ਆਉਣਾ ਹਾਲਾਤ ਵਿਗੜ ਚੁੱਕੇ ਹਨ। ਕਈ ਮਾਪੇ ਆਪਣੇ ਬੱਚਿਆਂ ਨੂੰ ਇਸ ਦਹਿਸ਼ਤ ਕਾਰਨ ਵਿਦੇਸ਼ਾਂ ‘ਚ ਧੱਕਣ ਲਈ ਮਜ਼ਬੂਰ ਕੀਤੇ ਜਾ ਰਹੇ ਹਨ।

ਚੰਡੀਗੜ੍ਹ ਤੇ ਐੱਸਵਾਈਐੱਲ ਦਾ ਮੁੱਦਾ ਸੁਲਝਾਉਣ ਦੀ ਥਾਂ ਸਿਆਸੀ ਤੌਰ ‘ਤੇ ਭੜਕਾਉਣ ਦੀ ਚਾਲ ਚੱਲੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਮਾਹੌਲ ‘ਚ ਅੱਗ ਲਾਈ ਜਾ ਸਕੇ। ਸਾਰੀਆਂ ਹੀ ਪਾਰਟੀਆਂ ਵਾਲੇ ਆਪਣੇ ਆਪ ਨੂੰ ‘ਦੇਸ਼ ਭਗਤ’ ਤੇ ‘ਪੰਜਾਬ ਹਿਤੈਸ਼ੀ’ ਬਣਨ ਦੇ ਸਾਂਗ ਰਚ ਰਹੇ ਹਨ ਤੇ ਲੀਡਰ ਲੋਕਾਂ ਦਾ ਖੂਨ ਵਹਾਕੇ ਸੱਤ੍ਹਾ ਦਾ ਸੁਆਦ ਮਾਨਣ ਲਈ ਬੁੱਲ੍ਹਾਂ ‘ਤੇ ਜੀਭਾਂ ਫੇਰ ਰਹੇ ਹਨ। ਨਕਸਲਬਾੜੀ ਲਹਿਰ ਤੇ ਅੱਤਵਾਦ ਦੌਰਾਨ ਸੁਰੱਖਿਆਂ ਬਲਾਂ ਨੇ ਸੁੱਕੇ ਦੇ ਨਾਲ ਗਿਲੇ ਨੂੰ ਵੀ ਬਲਦੀ ਦੇ ਬੂਥੇ ਡਾਹਕੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਸਨ ਪਰ ‘ਸਿਆਸਤ ਦੀ ਸ਼ਤਰੰਜ ਦੇ ਖਿਡਾਰੀਆਂ’ ਨੂੰ ਸੇਕ ਵੀ ਨਹੀਂ ਲੱਗਾ : ਇਹ ‘ਖਿਡਾਰੀ’ ਪੰਜਾਬੀਆਂ ਦੇ ਭੋਗਾਂ ਤੇ ਜਾ ਜਾ ਕੇ ਸੱਤਾ ਦੇ ਜਸ਼ਨ ਮਨਾਉਂਦੇ ਰਹੇ। ਵਿਦੇਸ਼ਾਂ ‘ਚ ਬੈਠੇ ਕਈ ਸ਼ਰਾਰਤੀ, ਪੰਜਾਬੀਆਂ ਨੂੰ ਖਾਲਿਸਤਾਨ ਦੇ ਸੁਪਨੇ ਦਿਖਾ-ਦਿਖਾ ਕੇ ਜਾਇਦਾਦਾਂ ਬਣ ਰਹੇ ਹਨ ਪਰ ਪੰਜਾਬ  ਆਉਣ ਦਾ ਹੀਆ ਨਹੀਂ ਕਰਦੇ। ਪੰਜਾਬ ਨੂੰ ਬਲ਼ਦਾ ਰੱਖਣ ਲਈ ਪੰਜਾਬ ਵਿਰੋਧੀ ਸ਼ਕਤੀਆਂ ਹਰ ਹਰਬਾ ਵਰਤਣ ਤੋਂ ਗੁਰੇਜ਼ ਨਹੀਂ ਕਰਦੀਆਂ। ਹਿੰਦੂ-ਸਿੱਖ ਫ਼ਸਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਇਹ ਸ਼ਕਤੀਆਂ ਸਫ਼ਲ ਵੀ ਹੋਈਆਂ  ਹੁਣ ਵੀ ਇਸ ਤਰ੍ਹਾਂ ਦੀਆਂ ਚਾਲਾਂ ਸ਼ੁਰੂ ਕਰ ਦਿੱਤੀਆਂ ਗਈ ਹਨ।

ਅੱਜ ਪੰਜਾਬ ਦੀ ਸਥਿਤੀ ਹੈ ਇਹ ਹੈ ਕਿ ਹੁਣ ਅੱਤਵਾਦ ਦੇ ਸੁੱਤੇ ਦੈਂਤ ਨੂੰ ਫਿਰ ਜਗਾਉਣ ਦੀ ਚਾਲ ਚੱਲੀ ਜਾ ਰਹੀ ਹੈ, ਨਸ਼ਿਆਂ ਦੇ ਸੌਦਾਗਰਾਂ ਨੂੰ ‘ਵਪਾਰ’ ਕਰਨ ਦੀ ਪੂਰੀ ਖੁੱਲ੍ਹ ਹੈ ਤੇ ਹੁਣ ਤਾਂ ਕੁੜੀਆਂ ਵੀ ਇਸ ਦਲਦਲ ‘ਚ ਧੱਸਣ ਲੱਗ ਪਈਆਂ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਹਨ ਤੇ ਗੈਂਗਸਟਰ ਬਿਨਾਂ ਕਿਸੇ ਖੌਫ਼ ਦੇ ਆਪਣੀਆਂ ਕਾਰਵਾਈਆਂ ਕਰ ਰਹੇ ਹਨ, ਜੇਲ੍ਹਾਂ ‘ਚੋਂ ਨਸ਼ੇ ਤੇ ਮੁਬਾਇਲ ਫ਼ੋਨ ਮਿਲ ਰਹੇ ਹਨ। ਜਿਸ ਤਰ੍ਹਾਂ ਸ਼ਰੇਆਮ ਅੰਮ੍ਰਿਤਸਰ ‘ਚ ਇਕ ਵਿਅਕਤੀ ਦਾ ਕਤਲ ਹੋਇਆ, ਅੰਮ੍ਰਿਤਸਰ ‘ਚ ਹੀ ਇਕ ਪੁਲਿਸ ਵਾਲੇ ਦੀ ਜੀਪ ‘ਚ ਬੰਬ ਫਿਟ ਕੀਤਾ ਗਿਆ , ਦੁਕਾਨਾਂ ‘ਚ ਚੋਰੀਆਂ ਹੋ ਰਹੀਆਂ ਹਨ, ਏਟੀਐੱਮ ਤੋੜੇ ਜਾ ਰਹੇ ਹਨ ਤੇ ਹਾਲ ਹੀ ਵਿੱਚ ਤਰਨਤਾਰਨ ਦੇ ਪਿੰਡ ਗੱਗੋਬੋਆ ‘ਚ ਜਿਵੇਂ ਨਸ਼ੇ ਦੇ ਵਪਾਰੀਆਂ ਨੇ ਇਕ ਮਾਂ-ਪੁੱਤ ਦੀ ਸਾਰੇ ਪਿੰਡ ਦੇ ਸਾਹਮਣੇ ਅਰਧ-ਨਗਨ ਕਰਕੇ ਕੁੱਟਮਾਰ ਕੀਤੀ ਹੈ ਇਸ ਤੋਂ ਲਗਦਾ ਹੈ ਕਿ ਪੰਜਾਬ ‘ਚੋਂ ਪੁਲਿਸ ਦਾ ਡਰ ਖਤਮ ਹੀ ਹੋ ਗਿਆ ਹੈ। ਸਾਡੇ ਵਰਗੇ ਆਮ ਲੋਕ ਟ੍ਰੈਫ਼ਿਕ ਲਾਈਟਾਂ ਤੇ ਵੀ ਗ਼ਲਤੀ ਕਰਨ ਤੋਂ ਤ੍ਰਭਕਦੇ ਹਨ ਤੇ ਪੁਲਿਸ ਵਾਲੇ ਨੂੰ ਵੇਖ ਕਿ ਡਰ ਲੱਗਣ ਲੱਗਦਾ ਹੈ ਪਰ ਸ਼ਰਾਰਤੀ ਲੋਕ ਦਨਦਨਾਉਂਦੇ ਫਿਰ ਰਹੇ ਹਨ।

ਇਹ ਸਥਿਤੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਲਈ ਇਕ ਤਕੜੀ ਚੁਣੌਤੀ ਹੈ ਜੋ ਕੌਮਾਂਤਰੀ ਪੱਧਰ ਦਾ ਨਿਵੇਸ਼ ਲਿਆਉਣ ਲਈ ਜਰਮਨ ਗਏ ਹਨ। ਕੀ ਮਾਨ ਸਰਕਾਰ ਪੰਜਾਬ ਨੂੰ ਗੁਰੂਆਂ ਪੀਰਾਂ ਵਾਲੀ ਧਰਤੀ ਬਣਾਉਣ ‘ਚ ਕਾਮਯਾਬ ਹੁੰਦੇ ਹਨ ਜਾਂ ਫਿਰ ਵਿਗੜ ਰਹੇ ਮਾਹੌਲ ਦੀ ਤੋਹਮਤ ਵਿਰੋਧੀ ਧਿਰਾਂ ‘ਤੇ ਲਾਕੇ ਆਪਣਾ ਪੱਲਾ ਝਾੜ ਲੈਣਗੇ ? ਪੰਜਾਬ ਦੇ ਦੁਸ਼ਮਣਾਂ ਦੀਆਂ ਚਾਲਾਂ ਨੂੰ ਫ਼ੇਲ ਕਰਨ ‘ਚ ਆਮ ਲੋਕਾਂ, ਧਾਰਮਿਕ ਆਗੂਆਂ, ਸਮਾਜਿਕ ਸੰਸਥਾਵਾਂ ਤੇ ਮੀਡੀਆ ਦਾ ਬਹੁਤ ਵੱਡਾ ਰੋਲ ਹੋ ਸਕਦਾ ਹੈ। ਸਿਆਸਤਦਾਨਾਂ ਤੋਂ ਇਹ ਆਸ ਰੱਖਣੀ ਵੱਡੀ ਨਲਾਇਕੀ ਹੋਏਗੀ। ਆਓ ਰਲ਼ ਕੇ ਪੰਜਾਬ ਨੂੰ ਲਹੂ-ਲੁਹਾਣ ਤੋਂ ਬਚਾਈਏ !

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button